ਕੈਨੇਡਾ ਵਿੱਚ ਵਿਦਿਆਰਥੀ ਵੀਜ਼ਾ ਲਈ ਜਾਣ ਵਾਲੇ ਵਿਦਿਆਰਥੀਆਂ ਨਾਲ ਏਜੰਟਾਂ ਵੱਲੋਂ ਕੀਤੀ ਜਾਂਦੀ ਧੋਖਾਧੜੀ ਨੂੰ ਰੋਕਣ ਲਈ ਕੈਨੇਡੀਆਈ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸੇ ਸਾਲ ਜੂਨ ਮਹੀਨੇ ਵਿੱਚ ਜਲੰਧਰ ਆਧਾਰਤ ਏਜੰਟ ਬ੍ਰਿਜੇਸ਼ ਮਿਸ਼ਰਾ ਉੱਤੇ ਵਿਦਿਆਰਥੀਆਂ ਨੂੰ ਫਰਜ਼ੀ ਦਾਖਲਾ ਪੱਤਰ ਦੇਣ ਅਤੇ ਹੋਰ ਇਲਜ਼ਾਮ ਲੱਗੇ ਹਨ।
ਇਸ ਮਾਮਲੇ ਦੀ ਜਾਂਚ ਲਈ ਆਈਆਰਸੀਸੀ ਵੱਲੋਂ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ।
ਉਸ ਵੇਲੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਦੇ ਕੈਨੇਡਾ ਆਉਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ।
ਪਰ ਇਸ ਪ੍ਰਕਿਰਿਆ ਨੂੰ ਜੂਨ 2023 ਵਿੱਚ ਹੀ ਅਸਥਾਈ ਤੌਰ ਉੱਤੇ ਰੋਕ ਦਿੱਤਾ ਗਿਆ ਸੀ।
ਉੱਥੇ ਰਹਿੰਦੇ ਵਿਦਿਆਰਥੀਆਂ ਵੱਲੋਂ ਆਪਣੀ ਗੱਲ ਰੱਖਣ ਲਈ ਧਰਨਾ ਵੀ ਲਾਇਆ ਗਿਆ ਸੀ।
ਉਸ ਵੇਲੇ ਕੈਨੇਡਾ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਇਸ ਧੋਖਾਧੜੀ ਨੂੰ ਰੋਕਣ ਲਈ ਵਿਦਿਅਕ ਕੇਂਦਰਾਂ, ਸੂਬਿਆਂ ਅਤੇ ਹੋਰ ਸੰਸਥਾਵਾਂ ਨਾਲ ਰਲਕੇ ਕੰਮ ਕਰਨਗੇ।
ਕੀ ਹਨ ਨਵੇਂ ਨਿਯਮ
ਕੈਨੇਡਾ ਵਿੱਚ ਇਮੀਗ੍ਰੇਸ਼ਨ, ਰਿਫ਼ਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਕਿ ਉਹ ਕੈਨੇਡਾ ਦੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਲਈ ਕੁਝ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਆਮ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣਾ ਹੈ।
ਅਧਿਕਾਰਤ ਕੈਨੇਡੀਆਈ ਵੈੱਬਸਾਈਟ ਮੁਤਾਬਕ ਕੈਨੇਡਾ ਵਿਚਲੇ ਸਾਰੇ ਪੋਸਟ ਸੈਕੰਡਰੀ ਡੈਜ਼ੀਗਨੇਟਡ ਇੰਸਟੀਟਿਊਟ ਆਫ ਲਰਨਿੰਗ (ਡੀਐੱਲਆਈ) ਨੂੰ ਹਰੇਕ ਅਰਜ਼ੀਕਾਰ ਦੇ ਦਾਖ਼ਲਾ ਪੱਤਰ ਬਾਰੇ ਆਈਆਰਸੀਸੀ ਕੋਲੋਂ ਪੁਸ਼ਟੀ ਕਰਵਾਉਣੀ ਪਵੇਗੀ।
ਇਸ ਨਵੀਂ ਨੀਤੀ ਨੂੰ 1 ਦਸੰਬਰ 2023 ਤੋਂ ਲਾਗੂ ਕੀਤਾ ਜਾਵੇਗਾ।
ਇਸ ਤਹਿਤ ਹਰੇਕ ‘ਡੀਐੱਲਆਈ’ ਨੂੰ ਅਰਜ਼ੀਕਾਰਾਂ ਦੀ ‘ਲੈੱਟਰ ਆਫ ਅਕਸੈਪਟੈਂਸ’ ਦੀ ਆਈਆਰਸੀਸੀ ਤੋਂ ਪੁਸ਼ਟੀ ਕਰਵਾਉਣੀ ਲਾਜ਼ਮੀ ਹੋਵੇਗੀ।
ਡੀਐੱਲਆਈ ਤੋਂ ਭਾਵ ਤੋਂ ਉਨ੍ਹਾਂ ਸਾਰਿਆਂ ਉਹ ਵਿਦਿਅਕ ਕੇਂਦਰਾਂ ਨੂੰ ਕਿਹਾ ਜਾਂਦਾ ਹੈ, ਜਿੱਥੇ ਵਿਦਿਆਰਥੀ ਵੱਖੋ-ਵੱਖਰੇ ਕੋਰਸਾਂ ਲਈ ਪੜ੍ਹਾਈ ਕਰਨ ਲਈ ਦਾਖ਼ਲਾ ਲੈਂਦੇ ਹਨ ।
ਆਈਆਰਸੀਸੀ, ਉਹ ਸਰਕਾਰੀ ਮਹਿਕਮਾ ਹੈ, ਜੋ ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ਊਜੀ ਅਤੇ ਨਾਗਰਿਕਤਾ ਦੇ ਮਾਮਲਿਆਂ ਦੇ ਪ੍ਰਬੰਧ ਨੂੰ ਵੇਖਦਾ ਹੈ।
ਅਰਜ਼ੀਆਂ ਨੂੰ ਪ੍ਰਮਾਣਿਤ ਕਰਨ ਵਾਲੀ ਇਸ ਨਵੀਂ ਪ੍ਰਕਿਰਿਆ ਦਾ ਮੰਤਵ ਕੈਨੇਡਾ ਵਿੱਚ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣਾ ਹੋਵਗਾ।
ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਟਡੀ ਪਰਮਿੱਟ ਪ੍ਰਮਾਣਿਤ ਮਨਜ਼ੂਰੀ ਪੱਤਰਾਂ ਦੀ ਬਿਨਾਅ ਉੱਤੇ ਹੀ ਜਾਰੀ ਕੀਤੇ ਜਾਣ।
ਹੋਰ ਬਦਲਾਅ ਕੀ ਹੋਣਗੇ
ਕੈਨੇਡਾ ਦੀ ਸਰਕਾਰੀ ਵੈੱਬਸਾਈਟ ਮੁਤਾਬਕ ਸਤੰਬਰ 2024 ਵਿੱਚ ਸ਼ੁਰੂ ਹੋਣ ਵਾਲੇ ਦਾਖਲਿਆਂ ਦੀ ਸ਼ੁਰੂਆਤ ਹੋਣ ਤੱਕ, ਆਈਆਰਸੀਸੀ ਇੱਕ ਅਜਿਹੀ ਪ੍ਰਕਿਰਿਆ ਲਾਗੂ ਕਰੇਗਾ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸੇਵਾਵਾਂ ਲਈ ਮਿਆਰੀ ਕੰਮ ਕਰਨ ਵਾਲੇ ਵਿਦਿਅਕ ਕੇਂਦਰਾਂ ਨੂੰ ਲਾਭ ਦੇਵੇਗਾ।
ਇਨ੍ਹਾਂ ਵਿਦਿਅਕ ਕੇਂਦਰਾਂ ਨੂੰ ਕਈ ਲਾਭ ਵੀ ਮਿਲਣਗੇ। ਇਨ੍ਹਾਂ ਫਾਇਦਿਆਂ ਵਿੱਚ ਸਟੱਡੀ ਵੀਜ਼ਾ ਘੱਟ ਸਮੇਂ ਵਿੱਚ ਜਾਰੀ ਕਰਨਾ ਵੀ ਸ਼ਾਮਲ ਹੈ।
ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਆਉਂਦੇ ਸਮੇਂ ਵਿੱਚ ਆਈਆਰਸੀਸੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਦਾ ਮੁਲਾਂਕਣ ਵੀ ਕਰੇਗਾ। ਇਸ ਵਿੱਚ ਅਜਿਹੇ ਸੁਧਾਰ ਲਾਗੂ ਕੀਤੇ ਜਾਣਗੇ ਜਿਹੜੇ ਕੈਨੇਡੀਆਈ ਲੇਬਰ ਮਾਰਕਿਟ ਦੀਆਂ ਲੋੜਾਂ ਅਨੁਸਾਰ ਹੋਣਗੇ।
ਵੱਖ-ਵੱਖ ਖਿੱਤਿਆਂ ਦੀਆਂ ਲੋੜਾਂ ਦੇ ਨਾਲ-ਨਾਲ ਅਤੇ ਫਰੈਂਚ ਭਾਸ਼ਾ ਵਾਲੇ ਇਲਾਕਿਆਂ ਦੀਆਂ ਲੋੜਾਂ ਦਾ ਵੀ ਖਿਆਲ ਰੱਖਿਆ ਜਾਵੇਗਾ।
''ਵਿਦਿਆਰਥੀਆਂ ਦਾ ਬਚਾਅ ਯਕੀਨੀ ਬਣਾਇਆ ਜਾਵੇਗਾ''
ਕੈਨੇਡੀਆਈ ਆਰਥਿਕਤਾ ਵਿੱਚ ਅੰਤਰਾਸ਼ਟਰੀ ਵਿਦਿਆ ਦੇ ਖੇਤਰ ਦਾ ਹਿੱਸਾ 22 ਬਿਲੀਅਨ ਡਾਲਰ ਹੋ ਸਕਦਾ ਹੈ।
ਇਹ ਕੈਨੇਡਾ ਦੇ ਆਟੋ ਪਾਰਟਸ, ਲੁੰਬਰ ਅਤੇ ਹਵਾਈ ਜਹਾਜ਼ ਦੀ ਬਰਆਮਦਗੀ ਤੋਂ ਵੀ ਜ਼ਿਆਦਾ ਹੈ ਅਤੇ 2,00,000 ਤੋਂ ਵੱਧ ਨੌਕਰੀਆਂ ਇਸ ਉੱਤੇ ਨਿਰਭਰ ਹਨ।
ਕੈਨੇਡਾ ਦੀ ਸਰਕਾਰੀ ਵੈਬਸਾਈਟ ਮੁਤਾਬਕ 2020 ਵਿੱਚ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਣ ਨਾਲ ਕੈਨੇਡਾ ਦੀ ਜੀਡੀਪੀ(ਗ੍ਰਾਸ ਡੋਮੈਸਟਿੱਕ ਪ੍ਰੋਡਕਟ) ਨੂੰ ਸੱਤ ਬਿਲੀਅਨ ਤੱਕ ਦਾ ਘਾਟਾ ਪਿਆ।
ਕੈਨੇਡਾ ਸਰਕਾਰ ਵਿੱਚ ਮੰਤਰੀ ਮਾਰਕ ਮਿਲਰ ਨੇ ਕਿਹਾ, “ਅੰਤਰ-ਰਾਸ਼ਟਰੀ ਵਿਦਆਰਥੀ ਪ੍ਰਤਿਭਾਸ਼ਾਲੀ ਹਨ ਅਤੇ ਉਹ ਕੈਨੇਡਾ ਵਿੱਚ ਪੜ੍ਹਾਈ ਦੌਰਾਨ ਚੰਗਾ ਤਜਰਬਾ ਹਾਸਲ ਕਰਨ ਦੇ ਯੋਗ ਹਨ।”
“ਅਸੀਂ ਕੈਨੇਡਾ ਦੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਨੂੰ ਸੁਧਾਰਨ ਲਈ ਕੰਮ ਕਰਦੇ ਰਹਾਂਗੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਵਿਦਿਆਰਥੀਆਂ ਦਾ ਬਚਾਅ ਹੋਵੇ ਅਤੇ ਜਿਹੜੇ ਉਨ੍ਹਾਂ ਦਾ ਫਾਇਦਾ ਚੁੱਕਦੇ ਹਨ ਉਨ੍ਹਾਂ ਨੂੰ ਹਟਾਇਆ ਜਾਵੇ।”
"ਭਾਵੇਂ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਇੱਥੇ ਰਹਿੰਦੇ ਹਨ ਕੰਮ ਕਰਦੇ ਹਨ ਜਾਂ ਘਰ ਚਲੇ ਜਾਂਦੇ ਸਨ, ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਕੈਨੇਡਾ ਵਿੱਚ ਬਿਤਾਇਆ ਸਮਾਂ ਉਨ੍ਹਾਂ ਦੀ ਜ਼ਿੰਦਗੀ ਲਈ ਲਾਹੇਵੰਦ ਹੋਵੇ।”
“ਅਸੀਂ ਉਨ੍ਹਾਂ ਮਹੱਤਵਪੂਰਨ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਲਾਭਾਂ ਨੂੰ ਪਛਾਣਦੇ ਹਾਂ ਜੋ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਲਿਆਉਂਦੇ ਹਨ, ਅਤੇ ਉਨ੍ਹਾਂ ਲਾਭਾਂ ਨੂੰ ਜਾਰੀ ਰੱਖਣ ਲਈ, ਸਾਨੂੰ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਸਾਹਮਣੇ ਆਈਆਂ ਚੁਣੌਤੀਆਂ ਦਾ ਹੱਲ ਕਰਨਾ ਚਾਹੀਦਾ ਹੈ।”
ਟਾਸਕਫੋਰਸ ਦੀ ਜਾਂਚ ਵਿੱਚ ਕੀ ਸਾਹਮਣੇ ਆਇਆ
ਕੈਨੇਡੀਆਈ ਸਰਕਾਰ ਦੀ ਵੈੱਬਸਾਈਟ ਮੁਤਾਬਕ, ਆਈਆਰਸੀਸੀ ਵੱਲੋਂ ਕੈਨੇਡਾ ਬਾਰਡਰ ਸਰਵਿਸਸ ਏਜੰਸੀ ਨਾਲ ਕੰਮ ਕਰਨ ਲਈ ਬਣਾਈ ਟਾਸਕਫੋਰਸ ਵੱਲੋਂ ਫ਼ਰਜ਼ੀ ਦਸਤਾਵੇਜ਼ਾਂ ਵਾਲੇ ਕੇਸ ਵਿੱਚ ਪ੍ਰਭਾਵਿਤ ਹੋਏ ਵਿਦਿਆਰਥੀਆਂ ਦੀ ਸਮੀਖਿਆ ਕੀਤੀ ਗਈ।
ਇਸ ਦਾ ਮਕਸਦ ਸਹੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚੋਂ ਕੱਢੇ ਜਾਣ ਤੋਂ ਰੋਕਣਾ ਸੀ।
12 ਅਕਤੂਬਰ, 2023 ਤੱਕ 103 ਕੇਸਾਂ ਦੀ ਸਮੀਖਿਆ ਕੀਤੀ ਗਈ ਸੀ, ਇਨ੍ਹਾਂ ਵਿੱਚੋਂ 60 ਵਿਦਿਆਰਥੀ ਸਹੀ ਨਿਕਲੇ ਸਨ ਜਦਕਿ 40 ਸਹੀ ਨਹੀਂ ਸਨ।
"ਪੀੜਤਾਂ ਵੱਲੋਂ ਬ੍ਰਿਜੇਸ਼ ਮਿਸ਼ਰਾ ਦੀ ਪਛਾਣ ਇਸ ਵਿੱਚ ਸ਼ਾਮਲ ਮੁੱਖ ਬੰਦਿਆਂ ਵਜੋਂ ਕੀਤੀ ਗਈ ਸੀ। ਆਈਆਰਸੀਸੀ ਅਤੇ ਸੀਬੀਐੱਸਏ ਅਜਿਹੇ ਬੇਇਮਾਨ ਤੱਤਾਂ ਵਿਰੁੱਧ ਕੰਮ ਕਰਦੀ ਰਹੇਗੀ ਜਿਹੜੇ ਵਿਦਿਆਰਥੀਆਂ ਦਾ ਫਾਇਦਾ ਚੁੱਕਦੇ ਹਨ।"
ਇਸ ਮਾਮਲੇ ਵਿੱਚ ਬ੍ਰਿਜੇਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਵੀ ਹੋਈ ਸੀ।
ਪੰਜਾਬੀ ਵਿਦਿਆਰਥੀਆਂ ਨੇ ਕਿਉਂ ਲਾਇਆ ਸੀ ਧਰਨਾ
ਕੈਨੇਡਾ ਵਿੱਚ ਅਜਿਹੇ ਸੈਂਕੜੇ ਭਾਰਤੀ ਵਿਦਿਆਰਥੀ ਹਨ ਜਿਨ੍ਹਾਂ ’ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਪਰਵਾਸ ਕਰਨ ਦੇ ਇਲਜ਼ਾਮ ਲੱਗੇ ਸਨ।
ਵਿਦਿਆਰਥੀ ਜਿਨ੍ਹਾਂ ਵਿੱਚੋਂ ਕਈ ਪੰਜਾਬ ਤੋਂ ਵੀ ਸਨ ਵੱਲੋਂ ਕੈਨੇਡਾ ਤੋਂ ਡਿਪੋਰਟ ਹੋਣ ਤੋਂ ਬਚਣ ਲਈ ਧਰਨੇ ਲਾਏ ਜਾ ਰਹੇ ਸਨ।
ਵਿਦਿਆਰਥੀਆਂ ਦਾ ਦਾ ਇਲਜ਼ਾਮ ਸੀ ਕਿ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਮਦਦ ਕਰਨ ਵਾਲੇ ਏਜੰਟਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
ਕੈਨੇਡਾ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਹ ਜਲੰਧਰ ਦੇ ਐਜੂਕੇਸ਼ਨ ਸਲਾਹਕਾਰ ਬ੍ਰਿਜੇਸ਼ ਮਿਸ਼ਰਾ ਦੇ ਕੀਤੇ ਕਥਿਤ ਘੋਟਾਲੇ ਦੇ ਪੀੜਤ ਹਨ।
ਜਲੰਧਰ ਪੁਲਿਸ ਮੁਤਾਬਕ ਵਿਦਿਆਰਥੀਆਂ ਨੂੰ ਸਾਲ 2017-18 ਵਿੱਚ ਟੋਰੰਟੋ ਖਿੱਤੇ ਦੇ ਮਸ਼ਹੂਰ ਕਾਲਜ ਹੰਭਰ ਵਿੱਚ ਦਾਖ਼ਲੇ ਦੇ ਜਾਅਲੀ ਪੱਤਰ ਦਿੱਤੇ ਗਏ ਸਨ।
ਇਨ੍ਹਾਂ ਦਾਖ਼ਲਾ ਪੱਤਰਾਂ ਦੇ ਅਧਾਰ ਉੱਤੇ ਇਮੀਗ੍ਰੇਸ਼ਨ ਕਰਵਾਉਣ ਲਈ ਵਿਦਿਆਰਥੀਆਂ ਤੋਂ 16-16 ਲੱਖ ਰੁਪਏ ਵਸੂਲੇ ਗਏ ਸਨ।
ਜਦੋਂ ਇਨ੍ਹਾਂ ਪੱਤਰਾਂ ਦੇ ਅਧਾਰ ਉੱਤੇ ਵਿਦਿਆਰਥੀ ਵੀਜ਼ਾ ਲੈ ਕੇ ਕੈਨੇਡਾ ਚਲੇ ਗਏ ਤਾਂ ਉੱਥੇ ਇਨ੍ਹਾਂ ਨੂੰ ਮਿਸ਼ਰਾ ਨੇ ਕਿਹਾ ਕਿ ਜਿਸ ਹੰਭਰ ਕਾਲਜ ਦੇ ਆਫਰ ਲੈਟਰ ਉੱਤੇ ਉਹ ਕੈਨੇਡਾ ਆਏ ਹਨ, ਉਸ ਨੇ ਇਨ੍ਹਾਂ ਦਾ ਦਾਖ਼ਲਾ ਪੱਤਰ ਰੱਦ ਕਰ ਦਿੱਤਾ ਹੈ।
ਇਸ ਲਈ ਇਨ੍ਹਾਂ ਦੀ ਕਾਲਜ ਨੂੰ ਦਿੱਤੀ ਜਾਣ ਵਾਲੀ ਫੀਸ 5-6 ਲੱਖ ਵਾਪਸ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖ਼ਲਾ ਦੁਆ ਕੇ ਐਡਜਸਟ ਕੀਤਾ ਜਾ ਰਿਹਾ ਹੈ।
ਹੁਣ ਇਨ੍ਹਾਂ ਵਿੱਚੋਂ ਕਈਆਂ ਨੇ ਆਪਣੀ ਸਿੱਖਿਆ ਪੂਰੀ ਕਰ ਲਈ ਅਤੇ ਵਰਕ ਪਰਮਿਟ ਹਾਸਲ ਕਰ ਲਏ ਸਨ।
ਪਰ ਜਦੋਂ ਇਨ੍ਹਾਂ ਨੇ ਪੱਕੀ ਰਿਹਾਇਸ਼ (ਪੀਆਰ) ਲਈ ਅਪਲਾਈ ਕੀਤਾ ਤਾਂ ਕੈਨੇਡੀਅਨ ਬਾਰਡਰ ਸਕਿਊਰਿਟੀ ਏਜੰਸੀ ਨੂੰ ਇਨ੍ਹਾਂ ਦੇ ਕੈਨੇਡਾ ਆਉਣ ਸਮੇਂ ਜਾਅਲੀ ਦਾਖ਼ਲਾ ਪੱਤਰ ਹੋਣ ਦਾ ਪਤਾ ਲੱਗਿਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਸਕਰੀਨ ’ਤੇ ਪੜ੍ਹਨਾ ਸਾਡੇ ਦਿਮਾਗ ’ਤੇ ਕਿਵੇਂ ਅਸਰ ਪਾ ਸਕਦਾ ਹੈ ਤੇ ਕਿਉਂ ਕਿਤਾਬਾਂ ਅਜੇ ਵੀ ਜ਼ਰੂਰੀ ਹਨ
NEXT STORY