ਵੀ. ਵਾਸੁਦੇਵਨ
2015 ਦੀਆਂ ਸਰਦੀਆਂ ਵਿਚ ਮੈਂ ਅਤੇ ਮੇਰੇ ਪਤੀ ਬਾਰਸੀਲੋਨਾ ’ਚ ਸਨ। ਜਲਦੀ ਨਾਲ ਕੁਝ ਖਾਣ ਲਈ ਅਸੀਂ ਇਕ ਲੈਬਨਾਨੀ ਟੇਕਅਵੇਅ ਰੈਸਟੋਰੈਂਟ ਲੱਭਿਆ ਅਤੇ ਅੰਦਰ ਗਏ। ਉਥੇ ਬ੍ਰੈੱਡ ਬਣਾ ਰਿਹਾ ਇਕ ਵਿਅਕਤੀ ਅਜਿਹਾ ਲੱਗ ਰਿਹਾ ਸੀ ਕਿ ਆਪਣੇ ਹੀ ਦੇਸ਼ ਦਾ ਹੋ ਸਕਦਾ ਹੈ। ਇਸ ਲਈ ਮੈਂ ਮੁਸਕਰਾਈ ਅਤੇ ਪੁੱਛਿਆ, ‘‘ਇੰਡੀਅਨ ਹੋ?’’ ਉਸ ਨੇ ਬ੍ਰੈੱਡ ’ਚ ਸਟੱਫਿੰਗ ਕਰਦਿਆਂ ਬਿਨਾਂ ਉਪਰ ਦੇਖਿਆਂ ਕਿਹਾ, ‘‘ਨਹੀਂ, ਕਸ਼ਮੀਰੀ।’’
ਮੈਂ ਕੁਝ ਪਲਾਂ ਲਈ ਦੁਚਿੱਤੀ ਵਿਚ ਪੈ ਗਈ। ਕਸ਼ਮੀਰ ਦੀ ਸਾਰੀ ਭੂਗੋਲਿਕ-ਸਿਆਸੀ ਸਥਿਤੀ ਮੇਰੀਆਂ ਅੱਖਾਂ ਸਾਹਮਣੇ ਘੁੰਮ ਗਈ ਅਤੇ ਮੈਨੂੰ ਹੋਰ ‘ਘਰੇਲੂ’ ਸਵਾਲ ਪੁੱਛਣ ਤੋਂ ਰੋਕ ਦਿੱਤਾ। ਜਦੋਂ ਵੀ ਮੈਂ ਸੂਬੇ ਵਿਚ ਜਾਂ ਸੂਬੇ ਦੇ ਲੋਕਾਂ ਨੂੰ ਮਿਲੀ, ਮੈਨੂੰ ਉਸ ਵਿਅਕਤੀ ਦੀ ਸਖਤ ਪ੍ਰਤੀਕਿਰਿਆ ਦੀ ਜ਼ਰੂਰ ਯਾਦ ਆਈ।
ਵੈਸ਼ਨੋ ਦੇਵੀ ਜਾਣ ਵਾਲੇ ਸਾਰੇ ਤੀਰਥ ਯਾਤਰੀ ਜਾਣਦੇ ਹਨ ਕਿ ਉਥੇ ਸਾਰੇ ਘੋੜੇ ਵਾਲੇ ਅਤੇ ਕੁਲੀ ਮੁਸਲਮਾਨ ਹਨ। ਪਹਾੜੀ ਚੜ੍ਹਾਈਆਂ ਅਤੇ ਢਲਾਣਾਂ ’ਤੇ ਉਨ੍ਹਾਂ ਦੇ ਪਵਿੱਤਰ ਸਥਾਨਾਂ ’ਚੋਂ ਇਕ ’ਤੇ ਅਸ਼ਫਾਕ ਅਤੇ ਅਲੀ ਤੇ ਸਲਮਾਨ ਨੂੰ ਹਿੰਦੂਆਂ ਨੂੰ ਲਿਜਾਂਦੇ ਅਤੇ ਵਾਪਿਸ ਲਿਆਉਂਦੇ ਦੇਖਣਾ ਭਾਵਨਾਵਾਂ ’ਤੇ ਅਰਥ ਸ਼ਾਸਤਰ ਦੀ ਜਿੱਤ ਨੂੰ ਦਰਸਾਉਂਦਾ ਹੈ।
ਸੇਵਾ ਪ੍ਰਦਾਤਿਆਂ ਅਤੇ ਗਾਹਕਾਂ ਵਿਚਾਲੇ ਇਹ ਤਾਲਮੇਲ ਭਰਿਆ ਸਬੰਧ ਸਾਲਾਂ ਤਕ ਬਿਨਾਂ ਕਿਸੇ ਅੜਿੱਕੇ ਦੇ ਜਾਰੀ ਰਿਹਾ ਹੈ। ਇਥੇ ਧਰਮ ਅਤੇ ਸਿਆਸੀ ਵਿਚਾਰਧਾਰਾ ਗੈਰ-ਪ੍ਰਸੰਗਿਕ ਹੈ, ਉਹ ਉਨ੍ਹਾਂ ਲੋਕਾਂ ਲਈ ਵਿਲਾਸਤਾ ਹੈ, ਜੋ ਵਿਕਸਿਤ ਦੇਸ਼ਾਂ ਵੱਲ ਦੌੜ ਗਏ ਹਨ ਜਾਂ ਨਵੀਂ ਦਿੱਲੀ ਦੇ ਲੋਧੀ ਰੋਡ ’ਤੇ ਕਸ਼ਮੀਰ ਦੀ ਸਥਿਤੀ ਬਾਰੇ ਸੈਮੀਨਾਰਾਂ ਵਿਚ ਸ਼ਾਮਿਲ ਹੋ ਰਹੇ ਹਨ। ਡੋਗਰੀ ’ਚ ਖੁਸ਼ੀ-ਖੁਸ਼ੀ ਵਿਚ ਗੱਲ ਕਰਦੇ ਹੋਏ ਪਾਲਕੀ ਚੁੱਕਣ ਵਾਲਿਆਂ ਅਤੇ ਸਈਸਾਂ (ਘੋੜਿਆਂ ਦੀ ਦੇਖਭਾਲ ਕਰਨ ਵਾਲੇ) ਨੂੰ ‘ਜੈ ਮਾਤਾ ਦੀ’ ਦੇ ਜੈਕਾਰੇ ’ਚ ਆਪਣੀ ਆਵਾਜ਼ ਮਿਲਾਉਣ ’ਚ ਕੋਈ ਝਿਜਕ ਨਹੀਂ ਹੁੰਦੀ ਅਤੇ ਇਥੋਂ ਤਕ ਕਿ ਜੇਕਰ ਸਮਾਂ ਇਜਾਜ਼ਤ ਦੇਵੇ ਤਾਂ ਉਹ ਭਵਨ ਵਿਚ ਵੀ ਹੋ ਆਉਂਦੇ ਹਨ।
ਉਹ ਸਾਰੇ ਘੱਟ ਉਮਰ ਵਾਲੇ ਲੋਕ ਹਨ, ਜੋ ਕਈ ਵਾਰ 22 ਕਿਲੋਮੀਟਰ ਦੀ ਦੂਰੀ ਨੂੰ ਦਿਨ ਵਿਚ 2 ਵਾਰ ਤਹਿ ਕਰਦੇ ਹਨ ਤਾਂ ਕਿ ਤੀਰਥ ਯਾਤਰੀਆਂ ਤੋਂ ਕੁਝ ਰੁਪਏ ਹੋਰ ਕਮਾ ਸਕਣ। ਉਥੇ ਉਨ੍ਹਾਂ ਨੂੰ ਕਰਮਚਾਰੀਆਂ ਜਾਂ ਆਫਿਸ ਬੁਆਏਜ਼ ਜਾਂ ਡਿਸਪੈਚ ਕਲਰਕਾਂ ਦੇ ਤੌਰ ’ਤੇ ਨੌਕਰੀ ਦੇਣ ਲਈ ਬਹੁਤ ਜ਼ਿਆਦਾ ਕਾਰਖਾਨੇ ਜਾਂ ਦਫਤਰ ਨਹੀਂ ਹਨ।
ਇਸ ਸਾਲ ਜੂਨ ’ਚ ਅਸੀਂ ਗਰਮੀਆਂ ਵਿਚ ਸੈਲਾਨੀਆਂ ਦੇ ਤੌਰ ’ਤੇ ਕਸ਼ਮੀਰ ਵਾਦੀ ਗਏ। ਹਰੇਕ ਗਲੀ ਦੀ ਨੁੱਕਰ ’ਤੇ ਫੌਜ ਮੌਜੂਦ ਹੈ, ਬੰਕਰਾਂ ਦੇ ਪਿੱਛੇ ਚੌਕਸ ਜਵਾਨ, ਜੋ ਹਰੇਕ ਲੰਘਦੀ ਕਾਰ ’ਤੇ ਨਜ਼ਰ ਰੱਖਦੇ ਹਨ। ਇਸ ਦੇ ਬਾਵਜੂਦ ਹਰ ਕੋਈ, ਜੋ ਕਸ਼ਮੀਰ ਜਾਂਦਾ ਹੈ, ਨਿਹਾਲ ਹੋ ਕੇ ਪਰਤਦਾ ਹੈ, ਜਿਵੇਂ ਕਿ ਕਿਸੇ ਸਮੇਂ ਜਹਾਂਗੀਰ, ਜਦੋਂ ਉਸ ਨੇ ਇਸ ਨੂੰ ਧਰਤੀ ’ਤੇ ਸਵਰਗ ਬਣਾਇਆ ਸੀ।
ਅਸੀਂ ਨਾ ਸਿਰਫ ਉਥੋਂ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੁੰਦੇ ਹਾਂ, ਸਗੋਂ ਉਥੋਂ ਦੇ ਖੂਬਸੂਰਤ ਲੋਕਾਂ, ਉਨ੍ਹਾਂ ਦੇ ਗੋਰੇ ਰੰਗ ਅਤੇ ਬੇਦਾਗ਼ ਮੁਸਕਰਾਹਟ ਤੋਂ ਵੀ। ਇਸੇ ਲਈ ਇਸ ਜ਼ਮੀਨ ’ਤੇ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਰੋਮਾਂਟਿਕ ਕਹਾਣੀਆਂ ਸ਼ੂਟ ਕੀਤੀਆਂ ਗਈਆਂ।
ਇਹ ਖੂਬਸੂਰਤ ਲੋਕ ਆਪਣੀਆਂ ਆਰਥਿਕ ਮੁਸ਼ਕਿਲਾਂ ਨੂੰ ਬਹੁਤ ਚੰਗੀ ਤਰ੍ਹਾਂ ਲੁਕੋ ਲੈਂਦੇ ਹਨ। 2017 ਦੇ ਜੰਮੂ-ਕਸ਼ਮੀਰ ਆਰਥਿਕ ਸਰਵੇਖਣ ਅਨੁਸਾਰ ਸੂਬੇ ਦੀ 77918 ਰੁਪਏ ਦੀ ਪ੍ਰਤੀ ਜੀਅ ਆਮਦਨ ਹੋਰਨਾਂ ਉੱਤਰ ਭਾਰਤੀ ਸੂਬਿਆਂ, ਜਿਵੇਂ ਕਿ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਛੱਤੀਸਗੜ੍ਹ ਤੋਂ ਕਾਫੀ ਘੱਟ ਹੈ।
ਇਹ ਕੁਲਹਿੰਦ ਔਸਤ (1,03,219 ਰੁਪਏ) ਤੋਂ ਵੀ ਘੱਟ ਹੈ। ਅਨੰਤਨਾਗ ਦੇ ਇਕ ਲੇਖਕ ਦੇ 2017 ਦੇ ਇਕ ਅਕਾਦਮਿਕ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ 1990 ਦੇ ਦਹਾਕੇ ਤੋਂ ਸਿਆਸੀ ਅਸਥਿਰਤਾ ਕਾਰਣ ਸੋਮਿਆਂ ਦਾ ਉਤਪਾਦਕ ਖੇਤਰਾਂ ਨਾਲ ਕਾਨੂੰਨ ਵਿਵਸਥਾ ਬਣਾਈ ਰੱਖਣ ਵੱਲ ਤਬਾਦਲਾ ਹੋਇਆ ਹੈ।
ਇਸ ਸੂਬੇ ਦੇ ਲੋਕ ਬਿਹਤਰ ਦੇ ਅਧਿਕਾਰੀ ਹਨ। ਮਿਸਾਲ ਵਜੋਂ ਕਿਉਂ ਨਹੀਂ ਉਨ੍ਹਾਂ ਨੂੰ ਸੂਚਨਾ ਤਕਨੀਕ ਕ੍ਰਾਂਤੀ ’ਚੋਂ ਇਕ ਹਿੱਸਾ ਮਿਲਦਾ, ਜਿਸ ਤੋਂ ਬਹੁਤ ਸਾਰੇ ਸੂਬੇ ਲਾਭ ਉਠਾ ਰਹੇ ਹਨ ਜਾਂ ਫਿਰ ਓਲਾ ਅਤੇ ਉਬੇਰ ਦੀ ਗਤੀਸ਼ੀਲਤਾ ਦਾ ਫਾਇਦਾ?
ਕੁਝ ਸਾਲ ਪਹਿਲਾਂ ਐਮੇਜ਼ਨ ਨੇ ਸ਼੍ਰੀਨਗਰ ਵਿਚ ਕੁਝ ਮਹੀਨਿਆਂ ਲਈ ਡਲਿਵਰੀਆਂ ਰੋਕ ਦਿੱਤੀਆਂ ਸਨ ਕਿਉਂਕਿ ਉਨ੍ਹਾਂ ਨੂੰ ਉਥੇ ਕੋਈ ਕੋਰੀਅਰ ਸੇਵਾ ਨਹੀਂ ਮਿਲ ਸਕੀ। ਜੀਵਨਸ਼ੈਲੀ ਦੇ ਜਿਸ ਸੁਧਾਰ ਦਾ ਮਜ਼ਾ ਹੋਰ ਕਿਤੇ ਭਾਰਤੀ ਉਠਾ ਰਹੇ ਹਨ, ਕੁਝ ਕਾਰਣਾਂ ਕਰਕੇ ਉਨ੍ਹਾਂ ਨੂੰ ਉਸ ਤੋਂ ਵਾਂਝਿਆਂ ਰੱਖਿਆ ਗਿਆ ਹੈ, ਜਿਸ ਦੀ ਔਸਤ ਕਸ਼ਮੀਰੀ ਪਰਵਾਹ ਨਹੀਂ ਕਰਦੇ।
ਇਸ ਸਾਲ ਦੇ ਸ਼ੁਰੂ ਵਿਚ ਕੇਂਦਰੀ ਮਨੁੱਖੀ ਸਾਧਨ ਵਿਕਾਸ ਮੰਤਰਾਲੇ ਵਲੋਂ ਸੰਚਾਲਿਤ ਡਿਜ਼ਾਈਨ ਇਨੋਵੇਸ਼ਨ ਸੈਂਟਰਸ ਦੀ ਇਕ ਕਾਨਫਰੰਸ ਵਿਚ ਮੈਂ ਅਵੰਤੀਪੁਰਾ ਦੀ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੀ ਇਕ ਖੂਬਸੂਰਤ ਨੌਜਵਾਨ ਕਸ਼ਮੀਰੀ ਔਰਤ ਨੂੰ ਇਕ ਨਹੀਂ, ਸਗੋਂ 3 ਉੱਦਮਾਂ ਬਾਰੇ ਬੋਲਦੇ ਸੁਣਿਆ, ਜੋ ਉਸ ਨੇ ਮੰਤਰਾਲੇ ਦੀ ਸਹਾਇਤਾ ਨਾਲ ਸ਼ੁਰੂ ਕੀਤੇ ਸਨ। ਉਨ੍ਹਾਂ ’ਚੋਂ ਸਾਰੇ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਨ। ਬਾਅਦ ਵਿਚ ਲੰਚ ’ਤੇ ਮੈਂ ਉਸ ਨੂੰ ਦੱਸਿਆ ਕਿ ਉਸ ਦੇ ਬਦਲ ਪੱਥਰਬਾਜ਼ ਅਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਦੇ ਕਸ਼ਮੀਰੀ ਵਿਦਿਆਰਥੀਆਂ ਦੀ ਮੀਡੀਆ ਵਲੋਂ ਘੜੀ ਗਈ ਤਸਵੀਰ ਦੇ ਬਿਲਕੁਲ ਉਲਟ ਹਨ। ਉਸ ਨੇ ਮੋਢੇ ਉਪਰ ਚੁੱਕੇ ਅਤੇ ਕਿਹਾ ਕਿ ਕਿਸੇ ਵੀ ਹੋਰ ਜਗ੍ਹਾ ਦੇ ਵਿਦਿਆਰਥੀਆਂ ਵਾਂਗ ਔਸਤ ਕਸ਼ਮੀਰੀ ਵਿਦਿਆਰਥੀ ਸਿਰਫ ਅਸਾਈਨਮੈਂਟਸ, ਕਲਾਸਾਂ ਅਤੇ ਪਲੇਸਮੈਂਟਸ ਦੀ ਚਿੰਤਾ ਕਰਦੇ ਹਨ। ਅਸੀਂ ਸਿਰਫ ਆਮ ਤੌਰ ’ਤੇ ਆਪਣਾ ਜੀਵਨ ਜਿਊਣਾ ਚਾਹੁੰਦੇ ਹਾਂ।
ਹੁਣ ਤਕ ਜਿੱਥੇ ਜੋ ਮਾਡਲ ਅਪਣਾਇਆ ਗਿਆ ਸੀ, ਉਸ ਨੇ ਹੋਰਨਾਂ ਭਾਰਤੀਆਂ ਵਾਂਗ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਆਪਣਾ ਜੀਵਨ ਬਿਹਤਰ ਬਣਾਉਣ ਦਾ ਮੌਕਾ ਨਹੀਂ ਦਿੱਤਾ ਸੀ। ਨਵੇਂ ਘਟਨਾਚੱਕਰ ਸ਼ਾਇਦ ਇਸ ਨੂੰ ਠੀਕ ਕਰ ਕੇ ਆਮ ਜੀਵਨ ਜਿਊਣ ਦਾ ਮੌਕਾ ਦੇਣਗੇ।
ਕਸ਼ਮੀਰ ਦੀ ਪੀੜ ਤੋਂ ਪੈਦਾ ਦੁੱਖ ਭਰੇ ਲੇਖਾਂ, ਕਿਤਾਬਾਂ ਅਤੇ ਪ੍ਰਦਰਸ਼ਨਾਂ ਦਾ ਕੁਟੀਰ ਉਦਯੋਗ ਨਿਸ਼ਚਿਤ ਤੌਰ ’ਤੇ ਆਪਣੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਨੂੰ ਗੁਆ ਦੇਵੇਗਾ। (ਡੀ. ਐੱਨ. ਏ.)
ਭਾਖੜਾ ਡੈਮ ਅਤੇ ਹੜ੍ਹਾਂ ਦੀ ਸਿਆਸਤ
NEXT STORY