ਆਮਿਰ ਇਲਾਹੀ, ਅਬਦੁੱਲ ਹਫੀਜ਼ ਕਰਦਾਰ ਤੇ ਗੁਲ ਮੁਹੰਮਦ (ਖੱਬਿਓਂ ਸੱਜੇ)
16 ਅਕਤੂਬਰ, 1952 ਦਾ ਦਿਨ ਸੀ, ਦਿੱਲੀ ਦਾ ਫ਼ਿਰੋਜ਼ਸ਼ਾਹ ਕੋਟਲਾ ਦਾ ਮੈਦਾਨ ਸੀ। ਇਸ ਦਿਨ ਦਾ ਚੜ੍ਹਦਾ ਸੂਰਜ ਕ੍ਰਿਕਟ ਜਗਤ ਦਾ ਇੱਕ ਇਤਿਹਾਸਕ ਪਲ ਆਪਣੇ ਨਾਲ ਲੈ ਕੇ ਆਇਆ ਸੀ।
ਇਸ ਦਿਨ ਪਾਕਿਸਤਾਨ ਆਪਣਾ ਪਹਿਲਾ ਟੈਸਟ ਮੈਚ ਖੇਡ ਰਿਹਾ ਸੀ ਤੇ ਉਸ ਦੇ ਸਾਹਮਣੇ ਭਾਰਤ ਦੀ ਟੀਮ ਸੀ। ਇਸ ਮੈਚ ਨਾਲ ਜੁੜਿਆ ਇੱਕ ਹੋਰ ਦਿਲਚਸਪ ਤੱਥ ਹੈ।
ਉਹ ਤੱਥ ਹੈ ਤਿੰਨ ਖਿਡਾਰੀਆਂ ਬਾਰੇ ਜਿਨ੍ਹਾਂ ਦੇ ਨਾਮ ਹਨ, ਅਬਦੁੱਲ ਹਫ਼ੀਜ਼ ਕਰਦਾਰ, ਆਮਿਰ ਇਲਾਹੀ ਤੇ ਗੁਲ ਮੁਹੰਮਦ। ਇਹ ਤਿੰਨ ਅਜਿਹੇ ਖਿਡਾਰੀ ਸਨ ਜੋ ਭਾਰਤ ਤੇ ਪਾਕਿਸਤਾਨ ਦੋਵਾਂ ਲਈ ਟੈਸਟ ਕ੍ਰਿਕਟ ਖੇਡ ਚੁੱਕੇ ਹਨ।
ਭਾਰਤ ਪਾਕਿਸਤਾਨ ਦੇ ਇਸ ਪਹਿਲੇ ਮੈਚ ਵਿੱਚ ਵੀ ਇਹ ਤਿੰਨੇ ਖਿਡਾਰੀ ਮੈਦਾਨ ਵਿੱਚ ਸਨ। ਗੁਲ ਮੁਹੰਮਦ ਭਾਰਤ ਵੱਲੋਂ ਖੇਡ ਰਹੇ ਸਨ ਜਦਕਿ ਅਬਦੁੱਲ ਹਫ਼ੀਜ਼ ਕਰਦਾਰ ਤੇ ਆਮਿਰ ਇਲਾਹੀ ਪਾਕਿਸਤਾਨ ਵੱਲੋਂ ਖੇਡ ਰਹੇ ਸਨ।
ਇਸ ਰਿਪੋਰਟ ਵਿੱਚ ਅਸੀਂ ਇਨ੍ਹਾਂ ਤਿੰਨਾਂ ਖਿਡਾਰੀਆਂ ਦੇ ਬਾਰੇ ਗੱਲ ਕਰਾਂਗੇ।
ਅਬਦੁੱਲ ਹਫ਼ੀਜ਼ ਕਰਦਾਰ – ‘ਪਾਕਿਸਤਾਨ ਕ੍ਰਿਕਟ ਦੇ ਪਿਤਾ’
ਪਾਕਿਸਤਾਨ ਕ੍ਰਿਕਟ ਦੇ ਪਿਤਾ ਮੰਨੇ ਜਾਣ ਵਾਲੇ ਅਬਦੁੱਲ ਹਫ਼ੀਜ਼ ਨੇ ਭਾਰਤ ਲਈ 1946 ਵਿੱਚ ਆਪਣਾ ਪਹਿਲਾ ਮੈਚ ਖੇਡਿਆ ਸੀ
ਅਬਦੁੱਲ ਹਫ਼ੀਜ਼ ਕਰਦਾਰ ਨੂੰ ਪਾਕਿਸਤਾਨੀ ਕ੍ਰਿਕਟ ਦੇ ਸ਼ੁਰੂਆਤੀ ਸਾਲਾਂ ਵਿੱਚ ਮੁਲਕ ਦੀ ਕ੍ਰਿਕਟ ਨੂੰ ਰਾਹ ਦਿਖਾਉਣ ਵਾਲਾ ਕ੍ਰਿਕਟਰ ਮੰਨਿਆ ਜਾਂਦਾ ਹੈ। ਅਬਦੁੱਲ ਹਫ਼ੀਜ਼ ਕਰਦਾਰ ਨੇ ਪਾਕਿਸਤਾਨ ਲਈ ਆਪਣੇ ਪਹਿਲੇ ਮੈਚ ਵਿੱਚ ਹੀ ਕਪਤਾਨ ਵਜੋਂ ਟੀਮ ਦੀ ਅਗਵਾਈ ਕੀਤੀ ਸੀ।
ਪਾਕਿਸਤਾਨ ਕ੍ਰਿਕਟ ਬੋਰਡ ਦੀ ਵੈਬਸਾਈਟ ਮੁਤਾਬਕ ਤਾਂ ਅਬਦੁੱਲ ਹਫ਼ੀਜ਼ ਕਰਦਾਰ ਨੂੰ ਪਾਕਿਸਤਾਨੀ ਕ੍ਰਿਕਟ ਦਾ ਪਿਤਾ ਕਿਹਾ ਜਾਂਦਾ ਹੈ।
ਕਰਦਾਰ ਨੇ ਪਾਕਿਸਤਾਨ ਲਈ ਕੁੱਲ੍ਹ 23 ਟੈਸਟ ਮੈਚ ਸਾਲ 1952 ਤੋਂ 1958 ਤੱਕ ਖੇਡੇ। ਇਨ੍ਹਾਂ ਸਾਰਿਆਂ ਮੈਚਾਂ ਵਿੱਚ ਕਰਦਾਰ ਨੇ ਪਾਕਿਸਤਾਨ ਦੀ ਕਪਤਾਨੀ ਕੀਤੀ।
ਪਾਕਿਸਤਾਨ ਕ੍ਰਿਕਟ ਬੋਰਡ ਦੀ ਵੈਬਸਾਈਟ ਮੁਤਾਬਕ ਅਬਦੁੱਲ ਹਫ਼ੀਜ਼ ਕਰਦਾਰ ਦਾ ਜਨਮ ਸਾਲ 1925 ਵਿੱਚ ਲਾਹੌਰ ਵਿੱਚ ਹੋਇਆ ਸੀ। ਈਐੱਸਪੀਐੱਨ ਕ੍ਰਿਕ ਇਨਫੋ ਅਨੁਸਾਰ ਕਰਦਾਰ ਦੇ ਜਨਮ ਦੀ ਤਾਰੀਖ 17 ਜਨਵਰੀ 1925 ਹੈ।
ਪਾਕਿਸਤਾਨ ਬੋਰਡ ਦੀ ਵੈਬਸਾਈਟ ਮੁਤਾਬਕ ਕਰਦਾਰ ਦੇ ਕ੍ਰਿਕਟ ਦੇ ਗੁਰ ਲਾਹੌਰ ਦੇ ਇਸਲਾਮੀਆ ਕਾਲਜ ਦੇ ਦਿਨਾਂ ਤੋਂ ਹੀ ਨਜ਼ਰ ਆ ਰਹੇ ਸਨ। ਇਸਲਾਮੀਆ ਕਾਲਜ ਉਸ ਵੇਲੇ ਦਾ ਮੰਨਿਆ ਹੋਇਆ ਸਿੱਖਿਆ ਅਦਾਰਾ ਸੀ।
ਪਾਕਿਸਤਾਨ ਕ੍ਰਿਕਟ ਬੋਰਡ ਦੀ ਵੈਬਸਾਈਟ ਮੁਤਾਬਕ 1947 ਦੀ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਲਾਹੌਰ ਦਾ ਇਸਲਾਮੀਆ ਕਾਲਜ ਪੰਜਾਬ ਦੇ ਟੈਸਟ ਕ੍ਰਿਕਟਰਾਂ ਦੀ ਨਰਸਰੀ ਸੀ।
ਅਬਦੁੱਲ ਹਫ਼ੀਜ਼ ਕਰਦਾਰ ਨੇ ਇਸ ਤੋਂ ਇਲਾਵਾ ਵੱਖ-ਵੱਖ ਟੀਮਾਂ ਦੇ ਲਈ ਕ੍ਰਿਕਟ ਖੇਡਿਆ। ਉਨ੍ਹਾਂ ਨੇ 174 ਫਰਸਟ ਕਲਾਸ ਮੈਚਾਂ ਵਿੱਚ 6,832 ਦੌੜਾਂ ਬਣਾਈਆਂ ਜਿਸ ਵਿੱਚ 8 ਸੈਂਕੜੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਗੇਦਬਾਜ਼ ਵਜੋਂ 344 ਵਿਕਟਾਂ ਲਈਆਂ।
ਭਾਰਤ ਲਈ ਖੇਡਿਆ ਪਹਿਲਾ ਮੈਚ
ਪਾਕਿਸਤਾਨ ਦੇ ਕ੍ਰਿਕਟ ਫੈਨਜ਼ ਦੀ ਇੱਕ ਮੈਚ ਦੌਰਾਨ ਦੀ ਫਾਈਲ ਫੋਟੋ
ਪਾਕਿਸਤਾਨ ਕ੍ਰਿਕਟ ਦੇ ਪਿਤਾ ਮੰਨੇ ਜਾਣ ਵਾਲੇ ਅਬਦੁੱਲ ਹਫ਼ੀਜ਼ ਨੇ ਭਾਰਤ ਲਈ 1946 ਵਿੱਚ ਆਪਣਾ ਪਹਿਲਾ ਮੈਚ ਖੇਡਿਆ ਸੀ। ਉਹ ਇੰਗਲੈਂਡ ਦੌਰੇ ਦੇ ਲਈ ਭਾਰਤੀ ਟੀਮ ਵਿੱਚ ਚੁਣੇ ਗਏ ਸਨ।
ਅਬਦੁੱਲ ਹਫ਼ੀਜ਼ ਨੇ ਭਾਰਤ ਦੇ ਲਈ ਤਿੰਨ ਟੈਸਟ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਵਿੱਚ ਹਫ਼ੀਜ਼ ਨੇ 80 ਦੌੜਾਂ ਬਣਾਈਆਂ ਸਨ।
ਈਐੱਸਪੀਐੱਨ ਕ੍ਰਿਕ ਇਨਫੋ ਅਨੁਸਾਰ ਇੰਗਲੈਂਡ ਦੇ ਦੌਰੇ ਤੱਕ ਉਹ ਅਬਦੁੱਲ ਹਫ਼ੀਜ਼ ਦੇ ਨਾਮ ਨਾਲ ਖੇਡਦੇ ਸਨ। ਇਸ ਦੌਰੇ ਮਗਰੋਂ ਉਨ੍ਹਾਂ ਨੇ ਆਪਣੇ ਨਾਮ ਦੇ ਨਾਲ ਪਰਿਵਾਰਕ ਨਾਮ ‘ਕਰਦਾਰ’ ਜੋੜ ਲਿਆ ਸੀ।
ਇੰਗਲੈਂਡ ਦੇ ਇਸ ਦੌਰੇ ਮਗਰੋਂ ਕਰਦਾਰ ਇੰਗਲੈਂਡ ਵਿੱਚ ਹੀ ਰਹੇ। ਉੱਥੇ ਉਨ੍ਹਾਂ ਨੇ ਵਾਰਿਕਸ਼ੌਅ ਕਾਊਂਟੀ ਵਾਸਤੇ ਚੰਗੀ ਕ੍ਰਿਕਟ ਖੇਡੀ।
ਹਫ਼ੀਜ਼ ਖੱਬੇ ਹੱਥ ਦੇ ਬੱਲੇਬਾਜ਼ ਸਨ ਤੇ ਉਹ ਤਾਬੜਤੋੜ ਬੱਲੇਬਾਜ਼ੀ ਕਰਨ ਲਈ ਜਾਣੇ ਜਾਂਦੇ ਸਨ। ਹਫੀਜ਼ ਕਿਸੇ ਵੀ ਗੇਂਦਬਾਜ਼ ਅਤੇ ਕਿਸੇ ਵੀ ਮੈਚ ਦੇ ਹਾਲਾਤ ਵਿੱਚ ਕ੍ਰੀਸ ਤੋਂ ਬਾਹਰ ਨਿਕਲ ਕੇ ਗੇਂਦਬਾਜ਼ ਦੇ ਸਿਰ ਦੇ ਉੱਤੋਂ ਸ਼ੌਟ ਮਾਰਨ ਲਈ ਜਾਣੇ ਜਾਂਦੇ ਸਨ।
ਇੰਗਲੈਂਡ ਤੋਂ ਪਰਤਣ ਵੇਲੇ ਤੱਕ ਪਾਕਿਸਤਾਨ ਇੱਕ ਮੁਲਕ ਬਣ ਚੁੱਕਿਆ ਸੀ ਤੇ ਕਰਦਾਰ ਨੇ ਇਸ ਨਵੇਂ ਮੁਲਕ ਦੇ ਪਹਿਲੇ ਕਪਤਾਨ ਦੀ ਜ਼ਿੰਮੇਵਾਰੀ ਸਾਂਭੀ।
ਪਾਕਿਸਤਾਨੀ ਕ੍ਰਿਕਟ ਨੂੰ ਕਰਦਾਰ ਨੇ ਖੜ੍ਹਾ ਕੀਤਾ
ਕਰਦਾਰ ਦੀ ਕਪਤਾਨੀ ਹੇਠ ਹੀ ਪਾਕਿਸਤਾਨ ਨੂੰ 1951 ਵਿੱਚ ਟੈਸਟ ਖੇਡਣ ਵਾਲੇ ਦੇਸ਼ ਵਜੋਂ ਮਾਨਤਾ ਮਿਲੀ। ਇਸ ਦੇ ਇੱਕ ਸਾਲ ਮਗਰੋਂ ਹੀ ਭਾਰਤ ਦੇ ਆਪਣੇ ਪਹਿਲੇ ਦੌਰੇ ਉੱਤੇ ਕਰਦਾਰ ਦੀ ਕਪਤਾਨੀ ਵਿੱਚ ਪਾਕਿਸਤਾਨ ਨੇ ਆਪਣੇ ਦੂਜੇ ਹੀ ਟੈਸਟ ਮੈਚ ਵਿੱਚ ਭਾਰਤ ਨੂੰ ਮਾਤ ਦਿੱਤੀ।
ਪਾਕਿਸਤਾਨ ਕ੍ਰਿਕਟ ਬੋਰਡ ਦੀ ਵੈਬਸਾਈਟ ਮੁਤਾਬਕ ਕਰਦਾਰ ਦੀ ਕਪਤਾਨੀ ਹੇਠ ਹੀ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਛੱਡ ਕੇ ਉਸ ਵੇਲੇ ਦੀਆਂ ਪੰਜ ਟੈਸਟ ਟੀਮਾਂ ਖਿਲਾਫ਼ ਜਿੱਤਾਂ ਦਰਜ ਕੀਤੀਆਂ।
ਉਹ ਵੀ ਪਹਿਲੀਆਂ-ਪਹਿਲੀਆਂ ਸੀਰੀਜ਼ ਵਿੱਚ ਹੀ ਇਹ ਜਿੱਤਾਂ ਦਰਜ ਕੀਤੀਆਂ ਗਈਆਂ ਸਨ।
ਕਰਦਾਰ ਕ੍ਰਿਕਟ ਤੋਂ ਰਿਟਾਇਰ ਹੋਣ ਮਗਰੋਂ ਵੀ ਖੇਡ ਨਾਲ ਜੁੜੇ ਰਹੇ।
ਪਾਕਿਸਤਾਨ ਕ੍ਰਿਕਟ ਬੋਰਡ (ਉਸ ਵੇਲੇ ਬੋਰਡ ਆਫ਼ ਕੰਟਰੋਲ ਫਾਰ ਕ੍ਰਿਕਟ ਇਨ ਪਾਕਿਸਤਾਨ) ਦੇ ਪ੍ਰਧਾਨ ਵਜੋਂ 1972-1977 ਤੱਕ ਪ੍ਰਧਾਨ ਰਹੇ।
ਪਾਕਿਸਤਾਨ ਕ੍ਰਿਕਟ ਬੋਰਡ ਦੀ ਵੈਬਸਾਈਟ ਮੁਤਾਬਕ ਕਰਦਾਰ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਦੇ ਕ੍ਰਿਕਟ ਨੂੰ ਮਾਡਰਨ ਕਰਨ ਵੱਲ ਕਾਫੀ ਕੰਮ ਹੋਇਆ ਸੀ।
ਕਰਦਾਰ ਨੇ ਸਿਆਸਤ ਵਿੱਚ ਵੀ ਹੱਥ ਅਜ਼ਮਾਏ ਸੀ। ਪੰਜਾਬ ਅਸੈਂਬਲੀ ਦੇ ਮੈਂਬਰ ਵਜੋਂ ਉਹ 1970 ਵਿੱਚ ਚੁਣੇ ਗਏ ਸੀ। ਉਹ ਅੱਗੇ ਜਾ ਕੇ ਉਹ ਸਵਿਟਜ਼ਰਲੈਂਡ ਵਿੱਚ ਪਾਕਿਸਤਾਨ ਦੇ ਸਫੀਰ ਵਜੋਂ ਵੀ ਨਿਯੁਕਤ ਰਹੇ।
ਗੁਲ ਮੁਹੰਮਦ
ਗੁਲ ਮੁਹੰਮਦ
8 ਮਾਰਚ 1947 ਦਾ ਦਿਨ ਸੀ ਵਡੋਦਰਾ ਵਿੱਚ ਹੋਲਕਰ ਤੇ ਬੜੌਦਾ ਵਿਚਾਲੇ ਰਣਜੀ ਟ੍ਰਾਫੀ ਦਾ ਫਾਈਨਲ ਮੈਚ ਚੱਲ ਰਿਹਾ ਸੀ। ਬੜੌਦਾ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ ਉੱਤੇ 91 ਦੌੜਾਂ ਦਾ ਸੀ।
ਮੈਦਾਨ ਉੱਤੇ ਗੁਲ ਮੁਹੰਮਦ ਉਤਰੇ, ਉਨ੍ਹਾਂ ਨੇ ਭਾਰਤ ਦੇ ਸ਼ਾਨਦਾਰ ਸਾਬਕਾ ਬੱਲੇਬਾਜ਼ ਵਿਜੇ ਹਜ਼ਾਰੇ ਨਾਲ ਚੌਥੀ ਵਿਕਟ ਲਈ 577 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਗੁਲ ਮੁਹੰਮਦ ਨੇ 8 ਘੰਟੇ 53 ਮਿੰਟ ਤੱਕ ਬੱਲੇਬਾਜ਼ੀ ਕੀਤੀ ਤੇ 319 ਦੌੜਾਂ ਬਣਾਈਆਂ।
15 ਅਕਤੂਬਰ 1921 ਨੂੰ ਲਾਹੌਰ ਵਿੱਚ ਜੰਮਿਆ ਇਹ ਪੰਜਾਬੀ ਕ੍ਰਿਕਟਰ ਵੀ ਉਨ੍ਹਾਂ ਖ਼ਾਸ ਕੌਮਾਂਤਰੀ ਕ੍ਰਿਕਟਰਾਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਲਈ ਕੌਮਾਂਤਰੀ ਕ੍ਰਿਕਟ ਖੇਡੀ ਹੈ।
ਗੁਲ ਮੁਹੰਮਦ ਨੇ ਭਾਰਤ ਲਈ 8 ਮੈਚ ਖੇਡੇ ਹਨ ਜਦਕਿ ਪਾਕਿਸਤਾਨ ਲਈ ਇੱਕ ਟੈਸਟ ਮੈਚ ਖੇਡਿਆ ਹੈ।
ਗੁਲ ਮੁਹੰਮਦ ਖੱਬੇ ਹੱਥ ਦੇ ਬੱਲੇਬਾਜ਼ ਤੇ ਖੱਬੇ ਹੱਥ ਦੇ ਗੇਂਦਬਾਜ਼ ਸਨ। ਇਸ ਦੇ ਨਾਲ ਹੀ ਉਹ ਆਪਣੀ ਫੀਲਡਿੰਗ ਲਈ ਵੀ ਜਾਣੇ ਜਾਂਦੇ ਸਨ। ਗੁਲ ਮੁਹੰਮਦ ਬਾਰੇ ਇਹ ਕਿਹਾ ਜਾਂਦਾ ਹੈ ਕਿ ਮੱਛੀ ਵੀ ਉਨ੍ਹਾਂ ਦੇ ਹੱਥਾਂ ਵਿੱਚੋਂ ਆਰਾਮ ਨਾਲ ਨਹੀਂ ਨਿਕਲ ਸਕਦੀ ਸੀ।
ਗੁਲ ਮੁਹੰਮਦ ਵੀ ਅਬਦੁੱਲ ਹਫ਼ੀਜ਼ ਕਰਦਾਰ ਵਾਂਗ ਲਾਹੌਰ ਦੇ ਇਸਲਾਮੀਆ ਕਾਲਜ ਦੀ ਦੇਣ ਸਨ।
ਪਾਕਿਸਤਾਨ ਕ੍ਰਿਕਟ ਬੋਰਡ ਦੀ ਵੈਬਸਾਈਟ ਮੁਤਾਬਕ ਸਾਲ 1938-39 ਵਿੱਚ ਗੁਲ ਮੁਹੰਮਦ ਨੇ 17 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਰਣਜੀ ਮੈਚ ਖੇਡਿਆ।
ਫਰਸਟ ਕਲਾਸ ਕ੍ਰਿਕਟ (ਘਰੇਲੂ ਸੀਜ਼ਨ) ਵਿੱਚ ਗੁਲ ਮੁਹੰਮਦ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਈ ਸਾਲਾਂ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਤੋਂ ਬਾਅਦ ਸਾਲ 1946 ਵਿੱਚ ਭਾਰਤ ਦੇ ਇੰਗਲੈਂਡ ਦੌਰੇ ਲਈ ਉਨ੍ਹਾਂ ਦੀ ਚੋਣ ਹੋਈ। ਪਹਿਲੇ ਟੈਸਟ ਮੈਚ ਵਿੱਚ ਉਹ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ।
ਭਾਰਤ ਦੀ ਅਜ਼ਾਦੀ ਤੋਂ ਬਾਅਦ 1947-48 ਵਿੱਚ ਸਾਬਕਾ ਭਾਰਤੀ ਕ੍ਰਿਕਟਰ ਲਾਲਾ ਅਮਰਨਾਥ ਦੀ ਅਗਵਾਈ ਵਿੱਚ ਆਸਟਰੇਲੀਆ ਦੇ ਦੌਰੇ ਲਈ ਭਾਰਤੀ ਟੀਮ ਦਾ ਹਿੱਸਾ ਰਹੇ।
ਭਾਰਤੀ ਟੀਮ ਦਾ ਇਸ ਦੌਰੇ ਉੱਤੇ ਪ੍ਰਦਰਸ਼ਨ ਕਾਫੀ ਮਾੜਾ ਰਿਹਾ। ਗੁਲ ਮੁਹੰਮਦ ਨੇ ਵੀ ਪੰਜ ਟੈਸਟ ਮੈਚਾਂ ਵਿੱਚ 130 ਦੌੜਾਂ ਹੀ ਬਣਾਈਆਂ ਪਰ ਉਨ੍ਹਾਂ ਚੰਗੀ ਫੀਲਡਿੰਗ ਨਾਲ ਸਾਰਿਆਂ ਨੂੰ ਹੈਰਾਨ ਜ਼ਰੂਰ ਕੀਤਾ।
ਪਾਕਿਸਤਾਨ ਦੇ ਭਾਰਤ ਖਿਲਾਫ ਪਹਿਲੇ ਦੋ ਮੈਚਾਂ ਵਿੱਚ ਵੀ ਉਨ੍ਹਾਂ ਨੂੰ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮਗਰੋਂ ਉਹ ਪਾਕਿਸਤਾਨ ਵਿੱਚ ਜਾ ਕੇ ਵਸ ਗਏ।
1956-57 ਵਿੱਚ ਉਨ੍ਹਾਂ ਨੂੰ ਪਾਕਿਸਤਾਨ ਦੀ ਟੀਮ ਲਈ ਚੁਣਿਆ ਗਿਆ। ਆਸਟਰੇਲੀਆ ਖਿਲਾਫ ਕਰਾਚੀ ਵਿੱਚ ਖੇਡੇ ਗਏ ਇਸ ਮੈਚ ਵਿੱਚ ਉਨ੍ਹਾਂ ਨੇ ਦੋਵਾਂ ਪਾਰੀਆਂ ਵਿੱਚ ਮਿਲਾ ਕੇ 39 ਦੌੜਾਂ ਬਣਾਈਆਂ। ਇਸ ਮਗਰੋਂ ਉਨ੍ਹਾਂ ਨੂੰ ਕਾਊਂਟੀ ਕ੍ਰਿਕਟ ਕਾਫੀ ਸਫ਼ਲਤਾ ਮਿਲੀ।
1992 ਵਿੱਚ ਲੰਬੀ ਬਿਮਾਰੀ ਤੋਂ ਬਾਅਦ ਲਾਹੌਰ ਵਿਚ ਹੀ ਗੁਲ ਮੁਹੰਮਦ ਦੀ ਮੌਤ ਹੋਈ।
ਆਮਿਰ ਇਲਾਹੀ
ਆਮਿਰ ਇਲਾਹੀ (ਖੱਬੇ) ਨੇ ਮੀਡੀਅਮ ਪੇਸਰ ਵਜੋਂ ਖੇਡਣਾ ਸ਼ੁਰੂ ਕੀਤਾ ਸੀ
ਲਾਹੌਰ ਵਿੱਚ ਜੰਮੇ ਆਮਿਰ ਇਲਾਹੀ ਨਾਲ ਦੋ ਖ਼ਾਸ ਗੱਲਾਂ ਜੁੜੀਆਂ ਹਨ। ਪਹਿਲੀ ਤਾਂ ਉਹ ਉਨ੍ਹਾਂ ਗਿਣੇ-ਚੁਣੇ ਖਿਡਾਰੀਆਂ ਵਿੱਚੋਂ ਹਨ ਜੋ ਭਾਰਤ ਤੇ ਪਾਕਿਸਤਾਨ ਦੋਵਾਂ ਲਈ ਟੈਸਟ ਕ੍ਰਿਕਟ ਖੇਡੇ।
ਇਸ ਦੇ ਨਾਲ ਹੀ ਆਮਿਰ ਦੁਨੀਆਂ ਵਿੱਚ ਸਭ ਤੋਂ ਵੱਡੀ ਉਮਰ ਵਿੱਚ ਖੇਡਣ ਵਾਲੇ 20 ਖਿਡਾਰੀਆਂ ਵਿੱਚ ਵੀ ਸ਼ਾਮਿਲ ਸਨ।
ਆਮਿਰ ਇਲਾਹੀ ਦਾ ਜਨਮ ਇੱਕ ਸਤੰਬਰ, 1908 ਨੂੰ ਹੋਇਆ ਸੀ।
ਵਿਸਡਨ ਕ੍ਰਿਕਟਰਜ਼ ਐਲਮੈਨਕ ਅਨੁਸਾਰ ਆਮਿਰ ਇਲਾਹੀ ਇੱਕ ਵਾਰ ਭਾਰਤ ਲਈ ਖੇਡ ਚੁੱਕੇ ਹਨ ਤੇ ਪੰਜ ਵਾਰ ਉਨ੍ਹਾਂ ਨੇ ਪਾਕਿਸਤਾਨ ਦੀ ਟੀਮ ਲਈ ਖੇਡਿਆ ਹੈ।
ਪਾਕਿਸਤਾਨ ਲਈ ਖੇਡੇ ਪੰਜ ਟੈਸਟ ਮੈਚ ਵੀ ਉਨ੍ਹਾਂ ਨੇ ਭਾਰਤ ਵਿੱਚ 1952-53 ਵਿੱਚ ਖੇਡੇ ਹਨ।
ਕੋਲਕਾਤਾ ਵਿੱਚ ਖੇਡੇ ਗਏ ਉਨ੍ਹਾਂ ਦੇ ਆਖਰੀ ਟੈਸਟ ਮੈਚ ਵੇਲੇ ਇਲਾਹੀ ਦੀ ਉਮਰ 44 ਸਾਲ ਸੀ।
ਆਮਿਰ ਇਲਾਹੀ ਨੇ ਮੀਡੀਅਮ ਪੇਸਰ ਵਜੋਂ ਖੇਡਣਾ ਸ਼ੁਰੂ ਕੀਤਾ ਸੀ ਤੇ ਬਾਅਦ ਵਿੱਚ ਉਹ ਲੈਗ ਬ੍ਰੇਕ ਬੌਲਰ ਬਣ ਗਏ ਸੀ।
ਟੈਸਟ ਮੈਚਾਂ ਵਿੱਚ ਉਹ ਕੁਝ ਖ਼ਾਸ ਨਹੀਂ ਕਰ ਸਕੇ ਸੀ ਪਰ ਰਣਜੀ ਟ੍ਰਾਫੀ ਵਿੱਚ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਸੀ। ਰਣਜੀ ਟ੍ਰਾਫੀ ਵਿੱਚ ਉਨ੍ਹਾਂ ਨੇ 24.72 ਦੀ ਔਸਤ ਨਾਲ 194 ਵਿਕਟਾਂ ਲਈਆਂ ਸਨ।
1946-47 ਵਿੱਚ ਪਾਕਿਸਤਾਨੀ ਨਾਗਰਿਕ ਬਣਨ ਤੋਂ ਠੀਕ ਪਹਿਲਾਂ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਬੜੌਦਾ ਨੂੰ ਰਣਜੀ ਟ੍ਰਾਫੀ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਈਐੱਸਪੀਐੱਨ ਕ੍ਰਿਕ ਇਨਫੋ ਅਨੁਸਾਰ ਉਨ੍ਹਾਂ ਦੀ ਬੱਲੇਬਾਜ਼ੀ ਦੀ ਇੱਕ ਪਾਰੀ ਕਾਫੀ ਯਾਦ ਕੀਤੀ ਜਾਂਦੀ ਹੈ।
ਆਮਿਰ ਨੇ 1946-47 ਵਿੱਚ ਪਾਕਿਸਤਾਨ ਵੱਲੋਂ ਖੇਡਦਿਆਂ ਮਦਰਾਸ (ਚੇਨੱਈ) ਵਿੱਚ ਭਾਰਤ ਦੇ ਖਿਲਾਫ 10ਵੇਂ ਵਿਕਟ ਲਈ ਜ਼ੁਲਫਿਕਾਰ ਅਹਿਮਦ ਨੇ 104 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਮੈਚ ਵਿੱਚ ਉਨ੍ਹਾਂ ਨੇ ਆਪਣੀ 47 ਦੌੜਾਂ ਦੀ ਪਾਰੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਆਮਿਰ ਇਲਾਹੀ ਦਾ ਦਸੰਬਰ, 1980 ਨੂੰ ਕਰਾਚੀ ਵਿੱਚ 72 ਸਾਲ ਦੀ ਉਮਰ ਵਿੱਚ ਦੇਹਾਂਤ ਹੋਇਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜੇ ਕੋਈ ਚੰਨ ਜਾਂ ਮੰਗਲ ਗ੍ਰਹਿ ’ਤੇ ਮਰ ਜਾਵੇ ਤਾਂ ਲਾਸ਼ ਧਰਤੀ ਉੱਤੇ ਵਾਪਸ ਕਿਵੇਂ ਆਵੇਗੀ
NEXT STORY