ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਹੁਣ ਸੂਰਜ ਦਾ ਅਧਿਐਨ ਕਰਨ ਲਈ 2 ਸਤੰਬਰ ਨੂੰ ਆਦਿਤਿਆ ਐਲ-1 ਮਿਸ਼ਨ ਲਾਂਚ ਕਰਨ ਦਾ ਐਲਾਨ ਕੀਤਾ ਹੈ।
ਇਸਰੋ ਨੇ ਆਪਣੇ ਐਕਸ ਅਕਾਊਂਟ (ਪਹਿਲਾਂ ਟਵਿੱਟਰ) ''ਤੇ ਕਿਹਾ ਹੈ ਕਿ ''ਆਦਿਤਿਆ ਐਲ-1 ਸੂਰਜ ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਆਧਾਰਿਤ ਭਾਰਤੀ ਮਿਸ਼ਨ ਹੋਵੇਗਾ।
ਪੁਲਾੜ ਯਾਨ ਨੂੰ ਸੂਰਜ-ਧਰਤੀ ਪ੍ਰਣਾਲੀ ਦੇ ਲੈਗਰੇਂਜ ਬਿੰਦੂ 1 (ਐਲ-1) ਦੇ ਚਾਰੇ ਪਾਸੇ ਇੱਕ ਪ੍ਰਭਾ ਮੰਡਲ ਵਿੱਚ ਭੇਜਿਆ ਜਾਵੇਗਾ, ਜੋ ਕਿ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰੀ ਹੈ।
ਪੁਲਾੜ ਯਾਨ ਸੱਤ ਪੇਲੋਡ ਲੈ ਕੇ ਜਾਵੇਗਾ ਜੋ ਫੋਟੋਸਫੇਅਰ, ਕ੍ਰੋਮੋਸਫੇਅਰ ਅਤੇ ਸੂਰਜ ਦੀ ਸਭ ਤੋਂ ਬਾਹਰੀ ਪਰਤ ਦਾ ਅਧਿਐਨ ਕਰਨਗੇ।
ਹੁਣ ਤੱਕ, ਸਿਰਫ ਅਮਰੀਕੀ ਪੁਲਾੜ ਏਜੰਸੀ ਨਾਸਾ, ਯੂਰਪੀਅਨ ਸਪੇਸ ਏਜੰਸੀ ਅਤੇ ਜਰਮਨ ਏਰੋਸਪੇਸ ਸੈਂਟਰ ਨੇ ਸੂਰਜ ਦਾ ਅਧਿਐਨ ਕਰਨ ਲਈ ਵੱਖਰੇ-ਵੱਖਰ ਅਤੇ ਸਾਂਝੇ ਪੁਲਾੜ ਮਿਸ਼ਨ ਭੇਜੇ ਹਨ।
ਨਾਸਾ ਨੇ ਤਿੰਨ ਮੁੱਖ ਮਿਸ਼ਨ ਭੇਜੇ ਹਨ - ਸੋਹੋ (ਸੋਲਰ ਅਤੇ ਹੇਲੀਓਸਫੇਰਿਕ ਆਬਜ਼ਰਵੇਟਰੀ), ਪਾਰਕਰ ਸੋਲਰ ਪ੍ਰੋਬ ਅਤੇ ਆਇਰਿਸ (ਇੰਟਰਫੇਸ ਰੀਜਨ ਇਮੇਜਿੰਗ ਸਪੈਕਟ੍ਰੋਗ੍ਰਾਫ)।
ਇਸ ਤੋਂ ਇਲਾਵਾ ਨਾਸਾ ਨੇ ਕਈ ਹੋਰ ਸੂਰਜ ਮਿਸ਼ਨ ਭੇਜੇ ਹਨ, ਜਿਨ੍ਹਾਂ ਵਿੱਚ ਐਸ, ਵਿੰਡ, ਹਿਨੋਡ, ਸੋਲਰ ਡਾਇਨਾਮਿਕਸ ਆਬਜ਼ਰਵੇਟਰੀ ਅਤੇ ਸਟੀਰੀਓ ਸ਼ਾਮਲ ਹਨ।
ਸੋਹੋ ਮਿਸ਼ਨ ਨੂੰ ਨਾਸਾ ਅਤੇ ਯੂਰਪੀਅਨ ਸਪੇਸ ਏਜੰਸੀ ਦੁਆਰਾ ਸਾਂਝੇ ਤੌਰ ''ਤੇ ਲਾਂਚ ਕੀਤਾ ਗਿਆ ਸੀ।
ਪਾਰਕਰ ਸੋਲਰ ਪ੍ਰੋਬ ਚਾਰ ਸਾਲਾਂ ਤੋਂ ਸੂਰਜ ਦੀ ਸਤ੍ਹਾ ਦੇ ਸਭ ਤੋਂ ਨੇੜੇ ਦਾ ਚੱਕਰ ਲਗਾ ਰਿਹਾ ਹੈ। ਆਇਰਿਸ (ਇੰਟਰਫੇਸ ਰੀਜਨ ਇਮੇਜਿੰਗ ਸਪੈਕਟਰੋਗ੍ਰਾਫ) ਸੂਰਜ ਦੀ ਸਤ੍ਹਾ ਦੀਆਂ ਉੱਚ ਰੈਜ਼ੋਲਿਊਸ਼ਨ ਵਾਲੀਆਂ ਤਸਵੀਰਾਂ ਲੈ ਰਿਹਾ ਹੈ।
ਨਾਸਾ ਦਾ ਪਾਰਕਰ ਸੋਲਰ ਪ੍ਰੋਬ ਮਿਸ਼ਨ ਸੂਰਜ ਦੇ ਅਧਿਐਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਮੀਲ ਪੱਥਰ ਸਾਬਤ ਹੋਇਆ ਹੈ, ਜੋ ਸੂਰਜ ਦੇ ਸਭ ਤੋਂ ਨੇੜੇ ਤੱਕ ਪਹੁੰਚਣ ਵਾਲਾ ਇੱਕੋ-ਇੱਕ ਪੁਲਾੜ ਯਾਨ ਹੈ।
ਆਓ ਹੁਣ ਸੂਰਜ ਨਾਲ ਜੁੜੇ ਹੁਣ ਤੱਕ ਦੇ ਕੁਝ ਖ਼ਾਸ ਮਿਸ਼ਨਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ''ਤੇ ਇੱਕ ਨਜ਼ਰ ਮਾਰੀਏ...
ਪਾਰਕਰ ਸੋਲਰ ਪ੍ਰੋਬ, ਨਾਸਾ
ਨਾਸਾ ਨੇ 14 ਦਸੰਬਰ 2021 ਨੂੰ ਘੋਸ਼ਣਾ ਕੀਤੀ ਕਿ ਪਾਰਕਰ ਸੋਲਰ ਪ੍ਰੋਬ ਸੂਰਜ ਦੇ ਉਪਰਲੇ ਵਾਯੂਮੰਡਲ ਵਿੱਚੋਂ ਲੰਘਿਆ ਸੀ, ਜਿਸਨੂੰ ਕੋਰੋਨਾ ਕਿਹਾ ਜਾਂਦਾ ਹੈ।
ਉਸਨੇ ਉੱਥੇ ਅਵਸ਼ੇਸ਼ਿਤ ਕਣਾਂ ਦੇ ਨਮੂਨੇ ਲਏ ਅਤੇ ਸੂਰਜ ਦੇ ਚੁੰਬਕੀ ਖੇਤਰ ਬਾਰੇ ਜਾਣਕਾਰੀ ਇਕੱਠੀ ਕੀਤੀ।
ਨਾਸਾ ਨੇ ਦਾਅਵਾ ਕੀਤਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਪੁਲਾੜ ਯਾਨ ਨੇ ਸੂਰਜ ਨੂੰ ''ਛੋਹਿਆ'' ਸੀ।
ਪਾਰਕਰ ਸੋਲਰ ਪ੍ਰੋਬ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਸੂਰਜ ਦੀ ਸਤ੍ਹਾ ਤੋਂ 65 ਲੱਖ ਕਿਲੋਮੀਟਰ ਦੇ ਘੇਰੇ ਵਿੱਚ ਜਾ ਸਕਦਾ ਹੈ ਤਾਂ ਜੋ ਇਹ ਊਰਜਾ ਦੇ ਪ੍ਰਵਾਹ ਅਤੇ ''ਸੋਲਰ ਵਿੰਡ'' (ਸੂਰਜੀ ਪ੍ਰਵਾਹ) ਬਾਰੇ ਪਤਾ ਲਗਾ ਸਕੇ।
ਇਸ ਦੇ ਨਾਲ, ਇਸ ਦਾ ਇੱਕ ਮੁੱਖ ਉਦੇਸ਼ ਸੋਲਰ ਕੋਰੋਨਾ ਦੇ ਇੰਨੇ ਨੇੜੇ ਪਹੁੰਚ ਕੇ ਅਧਿਐਨ ਕਰਨਾ ਵੀ ਹੈ।
ਇਸ ਦਾ ਉਦੇਸ਼ ਹੈਲੀਓਫਿਜ਼ਿਕਸ ਦੇ ਕੇਂਦਰੀ ਸਵਾਲ ਦਾ ਜਵਾਬ ਲੱਭਣਾ ਹੈ: ਭਾਵ ਲਗਾਤਾਰ ਬਦਲ ਰਹੇ ਪੁਲਾੜ ਵਾਤਾਵਰਣ ਵਿੱਚ ਸੂਰਜ, ਸੌਰ ਮੰਡਲ ਨੂੰ ਕਿਵੇਂ ਕੰਟਰੋਲ ਕਰਦਾ ਹੈ।
ਨਾਸਾ ਦੇ ਅਨੁਸਾਰ, ਪਾਰਕਰ ਸੋਲਰ ਪ੍ਰੋਬ ਨੂੰ ਸਾਲ 2018 ਵਿੱਚ ਪੁਲਾੜ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਸ ਦੇ ਤਿੰਨ ਸਾਲ ਬਾਅਦ ਹੀ ਇਸ ਨੇ ਆਪਣੇ ਮਕਸਦ ''ਚ ਕਾਮਯਾਬੀ ਹਾਸਿਲ ਕਰ ਲਈ।
ਨਾਸਾ ਦਾ ਕਹਿਣਾ ਹੈ ਕਿ ਇਸ ਪੁਲਾੜ ਯਾਨ ਨੇ 28 ਅਪ੍ਰੈਲ 2021 ਨੂੰ ਅੱਠਵਾਂ ਫਲਾਈਬਾਈ ਕੀਤਾ (ਭਾਵ ਸੂਰਜ ਦੀ ਸਭ ਤੋਂ ਨਜ਼ਦੀਕੀ ਉਡਾਣ ਭਰੀ) ਅਤੇ ਇਸੇ ਦੌਰਾਨ ਉਹ ਕੋਰੋਨਾ (ਸੂਰਜੀ ਆਭਾ ਪ੍ਰਣਾਲੀ) ਵਿੱਚ ਦਾਖਲ ਹੋ ਗਿਆ।
ਇਸ ਮਿਸ਼ਨ ਦੁਆਰਾ ਇਕੱਤਰ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਸੂਰਜੀ ਹਵਾ (ਸੋਲਰ ਵਿੰਡ) ਵਿੱਚ ਟੇਢੇ-ਮੇਢੇ ਆਕਾਰ, ਜਿਨ੍ਹਾਂ ਨੂੰ ਸਵਿੱਚਬੈਕਸ ਕਿਹਾ ਜਾਂਦਾ ਹੈ, ਜੋ ਕਿ ਅਪਵਾਦ ਨਹੀਂ ਬਲਕਿ ਆਮ ਹਨ।
ਕਈ ਦਹਾਕਿਆਂ ਤੱਕ, ਵਿਗਿਆਨੀ ਮੰਨਦੇ ਰਹੇ ਹਨ ਕਿ ਇਹ ਡੇਢੇ-ਮੇਢੇ ਆਕਾਰ ਸਿਰਫ ਸੂਰਜ ਦੇ ਧਰੁਵੀ ਖੇਤਰਾਂ ਵਿੱਚ ਹੀ ਸੀਮਿਤ ਹਨ। ਪਰ ਇਸ ਨਵੀਂ ਜਾਣਕਾਰੀ ਨੇ ਇੱਕ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਇਹ ਆਉਂਦੇ ਕਿੱਥੋਂ ਹਨ।
ਨਾਸਾ ਹੈੱਡਕੁਆਰਟਰ ਦੇ ਪਾਰਕਰ ਪ੍ਰੋਗਰਾਮ ਐਗਜ਼ੀਕਿਊਟਿਵ ਜੋਸੇਫ ਸਮਿਥ ਦੇ ਅਨੁਸਾਰ, "ਇਹ ਬਹੁਤ ਹੀ ਰੋਮਾਂਚਕ ਹੈ ਕਿ ਸਾਡੀ ਅਤਿ-ਆਧੁਨਿਕ ਤਕਨੀਕ ਪਾਰਕਰ ਸੋਲਰ ਪ੍ਰੋਬ ਨੂੰ ਸੂਰਜ ਦੇ ਇੰਨੇ ਨੇੜੇ ਲੈ ਕੇ ਜਾਣ ਵਿੱਚ ਸਫ਼ਲ ਰਹੀ ਅਤੇ ਉੱਥੋਂ ਇਸ ਨੂੰ ਵਾਪਸ ਲੈ ਕੇ ਆਉਣ ''ਚ ਵੀ ਕਾਮਯਾਬ ਰਹੀ।''''
ਉਨ੍ਹਾਂ ਕਿਹਾ, "ਹੁਣ ਅਸੀਂ ਇਸ ਗੱਲ ਦੀ ਉਡੀਕ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਸੂਰਜ ਦੇ ਹੋਰ ਨੇੜੇ ਜਾਇਆ ਜਾਵੇਗਾ ਤਾਂ ਕੀ ਨਵੀਂ ਜਾਣਕਾਰੀ ਸਾਹਮਣੇ ਆਵੇਗੀ।''''
ਵਿਗਿਆਨੀਆਂ ਨੂੰ ਉਮੀਦ ਹੈ ਕਿ ਨਵਾਂ ਡੇਟਾ ਵਿਗਿਆਨੀਆਂ ਨੂੰ ਸੂਰਜ ਦੇ ਉਸ ਹਿੱਸੇ ਦਾ ਅਧਿਐਨ ਕਰਨ ਵਿੱਚ ਮਦਦ ਕਰੇਗਾ, ਜੋ ਕੋਰੋਨਾ ਦੇ ਇੰਨੇ ਜ਼ਿਆਦਾ ਗਰਮ ਹੋਣ ਲਈ ਜ਼ਿੰਮੇਦਾਰ ਹੈ ਅਤੇ ਜੋ ਸੂਰਜੀ ਹਵਾ ਨੂੰ ਸੁਪਰਸੋਨਿਕ ਰਫ਼ਤਾਰ ਨਾਲ ਸੁੱਟਦਾ ਹੈ।
ਅਜਿਹੇ ਅਧਿਐਨ ਨਾਲ ਪੁਲਾੜ ਦੇ ਕਠੋਰ ਮੌਸਮ ਨੂੰ ਸਮਝਿਆ ਅਤੇ ਅਨੁਮਾਨ ਲਗਾਇਆ ਜਾ ਸਕਦਾ ਹੈ, ਜਿਸ ਨਾਲ ਧਰਤੀ ''ਤੇ ਦੂਰਸੰਚਾਰ ਅਤੇ ਉਪਗ੍ਰਹਿ ''ਤੇ ਪ੍ਰਭਾਵ ਪੈਣ ਦੀ ਸੰਭਾਵਨਾ ਹੋਵੇਗੀ।
ਸੋਲਰ ਆਰਬਿਟਰ, ਯੂਰਪੀਅਨ ਪੁਲਾੜ ਏਜੰਸੀ
ਸੋਲਰ ਆਰਬਿਟਰ ਨੂੰ ਯੂਰਪੀਅਨ ਪੁਲਾੜ ਏਜੰਸੀ ਨੇ ਨਾਸਾ ਦੀ ਮਦਦ ਨਾਲ ਬਣਾਇਆ ਹੈ। ਇਸ ਦਾ ਉਦੇਸ਼ ਵੀ ਹੇਲੀਓਫਿਜ਼ਿਕਸ ਦਾ ਬਾਰੀਕੀ ਨਾਲ ਅਧਿਐਨ ਕਰਨਾ ਹੈ।
ਇਹ 9 ਫਰਵਰੀ 2020 ਨੂੰ ਪੁਲਾੜ ਵਿੱਚ ਛੱਡਿਆ ਗਿਆ ਸੀ ਅਤੇ ਸੰਭਾਵਨਾ ਹੈ ਕਿ ਇਹ ਸੱਤ ਸਾਲਾਂ ਤੱਕ ਕੰਮ ਕਰਦਾ ਰਹੇਗਾ।
ਸੋਲਰ ਔਰਬਿਟਰ ਨੇ 30 ਮਾਰਚ 2022 ਨੂੰ ਸੂਰਜ ਦੇ ਸਭ ਤੋਂ ਨਜ਼ਦੀਕੀ (ਸੂਰਜ ਅਤੇ ਧਰਤੀ ਵਿਚਕਾਰ ਦੂਰੀ ਦੀ ਇੱਕ ਤਿਹਾਈ ਦੂਰੀ ''ਤੇ) ਇੱਕ ਵੀਡੀਓ ਬਣਾਇਆ ਹੈ, ਜਿਸ ਨੂੰ ਯੂਰਪੀਅਨ ਪੁਲਾੜ ਏਜੰਸੀ ਨੇ ਵੀ ਜਾਰੀ ਕੀਤਾ ਹੈ।
ਪੁਲਾੜ ਏਜੰਸੀ ਮੁਤਾਬਕ, ਇਸ ਨੂੰ ਸੂਰਜ ਦੇ ਦੱਖਣੀ ਧਰੁਵ ਤੋਂ ਲਿਆ ਗਿਆ ਹੈ।
ਇਹ ਪੁਲਾੜ ਯਾਨ ਆਮ ਤੌਰ ''ਤੇ ਸੂਰਜ ਅਤੇ ਧਰਤੀ ਦੇ ਵਿਚਕਾਰ ਦੀ ਦੂਰੀ ਦੇ ਇੱਕ ਚੌਥਾਈ ਦੀ ਦੂਰੀ ''ਤੇ ਚੱਕਰ ਲਗਾ ਰਿਹਾ ਹੈ।
ਪੁਲਾੜ ਏਜੰਸੀ ਮੁਤਾਬਕ, ਇਹ ਤਸਵੀਰਾਂ ਸੂਰਜ ਦੇ ਦੱਖਣੀ ਧਰੁਵ ਤੋਂ ਐਕਸਟ੍ਰੀਮ ਅਲਟਰਾਵਾਇਲਟ ਇਮੇਜਰ (ਈਯੂਆਈ) ਨਾਲ 17 ਨੈਨੋਮੀਟਰ ਦੀ ਤਰੰਗ ਲੰਬਾਈ (ਵੇਵਲੈਂਥ) ''ਤੇ ਲਈਆਂ ਗਈਆਂ ਹਨ।
ਯੂਰਪੀਅਨ ਪੁਲਾੜ ਏਜੰਸੀ ਮੁਤਾਬਕ, ਸੂਰਜ ਦੇ ਧਰੁਵਾਂ ''ਤੇ ਕਈ ਵਿਗਿਆਨਕ ਰਹੱਸ ਲੁਕੇ ਹੋ ਸਕਦੇ ਹਨ। ਸੂਰਜ ਤੋਂ ਜੋ ਚੁੰਬਕੀ ਖੇਤਰ ਪੈਦਾ ਹੁੰਦੇ ਹਨ ਅਤੇ ਇੱਕ ਬਹੁਤ ਸ਼ਕਤੀਸ਼ਾਲੀ ਪਰ ਥੋੜ੍ਹੇ ਸਮੇਂ ਲਈ ਫੀਲਡ ਬਣਾਉਂਦੇ ਹਨ, ਉਹ ਸੂਰਜ ਦੇ ਧਰੁਵਾਂ ਵਿੱਚ ਹੀ ਸਮੋਏ ਜਾਂਦੇ ਹਨ।
ਇਸ ਨਾਲ ਇੱਕ ਚੁੰਬਕੀ ਖੇਤਰ ਪੈਦਾ ਹੁੰਦਾ ਹੈ, ਜਿਸ ਤੋਂ ਊਰਜਾ ਦੇ ਕਣ ਬਾਹਰ ਨਹੀਂ ਨਿਕਲ ਪਾਉਂਦੇ।
ਪਰ ਉਨ੍ਹਾਂ ਵਿੱਚੋਂ ਬਹੁਤ ਸ਼ਕਤੀਸ਼ਾਲੀ ਅਲਟਰਾਵਾਇਲਟ (ਪੈਰਾਬੈਂਗਣੀ) ਕਿਰਨਾਂ ਨਿਕਲਦੀਆਂ ਹਨ, ਜਿਨ੍ਹਾਂ ਨੂੰ ਰਿਕਾਰਡ ਕਰਨ ਲਈ ਈਯੂਆਈ ਨੂੰ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਹੈ।
ਸੋਲਰ ਔਰਬਿਟਰ, 2025 ਵਿੱਚ ਸ਼ੁੱਕਰ ਗ੍ਰਹਿ ਦੇ ਗੁਰਤਾਕਰਸ਼ਣ ਬਲ ਦੀ ਵਰਤੋਂ ਕਰਕੇ, ਆਪਣੇ ਆਰਬਿਟ ਵਿੱਚ ਥੋੜ੍ਹਾ ਝੁਕੇਗਾ ਤਾਂ ਜੋ ਪੁਲਾੜ ਯਾਨ ਦੇ ਉਪਕਰਣ ਸੂਰਜੀ ਧਰੁਵਾਂ ਦਾ ਅਧਿਐਨ ਕਰ ਸਕਣ।
ਇਸ ਪੁਲਾੜ ਯਾਨ ਨੂੰ ਸੂਰਜ ਦੀ ਅਤਿ ਦੀ ਗਰਮੀ ਨੂੰ ਸਹਿਣ ਦੇ ਸਮਰੱਥ ਬਣਾਇਆ ਗਿਆ ਹੈ।
ਇਸ ਦੇ ਨਾਲ, ਸੂਰਜ ਦੇ ਸਭ ਤੋਂ ਅੰਦਰਲੇ ਹਿੱਸਿਆਂ ਦਾ ਅਧਿਐਨ ਕੀਤਾ ਜਾਵੇਗਾ, ਤਾਂ ਜੋ ਇਸ ਬਾਰੇ ਚੰਗੀ ਤਰ੍ਹਾਂ ਨਾਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਉਨ੍ਹਾਂ ਚੀਜ਼ਾਂ ਦਾ ਵੀ ਅਨੁਮਾਨ ਲਗਾਇਆ ਜਾ ਸਕੇ, ਜਿਨ੍ਹਾਂ ਕਾਰਨ ਧਰਤੀ ''ਤੇ ਜੀਵਨ ਸੰਭਵ ਹੈ।
ਯੂਰਪੀਅਨ ਪੁਲਾੜ ਏਜੰਸੀ ਦਾ ਕਹਿਣਾ ਹੈ ਕਿ ਇਹ ਪਹਿਲਾ ਉਪਗ੍ਰਹਿ ਹੈ ਜੋ ਸੂਰਜ ਦੇ ਧਰੁਵੀ ਖੇਤਰਾਂ ਦੀਆਂ ਨਜ਼ਦੀਕੀ ਤਸਵੀਰਾਂ ਲਵੇਗਾ। ਸੋਲਰ ਆਰਬਿਟਰ ਸੂਰਜੀ ਤੂਫਾਨ ਦੇ ਬਣਨ ਦੀ ਪ੍ਰਕਿਰਿਆ ਦਾ ਨੇੜਿਓਂ ਅਧਿਐਨ ਕਰੇਗਾ।
ਸੂਰਜ ਨਾਲ ਸਬੰਧਤ ਕੁਝ ਮਹੱਤਵਪੂਰਨ ਤੱਥ
ਨਾਸਾ ਦੀ ਵੈੱਬਸਾਈਟ ''ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਸੂਰਜ ਸਾਡੇ ਸੌਰ ਮੰਡਲ ਦੇ ਕੇਂਦਰ ''ਚ ਸਥਿਤ ਹਾਈਡ੍ਰੋਜਨ ਅਤੇ ਹੀਲੀਅਮ ਨਾਲ ਬਣਿਆ ਇਕ ਚਮਕੀਲਾ ਤਾਰਾ ਹੈ, ਜਿਸ ਦੀ ਉਮਰ ਲਗਭਗ 4.5 ਅਰਬ ਸਾਲ ਹੈ।
ਇਹ ਧਰਤੀ ਤੋਂ ਲਗਭਗ 15 ਕਰੋੜ ਕਿਲੋਮੀਟਰ ਦੂਰ ਹੈ। ਇਹ ਸਾਡੇ ਸੌਰ ਮੰਡਲ ਦਾ ਸਭ ਤੋਂ ਵੱਡਾ ਤਾਰਾ ਹੈ।
ਸੂਰਜ ਦਾ ਆਇਤਨ 13 ਲੱਖ ਧਰਤੀ ਦੇ ਆਇਤਨ ਦੇ ਬਰਾਬਰ ਹੈ ਅਤੇ ਇਸ ਦਾ ਗੁਰਤਾਕਰਸ਼ਣ ਹੀ ਪੂਰੇ ਸੌਰ ਮੰਡਲ ਨੂੰ ਆਪਣੇ ਔਰਬਿਟ ਵਿੱਚ ਬਣਾਏ ਰੱਖਦਾ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਦੇ ਆਲੇ-ਦੁਆਲੇ ਵੱਡੇ-ਵੱਡੇ ਉਲਕਾ ਪਿੰਡਾਂ ਤੋਂ ਲੈ ਕੇ ਕਿਸੇ ਪੁਲਾੜ ਯਾਨ ਦੇ ਮਲਬੇ ਦੇ ਨਿੱਕੇ ਤੋਂ ਨਿੱਕੇ ਨੂੰ ਪੁਲਾੜ ਵਿੱਚ ਇੱਕ ਔਰਬਿਟ ''ਚ ਬਣਾ ਕੇ ਰੱਖਣ ਵਿੱਚ ਸੂਰਜ ਦਾ ਗੁਰਤਾਕਰਸ਼ਣ ਬਲ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਸੂਰਜ ਦਾ ਵੱਧ ਤੋਂ ਵੱਧ ਤਾਪਮਾਨ ਇਸ ਦੇ ਕੇਂਦਰ ਵਿੱਚ ਹੁੰਦਾ ਹੈ, ਜਿੱਥੇ ਤਾਪਮਾਨ 1.5 ਕਰੋੜ ਡਿਗਰੀ ਡਿਗਰੀ ਸੈਲਸੀਅਸ ਹੁੰਦਾ ਹੈ।
ਸੂਰਜ ਤੋਂ ਬਹੁਤ ਸ਼ਕਤੀਸ਼ਾਲੀ ਤੇ ਚਾਰਜਡ ਕਣ ਪੁਲਾੜ ''ਚ ਪ੍ਰਵਾਹਿਤ ਹੁੰਦੇ ਹਨ, ਜੋ ਪੂਰੇ ਸੌਰ ਮੰਡਲ ਦੇ ਪੁਲਾੜ ਦੀ ਪ੍ਰਕਿਰਤੀ ਨੂੰ ਪ੍ਰਭਾਵਿਤ ਕਰਦੇ ਹਨ।
ਸੂਰਜ ਤੋਂ ਨਿਕਲਣ ਵਾਲੇ ਪ੍ਰਕਾਸ਼ ਨੂੰ, 15 ਕਰੋੜ ਕਿਲੋਮੀਟਰ ਦੂਰ ਧਰਤੀ ਤੱਕ ਪਹੁੰਚਣ ਵਿੱਚ 8 ਮਿੰਟ ਲੱਗਦੇ ਹਨ।
ਕਿਉਂਕਿ ਸੂਰਜ ਦੀ ਸਤ੍ਹਾ ਧਰਤੀ ਵਾਂਗ ਠੋਸ ਨਹੀਂ ਹੈ ਅਤੇ ਇਹ ਹਾਈਡ੍ਰੋਜਨ ਤੇ ਹੀਲੀਅਮ ਦੀਆਂ ਸੰਘਣੀ ਗੈਸਾਂ ਦਾ ਇੱਕ ਗੋਲ਼ਾ ਹੈ, ਇਸੇ ਲਈ ਵੱਖ-ਵੱਖ ਥਾਵਾਂ ''ਤੇ ਇਸ ਦੀ ਗਤੀ ਵੱਖਰੀ ਹੁੰਦੀ ਹੈ।
ਸੂਰਜ ਬਹੁਤ ਗਰਮ ਅਤੇ ਚਾਰਜ ਵਾਲੇ ਕਣਾਂ ਦੀ ਗੈਸ ਤੋਂ ਬਣਿਆ ਹੋਇਆ ਹੈ, ਜਿਸ ਨੂੰ ਪਲਾਜ਼ਮਾ ਕਹਿੰਦੇ ਹਨ।
ਇਹ ਪਲਾਜ਼ਮਾ, ਸੂਰਜ ਦੀ ਭੂਮੱਧ ਰੇਖਾ ਉੱਤੇ ਧਰਤੀ ਦੇ ਹਿਸਾਬ ਨਾਲ 25 ਦਿਨਾਂ ਵਿੱਚ ਇੱਕ ਚੱਕਰ ਪੂਰਾ ਕਰਦੇ ਹਨ, ਜਦਕਿ ਧਰੁਵਾਂ ਉੱਤੇ ਇਹੀ ਚੱਕਰ 36 ਧਰਤੀ ਦਿਨਾਂ ਵਿੱਚ ਪੂਰਾ ਕਰਦੇ ਹਨ।
ਸੂਰਜ ਦੀ ਉਪਰਲੀ ਸਤ੍ਹਾ ਫੋਟੋਸਫੀਅਰ ਹੈ, ਇਸ ਦੇ ਉੱਪਰ ਕ੍ਰੋਮੋਸਫੀਅਰ ਅਤੇ ਕਰੋਨਾ ਹੁੰਦਾ ਹੈ। ਇੱਥੇ ਹੀ ਪਰਮਾਣੂ ਫਿਊਜ਼ਨ ਕਾਰਨ ਵੱਡੇ ਧਮਾਕੇ ਹੁੰਦੇ ਰਹਿੰਦੇ ਹਨ ਅਤੇ ਇਸ ਦੇ ਊਰਜਾ ਭਰਪੂਰ ਕਣ ਧਰਤੀ ਤੱਕ ਪਹੁੰਚਦੇ ਹਨ।
ਸੂਰਜ ਦੇ ਦੁਆਲੇ ਧੂੜ ਦੇ ਕਈ ਘੇਰੇ ਮੌਜੂਦ ਹਨ, ਜਿਨ੍ਹਾਂ ਨੂੰ ਸੋਲਰ ਡਸਟ ਰਿੰਗਜ਼ ਕਿਹਾ ਜਾਂਦਾ ਹੈ, ਜਿਨ੍ਹਾਂ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਜਦੋਂ 4.6 ਅਰਬ ਸਾਲ ਪਹਿਲਾਂ ਸੌਰ ਮੰਡਲ ਬਣਿਆ ਹੋਵੇਗਾ, ਉਸ ਸਮੇਂ ਸੂਰਜ ਦੁਆਲੇ ਗੈਸਾਂ ਦੀ ਇੱਕ ਡਿਸਕ ਰਹੀ ਹੋਵੇਗੀ।
ਸੂਰਜ ਵਿੱਚ ਪਰਮਾਣੂ ਫਿਊਜ਼ਨ ਦੇ ਧਮਾਕੇ ਗੈਸ ਨੂੰ ਬਾਹਰ ਵੱਲ ਸੁੱਟ ਦਿੰਦੇ ਹਨ। ਇਹ ਉਹ ਬਲ ਹੈ ਜਿਸ ਨਾਲ ਸੂਰਜ ਇੱਕ ਬਿੰਦੂ ਤੱਕ ਸੀਮਤ ਨਹੀਂ ਹੁੰਦਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਧਾਰਾ 356: ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਦੀ ਕਹਾਣੀ ਤੇ ਸੂਬੇ ਲਈ ਕਿਉਂ ਹੈ ਇਹ ਭਾਵਨਾਤਮਕ ਮੁੱਦਾ
NEXT STORY