ਪੰਜਾਬ ਵਿੱਚ ਜੰਮੇ ਹਰਜਸ ਸਿੰਘ ਅਤੇ ਹਰਕੀਰਤ ਬਾਜਵਾ ਨੇ ਆਸਟ੍ਰੇਲੀਆ ਦੀ ਅੰਡਰ 19 ਕ੍ਰਿਕਟ ਵਿਸ਼ਵ ਕੱਪ ਦੀ ਟੀਮ ਵਿੱਚ ਆਪਣੀ ਥਾਂ ਬਣਾਈ ਹੈ।
ਆਸਟ੍ਰੇਲੀਆਈ ਕ੍ਰਿਕਟ ਟੀਮ ਨੇ 2024 ਵਿੱਚ ਹੋਣ ਜਾ ਰਹੇ ਅੰਡਰ-19 ਵਿਸ਼ਵ ਕੱਪ ਲਈ ਟੀਮ ਵਿੱਚ ਸ਼ਾਮਲ ਖਿਡਾਰੀਆਂ ਦੇ ਨਾਂਅ ਹਾਲ ਹੀ ਵਿੱਚ ਜਨਤਕ ਕੀਤੇ ਹਨ, ਜਿਸ ਵਿੱਚ ਹਰਕੀਰਤ ਅਤੇ ਹਰਜਸ ਦੇ ਨਾਂਅ ਸ਼ਾਮਲ ਹਨ।
ਅੰਡਰ-19 ਵਿਸ਼ਵ ਕੱਪ ਦਾ ਆਯੋਜਨ ਜਨਵਰੀ 19 ਤੋਂ ਲੈ ਕੇ ਫਰਵਰੀ 11 ਤੱਕ ਦੱਖਣੀ ਅਫ਼ਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਵੇਗਾ।
ਲੱਕੜ ਦੀ ਫੱਟੀ ਤੋਂ ਹੋਈ ਸ਼ੁਰੂਆਤ
ਹਰਜੱਸ ਸ਼ੁਰੂਆਤ ਵਿੱਚ ਗੁਰਦੁਆਰੇ ਵਿੱਚ ਕ੍ਰਿਕਟ ਖੇਡਿਆ ਕਰਦੇ ਸਨ
ਹਰਜਸ ਸਿੰਘ ਨੇ ਐੱਸਬੀਐੱਸ ਆਸਟ੍ਰੇਲੀਆ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਨੇ ਨੌਂ ਸਾਲ ਦੇ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।
ਇਹ ਇੰਟਰਵਿਊ ਉਨ੍ਹਾਂ ਨੇ ਮਈ 2023 ਵਿੱਚ ਦਿੱਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਉਹ ਸ਼ੁਰੂਆਤ ਵਿੱਚ ਗੁਰਦੁਆਰੇ ਵਿੱਚ ਕ੍ਰਿਕਟ ਖੇਡਿਆ ਕਰਦੇ ਸਨ ਅਤੇ ਪਹਿਲਾਂ ਉਹ ਲੱਕੜ ਦੇ ਫੱਟੇ ਅਤੇ ਟੈਨਿਸ ਬਾਲ ਨਾਲ ਕ੍ਰਿਕਟ ਖੇਡਦੇ ਸਨ।
ਹਰਜਸ ਸਿੰਘ ਅੰਡਰ 14 ਦੇ ਨਾਲ-ਨਾਲ ਆਪਣੇ ਸ਼ੁਰੂਆਤੀ ਦੌਰ ਵਿੱਚ ਕ੍ਰਿਕਟ ਕਲੱਬਾਂ ਵਿੱਚ ਵੀ ਖੇਡੇ। ਉਹ ਖੱਬੇ ਹੱਥ ਦੇ ਬੱਲੇਬਾਜ਼ ਹਨ।
''ਦਿੱਖ ਕਾਰਨ ਗੱਲਾਂ ਸੁਣਨੀਆਂ ਪੈਂਦੀਆਂ ਸਨ''
ਹਰਜਸ ਸਿੰਘ ਕਹਿੰਦੇ ਹਨ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਦੀ ਦਿੱਖ ਕਾਰਨ ਉਹ ਬਾਕੀਆਂ ਤੋਂ ਵੱਖਰੇ ਹਨ
ਹਰਜਸ ਸਿੰਘ ਕਹਿੰਦੇ ਹਨ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਦੀ ਦਿੱਖ ਕਾਰਨ ਉਹ ਬਾਕੀਆਂ ਤੋਂ ਵੱਖਰੇ ਹਨ।
ਉਹ ਕਹਿੰਦੇ ਹਨ, “ਇਸ ਲਈ ਮੇਰੇ ਦਿਮਾਗ ਵਿੱਚ ਹਮੇਸ਼ਾ ਇਹ ਗੱਲ ਰਹਿੰਦੀ ਹੈ ਕਿ ਦਸਤਾਰਧਾਰੀ ਹੋਣ ਕਾਰਕੇ ਮੈਨੂੰ ਆਪਣੀ ਥਾਂ ਬਣਾਉਣ ਲਈ ਬਿਹਤਰ ਪ੍ਰਦਰਸ਼ਨ ਕਰਕੇ ਦਿਖਾਉਣਾ ਪਵੇਗਾ।”
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਟਕੇ ਕਾਰਨ ਪ੍ਰਾਇਮਰੀ ਸਕੂਲ ਵਿੱਚ ਉਨ੍ਹਾਂ ਨੂੰ ਕਈ ਵਾਰੀ ਗੱਲਾਂ ਸੁਣਨੀਆਂ ਪੈਂਦੀਆਂ ਸੀ, “ਪਰ ਹੁਣ ਇਹ ਘੱਟ ਗਿਆ ਹੈ।”
ਹਰਜਸ ਸਿੰਘ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੇ ਹਨ।
ਉਹ ਕਹਿੰਦੇ ਹਨ ਉਨ੍ਹਾਂ ਦੇ ਮਾਪਿਆਂ ਨੇ ਹੀ ਉਨ੍ਹਾਂ ਦੀ ਕਾਬਲੀਅਤ ਨੂੰ ਪਛਾਣਿਆ।
ਉਹ ਕਹਿੰਦੇ ਹਨ, “ਮੇਰੇ ਪਿਤਾ ਮੈਨੂੰ ਹਫ਼ਤੇ ‘ਚ ਤਿੰਨ ਚਾਰ ਵਾਰੀ ਸਿਖਲਾਈ ਲਈ ਲੈ ਕੇ ਜਾਂਦੇ ਸਨ, ਇਹ ਸੌਖਾ ਨਹੀਂ ਹੁੰਦਾ ਜਦੋਂ ਇਹ ਸਪਸ਼ਟ ਨਹੀਂ ਹੈ ਕਿ ਤੁਸੀਂ ਸਫ਼ਲ ਹੋਵੋਗੇ।”
ਉਹ ਕਹਿੰਦੇ ਹਨ, “ਮੇਰੀ ਤਾਕਤ ਮੇਰੀ ਬੱਲੇਬਾਜ਼ੀ ਹੈ ਅਤੇ ਕਦੇ-ਕਦੇ ਗੇਂਦਬਾਜ਼ੀ ਵਿੱਚ ਵੀ ਆਪਣਾ ਹੱਥ ਅਜ਼ਮਾਉਂਦਾ ਹਾਂ।”
ਹਰਜਸ ਕਹਿੰਦੇ ਹਨ, “ਮੇਰਾ ਧਿਆਨ ਚੰਗਾ ਪ੍ਰਦਰਸ਼ਨ ਕਰਨ ਅਤੇ ਆਪਣਾ ‘ਬੈੱਸਟ’ ਦੇਣ ਵੱਲ ਕੇਂਦਰਤ ਹੈ।”
ਹਰਜਸ ਸਿੰਘ ਕਹਿੰਦੇ ਹਨ, “ਹਾਲਾਂਕਿ ਕ੍ਰਿਕਟ ਦੇ ਹਰ ਫੌਰਮੈਟ ਵਿੱਚ ਬੱਲੇਬਾਜ਼ੀ ਕਰਨਾ ਪਸੰਦ ਹੈ, ਪਰ ਮੈਨੂੰ ‘ਵ੍ਹਾਈਟ ਗੇਂਦ’ ਨਾਲ ਖੇਡਣਾ ਪਸੰਦ ਕਿਉਂ ਤੁਸੀਂ ਹਮਲਾਵਰ ਅੰਦਾਜ਼ ‘ਚ ਬੱਲਬੇਾਜ਼ੀ ਕਰ ਸਕਦੇ ਹੋ। ਟੀ 20 ਅਤੇ ਵਨਡੇ ਕ੍ਰਿਕਟ ਉਨਾਂ ਦੀ ਪਸੰਦ ਹਨ।”
ਅਖ਼ਬਾਰ ਨੂੰ ਉਨ੍ਹਾਂ ਨੇ ਦੱਸਿਆ ਕਿ ਸ਼ੁਭਮਨ ਗਿੱਲ ਉਨ੍ਹਾਂ ਦੀ ਪ੍ਰੇਰਣਾ ਹਨ। ਹਰਜਸ ਸਿੰਘ ਆਖ਼ਰੀ ਵਾਰੀ 2015 ਵਿੱਚ ਭਾਰਤ ਆਏ ਸਨ, ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਿਛੋਕੜ ਉੱਤੇ ਮਾਣ ਹੈ।
ਅਸ਼ਵਿਨ ਅਤੇ ਵਿਰਾਟ ਹਨ ਹਰਕੀਰਤ ਦੀ ਪ੍ਰੇਰਣਾ
ਹਰਕੀਰਤ ਬਾਜਵਾ ਗੇਂਦਬਾਜ਼(ਸਪਿੰਨਰ) ਹਨ ਅਤੇ ਬੱਲੇਬਾਜ਼ੀ ‘ਤੇ ਵੀ ਆਪਣਾ ਧਿਆਨ ਦੇ ਰਹੇ ਹਨ
ਹਰਕੀਰਤ ਬਾਜਵਾ ''ਸਪੋਰਟਸ ਤੱਕ'' ਚੈਨਲ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ ਕਿ ਉਹ ਸੱਤ ਸਾਲਾਂ ਦੇ ਸਨ, ਜਦੋਂ ਉਹ ਆਸਟ੍ਰੇਲੀਆ ਆ ਗਏ ਸਨ ਅਤੇ ਉਹ ਬਚਪਨ ਵਿੱਚ ਦੇਖਦੇ ਹਨ ਕਿ ਭਾਰਤ ਵਿੱਚ ਕ੍ਰਿਕਟ ਪ੍ਰਤੀ ਕਿੰਨਾ ਜਨੂੰਨ ਹੈ।
ਉਹ ਗੇਂਦਬਾਜ਼ (ਸਪਿੰਨਰ) ਹਨ ਅਤੇ ਬੱਲੇਬਾਜ਼ੀ ‘ਤੇ ਵੀ ਆਪਣਾ ਧਿਆਨ ਦੇ ਰਹੇ ਹਨ।
ਟੈਲੀਗ੍ਰਾਫ ਅਖ਼ਬਾਰ ਮੁਤਾਬਕ ਉਨ੍ਹਾਂ ਦਾ ਜਨਮ ਮੋਹਾਲੀ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਸ਼ੁਰੂ ਵਿੱਚ ਟੈਕਸੀ ਡਰਾਈਵਰ ਵਜੋਂ ਕੰਮ ਕਰਦੇ ਸਨ।
“ਕ੍ਰਿਕਟ ਪ੍ਰਤੀ ਮੇਰੇ ਧਿਆਨ ਨੂੰ ਦੇਖਦਿਆਂ, ਮੇਰੇ ਇੱਕ ਰਿਸ਼ਤੇਦਾਰ ਨੇ ਮੈਨੂੰ ਸਥਾਨਕ ਕ੍ਰਿਕਟ ਕਲੱਬ ਵਿੱਚ ਦਾਖ਼ਲਾ ਦਵਾ ਦਿੱਤਾ ਅਤੇ ਮੈਂ ਉਦੋਂ ਤੋਂ ਹੀ ਕ੍ਰਿਕਟ ਖੇਡ ਰਿਹਾ ਹਾਂ।”
ਉਨ੍ਹਾਂ ਦੇ ਕ੍ਰਿਕਟ ‘ਤੇ ਸੱਟਾਂ ਲੱਗਣ ਕਾਰਨ ਵੀ ਅਸਰ ਪਿਆ ਹੈ।
''ਸਪੋਰਟਸ ਤੱਕ'' ਚੈਨਲ ਉੱਤੇ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੀ ਖਿਡਾਰੀਆਂ ਦੀ ਚੋਣ ਪ੍ਰਕਿਰਿਆ ਬਹੁਤ ਚੰਗੀ ਹੈ ਅਤੇ ਚੋਣ ਬਹੁਤ ਛੋਟੀ ਉਮਰ ਤੋਂ ਸ਼ੁਰੂ ਹੋ ਜਾਂਦੀ ਹੈ।
ਇਹ ਇੰਟਰਵਿਊ ਉਨ੍ਹਾਂ ਨੇ ਇੱਕ ਸਾਲ ਪਹਿਲਾਂ ਦਿੱਤਾ ਸੀ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਸਫ਼ਲਤਾ ਦੀ ਉਨ੍ਹਾਂ ਦੇ ਪਰਿਵਾਰ ਅਤੇ ਸਬੰਧੀਆਂ ਨੂੰ ਬਹੁਤ ਖੁਸ਼ੀ ਹੋਈ ਸੀ।
ਹਰਕੀਰਤ ਕਹਿੰਦੇ ਹਨ ਕਿ ਰਵੀ ਅਸ਼ਵਿਨ, ਵਿਰਾਟ ਕੋਹਲੀ ਅਤੇ ਨੈਥਨ ਲਿਓਨ ਅਜਿਹੇ ਕ੍ਰਿਕਟਰ ਹਨ, ਜਿਨ੍ਹਾਂ ਤੋਂ ਉਹ ਪ੍ਰੇਰਣਾ ਲੈਂਦੇ ਹਨ।
ਉਹ ਕਹਿੰਦੇ ਹਨ, “ਪਿਤਾ ਵੀ ਉਨ੍ਹਾਂ ਦੇ ਪ੍ਰੇਰਣਾਸਰੋਤ ਹਨ, ਉਹ ਮੇਰਾ ਹਰ ਮੈਚ ਦੇਖਣ ਜਾਂਦੇ ਹਨ।”
ਹਰਕੀਰਤ ਨੇ ਦੱਸਿਆ ਕਿ ਹਾਲਾਂਕਿ ਜੀਵਨ ਵਿੱਚ ਕਈ ਉਤਰਾਅ-ਚੜ੍ਹਾਅ ਆਏ ਹਨ ਪਰ ਉਨ੍ਹਾਂ ਨੇ ਪਰਿਵਾਰ ਦੇ ਸਾਥ ਨਾਲ ਉਨ੍ਹਾਂ ਨੇ ਕਦੇ ਇ ਸਨੂੰ ਜ਼ਿਆਦਾ ਮਹਿਸੂਸ ਨਹੀਂ ਕੀਤਾ।
ਪਹਿਲਾਂ ਵੀ ਕਈ ਭਾਰਤੀ ਖਿਡਾਰੀ ਆਸਟ੍ਰੇਲੀਆਈ ਕ੍ਰਿਕਟ ਟੀਮ ਵਿੱਚ ਖੇਡ ਚੁੱਕੇ ਹਨ ਜਿਨ੍ਹਾਂ ਵਿੱਚ ਜੇਸਨ ਸੰਘਾ, ਅਰਜੁਨ ਨਾਇਰ ਅਤੇ ਤਨਵੀਰ ਸੰਘਾ ਸ਼ਾਮਲ ਹਨ।
ਪੰਜਾਬ ਦੀ ਟੀਮ ਦੇ ਬੱਲੇਬਾਜ਼ ਉਦੈ ਕਰਨਗੇ ਭਾਰਤ ਦੀ ਅਗਵਾਈ
ਉਦੈ ਸਹਾਰਣ ਦਾ ਪਿਛੋਕੜ ਰਾਜਸਥਾਨ ਦੇ ਸ੍ਰੀ ਗੰਗਾਨਗਰ ਇਲਾਕੇ ਨਾਲ ਹੈ
ਪੰਜਾਬ ਦੀ ਟੀਮ ਵੱਲੋਂ ਬੱਲੇਬਾਜ਼ੀ ਕਰ ਚੁੱਕੇ ਉਦੈ ਸਹਾਰਣ ਦੀ ਚੋਣ ਅੰਡਰ 19 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਕਪਤਾਨ ਵਜੋਂ ਚੋਣ ਕੀਤੀ ਗਈ ਹੈ।
ਉਨ੍ਹਾਂ ਦਾ ਪਿਛੋਕੜ ਰਾਜਸਥਾਨ ਦੇ ਸ੍ਰੀ ਗੰਗਾਨਗਰ ਇਲਾਕੇ ਨਾਲ ਹੈ। ਉਹ ਸੱਜੇ ਹੱਥ ਦੇ ਬੱਲਬੇਬਾਜ਼ ਹਨ।
ਹਿੰਦੁਸਤਾਨ ਟਾਈਮਜ਼ ਅਖ਼ਬਾਰ ਮੁਤਾਬਕ ਉਦੈ ਦਾ ਜਨਮ ਰਾਜਸਥਾਨ ਵਿੱਚ ਹੋਇਆ ਸੀ, ਉਹ 14 ਸਾਲ ਦੀ ਉਮਰ ਵਿੱਚ ਪੰਜਾਬ ਦੀ ਟੀਮ ਵਿੱਚ ਸ਼ਾਮਲ ਹੋ ਗਏ ਸਨ।
ਉਨ੍ਹਾਂ ਨੇ ਪੰਜਾਬ ਦੀ ਟੀਮ ਦੀ ਅਗਵਾਈ ਅੰਡਰ-14, ਅੰਡਰ 16 ਅਤੇ ਅੰਡਰ 19 ਵਿੱਚ ਵੀ ਕੀਤੀ ਹੈ।
ਉਨ੍ਹਾਂ ਨੇ ਅੰਡਰ 19 ਚੈਲੰਜਰ ਕੱਪ ਵਿੱਚ ਸ਼ਭ ਤੋਂ ਵੱਧ ਦੌੜ੍ਹਾਂ ਬਣਾਈਆਂ ਸਨ।
ਏਸ਼ੀਆਂ ਕੱਪ ਜਾਣ ਵਾਲੀ ਅੰਡਰ 19 ਭਾਰਤੀ ਟੀਮ ਵਿੱਚ ਉਦੈ ਦੀ ਚੋਣ ਮੌਕੇ ਨਵੰਬਰ 2023 ਨੂੰ ਐਨਡੀਟੀਵੀ ਰਾਜਸਥਾਨ ''ਤੇ ਬੋਲਦਿਆਂ ਉਦੈ ਦੇ ਪਿਤਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਉਪਲਬਧੀ ਉੱਤੇ ਮਾਣ ਹੈ।
ਉਦੈ ਦੇ ਪਿਤਾ ਸੰਜੀਵ ਸਹਾਰਣ ਆਪ ਵੀ ਕ੍ਰਿਕਟ ਕੋਚ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਖੁਸ਼ੀਆਂ ਦਾ ਕੋਈ ਅੰਤ ਨਹੀਂ ਹੈ।
ਭਾਰਤ ਅੰਡਰ 19 ਵਿਸ਼ਵ ਕੱਪ ਵਿੱਚ ਪੰਜ ਵਾਰੀ ਜਿੱਤ ਹਾਸਲ ਕਰ ਚੁੱਕਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਬੈਂਕ ’ਚੋਂ 4 ਕਰੋੜ ਦਾ ਸੋਨਾ ਗਾਇਬ ਕਿਵੇਂ ਹੋ ਗਿਆ, ਤੁਸੀਂ ਬੈਂਕਾਂ ’ਚ ਰੱਖੇ ਸੋਨੇ ਦੀ ਰਾਖੀ ਕਿਵੇਂ ਕਰ...
NEXT STORY