ਤਾਲਿਬਾਨ ਦੇ ਵਿਦੇਸ਼ ਆਮਿਰ ਖਾਨ ਮੁਤਾਕੀ ਦੀ (9 ਤੋਂ 16 ਅਕਤੂਬਰ 2025 ਤੱਕ) ਨਵੀਂ ਦਿੱਲੀ ਯਾਤਰਾ ਦੱਖਣੀ ਏਸ਼ੀਆਈ ਭੂ-ਰਾਜਨੀਤੀ ’ਚ ਇਕ ਦਿਲਚਸਪ ਮੋੜ ਦੀ ਪ੍ਰਤੀਨਿਧਤਾ ਕਰਦੀ ਹੈ। 2021 ’ਚ ਤਾਲਿਬਾਨ ਦੇ ਸੱਤਾ ’ਚ ਪਰਤਣ ਦੇ ਬਾਅਦ ਇਹ ਕਿਸੇ ਸੀਨੀਅਰ ਤਾਲਿਬਾਨ ਅਧਿਕਾਰੀ ਦੀ ਭਾਰਤ ਦੀ ਪਹਿਲੀ ਯਾਤਰਾ ਸੀ।
ਇਹ ਕੂਟਨੀਤਿਕ ਜੁੜਾਅ ਵਰਣਨਯੋਗ ਹੈ ਕਿਉਂਕਿ ਇਹ ਉਸੇ ਸਮੇਂ ਹੋਇਆ, ਜਦੋਂ ਭਾਰਤ ਨੇ 7ਵੇਂ ਮਾਸਕੋ ਫਾਰਮੈਟ ਸਲਾਹ ’ਚ ਚੀਨ ਅਤੇ ਰੂਸ ਦੇ ਨਾਲ ਅਨੋਖੇ ਤਾਲਮੇਲ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਫਗਾਨਿਸਤਾਨ ’ਚ ਬਗਰਾਮ ਏਅਰਬੇਸ ਤੱਕ ਪਹੁੰਚ ਦੀ ਮੰਗ ਦਾ ਵਿਰੋਧ ਕੀਤਾ ਸੀ।
ਮੁਤਾਕੀ ਦੀ ਯਾਤਰਾ ਭਾਰਤ ਦੇ ਵਾਰ-ਵਾਰ ਦੁਹਰਾਏ ਜਾਣ ਵਾਲੇ ਇਸ ਦਾਅਵੇ ਨੂੰ ਉਲਟ ਦਿੰਦੀ ਹੈ ਕਿ ਤਾਲਿਬਾਨ ਨਾਲ ਕੋਈ ਵੀ ਠੋਸ ਜੁੜਾਅ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤਾਲਿਬਾਨ ਸਮਾਵੇਸ਼ੀ ਸ਼ਾਸਨ ਲਈ ਵਚਨਬੱਧ ਹੋਵੇ, ਔਰਤਾਂ ਖਾਸ ਕਰ ਕੇ ਲੜਕੀਆਂ ਦੀ ਸਿੱਖਿਆ ’ਤੇ ਲਾਈਆਂ ਗਾਈਆਂ ਸਖਤ ਪਾਬੰਦੀਆਂ ਨੂੰ ਹਟਾਵੇ ਅਤੇ ਉਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਨਾ ਦੇਵੇ, ਜੋ ਵਿਸ਼ੇਸ਼ ਤੌਰ ’ਤੇ ਭਾਰਤ ਨੂੰ ਨਿਸ਼ਾਨਾ ਬਣਾਉਂਦੇ ਹਨ।
ਅਫਗਾਨਿਸਤਾਨੀ ਦੂਤਘਰ ’ਚ ਮੁਤਾਕੀ ਦੀ ਪਹਿਲੀ ਪ੍ਰੈੱਸ ਕਾਨਫਰੰਸ ਤੋਂ ਬਾਹਰ ਰੱਖੇ ਜਾਣ ਤੋਂ ਬਾਅਦ ਮਹਿਲਾ ਪੱਤਰਕਾਰਾਂ ਦਾ ਵਿਰੋਧ ਪ੍ਰਦਰਸ਼ਨ ਭਾਰਤ ਅਤੇ ਤਾਲਿਬਾਨ ਕੰਟਰੋਲਡ ਅਫਗਾਨਿਸਤਾਨ ਦੀਆਂ ਧਾਰਨਾਵਾਂ ਦੇ ਵਿਚਾਲੇ ਇਕ ਵਿਆਪਕ ਫਰਕ ਦਾ ਪ੍ਰਤੀਕ ਹੈ।
ਇਨ੍ਹਾਂ ਅਗਾਊਂ ਸ਼ਰਤਾਂ ਨੂੰ ਪੂਰਾ ਕੀਤੇ ਬਿਨਾਂ ਤਾਲਿਬਾਨ ਦੇ ਮੁੱਖ ਰਾਜਨਾਇਕ ਦੀ ਮੇਜ਼ਬਾਨੀ ਕਰਨਾ ਇਕ ਅਜਿਹੇ ਬਦਲਾਅ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਲੰਮੇ ਸਮੇਂ ਦੇ ਸਿਧਾਂਤਕ ਰੁਖ਼ ਦੇ ਬਜਾਏ ਖੇਤਰੀ ਜ਼ਰੂਰਤਾਂ ਦੇ ਇਕ ਥੋੜ੍ਹਚਿਰੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਪ੍ਰਤੀਤ ਹੁੰਦਾ ਹੈ, ਜਿਸ ਨੂੰ ਅਸਲ ਰਾਜਨੀਤੀ ਨਾਂ ਦੇ ਇਕ ਭੇਤ ਭਰੇ ਯੁੱਧ ਦੇ ਨਾਂ ’ਚ ਲੁਕਾਇਆ ਗਿਆ ਹੈ।
ਖੇਤਰੀ ਗਤੀਸ਼ੀਲਤਾ ਨੂੰ ਮੁੜ ਪਰਿਭਾਸ਼ਿਤ ਕਰਦਾ-ਪਾਕਿਸਤਾਨ ਕਾਰਕ : ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੁਤਾਕੀ ਦੀ ਇਹ ਯਾਤਰਾ ਤਾਲਿਬਾਨ-ਪਾਕਿਸਤਾਨ ਸੰਬੰਧਾਂ ਦੇ ਵਿਗੜਨ ਦੇ ਸਮੇਂ ਹੋਈ ਹੈ, ਜੋ ਮੁੱਖ ਤੌਰ ’ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਵਿਰੁੱਧ ਕਾਰਵਾਈ ਦੀਆਂ ਇਸਲਾਮਾਬਾਦ ਦੀਆਂ ਮੰਗਾਂ ਦੇ ਕਾਰਨ ਉਭਰੇ ਹਨ। ਇਸ ਦੇ ਵਿਗੜਦੇ ਰਿਸ਼ਤੇ ਦੇ ਸਿੱਟੇ ਵਜੋਂ ਭਾਰਤ ਨੂੰ ਅਫਗਾਨ ਮਾਮਲਿਆਂ ’ਚ ਪਾਕਿਸਤਾਨ ਦੇ ਰਵਾਇਤੀ ਏਕਾਧਿਕਾਰ ਦਾ ਲਾਭ ਉਠਾਉਣ ਅਤੇ ਵੱਖ-ਵੱਖ ਤਰੀਕਿਆਂ ਨਾਲ ਕਾਬੁਲ ਦੇ ਨਾਲ ਸਿੱਧਾ ਜੁੜਾਅ ਸਥਾਪਤ ਕਰਨ ਦਾ ਇਕ ਅਨੋਖਾ ਮੌਕਾ ਮਿਲ ਸਕਦਾ ਹੈ।
ਇਸ ਤੋਂ ਇਲਾਵਾ, ਇਹ ਤ੍ਰਾਸਦੀ ਹੀ ਹੈ ਕਿ 7-10 ਮਈ 2025 ਦੀਆਂ ਗਤੀਸ਼ੀਲ ਕਾਰਵਾਈਆਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਮਾਸਕੋ ਫਾਰਮੈਟ ਸਹਿਮਤੀ ਦੇ ਨਾਲ ਇਕਜੁੱਟ ਹੋ ਗਏ। ਹਾਲਾਂਕਿ, ਭਾਰਤ ਨੂੰ ਅਫਗਾਨਿਸਤਾਨ ਦੇ ਨਾਲ ਇਸ ਤਰ੍ਹਾਂ ਜੁੜਨਾ ਚਾਹੀਦਾ ਹੈ, ਜਿਸ ਨਾਲ ਪਾਕਿਸਤਾਨ ਦੀ ਅਫਗਾਨਿਸਤਾਨ ’ਚ ਉਸ ‘ਰੂਪਕਾਤਮਕ ਰਣਨੀਤੀ ਡੂੰਘਾਈ’ ਦੀ ਭਾਲ ’ਤੇ ਪ੍ਰਭਾਵੀ ਤੋਰ ’ਤੇ ਰੋਕ ਲੱਗ ਜਾਵੇ, ਜਿਸ ਦੀ ਭਾਲ ਉਹ 1979 ’ਚ ਅਫਗਾਨਿਸਤਾਨ ’ਚ ਸੋਵੀਅਤ ਹਮਲੇ ਦੇ ਸਮੇਂ ਤੋਂ ਕਰਦਾ ਆ ਰਿਹਾ ਹੈ। ਪਾਕਿਸਤਾਨ ਲਈ ਤਾਲਿਬਾਨ ਨਾਲ ਭਾਰਤ ਦੀ ਆਹਮੋ-ਸਾਹਮਣੇ ਦੀ ਕੂਟਨੀਤਿਕ ਪਹੁੰਚ ਭੂ-ਰਾਜਨੀਤਿਕ ਮਾੜੇ ਸੁਫਨੇ ਦਾ ਆਧਾਰ ਹੈ।
ਵਿਆਪਕ ਭੂ-ਰਾਜਨੀਤਿਕ ਸੰਦਰਭ-ਵਿਰੋਧੀ-ਸਰਹੱਦੀ ਗੱਠਜੋੜ : ਮਾਸਕੋ ਸੰਯੁਕਤ ਬਿਆਨ ਅਤੇ ਮੁਤਾਕੀ ਦੀ ਫੇਰੀ ਨੂੰ ਅੰਤਰਰਾਸ਼ਟਰੀ ਸੰਬੰਧਾਂ ਦੇ ਇਕ ਵਿਆਪਕ ਪਰਿਵਰਤਨ ਦੇ ਸੰਦਰਭ ਵਿਚ ਸਮਝਿਆ ਜਾਣਾ ਚਾਹੀਦਾ ਹੈ, ਜੋ 4 ਫਰਵਰੀ, 2022 ਨੂੰ ਚੀਨ-ਰੂਸ ‘ਸਰਹੱਦਾਂ ਤੋਂ ਬਿਨਾਂ ਭਾਈਵਾਲੀ’ ਦੇ ਐਲਾਨ ਨਾਲ ਆਕਾਰ ਲੈਣ ਲੱਗ ਪਿਆ ਸੀ। ਇਹ ਪ੍ਰਾਇਮਰੀ ਸਾਂਝੇਦਾਰੀ ਪੱਛਮੀ ਸਰਦਾਰੀ ਦੇ ਯੋਜਨਾਬੱਧ ਵਿਰੋਧ ਦੇ ਵਿਚਾਰਧਾਰਕ ਅਾਧਾਰ ਨੂੰ ਜੁਟਾਉਂਦੀ ਹੈ ਅਤੇ ਸੁਝਾਅ ਦਿੰਦੀ ਹੈ ਕਿ ‘ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦੀਆਂ ਕੋਈ ਸੀਮਾਵਾਂ ਨਹੀਂ ਹਨ। ਸਹਿਯੋਗ ਦੇ ਕੋਈ ‘ਵਰਜਿਤ’ ਖੇਤਰ ਨਹੀਂ ਹਨ।’’ ਇਸ ਦੇ ਉਲਟ, ਇਹ ਨੇੜਤਾ ਭਾਰਤ ਲਈ ਇਕ ਰਣਨੀਤਿਕ ਝਟਕਾ ਹੈ।
ਹਾਲੀਆ ਘਟਨਾਵਾਂ, ਜਿਸ ਵਿਚ ਚੀਨ-ਰੂਸ-ਉੱਤਰੀ ਕੋਰੀਆ ਧੁਰੇ ਦਾ ਉਭਾਰ, ਇਸ ਦੇ ਕਾਰਜਸ਼ੀਲ ਫੌਜੀ ਸਹਿਯੋਗ, ਭਾਰਤ ਨਾਲ ਹਾਲ ਹੀ ਵਿਚ ਹੋਏ ਟਕਰਾਅ ਦੌਰਾਨ ਪਾਕਿਸਤਾਨ ਨੂੰ ਚੀਨ ਦਾ ਸਿੱਧਾ ਫੌਜੀ ਸਮਰਥਨ ਅਤੇ ਈਰਾਨ-ਸਾਊਦੀ ਅਰਬ ਸ਼ਾਂਤੀ ਸਮਝੌਤੇ ਦਾ ਸਫਲ ਸੰਚਾਲਨ ਸ਼ਾਮਲ ਹੈ, ਇਕ ‘ਉਥਲ-ਪੁਥਲ ਦਾ ਧੁਰੀ ਦਾ ਨਿਰਮਾਣ ਕਰਦੇ ਹਨ, ਜੋ ਕਿ ਕਈ ਖੇਤਰਾਂ ਵਿਚ ਪੱਛਮੀ ਦਬਦਬੇ ਨੂੰ ਚੁਣੌਤੀ ਦਿੰਦੇ ਹੋਏ ਅਸਲ ਵਿਚ ਭਾਰਤ ਦੇ ਘੱਟ ਸਮੇਂ ਤੋਂ ਲੰਮੇ ਸਮੇਂ ਦੇ ਰਣਨੀਤਿਕ ਹਿੱਤਾਂ ਵਿਚ ਨਹੀਂ ਹੈ।
ਇਸ ਲਈ, ਮੁਤਾਕੀ ਨੂੰ ਭਾਰਤ ਦਾ ਸੱਦਾ ਅਤੇ ਮਾਸਕੋ ਫਾਰਮੈਟ ਵਿਚ ਇਸ ਦੀ ਭਾਗੀਦਾਰੀ ਇਸ ਵਿਰੋਧੀ-ਆਗੂ ਬਲਾਕ ਨਾਲ ਜੁੜਨ ਦੀ ਉਸ ਦੀ ਇੱਛਾ ਨੂੰ ਦਰਸਾਉਂਦੀ ਹੈ, ਜਦੋਂ ਵੀ ਇਹ ਆਪਣੇ ਹਿੱਤ ਵਿਚ ਸਮਝਦਾ ਹੈ, ਭਾਵੇਂ ਇਹ ਕੁਆਡ ਅਤੇ ਹੋਰ ਅਜਿਹੇ ਢਾਂਚੇ ਵਿਚ ਵੱਖ-ਵੱਖ ਪੱਛਮੀ ਸ਼ਕਤੀਆਂ ਨਾਲ ਰਣਨੀਤਿਕ ਭਾਈਵਾਲੀ ਨੂੰ ਅੱਗੇ ਵਧਾ ਰਿਹਾ ਹੋਵੇ।
ਅਫਗਾਨਿਸਤਾਨ ਦੀ ਭੂਗੋਲਿਕ ਸਥਿਤੀ ਭਾਰਤ ਨੂੰ ਪਾਕਿਸਤਾਨ ’ਤੇ ਨਿਰਭਰ ਕੀਤੇ ਬਿਨਾਂ ਮੱਧ ਏਸ਼ੀਆਈ ਊਰਜਾ ਸਰੋਤਾਂ ਅਤੇ ਬਾਜ਼ਾਰਾਂ ਤੱਕ ਸਿੱਧੀ ਪਹੁੰਚ ਪ੍ਰਦਾਨ ਕਰ ਸਕਦੀ ਹੈ। ਇਸ ਉਦੇਸ਼ ਲਈ ਭਾਰਤ ਨੂੰ ਨਾ ਸਿਰਫ਼ ਚਾਬਹਾਰ ਬੰਦਰਗਾਹ ਦੀ ਗਤੀਸ਼ੀਲਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਸਗੋਂ ਈਰਾਨ ਰਾਹੀਂ ਅਫਗਾਨਿਸਤਾਨ ਲਈ ਨਵੇਂ ਰਸਤੇ ਵਿਕਸਿਤ ਕਰਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ।
ਸਿੱਟਾ : ਭਾਰਤ ਦੀ ਮੁਕਾਬਲੇਬਾਜ਼ ਸ਼ਕਤੀ ਸਮੂਹਾਂ ਵਿਚਕਾਰ ਗੁੰਝਲਦਾਰ ਸਬੰਧਾਂ ਨੂੰ ਨੈਵੀਗੇਟ ਕਰਨ ਅਤੇ ਆਪਣੇ ਖੇਤਰੀ ਉਦੇਸ਼ਾਂ ਨੂੰ ਅੱਗੇ ਵਧਾਉਣ ਦੀ ਯੋਗਤਾ ਆਉਣ ਵਾਲੇ ਸਾਲਾਂ ਵਿਚ ਸਖ਼ਤੀ ਨਾਲ ਪਰਖੀ ਜਾਵੇਗੀ। ਕਿਸੇ ਵੀ ਵਿਸ਼ਵ ਵਿਵਸਥਾ ਦੀ ਅਣਹੋਂਦ ਭਾਰਤ ਨੂੰ ਬੇਮਿਸਾਲ ਚੁਣੌਤੀਆਂ ਦੇ ਨਾਲ-ਨਾਲ ਵਿਲੱਖਣ ਮੌਕਿਆਂ ਦਾ ਸਾਹਮਣਾ ਵੀ ਕਰਦੀ ਹੈ।
–ਮਨੀਸ਼ ਤਿਵਾੜੀ
‘ਤਿਉਹਾਰਾਂ ’ਚ ਰੰਗ ਵਿਚ ਭੰਗ ਪਾਉਣ’ ਲਈ ਦੇਸ਼ ’ਚ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
NEXT STORY