ਬਦਨਾਮ ਡਰੱਗ ਮਾਫੀਆ ਪਾਬਲੋ ਐਸਕੋਬਾਰ ਨੇ ਕਥਿਤ ਤੌਰ ’ਤੇ ਇੱਕ ਵਾਰ ਗ੍ਰਿਸੇਲਡਾ ਬਾਰੇ ਕਿਹਾ ਸੀ, ‘‘ਇਕੋ ਬੰਦਾ ਜਿਸ ਤੋਂ ਮੈਂ ਕਦੇ ਡਰਦਾ ਸੀ ਉਹ ਗ੍ਰੀਸੇਲਡਾ ਬਲੈਂਕੋ ਨਾਮ ਦੀ ਇੱਕ ਔਰਤ ਸੀ।’’ ਗ੍ਰੀਸੇਲਡਾ ਉਹ ਔਰਤ ਸੀ ਜਿਸ ਨੇ ਇਤਿਹਾਸ ਵਿੱਚ ਸਭ ਤੋਂ ਵੱਧ ਲਾਭਕਾਰੀ ਡਰੱਗ ਕਾਰਟਲਾਂ ਵਿੱਚੋਂ ਇੱਕ ਕਾਇਮ ਕੀਤਾ।
ਇੱਕ ਅਜਿਹੀ ਔਰਤ ਜਿਹੜੀ ਲੋਕਾਂ ਦਾ ਕਤਲ ਕਰ ਦਿੰਦੀ ਸੀ ਕਿਉਂਕਿ ‘‘ਉਸ ਨੂੰ ਉਨ੍ਹਾਂ ਦੀ ਤੱਕਣੀ ਪਸੰਦ ਨਹੀਂ ਸੀ।’’
ਬਲੈਂਕੋ ਇੱਕ ਬੇਰਹਿਮ ਅਪਰਾਧੀ ਸਾਜ਼ਿਸ਼ਕਰਤਾ ਸੀ ਜਿਸ ਦਾ ਨਾਮ 1970 ਅਤੇ 1980 ਦੇ ਦਹਾਕੇ ਦੌਰਾਨ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਤੋਂ ਮਿਆਮੀ ਵਿੱਚ ਲੋਕ ਸਭ ਤੋਂ ਵੱਧ ਭੈਅ ਖਾਂਦੇ ਸੀ।
ਹੁਣ ਇਸ ਬਦਨਾਮ ਡਰੱਗ ਮਾਫੀਆ ਦੀ ਜ਼ਿੰਦਗੀ ਉੱਪਰ ਹਾਲੀਵੁੱਡ ਫਿਲਮ ਬਣਨ ਜਾ ਰਹੀ ਹੈ। ਇਸ ਵਿੱਚ ਮਾਡਰਨ ਫੈਮਿਲੀ ਦੀ ਸੋਫੀਆ ਵਗਾਰਾ ਗ੍ਰੀਸੇਲਡਾ ਦੀ ਭੂਮਿਕਾ ਨਿਭਾਅ ਰਹੇ ਹਨ। ਇਹ ਸੀਰੀਜ਼ ਨਸ਼ੇ ਦੇ ਕਾਰੋਬਾਰ ਬਾਰੇ ਮਸ਼ਹੂਰ ਨੈਟਫਲਿਕਸ ਸੀਰਜ਼ ਨਾਰਕੋ ਦੀ ਟੀਮ ਵੱਲ਼ੋਂ ਹੀ ਬਣਾਈ ਜਾ ਰਹੀ ਹੈ।
ਨਾਟਕੀ ਮੁਕਾਬਲਿਆਂ ਅਤੇ ਨਿਓਨ ਲਾਈਟਾਂ ਦੀ ਚਕਾਚੌਂਧ ਨਾਲ ਭਰਭੂਰ ਛੇ ਕੜੀਆਂ ਦੀ ਨੈਟਫਲਿਕਸ ਸੀਰੀਜ਼ ਗ੍ਰਿਸੇਲਡਾ—ਇੱਕ ਬਦਨਾਮ ਅਪਰਾਧੀ ਨੂੰ ਸੂਝਬੂਝ ਵਾਲੀ ਅਜਿਹੀ ਉੱਚ ਅਭਿਲਾਸ਼ੀ ਔਰਤ ਵਜੋਂ ਪੇਸ਼ ਕਰਦੀ ਹੈ ਜਿਸ ਉੱਪਰ ਕਿਸਮਤ ਨੇ ਬਹੁਤ ਸਿਤਮ ਢਾਹੇ ਸਨ।
ਪਰ ਉਸ ਔਰਤ ਦੀ ਸੱਚੀ ਕਹਾਣੀ ਜਿਸ ਨੂੰ ‘ਕੋਕੀਨ ਗੌਡਮਦਰ’ ਕਿਹਾ ਜਾਂਦਾ ਹੈ, ਜੋ ਆਪਣੇ ਤਿੰਨ ਪਤੀਆਂ ਦੇ ਕਤਲ ਲਈ ਜ਼ਿੰਮੇਵਾਰ ਹੈ, ਕਿਤੇ ਜ਼ਿਆਦਾ ਰਹੱਸਮਈ ਹੈ।
ਸੰਨ 1943 ਵਿੱਚ ਕੋਲੰਬੀਆ ਵਿੱਚ ਪੈਦਾ ਹੋਈ ਬਲੈਂਕੋ ਛੋਟੀ ਉਮਰ ਤੋਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਈ ਸੀ।
ਉਸ ਨੇ ਉਦੋਂ ਕਥਿਤ ਤੌਰ ''ਤੇ ਇੱਕ ਅਮੀਰਜ਼ਾਦੇ ਨੂੰ ਅਗਵਾ ਕੀਤਾ ਪਰ ਜਦੋਂ ਉਸ ਦੇ ਮਾਪਿਆਂ ਨੇ ਫਿਰੌਤੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਮੁੰਡੇ ਨੂੰ ਗੋਲੀ ਮਾਰ ਦਿੱਤੀ ਸੀ। ਉਸ ਸਮੇਂ ਗ੍ਰਿਸੇਲਡਾ ਦੀ ਉਮਰ ਮਹਿਜ਼ 11 ਸਾਲ ਸੀ।
ਸੰਨ 1964 ਵਿੱਚ 21 ਸਾਲ ਦੀ ਉਮਰ ਵਿੱਚ ਉਹ ਆਪਣੇ ਤਿੰਨ ਬੱਚਿਆਂ ਅਤੇ ਪਤੀ ਨਾਲ ਗੈਰ-ਕਾਨੂੰਨੀ ਤੌਰ ’ਤੇ ਨਿਊਯਾਰਕ ਚਲੀ ਗਈ ਅਤੇ ਭੰਗ ਵੇਚਣੀ ਸ਼ੁਰੂ ਕਰ ਦਿੱਤੀ।
ਕੋਲੰਬੀਆ ਵਿੱਚ ਪੈਦਾ ਹੋਈ ਵਗਾਰਾ ਨੇ ਬੀਬੀਸੀ ਨੂੰ ਦੱਸਿਆ, ‘‘ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਆਪਣੇ ਸ਼ੁਰੂਆਤੀ ਜੀਵਨ ਵਿੱਚ ਗ੍ਰੀਸੇਲਡਾ ਕੌਣ ਸੀ।’’
‘‘ਤਿੰਨ ਬੱਚਿਆਂ ਨੂੰ ਪਾਲ ਰਹੀ ਉਹ ਇੱਕ ਇਕੱਲੀ ਪਰਵਾਸੀ ਔਰਤ ਸੀ। ਉਸ ਕੋਲ ਜਿਉਂਦੇ ਰਹਿਣ ਲਈ ਕੁਝ ਵੀ ਨਹੀਂ ਸੀ, ਕੋਈ ਸਿੱਖਿਆ ਜਾਂ ਸਾਧਨ ਨਹੀਂ ਸੀ।’’
ਸ਼ੋਅ ਦੇ ਨਿਰਮਾਤਾ ਐਰਿਕ ਨਿਊਮੈਨ ਨੇ ਕਿਹਾ ਕਿ ਉਹ ਗ੍ਰੀਸੇਲਡਾ ਬਲੈਂਕੋ ਦੇ ‘‘ਗੁੰਝਲਦਾਰ ਚਰਿੱਤਰ ਦਾ ਮਾਨਵੀਕਰਨ’’ ਕਰਨਾ ਚਾਹੁੰਦੇ ਸਨ ਕਿਉਂਕਿ ‘‘ਹਰ ਕਿਸੇ ਕੋਲ (ਆਪਣੇ ਕੀਤੇ ਲਈ) ਸਪਸ਼ਟੀਕਰਨ ਹੁੰਦਾ ਹੈ, ਇਹ ਕੋਈ ਬਹਾਨਾ ਨਹੀਂ, ਸਗੋਂ ਇੱਕ ਵਿਆਖਿਆ ਹੁੰਦੀ ਹੈ।’’
‘‘ਇੱਕ ਸ਼ੋਸ਼ਣ ਵਾਲੇ ਰਿਸ਼ਤੇ ਵਿੱਚੋਂ ਬਾਹਰ ਨਿਕਲਣ ਵਾਲੀ ਇਕੱਲੀ ਮਾਂ ਦੇ ਰੂਪ ਵਿੱਚ ਕਈ ਲੋਕਾਂ ਨੂੰ ਉਹ ਆਪਣੇ ਆਪ ਵਰਗੀ ਲੱਗ ਸਕਦੀ ਹੈ।’’
ਸਹਿ-ਨਿਰਦੇਸ਼ਕ ਆਂਡਰੇਸ ਬੈਜ਼ ਨੇ ਕਿਹਾ, ‘‘ਉਹ ਮਰਦਾਂ ਦੀ ਦੁਨੀਆ ਵਿੱਚ ਇੱਕ ਔਰਤ ਹੈ, ਉਹ ਖ਼ੁਦ ਨੂੰ ਸਾਬਤ ਕਰਨ ਲਈ ਦਸ ਗੁਣਾ ਸਖ਼ਤ ਮਿਹਨਤ ਕਰਦੀ ਹੈ।’’
‘‘ਆਪਣੇ ਆਲੇ ਦੁਆਲੇ ਦੇ ਮਰਦਾਂ ਨੂੰ ਮਾਤ ਦੇਣ ਲਈ ਉਹ ਆਪਣੀ ਬੁੱਧੀ ਅਤੇ ਹੁਸ਼ਿਆਰੀ ਦੀ ਵਰਤੋਂ ਕਰਦੀ ਹੈ। ਸ਼ੁਰੂ ਵਿੱਚ ਲੋਕ ਉਸ ਪ੍ਰਤੀ ਹਾਂਮੁਖੀ ਉਮੀਦ ਲਾਉਂਦੇ ਹਨ (ਪਰ ਅੱਗੇ ਜਾ ਕੇ ਸਭ ਬਦਲ ਜਾਂਦਾ ਹੈ)।’’
''ਤਾਕਤ ਨੇ ਉਸ ਨੂੰ ਹੈਵਾਨ ਬਣਾਇਆ''
1970 ਤੱਕ ਬਲੈਂਕੋ ਨੇ ਆਪਣੇ ਪਹਿਲੇ ਪਤੀ ਨੂੰ ਮਾਰਨ ਦਾ ਹੁਕਮ ਦਿੱਤਾ ਅਤੇ ਮਿਆਮੀ ਚਲੀ ਗਈ। ਉੱਥੇ ਉਸ ਦੀ ਮੁਲਾਕਾਤ ਆਪਣੇ ਦੂਜੇ ਪਤੀ ਡਰੱਗ ਤਸਕਰ ਅਲਬਰਟੋ ਬ੍ਰਾਵੋ ਨਾਲ ਹੋਈ, ਜਿਸ ਨੇ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਜ਼ਮੀਨਦੋਜ਼ਨ ਦੁਨੀਆਂ ਦੇ ਹੋਰ ਵੀ ਹਨੇਰੇ ਪੱਖਾਂ ਤੋਂ ਜਾਣੂ ਕਰਵਾਇਆ।
ਬਲੈਂਕੋ ਹਿੰਸਕ ਪ੍ਰਵਿਰਤੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਪ੍ਰਤੀ ਦਲੇਰਾਨਾ ਪਹੁੰਚ ਰੱਖਦੀ ਸੀ। ਉਸ ਨੇ ਕੋਲੰਬੀਆ ਤੋਂ ਜਵਾਨ ਔਰਤਾਂ ਦੀ ਬ੍ਰਾ ਅਤੇ ਅੰਡਰਵੀਅਰ ਵਿੱਚ ਕੋਕੀਨ ਛੁਪਾ ਕੇ ਅਮਰੀਕਾ ਪਹੁੰਚਾਉਣੀ ਸ਼ੁਰੂ ਕੀਤੀ। ਇਸਦਾ ਮਤਲਬ ਸੀ ਕਿ ਉਹ ਜਲਦੀ ਹੀ ਪੂਰੇ ਅਪਰਾਧਿਕ ਕਾਰੋਬਾਰ ਦੀ ਅਗਵਾਈ ਕਰੇਗੀ।
ਜਿਵੇਂ-ਜਿਵੇਂ ਮਿਆਮੀ ਵਿੱਚ ਨਸ਼ੇ ਦੇ ਕਾਰੋਬਾਰੀਆਂ ਦੇ ਆਪਸੀ ਕਲੇਸ਼ ਵਧਦੇ ਗਏ ਅਤੇ ਗਿਰੋਹਾਂ ਦੀਆਂ ਧੜਪਾਂ ਖੂਨੀ ਲੜਾਈਆਂ ਵਿੱਚ ਬਦਲਣ ਲੱਗੀਆਂ, ਬਲੈਂਕੋ ਹੋਰ ਬੇਰਹਿਮ ਹੁੰਦੀ ਗਈ।
ਸੰਨ 1975 ਵਿੱਚ ਉਸ ਨੇ ਆਪਣੇ ਪਤੀ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਉਸ ਨੂੰ ਲਗਦਾ ਸੀ ਕਿ ਉਹ ਉਸ ਦੇ ਪੈਸੇ ਚੋਰੀ ਕਰ ਰਿਹਾ ਸੀ।
ਸਾਲ 1983 ਵਿੱਚ ਉਸ ਨੇ ਆਪਣੇ ਤੀਜੇ ਪਤੀ ਜਦੋਂ ਉਨ੍ਹਾਂ ਦੇ ਬੱਚੇ ਮਾਈਕਲ ਕੋਰਲੀਓਨ ਨੂੰ ਨਾਲ ਲੈ ਕੇ ਮਿਆਮੀ ਛੱਡ ਕੇ ਚਲਾ ਗਿਆ ਤਾਂ ਗ੍ਰੀਸੇਲਡਾ ਨੇ ਉਸ ਨੂੰ ਵੀ ਮਰਵਾ ਦਿੱਤਾ।
ਆਪਣੇ ਬੇਰਹਿਮ ਅਤੇ ਨਿਰਦਈ ਵਿਹਾਰ ਲਈ “ਬਲੈਕ ਵਿਡੋ” ਦੇ ਨਾਮ ਨਾਲ ਜਾਣੀ ਜਾਂਦੀ ਸੀ। ਬਲੈਂਕੋ ਦਾ ਸਾਮਰਾਜ ਤੇਜ਼ੀ ਨਾਲ ਵਧਿਆ ਅਤੇ 1980 ਦੇ ਦਹਾਕੇ ਦੀ ਸ਼ੁਰੂਆਤ ਤੱਕ ਉਹ ਦੁਨੀਆਂ ਦੀਆਂ ਸਭ ਤੋਂ ਅਮੀਰ ਅਤੇ ਖੂੰਖਾਰ ਔਰਤਾਂ ਵਿੱਚੋਂ ਇੱਕ ਸੀ ਜੋ ਹਰ ਮਹੀਨੇ ਅਮਰੀਕਾ ਵਿੱਚ 1.5 ਟਨ ਕੋਕੀਨ ਦੀ ਤਸਕਰੀ ਦੀ ਨਿਗਰਾਨੀ ਕਰਦੀ ਸੀ।
ਵਰਗਾਰਾ ਨੇ ਬੀਬੀਸੀ ਨੂੰ ਦੱਸਿਆ, ‘‘ਮੈਂ ਵਾਕਈ ਸੋਚਦੀ ਹਾਂ ਕਿ ਜਦੋਂ ਗ੍ਰੀਸੇਲਡਾ ਪਹਿਲੀ ਵਾਰ ਮਿਆਮੀ ਆਈ ਸੀ ਤਾਂ ਉਸ ਦਾ ਇਰਾਦਾ ਆਪਣੇ ਪਰਿਵਾਰ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦਾ ਸੀ, ਪਰ ਰਸਤੇ ਵਿੱਚ ਉਹ ਭਟਕ ਗਈ ਅਤੇ ਤਾਕਤ ਅਤੇ ਪੈਸੇ ਨੇ ਉਸ ਨੂੰ ਹੈਵਾਨ ਬਣਾ ਦਿੱਤਾ।’’
ਸੰਨ 1980 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਬਲੈਂਕੋ ਨੇ ਆਪਣਾ ਸਾਮਰਾਜ ਛੱਡਣ ਲਈ ਵਿਰੋਧੀ ਗਰੋਹ ਤੋਂ 15 ਮਿਲੀਅਨ ਡਾਲਰ ਦੀ ਰਕਮ ਠੁਕਰਾ ਦਿੱਤੀ।
ਮਰਦਾਂ ਦੀ ਦੁਨੀਆਂ ’ਤੇ ਰਾਜ ਕੀਤਾ
ਵਰਗਰਾ ਮੁਤਾਬਕ, “ਭਾਵੇਂ ਬਲੈਂਕੋ ਨੇ ਮਿਆਮੀ ਦੇ ਨਾਰਕੋ ਸਾਮਰਾਜ ’ਤੇ ਦੋ ਦਹਾਕਿਆਂ ਤੱਕ ਸਖ਼ਤੀ ਨਾਲ ਰਾਜ ਕੀਤਾ। ਇਸਦੇ ਬਾਵਜੂਦ, ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਇੱਕ ਪੂਰਨ ਤੌਰ ਤੇ ਮਰਦਾਂ ਦੁਆਰਾ ਚਲਾਏ ਜਾ ਰਹੇ ਉਦਯੋਗ ਵਿੱਚ ਇੱਕ ਔਰਤ ਹੋਣ ਕਾਰਨ ਉਸ ਦੀ ਸਥਿਤੀ ਅਨਿਸ਼ਚਤ ਸੀ।"
“ਇੱਕ ਵਾਰ ਉਸ ਨੇ ਕੋਈ ਬੰਦਾ ਸਥਾਨਕ ਨਸ਼ਾ ਤਸਕਰਾਂ ਦੇ ਸੌਦੇ ਮਨਜ਼ੂਰ ਕਰਨ ਲਈ ਰੱਖਿਆ ਉਸ ਨੇ ‘ਸਿਰਫ਼ ਉਦੋਂ ਹੀ ਕੋਈ ਸੌਦਾ ਸਵੀਕਾਰ ਕਰਨਾ ਸੀ ਜੋ ਇਹ ਕਿਸੇ ਮਰਦ ਦੇ ਮੂਹੋਂ ਆਇਆ ਹੋਵੇ।"
ਇੱਕ ਕਤਲ ਦੇ ਦੋਸ਼ ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਬਲੈਂਕੋ ਨੇ ਕਾਰੋਬਾਰ ਨੂੰ ਖ਼ੁਦ ਅੱਗੇ ਵਧਾਉਣ ਦਾ ਫੈਸਲਾ ਕੀਤਾ।
ਅਪ੍ਰੈਲ ਅਤੇ ਸਤੰਬਰ 1980 ਦੇ ਵਿਚਕਾਰ ਲਗਭਗ 135,000 ਕਿਊਬੀਆਈ ਲੋਕ ਅਮਰੀਕਾ ਵਿੱਚ ਵਸ ਗਏ ਸਨ।
ਇਹ ਲੋਕ ਮੈਰੀਏਲਿਟੋਸ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਵਿੱਚੋਂ ਕੁਝ ਪਹਿਲਾਂ ਤੋਂ ਹੀ ਅਪਰਾਧਿਕ ਗਰੋਹਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਫਿਰੌਤੀ ਬਦਲੇ ਕਤਲ ਕਰਨ ਵਿੱਚ ਸ਼ਾਮਲ ਸਨ।
ਬਲੈਂਕੋ ਨੇ ਇਸ ਦਾ ਫਾਇਦਾ ਉਠਾਇਆ ਅਤੇ ਉਨ੍ਹਾਂ ਨੂੰ ਆਪਣੇ ਲਈ ਕੰਮ ਕਰਨ ਲਈ ਆਪਣੇ ਗਿਰੋਹ ਵਿੱਚ ਭਰਤੀ ਕੀਤਾ।
ਉਸ ਦੇ ਗਿਰੋਹ ਨੇ ਹਿੱਟਮੈਨ (ਪੈਸੇ ਲੈ ਕੇ ਕਤਲ ਕਰਨ ਵਾਲੇ), ਪਿਸਟੋਲੇਰੋਸ (ਗੈਂਗ) ਦਾ ਆਪਣਾ ਸਮੂਹ ਵਿਕਸਿਤ ਕੀਤਾ, ਜੋ ਮੋਟਰਸਾਈਕਲ ’ਤੇ ਜਾ ਕੇ ਕੀਤੇ ਕਤਲਾਂ ਲਈ ਮਸ਼ਹੂਰ ਸੀ।
ਬੈਜ਼ ਨੇ ਦੱਸਿਆ, ਬਲੈਂਕੋ ‘‘ਇੱਕ ਬਾਹਰੀ ਵਿਅਕਤੀ ਸੀ ਅਤੇ ਉਹ ਆਪਣੇ ਆਲੇ ਦੁਆਲੇ ਇਨ੍ਹਾਂ ਸਾਰੇ ਬਾਹਰੀ ਲੋਕਾਂ ਨੂੰ ਭਰਤੀ ਕਰਦੀ ਸੀ’’, ਅਤੇ ਇੱਕ ਅਜਿਹੇ ਕਾਰੋਬਾਰ ਵਿੱਚ ਜਿੱਥੇ ਵਿਸ਼ਵਾਸ ਹਾਸਲ ਕਰਨਾ ਮੁਸ਼ਕਲ ਸੀ ਅਤੇ ਇਸ ਤੋਂ ਵੀ ਔਖਾ ਇਸ ਨੂੰ ਕਾਇਮ ਰੱਖਣਾ ਸੀ, ਉਹ ਚੰਗੀ ਤਰ੍ਹਾਂ ‘‘ਜਾਣਦੀ ਸੀ ਕਿ ਉਹ ਕੀ ਕਰ ਰਹੀ ਸੀ।”
ਬੈਜ਼ ਨੇ ਅੱਗੇ ਕਿਹਾ, ‘‘ਇਹ ਸਾਰੇ ਜਣੇ ਅਢੁੱਕਵੇਂ ਲੋਕ ਸਨ, ਜੋ ਸਮਾਜ ਦੇ ਆਮ ਮਾਪਦੰਡਾਂ ਮੁਤਾਬਕ ਨਹੀਂ ਸਨ। ਗ੍ਰੀਸੇਲਡਾ ਇਹ ਜਾਣਦੀ ਸੀ ਅਤੇ ਉਨ੍ਹਾਂ ਨੂੰ ਅਜਿਹਾ ਮਹਿਸੂਸ ਕਰਾਉਂਦੀ ਕਿ ਜਿਵੇਂ ਉਹ ਉਸ ਦੇ ਪਰਿਵਾਰ ਦਾ ਹਿੱਸਾ ਹਨ।’’
ਵਰਗਾਰਾ ਨੇ ਜਦੋਂ ਬਲੈਂਕੋ ਦੀ ਜ਼ਿੰਦਗੀ ਦੇ ਕੁਝ ਉਤਰਵਾਂ ਚੜ੍ਹਾਵਾਂ ਨੂੰ ਸਮਝਿਆ ਤਾਂ ਬਲੈਂਕੋ ਦੀ ਅਢੁਕਵੀਂ ਸਥਿਤੀ ਨੇ ਉਸ ਨੂੰ ਟੁੰਬਿਆ।
ਉਨ੍ਹਾਂ ਨੇ ਕਿਹਾ, ‘‘ਮੈਂ ਕੋਲੰਬੀਆਈ ਹਾਂ, ਇੱਕ ਮਾਂ ਅਤੇ ਇੱਕ ਪਰਵਾਸੀ ਹਾਂ। ਇੱਕ ਔਰਤ ਦੇ ਰੂਪ ਵਿੱਚ ਗ੍ਰੀਸੇਲਡਾ ਨੂੰ ਜੱਜ ਕੀਤਾ ਗਿਆ ਅਤੇ ਅੱਜਕੱਲ੍ਹ ਮੈਂ ਜਾਣਦੀ ਹਾਂ ਕਿ ਮੇਰੇ ਬੋਲਣ ਦੇ ਲਹਿਜ਼ੇ ਕਾਰਨ ਮੈਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਮੈਨੂੰ ਘੱਟ ਮੌਕੇ ਮਿਲਦੇ ਹਨ।’’
ਕੋਈ ‘ਔਰਤ ਕਦੇ ਵੀ ਇੰਨੀ ਬੁਰੀ ਨਹੀਂ ਹੋ ਸਕਦੀ’
1980 ਦੇ ਦਹਾਕੇ ਦੇ ਅੱਧ ਤੱਕ ਜਦੋਂ ਉਸ ਨੂੰ ਇਰਵਿਨ, ਕੈਲੀਫੋਰਨੀਆ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਬਲੈਂਕੋ ਦੇ ਅਪਰਾਧਿਕ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ ਅਤੇ ਉਸ ਦੀ ਦਹਿਸ਼ਤ ਦਾ ਰਾਜ ਅਚਾਨਕ ਖਤਮ ਹੋ ਗਿਆ।
ਆਖਰ ਉਹ ਕਿਵੇਂ ਜੁਰਮ ਦੀ ਦੁਨੀਆਂ ਵਿੱਚ ਦੋ ਦਹਾਕੇ ਮਿਆਮੀ ਨੂੰ ਨਸ਼ਿਆਂ ਦੇ ਪਿੜ ਵਿੱਚ ਬਦਲਦੀ ਰਹੀ ਅਤੇ ਬਿਨਾਂ ਫੜੇ ਬਚੀ ਰਹੀ? ਸ਼ੋਅ ਦੀ ਟੀਮ ਨੇ ਉਸ ਨੂੰ ਉਸ ਦੇ ਔਰਤ ਹੋਣ ਤੱਕ ਸੀਮਤ ਕਰ ਦਿੱਤਾ।
"ਕਿਉਂਕਿ ਉਹ ਇੱਕ ਔਰਤ ਸੀ, ਇਸ ਲਈ ਉਹ ਬਹੁਤ ਕੁਝ ਕਰ ਸਕਦੀ ਸੀ ਅਤੇ ਜਦੋਂ ਉਸ ਨੂੰ ਲੋੜ ਹੁੰਦੀ, ਉਦੋਂ ਉਹ ਗਾਇਬ ਹੋ ਜਾਂਦੀ ਸੀ।"
ਵਰਗਾਰਾ ਕਹਿੰਦੇ ਹਨ,"ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਕੋਈ ਔਰਤ ਇੰਨੇ ਵੱਡੇ ਪੱਧਰ ’ਤੇ ਗਿਰੋਹ ਚਲਾ ਰਹੀ ਹੋਵੇਗੀ। ਲੋਕਾਂ ਨੂੰ ਲਗਦਾ ਸੀ ਕਿ ਕੋਈ ਔਰਤ ਕਦੇ ਵੀ ਇੰਨੀ ਬੁਰੀ ਨਹੀਂ ਹੋ ਸਕਦੀ।"
ਜਦੋਂ ਕਿ ਮਰਦਾਂ ਦੁਆਰਾ ਸੰਚਾਲਤ ਡਰੱਗ ਇਨਫੋਰਸਮੈਂਟ ਏਜੰਸੀਆਂ ਇਸ ਗੱਲ ’ਤੇ ਅੜੀਆਂ ਹੋਈਆਂ ਸਨ ਕਿ ਇੱਕ ਔਰਤ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਪਿੱਛੇ ਨਹੀਂ ਹੋ ਸਕਦੀ।
ਮਿਆਸੀ ਪੁਲਿਸ ਦੀ ਇੱਕ ਸੂਹੀਆ ਵਿਸ਼ਲੇਸ਼ਕ ਜੂਨ ਹਾਕਿੰਨਸ ਦੇ ਇਸ ਨੁਕਤੇ ਨੂੰ ਉਸਦੇ ਸਹਿਕਰਮੀ ਅਕਸਰ ਨਕਾਰ ਦਿੰਦੇ ਸਨ। ਵਿਭਾਗ ਵਿੱਚ ਉਸ ਤੋਂ ਸਿਰਫ਼ ਇੱਕ ਸਪੈਨਿਸ਼ ਤਰਜਮਾ ਕਰਵਾਉਂਦੇ ਸਨ।
ਜਦਕਿ ਜੂਨ ਬਲੈਂਕੋ ਨੂੰ ਫੜਨ ਦਾ ਇਰਾਦਾ 1970 ਦੇ ਦਹਾਕੇ ਦੇ ਮੱਧ ਤੋਂ ਹੀ ਰੱਖਦੀ ਸੀ।
ਨਿਊਮੈਨ ਨੇ ਹਾਕਿਨਜ਼ ਨੂੰ ਕਹਾਣੀ ਦਾ ਇੱਕ ਜ਼ਰੂਰੀ ਹਿੱਸਾ ਦੱਸਿਆ।
"ਉਹ ਗ੍ਰੀਸੇਲਡਾ ਲਈ ਇੱਕ ਸ਼ੀਸ਼ਾ ਹੈ, ਉਹ ਲਾਤੀਨੀ ਮੂਲ ਦੀ ਇੱਕ ਨੌਜਵਾਨ ਸਿੰਗਲ ਮਾਂ ਵੀ ਹੈ ਜੋ ਔਰਤਾਂ ਨੂੰ ਮਹੱਤਵਹੀਣ ਕਰਨ ਵਾਲੀ ਦੁਨੀਆਂ ਵਿੱਚ ਕੰਮ ਕਰ ਰਹੀ ਹੈ।"
"ਉਹ ਦਰਸ਼ਕਾਂ ਨੂੰ ਇਹ ਦਿਖਾਉਂਦੀ ਹੈ ਕਿ ਗ੍ਰੀਸੇਲਡਾ ਨੇ ਜੋ ਕਰਨਾ ਚੁਣਿਆ ਉਹ ਉਸ ਦਾ ਇੱਕੋ-ਇੱਕ ਵਿਕਲਪ ਨਹੀਂ ਸੀ।"
ਗ੍ਰੀਸੇਲਡਾ ਬਲੈਂਕੋ ਦਾ ਆਖਰ ਵਿੱਚ ਕੀ ਬਣਿਆ?
17 ਫਰਵਰੀ 1985 ਨੂੰ ਬਲੈਂਕੋ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਕੋਕੀਨ ਉਤਪਾਦਨ, ਆਯਾਤ ਅਤੇ ਸਪਲਾਈ ਦਾ ਦੋਸ਼ੀ ਪਾਇਆ ਗਿਆ ਸੀ।
ਉਸ ’ਤੇ ਪਹਿਲੇ ਦਰਜੇ ਦੇ ਕਤਲ ਦੇ ਤਿੰਨ ਮਾਮਲਿਆਂ ਦਾ ਵੀ ਦੋਸ਼ ਲਗਾਇਆ ਗਿਆ ਸੀ ਅਤੇ ਉਸ ਨੇ ਦੋ ਦਹਾਕੇ ਸਲਾਖਾਂ ਪਿੱਛੇ ਬਿਤਾਏ।
ਉਸ ਦੀ ਕੈਦ ਦੋਰਾਨ ਉਸ ਦੇ ਚਾਰ ਵਿੱਚੋਂ ਤਿੰਨ ਪੁੱਤਰਾਂ ਦਾ ਕਤਲ ਕਰ ਦਿੱਤਾ ਗਿਆ। 2004 ਵਿੱਚ ਰਿਹਾਅ ਹੋਣ ਤੋਂ ਬਾਅਦ, ਉਸ ਨੂੰ ਕੋਲੰਬੀਆ ਭੇਜ ਦਿੱਤਾ ਗਿਆ ਅਤੇ ਉਸ ਨੇ ਸ਼ਾਂਤ ਜੀਵਨ ਬਤੀਤ ਕੀਤਾ।
3 ਸਤੰਬਰ 2012 ਨੂੰ 69 ਸਾਲ ਦੀ ਉਮਰ ਵਿੱਚ ਮੇਡੇਲਿਨ ਵਿੱਚ ਮੋਟਰਸਾਈਕਲ ਸਵਾਰ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਗੋਲੀ ਮਾਰ ਕੇ ਮੋਟਰ ਸਾਈਕਲ ’ਤੇ ਕੋਲੋਂ ਦੀ ਲੰਘ ਜਾਣਾ, ਹੱਤਿਆ ਦੀ ਉਸੇ ਸ਼ੈਲੀ ਦੀ ਨਕਲ ਸੀ ਜਿਸ ਨੂੰ ਬਲੈਂਕੋ ਨੇ ਹੀ ਆਪਣੇ ਰਾਜ ਦੌਰਾਨ ਘੜਿਆ ਸੀ।
ਨਿਊਮੈਨ ਨੇ ਬੀਬੀਸੀ ਨੂੰ ਦੱਸਿਆ, ‘‘ਉਸ ਦਾ ਕਤਲ ਉਸ ਪ੍ਰਤੀ ਨਫ਼ਰਤ ਦੇ ਅਸਲ ਪੱਧਰ ਨੂੰ ਦਰਸਾਉਂਦਾ ਹੈ। 2012 ਤੱਕ ਪਹੁੰਚਦੇ-ਪਹੁੰਚਦੇ ਉਹ ਹਾਨੀਰਹਿਤ ਔਰਤ ਸੀ।’’
‘‘ਉਹ ਇਕੱਲੀ ਰਹਿ ਰਹੀ ਸੀ ਅਤੇ ਉਸ ਦੇ ਚਾਰ ਬੱਚਿਆਂ ਵਿੱਚੋਂ ਤਿੰਨ ਮਰ ਚੁੱਕੇ ਸਨ।’’
‘‘ਉਹ ਸਿਫ਼ਰ ਤੋਂ ਉੱਠੀ, ਇਨ੍ਹਾਂ ਸ਼ਾਨਦਾਰ ਉਚਾਈਆਂ ਦਾ ਅਨੁਭਵ ਕਰਦੀ ਹੈ ਪਰ ਜਦੋਂ ਤੱਕ ਤੁਸੀਂ ਕਹਾਣੀ ਦੇ ਅੰਤ ਤੱਕ ਪਹੁੰਚਦੇ ਹੋ ਤਾਂ ਇਹ ਇੱਕ ਦੁਖਾਂਤ ਹੈ ਜੋ ਕੁਲ ਮੁਕੰਮਲ ਘਾਟੇ ਨਾਲ ਖਤਮ ਹੁੰਦਾ ਹੈ।’’
ਬਲੈਂਕੋ ਦੀ ਜ਼ਿੰਦਗੀ ਦੀ ਤਾਕਤ ਦੀ ਕੀਲ ਲੈਣ ਵਾਲੀ ਗਾਥਾ ਦੇ ਬਾਵਜੂਦ ਇਤਿਹਾਸ ਦੀਆਂ ਕਿਤਾਬਾਂ ਵਿੱਚ ਉਸ ਨੂੰ ਅਕਸਰ ਭੁਲਾ ਦਿੱਤਾ ਜਾਂਦਾ ਹੈ।
ਇੱਥੋਂ ਤੱਕ ਕਿ ਵਰਗਾਰਾ ਜੋ ਨਸ਼ਿਆਂ ਦੀ ਤਸਕਰੀ ਦੇ ਯੁੱਗ ਦੌਰਾਨ ਕੋਲੰਬੀਆ ਵਿੱਚ ਵੱਡੀ ਹੋਈ, ਨੇ ਕਿਹਾ ਕਿ ਉਸ ਨੇ ‘‘ਇਸ ਔਰਤ ਬਾਰੇ ਕਦੇ ਨਹੀਂ ਸੁਣਿਆ ਸੀ’’ ਅਤੇ ਉਸ ਦੀ ਜ਼ਿੰਦਗੀ ਬਾਰੇ ਜਾਣਨ ਤੋਂ ਬਾਅਦ ਉਸ ਨੇ ਸੋਚਿਆ ਕਿ ਇਹ ‘ਅਸੰਭਵ’ ਹੈ ਕਿ ਇਹ ਕੋਈ ਸੱਚੀ ਕਹਾਣੀ ਹੈ।
‘‘ਇਹੀ ਕਾਰਨ ਹੈ ਕਿ ਮੈਂ ਗ੍ਰੀਸੇਲਡਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਸੀ। ਉਹ ਇੱਕੋ ਸਮੇਂ ਮਾਂ, ਖ਼ਲਨਾਇਕਾ, ਪ੍ਰੇਮਿਕਾ ਅਤੇ ਕਾਤਲ ਹੈ।’’
‘‘ਉਹ ਸਭ ਤੋਂ ਉੱਪਰ ਇਹ ਦਿਖਾਉਂਦੀ ਹੈ ਕਿ ਇਨਸਾਨ ਕਿੰਨੇ ਗੁੰਝਲਦਾਰ ਹੋ ਸਕਦੇ ਹਨ।’’
ਗ੍ਰੀਸੇਲਡਾ 25 ਜਨਵਰੀ ਤੋਂ ਨੈੱਟਫਲਿਕਸ ’ਤੇ ਨਸ਼ਰ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਅਯੁੱਧਿਆ ਵਿੱਚ ਬਣ ਰਹੀ ਨਵੀਂ ਮਸਜਿਦ ਦਾ ਕੰਮ ਹਾਲੇ ਤੱਕ ਸ਼ੁਰੂ ਕਿਉਂ ਨਹੀਂ ਹੋਇਆ
NEXT STORY