ਅਹਿਮਦਾਬਾਦ ਵਿਚ ਹੋਏ ਭਿਆਨਕ ਜਹਾਜ਼ ਹਾਦਸੇ ਤੋਂ ਬਾਅਦ ਭਾਰਤ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਇਕ ਉੱਚ-ਪੱਧਰੀ ਕਮੇਟੀ ਬਣਾਈ ਹੈ ਅਤੇ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਵੀ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ਹੋਰ ਵਿਦੇਸ਼ੀ ਜਾਂਚ ਏਜੰਸੀਆਂ ਨੇ ਵੀ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੋਇੰਗ ਹਵਾਈ ਜਹਾਜ਼ਾਂ ਦੇ ਨਿਰਮਾਣ ਵਿਚ ਇਕ ਰਸੂਖਦਾਰ ਕੰਪਨੀ ਹੈ। ਇਸ ਦੇ ਬਾਵਜੂਦ, ਬੋਇੰਗ ਦੀ ਕਾਰਜਕੁਸ਼ਲਤਾ ’ਤੇ ਸਵਾਲ ਖੜ੍ਹੇ ਹੋਏ ਹਨ। ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਬੋਇੰਗ ਕੰਪਨੀ ਦਾ ਹੀ ਇਕ ਇੰਜੀਨੀਅਰ ਜੌਨ ਬਾਰਨੇਟ, ਜਿਸ ਨੇ ਬੋਇੰਗ ਦੀਆਂ ਅੰਦਰੂਨੀ ਸਮਰੱਥਾਵਾਂ ’ਤੇ ਮਹੱਤਵਪੂਰਨ ਸਵਾਲ ਖੜ੍ਹੇ ਕੀਤੇ ਸਨ, ਉਹ 2024 ਵਿਚ ਬੋਇੰਗ ਕੰਪਨੀ ਦੀ ਕਾਰ ਪਾਰਕਿੰਗ ਵਿਚ ਰਹੱਸਮਈ ਹਾਲਾਤ ਵਿਚ ਮ੍ਰਿਤਕ ਪਾਇਆ ਗਿਆ ਸੀ।
ਜਦੋਂ ਪਾਇਲਟ ਦੀ ਵੀ ਜਹਾਜ਼ ਹਾਦਸੇ ਵਿਚ ਮੌਤ ਹੋ ਜਾਂਦੀ ਹੈ, ਤਾਂ ਇਹ ਇਕ ਆਮ ਵਰਤਾਰਾ ਹੈ ਕਿ ਸ਼ਕਤੀਸ਼ਾਲੀ ਲਾਬੀਆਂ ਮਿਲ ਕੇ ਜਾਂਚ ਨੂੰ ਇਸ ਤਰੀਕੇ ਨਾਲ ਮੋੜ ਦਿੰਦੀਆਂ ਹਨ ਕਿ ਪਾਇਲਟ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਕਿਉਂਕਿ ਉਹ ਹੁਣ ਆਪਣਾ ਪੱਖ ਪੇਸ਼ ਕਰਨ ਲਈ ਜ਼ਿੰਦਾ ਨਹੀਂ ਹੁੰਦਾ। ਇਸ ਲਈ, ਇਹ ਜ਼ਰੂਰੀ ਹੈ ਕਿ ਸਾਰੀਆਂ ਜਾਂਚ ਏਜੰਸੀਆਂ ਪੂਰੀ ਇਮਾਨਦਾਰੀ ਨਾਲ ਇਸ ਹਾਦਸੇ ਦੀ ਜਾਂਚ ਕਰਨ।
12 ਜੂਨ, 2025 ਨੂੰ ਅਹਿਮਦਾਬਾਦ ਵਿਚ ਹੋਏ ਭਿਆਨਕ ਜਹਾਜ਼ ਹਾਦਸੇ ਵਿਚ ਬਚੇ ਵਿਸ਼ਵਾਸ ਕੁਮਾਰ ਰਮੇਸ਼ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਏਅਰ ਇੰਡੀਆ ਫਲਾਈਟ ਏ. ਆਈ.-171 ਦੇ ਇਸ ਦੁਖਦਾਈ ਹਾਦਸੇ ਵਿਚ 242 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਵਿਚੋਂ 241 ਦੀ ਮੌਤ ਹੋ ਗਈ ਅਤੇ ਸਿਰਫ਼ ਇਕ ਯਾਤਰੀ ਵਿਸ਼ਵਾਸ ਕੁਮਾਰ ਰਮੇਸ਼ ਜਿਊਂਦਾ ਬਚਿਆ। ਇਹ ਘਟਨਾ ਜਹਾਜ਼ ਹਾਦਸਿਆਂ ਵਿਚੋਂ ਬਚੇ ਇਕੱਲੇ ਲੋਕਾਂ ਦੀਆਂ ਉਨ੍ਹਾਂ ਅਸਾਧਾਰਨ ਕਹਾਣੀਆਂ ਵਿਚੋਂ ਇਕ ਹੈ, ਜੋ ਨਾ ਸਿਰਫ਼ ਚਮਤਕਾਰ ਨੂੰ ਦਰਸਾਉਂਦੀਆਂ ਹਨ ਸਗੋਂ ਮਨੁੱਖਾਂ ਦੀ ਲਚਕਤਾ ਅਤੇ ਕਿਸਮਤ ਦੀ ਅਨਿਸ਼ਚਿਤਤਾ ਨੂੰ ਵੀ ਉਜਾਗਰ ਕਰਦੀਆਂ ਹਨ।
ਵਿਸ਼ਵਾਸ ਕੁਮਾਰ ਰਮੇਸ਼ ਭਾਰਤੀ ਮੂਲ ਦਾ 40 ਸਾਲਾ ਬ੍ਰਿਟਿਸ਼ ਨਾਗਰਿਕ ਹੈ। ਉਸ ਦਿਨ ਉਹ ਸੀਟ ਨੰਬਰ 11ਏ ’ਤੇ ਬੈਠਾ ਸੀ, ਜੋ ਕਿ ਐਮਰਜੈਂਸੀ ਐਗਜ਼ਿਟ ਦਰਵਾਜ਼ੇ ਦੇ ਨੇੜੇ ਸੀ। ਹਾਦਸੇ ਤੋਂ ਤੁਰੰਤ ਬਾਅਦ ਵਿਸ਼ਵਾਸ ਨੇ ਭਾਰਤੀ ਮੀਡੀਆ ਨੂੰ ਦੱਸਿਆ ਕਿ ‘‘ਮੈਂ ਸਮਝ ਨਹੀਂ ਪਾ ਰਿਹਾ ਕਿ ਮੈਂ ਕਿਵੇਂ ਬਚਿਆ। ਸਭ ਕੁਝ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ। ਮੈਂ ਸੋਚਿਆ ਸੀ ਕਿ ਮੈਂ ਵੀ ਮਰ ਜਾਵਾਂਗਾ, ਪਰ ਜਦੋਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਮੈਂ ਆਪਣੇ ਆਪ ਨੂੰ ਜ਼ਿੰਦਾ ਪਾਇਆ।’’ ਉਸ ਨੇ ਕਿਹਾ ਕਿ ਉਸ ਦੀ ਸੀਟ ਦੇ ਨੇੜੇ ਦਾ ਹਿੱਸਾ ਜ਼ਮੀਨ ’ਤੇ ਡਿੱਗ ਪਿਆ ਅਤੇ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਟੁੱਟ ਗਿਆ, ਜਿਸ ਕਾਰਨ ਉਹ ਬਾਹਰ ਨਿਕਲਣ ਦੇ ਯੋਗ ਹੋ ਗਿਆ। ਜਹਾਜ਼ ਦਾ ਦੂਜਾ ਹਿੱਸਾ ਇਮਾਰਤ ਦੀ ਕੰਧ ਨਾਲ ਟਕਰਾ ਗਿਆ, ਜਿਸ ਕਾਰਨ ਉੱਥੋਂ ਨਿਕਲਣਾ ਅਸੰਭਵ ਸੀ।
ਜਹਾਜ਼ ਹਾਦਸਿਆਂ ’ਚ ਇਕੱਲੇ ਬਚੇ ਲੋਕਾਂ ਦੀਆਂ ਕਹਾਣੀਆਂ ਬਹੁਤ ਘੱਟ ਮਿਲਦੀਆਂ ਹਨ, ਪਰ ਉਹ ਮਨੁੱਖੀ ਦ੍ਰਿੜ੍ਹਤਾ ਦੀ ਸ਼ਕਤੀ ਅਤੇ ਕਈ ਵਾਰ ਕਿਸਮਤ ਦੀ ਸ਼ਕਤੀ ਨੂੰ ਦਰਸਾਉਂਦੀਆਂ ਹਨ। ਇਤਿਹਾਸ ਨੇ ਕੁਝ ਘਟਨਾਵਾਂ ਦਰਜ ਕੀਤੀਆਂ ਹਨ ਜਿੱਥੇ ਇਕੱਲਾ ਬਚਿਆ ਹੋਇਆ ਵਿਅਕਤੀ ਮਿਲਿਆ ਹੈ। ਜੂਲੀਅਨ ਕੋਏਪਕੇ ਇਕ 17 ਸਾਲਾ ਜਰਮਨ ਕੁੜੀ ਸੀ ਜੋ 1971 ਵਿਚ ਪੇਰੂ ਦੇ ਐਮਾਜ਼ਾਨ ਜੰਗਲ ਵਿਚ ਲਾਂਸਾ ਫਲਾਈਟ 508 ਦੇ ਹਾਦਸੇ ਦੀ ਇਕੋ-ਇਕ ਜਿਊਂਦੀ ਬਚੀ ਸੀ। ਜਹਾਜ਼ 10,000 ਫੁੱਟ ਦੀ ਉਚਾਈ ਤੋਂ ਡਿੱਗਿਆ ਅਤੇ ਜੂਲੀਅਨ ਆਪਣੀ ਸੀਟ ਨਾਲ ਬੱਝੀ ਹੋਈ ਜੰਗਲ ਵਿਚ ਡਿੱਗ ਗਈ।
ਗੰਭੀਰ ਸੱਟਾਂ ਦੇ ਬਾਵਜੂਦ, ਉਹ 11 ਦਿਨਾਂ ਤੱਕ ਜੰਗਲ ਵਿਚ ਭਟਕਦੀ ਰਹੀ ਅਤੇ ਅੰਤ ਵਿਚ ਮਦਦ ਪਹੁੰਚਣ ’ਤੇ ਉਸ ਨੂੰ ਬਚਾਇਆ ਗਿਆ। ਉਸ ਦੀ ਕਹਾਣੀ ਹਿੰਮਤ ਅਤੇ ਬਚਣ ਦੀ ਇੱਛਾ ਸ਼ਕਤੀ ਦਾ ਪ੍ਰਤੀਕ ਬਣ ਗਈ। ਇਕ ਸਰਬੀਆਈ ਫਲਾਈਟ ਅਟੈਂਡੈਂਟ ਵੇਸਨਾ ਵੁਲੋਵਿਚ, ਜੋ 1972 ਵਿਚ ਜੇ. ਏ. ਟੀ. ਫਲਾਈਟ 367 ਦੇ ਮੱਧ-ਹਵਾ ’ਚ ਹੋਏ ਧਮਾਕੇ ਤੋਂ ਬਾਅਦ ਇਕਲੌਤੀ ਜਿਊਂਦੀ ਬਚੀ ਸੀ। ਉਹ 33,000 ਫੁੱਟ ਦੀ ਉਚਾਈ ਤੋਂ ਡਿੱਗਣ ਦੇ ਬਾਵਜੂਦ ਬਚ ਗਈ, ਜੋ ਕਿ ਇਕ ਗਿਨੀਜ਼ ਵਰਲਡ ਰਿਕਾਰਡ ਹੈ। ਵੇਸਨਾ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਉਹ ਠੀਕ ਹੋ ਗਈ ਅਤੇ ਬਾਅਦ ਵਿਚ ਉਸ ਨੇ ਆਪਣੀ ਕਹਾਣੀ ਸਾਂਝੀ ਕੀਤੀ।
ਜਹਾਜ਼ ਹਾਦਸਿਆਂ ਤੋਂ ਇਲਾਵਾ, ਹੋਰ ਦੁਖਦਾਈ ਹਾਦਸਿਆਂ ਵਿਚ ਇਕੱਲੇ ਬਚੇ ਲੋਕਾਂ ਦੀਆਂ ਕਹਾਣੀਆਂ ਵੀ ਸਾਹਮਣੇ ਆਈਆਂ ਹਨ। 1912 ਵਿਚ ਟਾਈਟੈਨਿਕ ਦੇ ਡੁੱਬਣ ਨਾਲ ਬਹੁਤ ਸਾਰੀਆਂ ਜਾਨਾਂ ਗਈਆਂ ਪਰ ਕੁਝ ਲੋਕ, ਜਿਵੇਂ ਕਿ ਮਿਲਵੀਨਾ ਡੀਨ, ਜੋ ਉਸ ਸਮੇਂ ਸਿਰਫ ਦੋ ਮਹੀਨੇ ਦੀ ਸੀ, ਬਚ ਗਈ। ਉਹ ਇਸ ਦੁਖਾਂਤ ਤੋਂ ਬਚਣ ਵਾਲੇ ਆਖਰੀ ਲੋਕਾਂ ਵਿਚੋਂ ਸੀ। 2004 ਦੀ ਹਿੰਦ ਮਹਾਸਾਗਰ ਸੁਨਾਮੀ ਦੀ ਕੁਦਰਤੀ ਆਫ਼ਤ ਨੇ ਲੱਖਾਂ ਲੋਕਾਂ ਨੂੰ ਮਾਰ ਦਿੱਤਾ, ਪਰ ਕੁਝ ਲੋਕ ਜਿਵੇਂ ਕਿ ਇਕ ਇੰਡੋਨੇਸ਼ੀਆਈ ਆਦਮੀ ਜੋ ਲਹਿਰਾਂ ਦੁਆਰਾ ਸਮੁੰਦਰ ਵਿਚ ਵਹਿ ਗਿਆ ਸੀ, ਚਮਤਕਾਰੀ ਢੰਗ ਨਾਲ ਬਚ ਗਿਆ।
ਵਿਸ਼ਵਾਸ ਕੁਮਾਰ ਰਮੇਸ਼ ਦਾ ਬਚਣਾ ਕਈ ਕਾਰਕਾਂ ਦਾ ਨਤੀਜਾ ਹੋ ਸਕਦਾ ਹੈ। ਐੱਮ. ਆਈ. ਟੀ. ਦੇ ਏਅਰੋਨੌਟਿਕਸ ਮਾਹਿਰ ਪ੍ਰੋਫੈਸਰ ਜੌਨ ਹੈਂਸਮੈਨ ਦੇ ਅਨੁਸਾਰ, ਜਹਾਜ਼ ਹਾਦਸੇ ’ਚੋਂ ਬਚਣ ਦੀ ਸੰਭਾਵਨਾ ਸੀਟ ਦੀ ਸਥਿਤੀ, ਹਾਦਸੇ ਦੀ ਕਿਸਮ ਅਤੇ ਤੇਜ਼ ਫੈਸਲਾ ਲੈਣ ’ਤੇ ਨਿਰਭਰ ਕਰਦੀ ਹੈ। ਵਿਸ਼ਵਾਸ ਦੀ ਸੀਟ ਐਮਰਜੈਂਸੀ ਐਗਜ਼ਿਟ ਦੇ ਨੇੜੇ ਸੀ ਜੋ ਬਿਨਾਂ ਕਿਸੇ ਵੱਡੇ ਨੁਕਸਾਨ ਦੇ ਜ਼ਮੀਨ ’ਤੇ ਜਾ ਡਿੱਗੀ ਅਤੇ ਉਸ ਨੂੰ ਬਾਹਰ ਨਿਕਲਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ, ਉਸ ਦੀ ਤੇਜ਼ ਪ੍ਰਤੀਕਿਰਿਆ ਅਤੇ ਕਿਸਮਤ ਨੇ ਵੀ ਉਸ ਦੀ ਜਾਨ ਬਚਾਈ। ਵਿਸ਼ਵਾਸ ਕੁਮਾਰ ਰਮੇਸ਼ ਦੀ ਕਹਾਣੀ, ਹੋਰ ਇਕੱਲੇ ਬਚੇ ਲੋਕਾਂ ਵਾਂਗ, ਸਾਨੂੰ ਜ਼ਿੰਦਗੀ ਦੀ ਨਾਜ਼ੁਕਤਾ ਅਤੇ ਚਮਤਕਾਰਾਂ ਦੀ ਸੰਭਾਵਨਾ ਦੀ ਯਾਦ ਦਿਵਾਉਂਦੀ ਹੈ। ਇਹ ਕਹਾਣੀਆਂ ਨਾ ਸਿਰਫ਼ ਪ੍ਰੇਰਣਾਦਾਇਕ ਹਨ ਸਗੋਂ ਹਵਾਬਾਜ਼ੀ ਸੁਰੱਖਿਆ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਨੂੰ ਵੀ ਉਜਾਗਰ ਕਰਦੀਆਂ ਹਨ।
–ਵਿਨੀਤ ਨਾਰਾਇਣ
ਬੋਇੰਗ ਦੀ ਕਾਰਜ ਸਮਰੱਥਾ ’ਤੇ ਉੱਠਦੇ ਸਵਾਲ!
NEXT STORY