ਇਕ ਪਾਸੇ ਸਮਾਜ ਵਿਰੋਧੀ ਤੱਤਾਂ ਵੱਲੋਂ ਬੈਂਕਾਂ ਵਿਚ ਲੁੱਟ ਮਚਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਕੁਝ ਬੈਂਕ ਅਧਿਕਾਰੀ ਅਤੇ ਮੁਲਾਜ਼ਮ ਵੀ ‘ਅਮਾਨਤ ’ਚ ਖਿਆਨਤ’ ਕਰ ਕੇ ਬੈਂਕਾਂ ਨੂੰ ਲੁੱਟਣ ਲੱਗੇ ਹੋਏ ਹਨ ਜਿਸ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 19 ਅਗਸਤ ਨੂੰ ਸਿਰਮੌਰ (ਹਿਮਾਚਲ ਪ੍ਰਦੇਸ਼) ਵਿਚ ‘ਨੋਹਰਾਧਾਰ ਸਟੇਟ ਸਹਿਕਾਰੀ ਬੈਂਕ’ ਵਿਚ ਫਰਜ਼ੀ ਕਰਜ਼ਾ ਖਾਤੇ ਖੋਲ੍ਹ ਕੇ 4.2 ਕਰੋੜ ਰੁਪਏ ਦੇ ਘਪਲੇ ਵਿਚ ਬੈਂਕ ਪ੍ਰਬੰਧਨ ਵੱਲੋਂ ਦੋਸ਼ੀ ਸਹਾਇਕ ਪ੍ਰਬੰਧਕ ਦੀ ਮੁਅੱਤਲੀ ਅਤੇ ਪੁਲਸ ਵੱਲੋਂ ਗ੍ਰਿਫ਼ਤਾਰੀ ਪਿੱਛੋਂ ਬ੍ਰਾਂਚ ਵਿਚ ਕੰਮ ਕਰਦੇ 6 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ। ਇਸ ਤੋਂ ਇਲਾਵਾ 10 ਮੁਲਾਜ਼ਮਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰਨ ਦੇ ਨਾਲ-ਨਾਲ ਸਾਰੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ।
*20 ਅਕਤੂਬਰ ਨੂੰ ਗੁਰੂਗ੍ਰਾਮ (ਹਰਿਆਣਾ) ਪੁਲਸ ਨੇ ਇਕ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਦੇ ਮਾਮਲੇ ਵਿਚ ਪੀ. ਐੱਨ. ਬੀ. ਦੇ ਇਕ ਮੁਲਾਜ਼ਮ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਬੈਂਕ ਮੁਲਾਜ਼ਮ ਸਟਾਕ ਮਾਰਕੀਟ ਵਿਚ ਇਨਵੈਸਟਮੈਂਟ ਦੇ ਨਾਂ ’ਤੇ ਠੱਗੀ ਕਰਨ ਵਾਲੇ ਸਾਈਬਰ ਠੱਗਾਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਂਦਾ ਸੀ।
* 27 ਅਕਤੂਬਰ ਨੂੰ ਪੁਲਸ ਨੇ ਰਾਂਚੀ (ਝਾਰਖੰਡ) ਵਿਚ ‘ਊਰਜਾ ਨਿਗਮ’ ਦੇ ਕਰੋੜਾਂ ਰੁਪਿਆਂ ਦੀ ਨਾਜਾਇਜ਼ ਨਿਕਾਸੀ ਕਰ ਕੇ ਇਕ ਬਿਲਡਰ ਨੂੰ ਦੇਣ ਦੇ ਮਾਮਲੇ ਵਿਚ ਰਾਂਚੀ ਦੇ ਬਿਰਸਾ ਚੌਕ ਸਥਿਤ ‘ਸੈਂਟਰਲ ਬੈਂਕ ਆਫ ਇੰਡੀਆ’ ਦੇ ਮੈਨੇਜਰ ‘ਲੋਲਸ ਲਕੜਾ’ ਨੂੰ ਗ੍ਰਿਫ਼ਤਾਰ ਕਰ ਕੇ ਉਸਦੇ ਟਿਕਾਣੇ ਤੋਂ 37.18 ਲੱਖ ਰੁਪਏ ਬਰਾਮਦ ਕੀਤੇ।
ਇਸ ਕਾਂਡ ਵਿਚ ਹੁਣ ਤਕ 47 ਕਰੋੜ 20 ਲੱਖ ਰੁਪਏ ਵੱਖ-ਵੱਖ ਖਾਤਿਆਂ ਵਿਚ ਫ੍ਰੀਜ਼ ਕੀਤੇ ਗਏ ਹਨ। ‘ਊਰਜਾ ਨਿਗਮ’ ਨੇ 4 ਅਕਤੂਬਰ ਨੂੰ 56 ਕਰੋੜ 50 ਲੱਖ ਰੁਪਏ ਦੀ ਨਿਕਾਸੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰਵਾਇਆ ਸੀ। ਇਸ ਸਿਲਸਿਲੇ ਵਿਚ ਹੁਣ ਤਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
* 9 ਨਵੰਬਰ ਨੂੰ ਬੁਲੰਦਸ਼ਹਿਰ (ਉੱਤਰ ਪ੍ਰਦੇਸ਼) ਵਿਚ ‘ਪੀ.ਐੱਨ.ਬੀ.’, ਮੋਹਰਸਾ ਦੇ ਕੁਝ ਮੁਲਾਜ਼ਮਾਂ ਵੱਲੋਂ ਧੋਖੇ ਨਾਲ ਇਕ ਜਮ੍ਹਾਕਰਤਾ ਦੇ ਜਾਅਲੀ ਦਸਤਖਤ ਕਰ ਕੇ ਉਸਦੇ ਖਾਤੇ ਵਿਚੋਂ 5.82 ਲੱਖ ਰੁਪਏ ਕਢਵਾਉਣ ਦੇ ਦੋਸ਼ ਵਿਚ ‘ਖਪਤਕਾਰ ਕਮਿਸ਼ਨ ਅਦਾਲਤ’ ਨੇ ਕਢਵਾਈ ਗਈ ਰਕਮ ਵਿਆਜ ਸਮੇਤ ਜਮ੍ਹਾਕਰਤਾ ਨੂੰ ਵਾਪਸ ਕਰਨ ਦਾ ਬੈਂਕ ਨੂੰ ਹੁਕਮ ਦਿੱਤਾ।
* 17 ਨਵੰਬਰ ਨੂੰ ਕਵਰਧਾ (ਛੱਤੀਸਗੜ੍ਹ) ਵਿਚ ਸਥਿਤ ਸਹਿਕਾਰੀ ਕੇਂਦਰੀ ਬੈਂਕ ਦੇ ਮੁਲਾਜ਼ਮਾਂ ਅਤੇ ਦਲਾਲਾਂ ਨੇ ਮਿਲ ਕੇ ਧੋਖਾਦੇਹੀ ਰਾਹੀਂ ‘ਬੈਗਾ ਆਦਵਿਾਸੀਆਂ’ ਦੇ ਨਾਂ ’ਤੇ ਲੱਖਾਂ ਰੁਪਏ ਦਾ ਲੋਨ ਕੱਢ ਲਿਆ।
* ਅਤੇ ਹੁਣ 22 ਨਵੰਬਰ ਨੂੰ ਪੰਜਾਬ ਵਿਜੀਲੈਂਸ ਬਿਊਰੋ, ਕਪੂਰਥਲਾ ਦੀ ਟੀਮ ਨੇ ਪੰਜਾਬ ਗ੍ਰਾਮੀਣ ਬੈਂਕ ਦੀ ਪਿੰਡ ‘ਭਾਣੋ ਲੰਗਾ’ (ਕਪੂਰਥਲਾ) ਸਥਿਤ ਬ੍ਰਾਂਚ ਵਿਚ 34,92,299 ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਵਿਚ ਸਾਬਕਾ ਮੈਨੇਜਰ ਪ੍ਰਮੋਦ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ 2022 ਤੋਂ ਫ਼ਰਾਰ ਚੱਲ ਰਿਹਾ ਸੀ।
ਦੋਸ਼ ਹੈ ਕਿ ਉਕਤ ਮੈਨੇਜਰ ਨੇ ਬੈਂਕ ਵਿਚ ਆਪਣੀ ਤਾਇਨਾਤੀ ਦੌਰਾਨ ਆਪਣੀ ਬ੍ਰਾਂਚ ਵਿਚ ਤਾਇਨਾਤ ਕਲਰਕ ਜਗਦੀਸ਼ ਸਿੰਘ ਅਤੇ ਕਲਰਕ ਰਜਨੀ ਬਾਲਾ ਦੇ ਬੈਂਕ ਵਿਚ ਵਰਤੇ ਜਾਣ ਵਾਲੇ ‘ਪਾਸਵਰਡ’ ਅਤੇ ‘ਯੂਜ਼ਰ ਆਈ. ਡੀ.’ ਦੀ ਦੁਰਵਰਤੋਂ ਕਰ ਕੇ ਆਪਣੇ ਹੀ ਬੈਂਕ ਵਿਚੋਂ ਕੁੱਲ 12 ਵੱਖ-ਵੱਖ ਖਾਤਾਧਾਰਕਾਂ ਦੇ ਖਾਤਿਆਂ ਵਿਚੋਂ ਵੱਖ-ਵੱਖ ਤਰੀਕਾਂ ਨੂੰ 26 ਟ੍ਰਾਂਜ਼ੈਕਸ਼ਨਾਂ ਰਾਹੀਂ ਹੇਰਾਫੇਰੀ ਨਾਲ ਇਹ ਰਕਮ ਕੱਢ ਲਈ।
*22 ਨਵੰਬਰ ਨੂੰ ਹੀ ਉੱਤਰ ਪ੍ਰਦੇਸ਼ ਪੁਲਸ ਦੀ ਕਾਨਪੁਰ ਸਾਈਬਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਲੋਕਾਂ ਦੀਆਂ ਬੰਦ ਪਈਆਂ ਬੀਮਾ ਪਾਲਿਸੀਆਂ ਫਿਰ ਤੋਂ ਸ਼ੁਰੂ ਕਰਵਾਉਣ ਦੇ ਨਾਂ ’ਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਨਿੱਜੀ ਬੈਂਕਾਂ ਵਿਚ ਮੈਨੇਜਰ ਦੇ ਤੌਰ ’ਤੇ ਕੰਮ ਕਰਦੇ ਪਤੀ-ਪਤਨੀ ਨੂੰ ਗ੍ਰੇਟਰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ।
ਪੁਲਸ ਨੇ ਦੋਵਾਂ ਦੇ ਬੈਂਕ ਖਾਤਿਆਂ ਵਿਚ ਮੌਜੂਦ 11.34 ਲੱਖ ਰੁਪਏ ਫ੍ਰੀਜ਼ ਕਰਨ ਤੋਂ ਇਲਾਵਾ 5 ਲੱਖ ਦੀ ਜਿਊਲਰੀ, ਇਕ ਲੱਖ ਰੁਪਏ ਨਕਦ, 8 ਫੋਨ, 12 ਵੱਖ-ਵੱਖ ਫਰਮਾਂ ਅਤੇ ਵਿਭਾਗਾਂ ਦੀਆਂ ਮੋਹਰਾਂ, ਸਵਾਈਪ ਮਸ਼ੀਨ ਅਤੇ ਕਾਰ ਜ਼ਬਤ ਕੀਤੀ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਉਹ ਦੋਵੇਂ ‘ਜਸਟ ਡਾਇਲ’ ਸਾਈਟ ਤੋਂ ਡਾਟਾ ਖਰੀਦ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ।
ਇਸ ਤਰ੍ਹਾਂ ਦੀਆਂ ਘਟਨਾਵਾਂ ਬੈਂਕਾਂ ਲਈ ਬੇਹੱਦ ਚਿੰਤਾ ਵਾਲੀਆਂ ਹਨ। ਇਸ ਨਾਲ ਬੈਂਕਾਂ ਦੀ ਸਾਖ ਵਿਚ ਗਿਰਾਵਟ ਆਉਂਦੀ ਹੈ। ਜੇਕਰ ਬੈਂਕ ਮੁਲਾਜ਼ਮ ਹੀ ਇਸ ਤਰ੍ਹਾਂ ਦੀ ਧੋਖਾਦੇਹੀ ਵਿਚ ਸ਼ਾਮਲ ਹੋਣਗੇ ਤਾਂ ਫਿਰ ਬੈਂਕਾਂ ਵਿਚ ਆਪਣੇ ਖੂਨ-ਪਸੀਨੇ ਦੀ ਕਮਾਈ ਜਮ੍ਹਾ ਕਰਵਾਉਣ ਵਾਲੇ ਲੋਕਾਂ ਦਾ ਵਿਸ਼ਵਾਸ ਕਵਿੇਂ ਕਾਇਮ ਰਹਿ ਸਕੇਗਾ! ਇਸ ਲਈ ਇਸ ਤਰ੍ਹਾਂ ਦੇ ਕਾਰਜਾਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਛੇਤੀ ਸਖ਼ਤ ਤੋਂ ਸਖ਼ਤ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
-ਵਿਜੇ ਕੁਮਾਰ
ਯੂ.ਪੀ. ਦੇ ਨਤੀਜੇ ਨਾਲ ਯੋਗੀ ਦੇ ਸਿਆਸੀ ਭਵਿੱਖ ’ਤੇ ਪਵੇਗਾ ਅਸਰ!
NEXT STORY