ਕੋਈ ਦੋ ਰਾਇ ਨਹੀਂ ਕਿ ਪੁਲਾੜ ਵਿੱਚ ਮਨੁੱਖਾਂ ਨੂੰ ਭੇਜਣਾ ਇੱਕ ਬਹੁਤ ਹੀ ਮੁਸ਼ਕਲ ਅਤੇ ਖ਼ਤਰਨਾਕ ਚੁਣੌਤੀ ਹੈ।
ਕੋਈ 60 ਕੁ ਸਾਲ ਪਹਿਲਾਂ ਤੋਂ ਮਨੁੱਖਾਂ ਦਾ ਪੁਲਾੜ ਵਿੱਚ ਆਉਣਾ-ਜਾਣਾ ਸ਼ੁਰੂ ਹੋਇਆ। ਹੁਣ ਤੱਕ ਵੱਖ-ਵੱਖ ਪੁਲਾੜੀ ਹਾਦਸਿਆਂ ਵਿੱਚ 20 ਜਣਿਆਂ ਦੀ ਜਾਨ ਪੁਲਾੜ ਵਿੱਚ ਜਾ ਚੁੱਕੀ ਹੈ।
ਇਨ੍ਹਾਂ ਵਿੱਚੋਂ 14 ਦੀ ਮੌਤ ਅਮਰੀਕੀ ਪੁਲਾੜ ਏਜੰਸੀ ਨਾਸਾ ਨਾਲ ਸਬੰਧਿਤ 1986 ਅਤੇ 1993 ਦੇ ਪੁਲਾੜੀ ਦੁਖਾਂਤਾਂ ਵਿੱਚ ਹੋਈ। ਹੋਰ ਤਿੰਨ ਦੀ 11 ਸੋਊਜ਼ 1971 ਮਿਸ਼ਨ ਦੌਰਾਨ ਅਤੇ ਤਿੰਨ ਹੋਰ ਦੀ ਅਪੋਲੋ ਪਹਿਲੇ ਨੂੰ ਛੱਡਣ ਸਮੇਂ ਪੈਡ ਫਾਇਰ ਦੁਰਘਟਨਾ ਵਿੱਚ 1967 ਵਿੱਚ ਜਾਨ ਗਈ।
ਪੁਲਾੜੀ ਸਫ਼ਰ ਦੀਆਂ ਗੁੰਝਲਾਂ ਅਤੇ ਪੇਚੀਦਗੀਆਂ ਦੇ ਮੱਦੇਨਜ਼ਰ ਇਹ ਬਹੁਤ ਥੋੜ੍ਹੀ ਗਿਣਤੀ ਹੈ, ਜੋ ਕਿ ਹੈਰਾਨੀਜਨਕ ਹੈ।
ਨਾਸਾ ਸਾਲ 2025 ਵਿੱਚ ਚੰਨ ਅਤੇ ਅਗਲੇ ਦਹਾਕੇ ਵਿੱਚ ਮੰਗਲ ਗ੍ਰਹਿ ’ਤੇ ਪੁਲਾੜ ਯਾਤਰੀ ਭੇਜਣ ਦੀ ਤਿਆਰੀ ਵਿੱਚ ਹੈ।
ਇਸ ਤੋਂ ਇਲਾਵਾ ਕਾਰੋਬਾਰੀ ਪੁਲਾੜੀ ਸੈਰ-ਸਪਾਟਾ ਦਿਨੋਂ-ਦਿਨ ਆਮ ਹੁੰਦਾ ਜਾ ਰਿਹਾ ਹੈ।
ਇਸ ਤਰ੍ਹਾਂ ਜਦੋਂ ਪੁਲਾੜ ਵਿੱਚ ਆਵਾਜਾਈ ਵਧੇਗੀ ਤਾਂ ਨਿਸ਼ਚਿਤ ਹੀ, ਇਸ ਦੌਰਾਨ ਹਾਦਸੇ ਵੀ ਹੋਣਗੇ ਅਤੇ ਮੌਤਾਂ ਦੀ ਗਿਣਤੀ ਵੀ ਵਧੇਗੀ।
ਇਸ ਤੋਂ ਮੇਰਾ ਧਿਆਨ ਇੱਕ ਬਹੁਤੇ ਨੇਕ ਤਾਂ ਨਹੀਂ ਇੱਕ ਜ਼ਰੂਰੀ ਸਵਾਲ ਵੱਲ ਗਿਆ। ਜੇ ਕਿਸੇ ਦੀ ਪੁਲਾੜ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸਦਾ ਕੀ ਬਣਦਾ ਹੈ?
ਚੰਨ ਜਾਂ ਮੰਗਲ ਗ੍ਰਹਿ ਉੱਤੇ ਮੌਤ
ਮੈਂ ਟ੍ਰਾਂਜ਼ਿਸ਼ਨਲ ਰਿਸਰਚ ਇੰਸਟੀਚਿਊਟ ਫ਼ਾਰ ਸਪੇਸ ਹੈਲਥ ਵਿੱਚ ਸਪੇਸ ਡਾਕਟਰ ਹਾਂ। ਇੱਥੇ ਮੇਰਾ ਕੰਮ ਅਜਿਹੀਆਂ ਵਿਧੀਆਂ ਤਲਾਸ਼ਣਾ ਹੈ ਜਿਨ੍ਹਾਂ ਨਾਲ ਪੁਲਾੜ ਯਾਤਰੀ ਜਿੱਥੋਂ ਤੱਕ ਹੋ ਸਕੇ ਆਪਣੇ ਪੁਲਾੜੀ ਸਫ਼ਰ ਲਈ ਤੰਦਰੁਸਤ ਅਤੇ ਨਿਰੋਗ ਰਹਿਣ।
ਵਰਤਮਾਨ ਵਿੱਚ ਅਸੀਂ ਪੁਲਾੜੀ ਮੌਤਾਂ ਨੂੰ ਕਿਵੇਂ ਦੇਖਦੇ ਹਾਂ? ਜੇ ਕਿਸੇ ਦੀ ਲੋ-ਅਰਥ ਔਰਬਿਟ ਵਿੱਚ ਮੌਤ ਹੋ ਜਾਂਦੀ ਹੈ। ਮਿਸਾਲ ਵਜੋਂ ਕੌਮਾਂਤਰੀ ਪੁਲਾੜ ਸਟੇਸ਼ਨ ਉੱਤੇ। ਕਰੂ ਉਸ ਦੀ ਲਾਸ਼ ਨੂੰ ਕੁਝ ਘੰਟਿਆਂ ਵਿੱਚ ਹੀ ਇੱਕ ਕੈਪਸੂਲ ਵਿੱਚ ਬੰਦ ਕਰਕੇ ਵਾਪਸ ਧਰਤੀ ’ਤੇ ਭੇਜ ਦਿੰਦਾ ਹੈ।
ਹਾਲਾਂਕਿ ਜੇ ਚੰਨ ਉੱਪਰ ਕਿਸੇ ਦੀ ਮੌਤ ਹੁੰਦੀ ਹੈ ਤਾਂ ਲਾਸ਼ ਵਾਪਸ ਪਹੁੰਚਣ ਵਿੱਚ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ।
ਨਾਸਾ ਨੇ ਹਾਲ ਹੀ ਵਿੱਚ ਇਸ ਬਾਰੇ ਤਫ਼ਸੀਲ ਵਿੱਚ ਪ੍ਰਕਿਰਿਆ ਜਾਰੀ ਕੀਤੀ ਹੈ।
ਇਸ ਫੌਰੀ ਵਾਪਸੀ ਕਾਰਨ, ਸੰਭਵ ਹੈ ਕਿ ਨਾਸਾ ਦੀ ਮੁੱਢਲੀ ਚਿੰਤਾ ਲਾਸ਼ ਦੀ ਸੰਭਾਲ ਨਾ ਹੋ ਕੇ ਬਾਕੀ ਅਮਲਾ ਸੁਰੱਖਿਅਤ ਵਾਪਸ ਆ ਸਕੇ ਇਸ ਦੀ ਹੋਵੇਗੀ।
ਹਾਲਾਂਕਿ ਜੇ ਕਿਸੇ ਪੁਲਾੜ ਯਾਤਰੀ ਦੀ ਮੌਤ ਮੰਗਲ ਦੇ 480 ਲੱਖ ਕਿੱਲੋਮੀਟਰ ਦੇ ਰਾਹ ਵਿੱਚ ਮੌਤ ਹੋ ਜਾਂਦੀ ਹੈ ਤਾਂ ਸਥਿਤੀ ਵੱਖਰੀ ਹੋਵੇਗੀ।
ਉਸ ਸਥਿਤੀ ਵਿੱਚ ਕਰੂ ਲਈ ਵਾਪਸ ਮੁੜਨਾ ਸ਼ਾਇਦ ਸੰਭਵ ਨਹੀਂ ਹੋਵੇਗਾ।
ਸਗੋਂ ਲਾਸ਼ ਸ਼ਾਇਦ ਮਿਸ਼ਨ ਪੂਰਾ ਹੋਣ ਤੋਂ ਬਾਅਦ ਕੁਝ ਸਾਲ ਬਾਅਦ ਹੀ ਕਰੂ ਦੇ ਨਾਲ ਵਾਪਸ ਆ ਸਕੇਗੀ।
ਇਸ ਦੌਰਾਨ ਕਰੂ ਨੂੰ ਲਾਸ਼ਾਂ ਸੰਭਾਲਣ ਵਾਲੇ ਇੱਕ ਖ਼ਾਸ ਥੈਲੇ (ਬੌਡੀ ਬੈਗ) ਵਿੱਚ ਰੱਖੀ ਲਾਸ਼ ਦਾ ਧਿਆਨ ਰੱਖਣਾ ਪਵੇਗਾ।
ਸਿਧਾਂਤਕ ਤੌਰ ’ਤੇ ਦੇਖਿਆ ਜਾਵੇ ਤਾਂ ਪੁਲਾੜੀ ਯਾਨ (ਸਪੇਸਕ੍ਰਾਫ਼ਟ) ਵਿਚਲੀ ਨਮੀ ਅਤੇ ਤਾਪਮਾਨ ਲਾਸ਼ ਨੂੰ ਵਿਘਟਨ ਤੋਂ ਬਚਾਉਣ ਵਿੱਚ ਸਹਾਈ ਹੋਵੇਗਾ।
ਹਾਲਾਂਕਿ ਇਹ ਸਭ ਸਥਿਤੀਆਂ ਤਾਂ ਹੀ ਬਣਨਗੀਆਂ ਜੇ ਕਿਸੇ ਦੀ ਮੌਤ ਦਬਾਅ ਯੁਕਤ ਵਾਤਾਵਰਣ, ਜਿਵੇਂ ਕਿ ਸਪੇਸ ਸਟੇਸ਼ਨ ਜਾਂ ਸਪੇਸਕ੍ਰਾਫ਼ਟ ਵਿੱਚ ਹੋਵੇ।
ਜੇ ਕੋਈ ਪੁਲਾੜ ਯਾਤਰੀ ਪੁਲਾੜੀ ਸੂਟ ਦੀ ਸੁਰੱਖਿਆ ਦੇ ਬਿਨਾਂ ਹੀ ਖੁੱਲ੍ਹੇ ਪੁਲਾੜ ਵਿੱਚ ਨਿਕਲ ਜਾਵੇ?
ਪੁਲਾੜ ਯਾਤਰੀ ਦੀ ਲਗਭਗ ਤੁਰੰਤ ਮੌਤ ਹੋ ਜਾਵੇਗੀ।
ਲੋੜੀਂਦੇ ਦਬਾਅ ਤੋਂ ਬਿਨਾਂ ਅਤੇ ਪੁਲਾੜ ਦੇ ਸੱਖਣੇਪਣ ਦੇ ਸੰਪਰਕ ਵਿੱਚ ਆਉਂਦਿਆਂ ਹੀ ਉਸ ਲਈ ਸਾਹ ਬੰਦ ਹੋ ਜਾਵੇਗਾ।
ਖੂਨ ਅਤੇ ਸਰੀਰ ਦੇ ਹੋਰ ਤਰਲ ਉੱਬਲਣ ਲੱਗ ਜਾਣਗੇ।
ਜੇ ਕੋਈ ਪੁਲਾੜ ਯਾਤਰੀ ਚੰਨ ਜਾਂ ਮੰਗਲ ਗ੍ਰਹਿ ’ਤੇ ਸਪੇਸ ਸੂਟ ਤੋਂ ਬਿਨਾਂ ਸਪੇਸਕ੍ਰਾਫ਼ਟ ਵਿੱਚੋਂ ਬਾਹਰ ਨਿਕਲ ਜਾਵੇ।
ਚੰਨ ਦਾ ਲਗਭਗ ਨਾ ਦੇ ਬਰਾਬਰ ਵਾਤਾਵਰਣ ਹੈ।
ਇਸ ਦੇ ਮੁਕਾਬਲੇ ਮੰਗਲ ਗ੍ਰਹਿ ਦਾ ਬਹੁਤ ਪਤਲਾ ਵਾਤਾਵਰਣ ਅਤੇ ਨਾ ਦੇ ਬਰਾਬਰ ਆਕਸੀਜਨ ਹੈ।
ਨਤੀਜਾ ਇੱਥੇ ਵੀ ਚੰਨ ਵਾਲ਼ਾ ਹੀ ਹੋਣ ਵਾਲ਼ਾ ਹੈ। ਦਮ ਘੁਟਣਾ ਅਤੇ ਖੂਨ ਦਾ ਉੱਬਲਣਾ।
ਅੰਤਿਮ ਰਸਮਾਂ/ ਦਫ਼ਨਾਉਣ ਬਾਰੇ ਕੀ?
ਫਰਜ਼ ਕਰੋ ਪੁਲਾੜ ਯਾਤਰੀ ਦੀ ਮੌਤ ਲੈਂਡਿੰਗ ਤੋਂ ਬਾਅਦ, ਮੰਗਲ ਗ੍ਰਹਿ ਦੀ ਸਤਿਹ ਉੱਪਰ ਹੁੰਦੀ ਹੈ।
ਇਥੇ ਸਰੀਰ ਨੂੰ ਸਾੜਨਾ ਕੋਈ ਵਧੀਆ ਵਿਕਲਪ ਨਹੀਂ ਹੈ।
ਇਸ ਕੰਮ ਵਿੱਚ ਬਹੁਤ ਜ਼ਿਆਦਾ ਊਰਜਾ ਦੀ ਲੋੜ ਪਵੇਗੀ। ਊਰਜਾ ਦੀ ਕਰੂ ਨੂੰ ਹੋਰ ਕੰਮਾਂ ਲਈ ਵੀ ਲੋੜ ਹੈ।
ਦਫ਼ਨਾਉਣਾ ਵੀ ਕੋਈ ਚੰਗਾ ਵਿਚਾਰ ਨਹੀਂ ਹੈ।
ਲਾਸ਼ ਵਿੱਚ ਪੈਦਾ ਹੋਣ ਵਾਲ਼ੇ ਬੈਕਟੀਰੀਆ ਅਤੇ ਜੀਵ ਮੰਗਲ ਦੀ ਸਤਿਹ ਨੂੰ ਦੂਸ਼ਿਤ ਕਰ ਦੇਣਗੇ।
ਇਸ ਦੀ ਥਾਂ ਕਰੂ ਲਾਸ਼ ਨੂੰ ਵਾਪਸੀ ਤੱਕ ਬੌਡੀ ਬੈਗ ਵਿੱਚ ਸੰਭਾਲ ਕੇ ਰੱਖੇਗਾ।
ਪੁਲਾੜ ਵਿੱਚ ਮੌਤ ਨਾਲ਼ ਨਜਿੱਠਣ ਬਾਰੇ ਅਜੇ ਵੀ ਕਈ ਚੀਜ਼ਾਂ ਸਾਨੂੰ ਨਹੀਂ ਪਤਾ।
ਇੱਥੇ ਸਵਾਲ ਸਿਰਫ਼ ਇਹ ਨਹੀਂ ਹੈ ਕਿ ਲਾਸ਼ ਦਾ ਕੀ ਕੀਤਾ ਜਾਵੇ।
ਬਾਕੀ ਪੁਲਾੜ ਯਾਤਰੀਆਂ ਨੂੰ ਆਪਣੇ ਸਾਥੀ ਦੇ ਘਾਟੇ ਨੂੰ ਸਹਿਣ ਕਰਨ ਅਤੇ ਪਿੱਛੇ ਧਰਤੀ ’ਤੇ ਪਰਿਵਾਰ ਜੀਆਂ ਨੂੰ ਭਾਣਾ ਮੰਨਣ ਲਈ ਸਮਝਾਉਣਾ ਵੀ ਉਨਾਂ ਹੀ ਮਹੱਤਵਪੂਰਨ ਹੈ।
ਹਾਲਾਂਕਿ ਜੇ ਮਨੁੱਖ ਨੇ ਧਰਤੀ ਤੋਂ ਇਲਾਵਾ ਹੋਰ ਦੁਨੀਆਂ ਵਸਾਉਣ ਦਾ ਨਿਸ਼ਚਾ ਕਰ ਹੀ ਲਿਆ ਹੈ ਤਾਂ ਇਸ ਗੰਭੀਰ ਸਥਿਤੀ ਬਾਰੇ ਵੀ ਉਸ ਨੂੰ ਸੋਚ-ਵਿਚਾਰ ਕੇ ਕੋਈ ਫ਼ੈਸਲਾ ਲੈਣਾ ਪਵੇਗਾ। ਯੋਜਨਾ ਅਤੇ ਪ੍ਰਕਿਰਿਆਵਾਂ ਤੈਅ ਕਰਨੀਆਂ ਪੈਣਗੀਆਂ।
ਇਮੈਨੂਏਲ ਇਰਕੁਇਟਾ ਟੈਕਸਸ ਮੈਡੀਕਲ ਸੈਂਟਰ ਹਿਊਸਟਨ ਵਿੱਚ ਸਥਿਤ ਬੇਲਰ ਕਾਲਜ ਆਫ਼ ਮੈਡੀਸਨ ਵਿੱਚ ਸਪੇਸ ਮੈਡੀਸਨ ਐਂਡ ਐਮਰਜੈਂਸੀ ਮੈਡੀਸਨ ਦੇ ਪ੍ਰੋਫ਼ੈਸਰ ਹਨ।
(*ਇਹ ਲੇਖ ਪਹਿਲਾਂ ਦਿ ਕਨਵਰਸੇਸ਼ਨ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਹੁਣ ਇੱਥੇ ਇੱਕ ਸਾਂਝੇ ਸਿਰਜਣਾਤਮਿਕ ਲਾਇਸੰਸ ਅਧੀਨ ਮੁੜਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।)
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

‘ਇੱਕ ਦੇਸ਼, ਇੱਕ ਚੋਣ’ ਕੀ ਭਾਰਤ ਵਿੱਚ ਮੁਮਕਿਨ ਹੈ ਤੇ ਭਾਜਪਾ ਨੂੰ ਇਸਦਾ ਕੀ ਫਾਇਦਾ ਹੋ ਸਕਦਾ ਹੈ
NEXT STORY