ਆਉਂਦੀ 22 ਜਨਵਰੀ ਨੂੰ ਅਯੁੱਧਿਆ ’ਚ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ-ਪ੍ਰਤਿੱਸ਼ਠਾ ਨੂੰ ਲੈ ਕੇ ਜੋ ਵਿਵਾਦ ਪੈਦਾ ਹੋਏ ਹਨ ਉਸ ’ਚ ਸਭ ਤੋਂ ਅਹਿਮ ਹੈ ਸ਼ੰਕਰਾਚਾਰੀਆਂ ਦਾ ਉਹ ਬਿਆਨ ਜਿਸ ’ਚ ਉਨ੍ਹਾਂ ਇਸ ਸਮਾਰੋਹ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਵਿਰੋਧ ਇਸ ਗੱਲ ਨੂੰ ਲੈ ਕੇ ਹੈ ਕਿ ਇਸ ਪ੍ਰਾਣ-ਪ੍ਰਤਿੱਸ਼ਠਾ ਪ੍ਰੋਗਰਾਮ ’ਚ ਵੈਦਿਕ ਨਿਯਮਾਂ ਦੀ ਬੇਧਿਆਨੀ ਕੀਤੀ ਜਾ ਰਹੀ ਹੈ। ਗੋਵਰਧਨ ਪੀਠ (ਪੁਰੀ, ਓਡਿਸ਼ਾ) ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਜੀ ਦਾ ਕਹਿਣਾ ਹੈ ਕਿ, ‘‘ਮੰਦਰ ਨਹੀਂ, ਸਿਖਰ ਨਹੀਂ, ਸਿਖਰ ’ਚ ਕਲਸ਼ ਨਹੀਂ, ਕੁੰਭ ਅਭਿਸ਼ੇਕ ਤੋਂ ਬਿਨਾਂ ਮੂਰਤੀ ਪ੍ਰਤਿੱਸ਼ਠਾ?’’ ਪ੍ਰਾਣ-ਪ੍ਰਤਿੱਸ਼ਠਾ ਤੋਂ ਬਾਅਦ ਪ੍ਰਭੂ ਸ਼੍ਰੀ ਰਾਮ ਜੀ ਦੇ ਸ਼ੀਰਸ਼ ’ਤੇ ਚੜ੍ਹ ਕੇ ਜਦੋਂ ਰਾਜ ਮਜ਼ਦੂਰ ਸਿਖਰ ’ਤੇ ਕਲਸ਼ ਦਾ ਨਿਰਮਾਣ ਕਰਨਗੇ ਤਾਂ ਇਸ ਨਾਲ ਭਗਵਾਨ ਦੇ ਵਿਗ੍ਰਹਿ ਦਾ ਨਿਰਾਦਰ ਹੋਵੇਗਾ। ਬਾਕੀ ਸ਼ੰਕਰਾਚਾਰੀਆਂ ਨੇ ਵੀ ਵੈਦਿਕ ਨਿਯਮਾਂ ਨਾਲ ਹੀ ਪ੍ਰਾਣ-ਪ੍ਰਤਿੱਸ਼ਠਾ ਦੀ ਮੰਗ ਕੀਤੀ ਹੈ। ਅਜਿਹੇ ਹੀ ਕਈ ਕਾਰਨਾਂ ਕਾਰਨ ਸਵਾਮੀ ਅਵੀਮੁਕਤੇਸ਼ਵਰਾਨੰਦ ਜੀ ਨੇ ਵੀ ਇਸ ਸਮਾਰੋਹ ਦੀ ਆਲੋਚਨਾ ਕੀਤੀ ਹੈ। ਇਸ ਵਿਵਾਦ ਦੇ ਦੋ ਪੱਖ ਹਨ ਜਿਨ੍ਹਾਂ ’ਤੇ ਇੱਥੇ ਚਰਚਾ ਕਰਾਂਗੇ।
ਪਹਿਲਾ ਪੱੱਖ ਇਹ ਹੈ ਕਿ ਇਹ ਚਾਰੇ ਸ਼ੰਕਰਾਚਾਰੀਆ ਬਿਨਾਂ ਕਿਸੇ ਵਿਵਾਦ ਤੋਂ ਸਨਾਤਨ ਧਰਮ ਦੇ ਸਰਵਉੱਚ ਅਧਿਕਾਰਤ ਮਾਰਗ ਨਿਰਦੇਸ਼ਕ ਹਨ। ਸਦੀਆਂ ਤੋਂ ਪੂਰੇ ਦੇਸ਼ ਦਾ ਸਨਾਤਨ ਧਰਮ ਸਮਾਜ ਇਨ੍ਹਾਂ ਦੀ ਆਗਿਆ ਨੂੰ ਸਭ ਤੋਂ ਉਪਰ ਮੰਨਦਾ ਆਇਆ ਹੈ। ਕਿਸੇ ਧਾਰਮਿਕ ਵਿਸ਼ੇ ’ਤੇ ਜੇ ਭਾਈਚਾਰਿਆਂ ਦਰਮਿਆਨ ਮਤਭੇਦ ਹੋ ਜਾਣ ਤਾਂ ਉਸ ਦਾ ਨਿਪਟਾਰਾ ਵੀ ਇਹੀ ਸ਼ੰਕਰਾਚਾਰੀਆ ਕਰਦੇ ਆਏ ਹਨ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਸੰਨਿਆਸ ਦੀ ਕਿਸ ਪ੍ਰੰਪਰਾ ਤੋਂ ਆਉਂਦੇ ਹਨ। ਆਦਿਸ਼ੰਕਰਾਚਾਰੀਆ ਨੇ ਵੀ ਇਸ ਭੇਤ ਨੂੰ ਖਤਮ ਕਰ ਦਿੱਤਾ ਸੀ।
ਉਦੋਂ ਉਨ੍ਹਾਂ ਨੇ ‘ਅਹਮ ਬ੍ਰਹਾਸਿਮ’ ਦਾ ਤੱਤ ਗਿਆਨ ਦੇਣ ਦੇ ਬਾਵਜੂਦ ‘ਵਿਸ਼ਨੂੰ ਸ਼ਟਪਦੀ ਸਨੋਤਰ’ ਦੀ ਰਚਨਾ ਕੀਤੀ ਅਤੇ ‘ਭਜ ਗੋਵਿੰਦਮ’ ਗਾਇਆ। ਇਸ ਲਈ ਪੁਰੀ ਸ਼ੰਕਰਾਚਾਰੀਆ ਜੀ ਦਾ ਦੋਸ਼ ਗੰਭੀਰ ਹੈ ਕਿ 22 ਜਨਵਰੀ ਨੂੰ ਹੋਣ ਵਾਲਾ ਪ੍ਰਾਣ-ਪ੍ਰਤਿੱਸ਼ਠਾ ਪ੍ਰੋਗਰਾਮ ਸਨਾਤਨ ਹਿੰਦੂ ਧਰਮ ਦੇ ਸਿਧਾਂਤਾਂ ਵਿਰੁੱਧ ਹੈ। ਇਸ ਲਈ ਹਿੰਦੂਆਂ ਦਾ ਉਹ ਵਰਗ ਜੋ ਸਨਾਤਨ ਧਰਮ ਦੇ ਸਿਧਾਂਤਾਂ ’ਤੇ ਆਸਥਾ ਰੱਖਦਾ ਹੈ, ਪੁਰੀ ਸ਼ੰਕਰਾਚਾਰੀਆ ਨਾਲ ਸਹਿਮਤ ਹੈ। ਸ਼ੰਕਰਾਚਾਰੀਆ ਜੀ ਨੇ ਇਸ ਤਰ੍ਹਾਂ ਕੀਤੇ ਜਾ ਰਹੇ ਪ੍ਰਾਣ-ਪ੍ਰਤਿੱਸ਼ਠਾ ਪ੍ਰੋਗਰਾਮ ਦੇ ਭਿਆਨਕ ਨਤੀਜੇ ਸਾਹਮਣੇ ਆਉਣ ਦੀ ਚਿਤਾਵਨੀ ਵੀ ਦਿੱਤੀ ਹੈ।
ਓਧਰ ਦੂਜਾ ਪੱਖ ਆਪਣੀ ਦਲੀਲ ਲੈ ਕੇ ਖੜ੍ਹ ਹੈ। ਇਸ ਪੱਖ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਕ ਮਜ਼ਬੂਤ ਇੱਛਾਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਅਤੇ ਸਭ ਸੰਵਿਧਾਨਕ ਵਿਵਸਥਾਵਾਂ ਨੂੰ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਵਿੰਨ੍ਹਦੇ ਹੋਏ ਇਸ ਵਿਸ਼ਾਲ ਮੰਦਰ ਦੀ ਉਸਾਰੀ ਕਰਵਾਈ ਹੈ ਅਤੇ ਇਸ ਤਰ੍ਹਾਂ ਭਾਜਪਾ ਹਮਾਇਤੀ ਹਿੰਦੂ ਸਮਾਜ ਨੂੰ ਇਕ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਤੋਹਫਾ ਦਿੱਤਾ ਹੈ। ਇਸ ਲਈ ਉਨ੍ਹਾਂ ਦੇ ਯਤਨਾਂ ’ਚ ਨੁਕਸ ਨਹੀਂ ਕੱਢਣੇ ਚਾਹੀਦੇ। ਇਸ ਪੱਖ ਦਾ ਇਹ ਵੀ ਕਹਿਣਾ ਹੈ ਕਿ ਪਿਛਲੀਆਂ 2 ਸਦੀਆਂ ’ਚ ਭਾਰਤ ’ਚ ਜੈਨ ਧਰਮ, ਬੋਧ ਧਰਮ, ਸਨਾਤਨ ਧਰਮ, ਸਿੱਖ ਧਰਮ ਜਾਂ ਇਸਲਾਮ ਉਦੋਂ ਹੀ ਵੱਡੇ ਪੱਧਰ ’ਤੇ ਫੈਲ ਸਕੇ ਜਦੋਂ ਉਨ੍ਹਾਂ ਨੂੰ ਰਾਜਾਸ਼੍ਰੇਯ ਮਿਲਿਆ। ਜਿਸ ਤਰ੍ਹਾਂ ਸਮਰਾਟ ਅਸ਼ੋਕ ਮੌਰਿਆ ਨੇ ਬੋਧ ਧਰਮ ਫੈਲਾਇਆ ਅਤੇ ਸਮਰਾਟ ਚੰਦਰਗੁਪਤ ਨੇ ਜੈਨ ਧਰਮ ਨੂੰ ਅਪਣਾਇਆ। ਬਾਅਦ ’ਚ ਉਨ੍ਹਾਂ ਇਸ ਦੇ ਪਸਾਰ ’ਚ ਸਹਿਯੋਗ ਦਿੱਤਾ।
ਕੁਸ਼ਾਣ ਰਾਜਾ ਨੇ ਪਹਿਲਾਂ ਸਨਾਤਨ ਧਰਮ ਅਪਣਾਇਆ, ਫਿਰ ਬੋਧ ਧਰਮ ਦਾ ਪ੍ਰਚਾਰ ਕੀਤਾ। ਇਸੇ ਤਰ੍ਹਾਂ ਮੁਸਲਮਾਨ ਹੁਕਮਰਾਨਾਂ ਨੇ ਇਸਲਾਮ ਨੂੰ ਸਰਪ੍ਰਸਤੀ ਦਿੱਤੀ ਅਤੇ ਅੰਗ੍ਰੇਜ਼ੀ ਹੁਕਮਰਾਨਾਂ ਨੇ ਇਸਾਈਅਤ ਦੀ। ਇਸ ਲੜੀ ’ਚ ਅੱਜ ਨਰਿੰਦਰ ਮੋਦੀ, ਰਾਸ਼ਟਰੀ ਸਵੈਮਸੇਵਕ ਸੰਘ ਅਤੇ ਭਾਜਪਾ ਰਾਜ ਸੱਤਾ ਦੀ ਵਰਤੋਂ ਕਰ ਕੇ ਹਿੰਦੂਤਵ ਦੀ ਵਿਚਾਰਧਾਰਾ ਨੂੰ ਸਥਾਪਿਤ ਕਰ ਰਹੇ ਹਨ। ਇਸੇ ਲਈ ਹਿੰਦੂਆਂ ਦਾ ਇਕ ਅਹਿਮ ਹਿੱਸਾ ਉਨ੍ਹਾਂ ਨਾਲ ਡਟ ਕੇ ਖੜ੍ਹਾ ਹੈ ਪਰ ਇਸ ਦੇ ਨਾਲ ਹੀ ਦੇਸ਼ ’ਚ ਇਹ ਵਿਵਾਦ ਵੀ ਚੱਲ ਰਿਹਾ ਹੈ ਕਿ ਹਿੰਦੂਤਵ ਦੀ ਇਸ ਵਿਚਾਰਧਾਰਾ ’ਚ ਸਨਾਤਨ ਧਰਮ ਦੇ ਮੂਲ ਸਿਧਾਂਤਾਂ ਦੀ ਬੇਧਿਆਨੀ ਹੋ ਰਹੀ ਹੈ। ਇਸ ਦਾ ਜ਼ਿਕਰ ਹਿੰਦੂ ਧਰਮ ਸਮਰਾਟ ਸਵਾਮੀ ਕਰਪਾਤਰੀ ਜੀ ਮਹਾਰਾਜ ਨੇ 1960 ਦੇ ਦਹਾਕੇ ’ਚ ਲਿਖੀ ਆਪਣੀ ਕਿਤਾਬ ‘ਆਰ. ਐੱਸ. ਐੱਸ. ਔਰ ਹਿੰਦੂ ਧਰਮ’ ’ਚ ਸ਼ਾਸਤਰਾਂ ਦੇ ਸਬੂਤਾਂ ਦੇ ਆਧਾਰ ’ਤੇ ਬਹੁਤ ਸਪੱਸ਼ਟ ਢੰਗ ਨਾਲ ਕੀਤਾ ਸੀ।
ਜਿਸ ਤਰ੍ਹਾਂ ਦੇ ਬਿਆਨ ਬੀਤੇ 20 ਸਾਲਾਂ ’ਚ ਆਰ. ਐੱਸ. ਐੱਸ. ਦੇ ਸਰਸੰਘਚਾਲਕ ਅਤੇ ਭਾਜਪਾ ਦੇ ਚੋਟੀ ਦੇ ਆਗੂਆਂ ਨੇ ਦਿੱਤੇ ਹਨ, ਤੋਂ ਸਪੱਸ਼ਟ ਹੈ ਕਿ ਹਿੰਦੂਤਵ ਦੀ ਉਨ੍ਹਾਂ ਦੀ ਆਪਣੀ ਕਲਪਨਾ ਹੈ, ਜਿਸ ਦੇ ਕੇਂਦਰ ’ਚ ਹਿੰਦੂ ਰਾਸ਼ਟਰਵਾਦ ਹੈ। ਇਸ ਲਈ ਉਹ ਆਪਣੇ ਹਰ ਕੰਮ ਨੂੰ ਸਹੀ ਠਹਿਰਾਉਣ ਦਾ ਯਤਨ ਕਰਦੇ ਹਨ, ਭਾਵੇਂ ਉਹ ਵੈਦਿਕ ਸਨਾਤਨ ਧਰਮ ਦੀਆਂ ਮਾਨਤਾਵਾਂ ਅਤੇ ਆਸਥਾਵਾਂ ਦੇ ਉਲਟ ਹੀ ਕਿਉਂ ਨਾ ਹੋਵੇ। ਆਰ. ਐੱਸ. ਐੱਸ. ਅਤੇ ਸਨਾਤਨ ਧਰਮ ਦਰਮਿਆਨ ਇਹ ਵਿਚਾਰਕ ਸੰਘਰਸ਼ ਕਈ ਦਹਾਕਿਆਂ ਤੋਂ ਚਲਿਆ ਆ ਰਿਹਾ ਹੈ। ਅਯੁੱਧਿਆ ਦਾ ਮੌਜੂਦਾ ਵਿਵਾਦ ਵੀ ਇਸੇ ਮਤਭੇਦ ’ਚੋਂ ਪੈਦਾ ਹੋਇਆ ਹੈ।
ਫਿਰ ਵੀ ਹਿੰਦੂਆਂ ਦਾ ਇਹ ਵਰਗ ਇਸ ਲਈ ਵੀ ਉਤਸ਼ਾਹਿਤ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਿੰਦੂਤਵ ਦੇ ਜਿਹੜੇ ਟੀਚਿਆਂ ਨੂੰ ਲੈ ਕੇ ਗਾਂਧੀਨਗਰ ਤੋਂ ਦਿੱਲੀ ਤੱਕ ਦੀ ਦੂਰੀ ਤੈਅ ਕੀਤੀ ਸੀ, ਉਨ੍ਹਾਂ ਨੂੰ ਉਹ ਇਕ-ਇਕ ਕਰ ਕੇ ਪਾਉਣ ’ਚ ਸਫਲ ਹੋ ਰਹੇ ਹਨ। ਇਸ ਲਈ ਹਿੰਦੂਆਂ ਦਾ ਇਹ ਵਰਗ ਮੋਦੀ ਜੀ ਨੂੰ ਆਪਣਾ ਹੀਰੋ ਮੰਨਦਾ ਹੈ। ਇਸ ਬੇਹੱਦ ਉਤਸ਼ਾਹ ਦਾ ਇਕ ਕਾਰਨ ਇਹ ਵੀ ਹੈ ਕਿ ਪਹਿਲੇ ਪ੍ਰਧਾਨ ਮੰਤਰੀਆਂ ਨੇ ਧਰਮ ਦੇ ਮਾਮਲੇ ’ਚ ਸਹਿ-ਹੋਂਦ ਨੂੰ ਕੇਂਦਰ ’ਚ ਰੱਖ ਕੇ ਸੰਤੁਲਿਤ ਨੀਤੀ ਅਪਣਾਈ। ਇਸ ਸੂਚੀ ’ਚ ਭਾਜਪਾ ਦੇ ਆਗੂ ਅਟਲ ਬਿਹਾਰੀ ਵਾਜਪਾਈ ਵੀ ਸ਼ਾਮਲ ਹਨ, ਜਿਨ੍ਹਾਂ ਨੇ ‘ਰਾਜ ਧਰਮ’ ਦੀ ਗੱਲ ਕਹੀ ਸੀ ਪਰ ਮੋਦੀ ਜੀ ਦੂਜੀ ਮਿੱਟੀ ਦੇ ਬਣੇ ਹਨ। ਉਹ ਜੋ ਠਾਣ ਲੈਂਦੇ ਹਨ ਉਹ ਕਰ ਕੇ ਦਿਖਾਉਂਦੇ ਹਨ। ਫਿਰ ਉਹ ਨਿਯਮਾਂ ਅਤੇ ਆਲੋਚਨਾਵਾਂ ਦੀ ਪ੍ਰਵਾਹ ਨਹੀਂ ਕਰਦੇ। ਇਸ ਲਈ ਜਿੱਥੇ ਨੋਟਬੰਦੀ, ਬੇਰੋਜ਼ਗਾਰੀ ਅਤੇ ਮਹਿੰਗਾਈ ਵਰਗੇ ਮੁੱਦਿਆਂ ’ਤੇ ਉਹ ਆਪਣਾ ਐਲਾਨਿਆ ਟੀਚਾ ਹਾਸਲ ਨਹੀਂ ਕਰ ਸਕੇ, ਉੱਥੇ ਦੂਜੇ ਕੁਝ ਮੋਰਚਿਆਂ ’ਤੇ ਉਨ੍ਹਾਂ ਨੇ ਆਪਣੀ ਸਫਲਤਾ ਦੇ ਝੰਡੇ ਵੀ ਗੱਡੇ ਹਨ। ਅਜਿਹੇ ’ਚ ਪ੍ਰਾਣ-ਪ੍ਰਤਿੱਸ਼ਠਾ ਸਮਾਰੋਹ ਨੂੰ ਆਪਣੀ ਤਰ੍ਹਾਂ ਆਯੋਜਿਤ ਕਰਨ ’ਚ ਉਨ੍ਹਾਂ ਨੂੰ ਕੋਈ ਝਿਜਕ ਨਹੀਂ ਹੈ ਕਿਉਂਕਿ ਇਹ ਉਨ੍ਹਾਂ ਦੇ ਸਿਆਸੀ ਟੀਚੇ ਦੀ ਪ੍ਰਾਪਤੀ ਦਾ ਇਕ ਜ਼ਰੀਆ ਹੈ। ਦੇਸ਼ ਦੀ ਅਧਿਆਤਮਕ ਚੇਤਨਾ ਨੂੰ ਵਿਕਸਿਤ ਕਰਨਾ ਉਨ੍ਹਾਂ ਦੇ ਇਸ ਪ੍ਰੋਗਰਾਮ ਦਾ ਮਕਸਦ ਨਹੀਂ ਹੈ।
ਰਹੀ ਗੱਲ ਮਾਣਯੋਗ ਸ਼ੰਕਰਾਚਾਰੀਆ ਦੇ ਸਿਧਾਂਤਕ ਮਤਭੇਦ ਦੀ ਤਾਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਹਿੰਦੂ ਸਮਾਜ ਨੇ ਇਨ੍ਹਾਂ ਸਰਵਉੱਚ ਧਰਮ ਗੁਰੂਆਂ ਕੋਲੋਂ ਵੈਦਿਕ ਆਚਰਣ ਸਿੱਖਣ ਦਾ ਕੋਈ ਯਤਨ ਨਹੀਂ ਕੀਤਾ। ਉੱਥੇ ਪਿਛਲੇ 100 ਸਾਲਾਂ ’ਚ ਸ਼ੰਕਰਾਚਾਰੀਆਂ ਵੱਲੋਂ ਵੀ ਹਿੰਦੂ ਸਮਾਜ ਨੂੰ ਜੋੜਨ ਦਾ ਕੋਈ ਯਤਨ ਨਹੀਂ ਕੀਤਾ ਗਿਆ। ਕਾਰਨ ਸਨਾਤਨ ਧਰਮ ਦੇ ਸਿਖਰ ਪੁਰਸ਼ ਹੋਣ ਦੇ ਨਾਤੇ ਸ਼ੰਕਰਾਚਾਰੀਆਂ ਦੀ ਆਪਣੀ ਮਰਿਆਦਾ ਹੁੰਦੀ ਹੈ ਜਿਸ ਦੀ ਉਹ ਦੁਰਵਰਤੋਂ ਨਹੀਂ ਕਰ ਸਕਦੇ ਸਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਬਹੁਗਿਣਤੀ ਹਿੰਦੂ ਸਮਾਜ ਦੀ ਨਾ ਤਾਂ ਅਧਿਆਤਮਕ ਡੂੰਘਾਈ ’ਚ ਰੁਚੀ ਹੈ ਅਤੇ ਨਾ ਹੀ ਉਨ੍ਹਾਂ ਦੀ ਸਮਰੱਥਾ। ਉਨ੍ਹਾਂ ਲਈ ਆਸਥਾ ਦਾ ਕਾਰਨ ਅਧਿਆਤਮਕ ਤੋਂ ਜ਼ਿਆਦਾ ਧਾਰਮਿਕ ਮਨੋਰੰਜਨ ਅਤੇ ਭਾਵਨਾਤਮਕ ਸੁਰੱਖਿਆ ਪਾਉਣ ਦਾ ਜ਼ਰੀਆ ਹੈ ਪਰ ਜੇ ਰਾਜਸੱਤਾ ਅਸਲ ’ਚ ਸਨਾਤਨ ਧਰਮ ਦੀ ਸਥਾਪਨਾ ਕਰਨਾ ਚਾਹੁੰਦੀ ਤਾਂ ਉਹ ਸ਼ੰਕਰਾਚਾਰੀਆਂ ਨੂੰ ਢੁੱਕਵਾਂ ਸਨਮਾਨ ਦਿੰਦੀ ਪਰ ਅਜਿਹਾ ਨਹੀਂ ਹੈ।
ਹਿੰਦੂਤਵ ਦੀ ਵਿਚਾਰਧਾਰਾ ਭਾਰਤ ਦੇ ਹਜ਼ਾਰਾਂ ਸਾਲਾਂ ਤੋਂ ਚਲੀਆਂ ਆ ਰਹੀਆਂ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਦੀ ਸਥਾਪਨਾ ਲਈ ਸਮਰਪਿਤ ਨਹੀਂ ਹੈ। ਇਹ ਇਕ ਸਿਆਸੀ ਵਿਚਾਰਧਾਰਾ ਹੈ ਜਿਸ ਦੇ ਆਪਣੇ ਨਿਯਮ ਹਨ ਅਤੇ ਆਪਣੇ ਹੀ ਨਿਸ਼ਾਨੇ ਹਨ। ਸ਼੍ਰੀ ਰਾਮ ਜਨਮਭੂਮੀ ਮੁਕਤੀ ਅੰਦੋਲਨ ਨੂੰ ਖੜ੍ਹਾ ਕਰਨ ਲਈ ਆਰ. ਐੱਸ. ਐੱਸ., ਵਿਹਿਪ ਅਤੇ ਭਾਜਪਾ ਨੇ ਹਰ ਸੰਤ ਅਤੇ ਭਾਈਚਾਰੇ ਦਾ ਦਰਵਾਜ਼ਾ ਖੜਕਾਇਆ ਸੀ। ਸਭ ਸੰਤਾਂ ਅਤੇ ਭਾਈਚਾਰਿਆਂ ਨੇ ਸਰਗਰਮ ਹੋ ਕੇ ਇਸ ਅੰਦੋਲਨ ਨੂੰ ਭਰੋਸੇਯੋਗਤਾ ਪ੍ਰਦਾਨ ਕੀਤੀ ਸੀ। ਇਹ ਮੰਦਭਾਗੀ ਗੱਲ ਹੈ ਕਿ ਅੱਜ ਸ਼ੰਕਰਾਚਾਰੀਆਂ ਵਰਗੇ ਕਈ ਸਨਮਾਨਿਤ ਸੰਤ ਅਤੇ ਵਿਹਿਪ, ਆਰ. ਐੱਸ. ਐੱਸ. ਤੇ ਭਾਜਪਾ ਆਹਮੋ-ਸਾਹਮਣੇ ਖੜ੍ਹੇ ਹੋ ਗਏ ਹਨ।
ਵਿਨੀਤ ਨਾਰਾਇਣ
ਮਾੜੇ ਪ੍ਰਬੰਧਾਂ ਦਾ ਸ਼ਿਕਾਰ ਪੰਜਾਬ ਦੀਆਂ ਜੇਲ੍ਹਾਂ, ਭੀੜ ਵੱਧ, ਸੁਰੱਖਿਆ ਮੁਲਾਜ਼ਮ ਘੱਟ
NEXT STORY