ਸੰਕੇਤਕ ਤਸਵੀਰ
ਇਜ਼ਰਾਈਲ ਵਿੱਚ ਨੌਕਰੀ ਕਰਨ ਲਈ ਹਰਿਆਣਾ ਸਰਕਾਰ ਨੇ 10,000 ਲੋਕਾਂ ਲਈ ਭਰਤੀ ਕੱਢੀ ਹੈ।
ਇਹ ਪਹਿਲੀ ਵਾਰ ਹੈ ਜਦੋਂ ਸੂਬਾ ਸਰਕਾਰ ਦੀ ਕੰਪਨੀ ਲੋਕਾਂ ਨੂੰ ਵਿਦੇਸ਼ ਵਿੱਚ ਕੰਮ ਕਰਨ ਦਾ ਮੌਕਾ ਮੁਹੱਈਆ ਕਰਵਾ ਰਹੀ ਹੈ।
ਕੰਪਨੀ ਨੇ ਆਪਣੀ ਵੈੱਬਸਾਈਟ ਉੱਤੇ ਦੁਬਈ ਵਿੱਚ ਸਿਕਿਓਰਿਟੀ ਗਾਰਡ, ਯੂਕੇ ਵਿੱਚ ਸਟਾਫ਼ ਨਰਸ ਅਤੇ ਇਜ਼ਰਾਈਲ ਲਈ ਉਸਾਰੀ ਦੇ ਖ਼ੇਤਰ ਵਿੱਚ ।
ਇਹਨਾਂ ਤਿੰਨ ਮੁਲਕਾਂ ਵਿੱਚ ਸਭ ਤੋਂ ਖ਼ਾਸ ਇਜ਼ਰਾਈਲ ਹੈ, ਕਿਉਂਕਿ ਇੱਥੋਂ ਲਈ ‘ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ’ ਨੇ 10 ਹਜ਼ਾਰ ਭਰਤੀਆਂ ਕੱਢੀਆਂ ਹਨ, ਜਦਕਿ ਬਾਕੀ ਦੋ ਮੁਲਕਾਂ ਵਿੱਚ ਨੌਕਰੀ ਲਈ ਸਿਰਫ਼ 170 ਲੋਕਾਂ ਨੂੰ ਚੁਣਿਆ ਜਾਵੇਗਾ।
ਇਜ਼ਰਾਈਲ ’ਚ ਨੌਕਰੀ ਕਰਨ ਲਈ ਕੰਪਨੀ ਨੇ ਕੰਸਟ੍ਰਕਸ਼ਨ ਸੈਕਟਰ ਵਿੱਚ ਚਾਰ ਵੱਖ-ਵੱਖ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ।
7 ਅਕਤੂਬਰ ਨੂੰ ਇਜ਼ਰਾਈਲ ਉੱਤੇ ਹਮਾਸ ਨੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਹੀ ਗਾਜ਼ਾ, ਇਜ਼ਰਾਈਲ ਦੇ ਨਿਸ਼ਾਨੇ ਉੱਤੇ ਹੈ।
ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਸ ਯੁੱਧ ਵਿੱਚ ਗਾਜ਼ਾ ’ਚ ਮਰਨ ਵਾਲਿਆਂ ਦੀ ਗਿਣਤੀ 18 ਹਜ਼ਾਰ ਤੋਂ ਪਾਰ ਹੋ ਗਈ ਹੈ, ਪਰ ਯੁੱਧ ਕਦੋਂ ਰੁਕੇਗਾ, ਇਹ ਫ਼ਿਲਹਾਲ ਕਿਸੇ ਨੂੰ ਨਹੀਂ ਪਤਾ।
ਲੰਘੇ ਦੋ ਮਹੀਨਿਆਂ ਤੋਂ ਚੱਲ ਰਹੇ ਇਸ ਯੁੱਧ ਦੀ ਸ਼ੁਰੂਆਤ ਵਿੱਚ ਹੀ ਇਜ਼ਰਾਈਲ਼ ਨੇ ਆਪਣੇ ਕੋਲ ਕੰਮ ਕਰਨ ਵਾਲੇ ਫ਼ਲਤੀਨੀਆਂ ਦੇ ਵਰਕ ਪਰਮਿਟ ਰੱਦ ਕਰ ਦਿੱਤੇ ਸਨ, ਜਿਸ ਦੇ ਚਲਦਿਆਂ ਉਸ ਨੂੰ ਕਾਮਿਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੰਦਾਜ਼ੇ ਮੁਤਾਬਕ ਇਜ਼ਰਾਈਲ ਨੂੰ ਲਗਭਗ ਇੱਕ ਲੱਖ ਕਾਮਿਆਂ ਦੀ ਲੋੜ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਭਾਰਤ ਵੱਲ ਦੇਖ ਰਿਹਾ ਹੈ।
ਇਸੇ ਲੋੜ ਨੂੰ ਪੂਰਾ ਕਰਨ ਲਈ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ, ਕੰਸਟ੍ਰਕਸ਼ਨ ਸੈਕਟਰ ਵਿੱਚ ਤਜਰਬੇਕਾਰ ਲੋਕਾਂ ਤੋਂ ਅਰਜ਼ੀਆਂ ਮੰਗ ਰਿਹਾ ਹੈ, ਪਰ ਕੁਝ ਜ਼ਰੂਰੀ ਸ਼ਰਤਾਂ ਵੀ ਹਨ।
ਕਾਂਟਰੈਕਟ ਕਿੰਨੇ ਸਮੇਂ ਦਾ ਹੋਵੇਗਾ?
ਰਹਿਣ ਦੀ ਵਿਵਸਥਾ ਕੀ ਹੋਵੇਗੀ?
ਮੈਡੀਕਲ ਇੰਸ਼ਯੋਰੈਂਸ ਮਿਲੇਗਾ ਜਾਂ ਨਹੀਂ?
ਕੀ ਹਰਿਆਣਾ ਤੋਂ ਬਾਹਰ ਦਾ ਵਿਅਕਤੀ ਇਸ ਨੌਕਰੀ ਲਈ ਅਰਜ਼ੀ ਦੇ ਸਕਦਾ ਹੈ?
ਅਜਿਹੇ ਕਈ ਸਵਾਲ ਹਨ, ਜਿਹਨਾਂ ਦੇ ਜਵਾਬ ਜਾਣਨਾ ਜ਼ਰੂਰੀ ਹੈ।
ਇਸ ਨੌਕਰੀ ਵਿੱਚ ਪੈਸਾ ਕਿੰਨਾ ਮਿਲੇਗਾ? ਪੈਸੇ ਬਾਰੇ ਗੱਲ ਕਰਨ ਤੋਂ ਪਹਿਲਾਂ ਇਜ਼ਰਾਈਲ ਵਿੱਚ ਜਾ ਕੇ ਕੰਮ ਕੀ ਕਰਨਾ ਹੋਵੇਗਾ, ਇਸ ਬਾਰੇ ਗੱਲ ਕਰਦੇ ਹਾਂ...
ਕੀ ਕੰਮ ਕਰਨਾ ਹੋਵੇਗਾ?
ਸੰਕੇਤਕ ਤਸਵੀਰ
ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਮੁਤਾਬਕ ਚਾਰ ਤਰ੍ਹਾਂ ਦੀਆਂ ਨੌਕਰੀਆਂ ਲਈ ਕੋਈ ਵਿਅਕਤੀ ਅਰਜ਼ੀ ਦੇ ਸਕਦਾ ਹੈ।
ਇਸ ਵਿੱਚ ‘ਫ੍ਰੇਮਵਰਕ, ਸ਼ਟਰਿੰਗ ਕਾਰਪੇਂਟਰ’, ‘ਆਇਰਨ ਬੇਂਡਿੰਗ’, ‘ਸੇਰੇਮਿਕ ਟਾਈਲ’ ਅਤੇ ‘ਪਲਾਸਟਿਰਿੰਗ’ ਸ਼ਾਮਲ ਹਨ।
ਇਸ਼ਤਿਹਾਰ ਮੁਤਾਬਕ ‘ਫ੍ਰੇਮਵਰਕ, ਸ਼ਟਰਿੰਗ ਕਾਰਪੇਂਟਰ’ ਅਤੇ ‘ਆਇਰਨ ਬੇਂਡਿੰਗ’ ਲਈ 3-3 ਹਜ਼ਾਰ, ‘ਸੇਰੇਮਿਕ ਟਾਈਲ’ ਅਤੇ ‘ਪਲਾਸਟਿਰਿੰਗ’ ਦਾ ਕੰਮ ਕਰਨ ਲਈ 2-2 ਹਜ਼ਾਰ ਲੋਕਾਂ ਦੀ ਜ਼ਰੂਰਤ ਹੈ।
ਨੌਕਰੀ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਕੋਲ ਘੱਟੋ-ਘੱਟ ਤਿੰਨ ਸਾਲ ਦਾ ਤਜਰਬਾ ਅਤੇ 10ਵੀਂ ਤੱਕ ਦੀ ਪੜ੍ਹਾਈ ਹੋਣੀ ਚਾਹੀਦੀ ਹੈ।
ਇਹਨਾਂ ਨੌਕਰੀਆਂ ਲਈ ਉਮਰ 25 ਤੋਂ 45 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਚੁਣਿਆ ਗਿਆ ਵਿਅਕਤੀ ਵੱਧ ਤੋਂ ਵੱਧ ਪੰਜ ਸਾਲ ਤੱਕ ਇਜ਼ਰਾਈਲ ਵਿੱਚ ਕੰਮ ਕਰ ਸਕਦਾ ਹੈ, ਪਰ ਹਰ ਸਾਲ ਉਸ ਦਾ ਵਰਕ ਵੀਜ਼ਾ ਵਧਾਇਆ ਜਾਵੇਗਾ।
ਖ਼ਾਸ ਗੱਲ ਇਹ ਹੈ ਕਿ ਇਸ਼ਤਿਹਾਰ ਵਿੱਚ ਇਹਨਾਂ ਨੌਕਰੀਆਂ ਨੂੰ ਕਰਨ ਲਈ ਅੰਗਰੇਜ਼ੀ ਭਾਸ਼ਾ ਨੂੰ ਜ਼ਰੂਰੀ ਨਹੀਂ ਰੱਖਿਆ ਗਿਆ ਹੈ।
ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੀ ਸਕੱਤਰ ਪੱਲਵੀ ਸੰਧੀਰ ਕੋਲ ਕੰਪਨੀ ਵਿੱਚ ਪ੍ਰਾਈਵੇਟ ਅਤੇ ਓਵਰਸੀਜ਼ ਨੌਕਰੀਆਂ ਦੀ ਜ਼ਿੰਮੇਵਾਰੀ ਹੈ।
ਬੀਬੀਸੀ ਨਾਲ ਗੱਲਬਾਤ ’ਚ ਉਨ੍ਹਾਂ ਨੇ ਦੱਸਿਆ, ‘‘ਇਹ ਪਹਿਲੀ ਵਾਰ ਹੈ ਜਦੋਂ ਅਸੀਂ ਵਿਦੇਸ਼ ਵਿੱਚ ਨੌਕਰੀ ਕਰਨ ਲਈ ਲੋਕਾਂ ਤੋਂ ਅਰਜ਼ੀਆਂ ਮੰਗੀਆਂ ਹਨ। ਹਾਲੇ ਤੱਕ ਸਾਡੇ ਕੋਲ ਇਜ਼ਰਾਈਲ ਵਿੱਚ ਕੰਮ ਕਰਨ ਲਈ 800, ਯੂਕੇ ਲਈ 300 ਅਤੇ ਦੁਬਈ ’ਚ ਸਿਕਿਓਰਿਟੀ ਗਾਰਡ ਦਾ ਕੰਮ ਕਰਨ ਲਈ 700 ਅਰਜ਼ੀਆਂ ਆਈਆਂ ਹਨ।’’
ਇਜ਼ਰਾਈਲ ਵਿੱਚ ਨੌਕਰੀ ਲਈ ਅਰਜ਼ੀਆਂ ਦੀ ਆਖ਼ਰੀ ਤਾਰੀਕ 20 ਦਸੰਬਰ ਹੈ।
ਕਿੰਨਾ ਪੈਸਾ ਮਿਲੇਗਾ?
ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਮੁਤਾਬਕ ਆਫ਼ਲਾਈਨ ਇੰਟਰਵਿਊ ਦੇ ਆਧਾਰ ਉੱਤੇ ਇਹਨਾਂ ਨੌਕਰੀਆਂ ਲਈ ਲੋਕਾਂ ਦੀ ਚੋਣ ਕੀਤੀ ਜਾਵੇਗੀ।
ਇਸ਼ਤਿਹਾਰ ਮੁਤਾਬਕ ਇਜ਼ਰਾਈਲ ਵਿੱਚ ਨੌਕਰੀ ਹਾਸਲ ਕਰਨ ਵਾਲੇ ਵਿਅਕਤੀ ਨੂੰ ਦਿਨ ਵਿੱਚ 9 ਘੰਟੇ ਅਤੇ ਮਹੀਨੇ ਵਿੱਚ 26 ਦਿਨ ਕੰਮ ਕਰਨਾ ਹੋਵੇਗਾ। ਵਿਅਕਤੀ ਨੂੰ ਕੰਮ ਤੋਂ ਜੇ ਛੁੱਟੀ ਲੈਣੀ ਹੈ ਤਾਂ ਉਹ ਇਜ਼ਰਾਈਲੀ ਲੇਬਰ ਕਾਨੂੰਨਾਂ ਤਹਿਤ ਉੱਥੋਂ ਦੀ ਕੰਪਨੀ ਦੇਵੇਗੀ।
ਨੌਕਰੀ ਕਰਨ ਵਾਲੇ ਵਿਅਕਤੀ ਨੂੰ ਹਰ ਮਹੀਨੇ 6100 ਇਜ਼ਰਾਈਲੀ ਨਿਊ ਸ਼ੇਕੇਲ ਕਰੰਸੀ ਮਿਲੇਗੀ, ਜੋ ਭਾਰਤੀ ਕਰੰਸੀ ਵਿੱਚ ਲਗਭਗ 1 ਲੱਖ 38 ਹਜ਼ਾਰ ਰੁਪਏ ਬਣਦੀ ਹੈ।
ਇਸ ਤੋਂ ਇਲਾਵਾ ਨੌਕਰੀ ਕਰਨ ਵਾਲੇ ਵਿਅਕਤੀ ਲਈ ਮੈਡੀਕਲ ਇੰਸ਼ਯੋਰੇਂਸ ਅਤੇ ਰਹਿਣ ਦੀ ਵਿਵਸਥਾ ਵੀ ਹੋਵੇਗੀ, ਪਰ ਉਸ ਦਾ ਪੈਸਾ ਵਿਅਕਤੀ ਨੂੰ ਆਪਣੀ ਜੇਬ ਤੋਂ ਦੇਣਾ ਹੋਵੇਗਾ।
ਇਸ਼ਤਿਹਾਰ ਮੁਤਾਬਕ ਮੈਡੀਕਲ ਇੰਸ਼ਯੋਰੇਂਸ ਲਈ ਲਗਭਗ ਤਿੰਨ ਹਜ਼ਾਰ ਅਤੇ ਰਹਿਣ ਲਈ ਹਰ ਮਹੀਨੇ 10 ਹਜ਼ਾਰ ਰੁਪਏ ਤੱਕ ਦੇਣੇ ਪੈ ਸਕਦੇ ਹਨ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਰ ਮਹੀਨੇ ਮਿਲਣ ਵਾਲਾ ਪੈਸਾ ਵਿਅਕਤੀ ਦੇ ਬੈਂਕ ਅਕਾਊਂਟ ਵਿੱਚ ਜਮਾਂ ਹੋਵੇਗਾ ਅਤੇ ਉਸ ਨੂੰ ਇਹ ਪੈਸਾ ਇੱਕਮੁਸ਼ਤ, ਵਿਆਜ ਸਣੇ ਉਦੋਂ ਦਿੱਤਾ ਜਾਵੇਗਾ, ਜਦੋਂ ਉਹ ਕੰਟਰੈਕਟ ਪੂਰਾ ਹੋਣ ਤੋਂ ਮਗਰੋਂ ਇਜ਼ਰਾਈਲ ਛੱਡ ਦੇਵੇਗਾ।
ਇਸ ਦਾ ਮਤਲਬ ਹੈ ਕਿ ਇਜ਼ਰਾਈਲ ਵਿੱਚ ਨੌਕਰੀ ਕਰਨ ਵਾਲੇ ਨੂੰ ਹਰ ਮਹੀਨੇ ਪੈਸਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਨੌਕਰੀ ਕਰਨ ਵਾਲੇ ਵਿਅਕਤੀ ਨੂੰ ਖਾਣਾ-ਪੀਣ ਦਾ ਧਿਆਨ ਖ਼ੁਦ ਰੱਖਣਾ ਹੋਵੇਗਾ।
ਸਿਰਫ਼ ਹਰਿਆਣਾ ਦੇ ਲੋਕਾਂ ਲਈ ਇਹ ਨੌਕਰੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ
13 ਅਕਤੂਬਰ 2021 ਨੂੰ ਹਰਿਆਣਾ ਸਰਕਾਰ ਨੇ ਕੰਪਨੀ ਐਕਟ 2013 ਤਹਿਤ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਬਣਾਇਆ ਸੀ।
ਇਹ ਸੂਬਾ ਸਰਕਾਰ ਦੇ ਨਾਲ-ਨਾਲ ਪ੍ਰਾਈਵੇਟ ਕੰਪਨੀਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਕਾਮੇ ਮੁਹੱਈਆ ਕਰਵਾਉਂਦੀ ਹੈ।
ਕੰਪਨੀ ਦੀ ਸਕੱਤਰ ਪੱਲਵੀ ਸੰਧੀਰ ਦਾ ਕਹਿਣਾ ਹੈ, ‘‘ਮੰਨ ਲਓ ਸੂਬਾ ਸਰਕਾਰ ਜਾਂ ਕਿਸੇ ਨਿੱਜੀ ਕੰਪਨੀ ਨੂੰ 100 ਕੰਪਿਊਟਰ ਆਪਰੇਟਰ ਜਾਂ ਸਿਕਿਓਰਿਟੀ ਗਾਰਡ ਦੀ ਲੋੜ ਹੈ। ਅਜਿਹੇ ਵਿੱਚ ਉਹ ਆਪਣੀ ਲੋੜ ਸਾਨੂੰ ਦੱਸਦੇ ਹਨ ਅਤੇ ਉਸ ਹਿਸਾਬ ਨਾਲ ਅਸੀਂ ਆਪਣੇ ਪੋਰਟਲ ਉੱਤੇ ਭਰਤੀਆਂ ਕੱਢਦੇ ਹਾਂ।’’
ਉਹ ਕਹਿੰਦੇ ਹਨ, ‘‘ਫ਼ਰਕ ਸਿਰਫ਼ ਐਨਾ ਹੀ ਹੈ ਕਿ ਹੁਣ ਵਿਚਾਲੇ ਕੋਈ ਠੇਕੇਦਾਰ ਨਹੀਂ ਹੈ। ਚਾਹਵਾਨ ਲੋਕ ਅਰਜ਼ੀਆਂ ਦੇ ਸਕਦੇ ਹਨ ਅਤੇ ਪਾਰਦਰਸ਼ੀ ਤਰੀਕੇ ਨਾਲ ਇੱਕ ਮੈਰਿਟ ਲਿਸਟ ਬਣਾ ਕੇ ਉਨ੍ਹਾਂ ਦਾ ਨਾਮ ਅੱਗੇ ਵਧਾ ਦਿੰਦੇ ਹਾਂ।’’
ਪੱਲਵੀ ਸੰਧੀਰ ਕਹਿੰਦੇ ਹਨ ਕਿ ਇਜ਼ਰਾਈਲ ਵਿੱਚ ਨੌਕਰੀ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਕੋਲ ਹਰਿਆਣਾ ਦਾ ਹੋਣਾ ਲਾਜ਼ਮੀ ਹੈ, ਕਿਉਂਕਿ ਤਾਂ ਹੀ ਉਹ ਵੈੱਬਸਾਈਟ ਉੱਤੇ ਅਪਲਾਈ ਕਰ ਸਕੇਗਾ।
ਉਹ ਕਹਿੰਦੇ ਹਨ, ‘‘ਡਿਪਲੌਇਮੈਂਟ ਆਫ਼ ਕਾਂਟ੍ਰੈਕਚੁਅਲ ਪਰਸਨ ਪਾਲਿਸੀ ਤਹਿਤ ਉਮੀਦਵਾਰਾਂ ਦੀ ਮੈਰਿਟ ਸੂਚੀ ਬਣਾਈ ਜਾਂਦੀ ਹੈ। ਇਸ ਵਿੱਚ ਸਾਲਾਨਾ ਆਮਦਨ, ਉਮੀਦਵਾਰ ਦੀ ਉਮਰ, ਸਮਾਜਿਕ-ਆਰਥਿਕ ਮਾਪਦੰਡ, ਕੰਮ ਦਾ ਤਜਰਬਾ, ਅਤੀਤ ਵਿੱਚ ਸੂਬਾ ਸਰਕਾਰ ਨਾਲ ਕੰਮ ਕਰਨ ਦ ਤਜਰਬੇ ਵਰਗੇ ਮਾਪਦੰਡਾਂ ਦਾ ਧਿਆਨ ਰੱਖਿਆ ਜਾਂਦਾ ਹੈ।’’
‘‘ਇਸ ਵਿੱਚ ਹਰ ਮਾਪਦੰਡ ਦੇ ਵੱਖ-ਵੱਖ ਨੰਬਰ ਹਨ, ਜਿਸ ਦੇ ਆਧਾਰ ਉੱਤੇ ਕੋਈ ਉਮੀਦਵਾਰ ਮੈਰਿਟ ਲਿਸਟ ਵਿੱਚ ਆਪਣੀ ਥਾਂ ਬਣਾਉਂਦਾ ਹੈ।’’
ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੀ ਮਦਦ ਨਾਲ ਸੂਬਾ ਸਰਕਾਰ ਬੇਰੁਜ਼ਗਾਰੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਹਰਿਆਣਾ ਵਿੱਚ ਬੇਰੁਜ਼ਗਾਰੀ
ਹਰਿਆਣੇ ਦੇ ਝੱਜਰ ਵਿੱਚ ਰੁਜ਼ਗਾਰ ਦਫ਼ਤਰ
ਹਰਿਆਣਾ ਵਿੱਚ ਸਾਲ 2014 ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਮਨੋਹਰ ਲਾਲ ਮੁੱਖ ਮੰਤਰੀ ਅਹੁਦੇ ਉੱਤੇ ਹਨ।
ਅਗਸਤ 2023 ਵਿੱਚ ਵਿਧਾਨ ਸਭਾ ’ਚ ਬੇਰੁਜ਼ਗਾਰੀ ਨੂੰ ਲੈ ਕੇ ਪੁੱਛੇ ਗਏ ਇੱਕ ਸੀ ਕਿ 2015 ਤੋਂ 2022 ਦੌਰਾਨ ਸਾਲਾਨਾ ਲਗਭਗ 1.69 ਲੱਖ ਲੋਕਾਂ ਨੇ ਨੌਕਰੀ ਲਈ ਰੁਜ਼ਗਾਰ ਦਫ਼ਤਰਾਂ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੈ।
ਇਸ ਤੋਂ ਇਲਾਵਾ ਭਾਰਤ ਸਰਕਾਰ ਦਾ ਸਟੈਟਿਸਟਿਕਸ ਅਤੇ ਪ੍ਰੋਗਰਾਮ ਇੰਪਲੀਮੇਂਟੇਸ਼ਨ ਮੰਤਰਾਲਾ ਹਰ ਤਿੰਨ ਮਹੀਨੇ ’ਤੇ ਲੇਬਰ ਫੋਰਸ ਸਰਵੇਖਣ ਕਰਦਾ ਹੈ, ਜਿਸ ਰਾਹੀਂ ਸੂਬਿਆਂ ਵਿੱਚ ਬੇਰੁਜ਼ਗਾਰੀ ਦਰ ਦਾ ਪਤਾ ਲਗਦਾ ਹੈ।
ਇਸ ਸਰਵੇਖਣ (ਜਨਵਰੀ-ਮਾਰਚ 2023) ਮੁਤਾਬਕ ਦੇਸ਼ ਵਿੱਚ ਬੇਰੁਜ਼ਗਾਰੀ ਦਰ 6.8 ਫੀਸਦੀ ਅਤੇ ਹਰਿਆਣਾ ਵਿੱਚ 8.8 ਫੀਸਦੀ ਸੀ।
31 ਜੁਲਾਈ, 2023 ਤੱਕ ਸੂਬੇ ਵਿੱਚ 1 ਲੱਖ 3 ਹਜ਼ਾਰ 265 ਗ੍ਰੈਜੁਏਟ, 29 ਹਜ਼ਾਰ 988 ਪੋਸਟ ਗ੍ਰੈਜੁਏਟ ਅਤੇ 21 ਹਜ਼ਾਰ 569 ਪ੍ਰੋਫ਼ੈਸ਼ਨਲ ਡਿਗਰੀ ਹੋਲਡਰਜ਼ ਨੇ ਰੁਜ਼ਗਾਰ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਸੂਬਾ ਸਰਕਾਰ ਸਕਸ਼ਮ ਯੂਵਾ ਯੋਜਵਾ ਤਹਿਤ ਬੇਰੁਜ਼ਗਾਰੀ ਭੱਤਾ ਵੀ ਦਿੰਦੀ ਹੈ। ਇਸ ਤਹਿਤ ਪੋਸਟ ਗ੍ਰੈਜੁਏਟ ਲੋਕਾਂ ਨੂੰ ਤਿੰਨ ਹਜ਼ਾਰ ਰੁਪਏ, ਗ੍ਰੈਜੁਏਟ ਲੋਕਾਂ ਨੂੰ 1500 ਰੁਪਏ ਅਤੇ 12ਵੀਂ ਪਾਸ ਲੋਕਾਂ ਨੂੰ 900 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਸੋਨੇ ਤੋਂ ਕਈ ਗੁਣਾ ਮਹਿੰਗੀ ਚੀਜ਼, ਜਿਸ ਲਈ ਇੱਕ ਰਾਜੇ ਦਾ ਕਤਲ ਵੀ ਹੋਇਆ
NEXT STORY