ਭਗਤ ਸਿੰਘ ਦੀ ਆਪਣੇ ਦਾਦਾ ਜੀ ਸ. ਅਰਜਨ ਸਿੰਘ ਨਾਲ ਖ਼ਤੋ-ਖ਼ਿਤਾਬਤ ਉਸੇ ਦਿਨ ਤੋਂ ਸ਼ੁਰੂ ਹੋ ਗਈ ਸੀ ਜਦੋਂ ਉਹ ਪੰਜਵੀਂ ਜਮਾਤ ਪਾਸ ਕਰਨ ਪਿੱਛੋਂ ਅਗਲੇਰੀ ਪੜ੍ਹਾਈ ਲਈ ਪਿੰਡੋਂ ਆ ਕੇ ਲਾਹੌਰ ਵਾਲੇ ਘਰ ਰਹਿਣ ਲੱਗ ਪਿਆ ਸੀ। ਨਿਸ਼ਚੇ ਹੀ ਦਾਦਾ ਜੀ ਵੀ ਉਸਦੀ ਉਦਾਸੀ ਨੂੰ ਸਮਝਦੇ ਸਨ ਅਤੇ ਉਸਦੀਆਂ ਚਿੱਠੀਆਂ ਦਾ ਜਵਾਬ ਦੇਣ ਵਿਚ ਦੇਰ ਨਹੀਂ ਸਨ ਲਾਉਂਦੇ। ਉਹ ਹਰ ਚਿੱਠੀ ਵਿਚ ਉਸਦਾ ਹਾਲ-ਚਾਲ ਪੁੱਛਦੇ ਤੇ ਪੜ੍ਹਾਈ ਸਬੰਧੀ ਜਾਣਕਾਰੀ ਲੈਂਦੇ ਰਹਿੰਦੇ ਸਨ। ਪਿੰਡ ਰਹਿੰਦਿਆਂ ਸ. ਅਰਜਨ ਸਿੰਘ ਇਸ ਹੋਣਹਾਰ ਬਾਲ ਦੇ ਰਾਹ ਦਰਸਾਵੇ ਵੀ ਸਨ ਤੇ ਦੋਸਤ ਵੀ। ਉਹ ਹਰ ਨਿੱਕੀ-ਵੱਡੀ ਗੱਲ ਦੀ ਜਾਣਕਾਰੀ ਉਨ੍ਹਾਂ ਤੋਂ ਲੈਂਦਾ ਸੀ ਤੇ ਕਈ ਵਾਰ ਉਨ੍ਹਾਂ ਨਾਲ ਹੀ ਬਾਲਪੁਣੇ ਦੀਆਂ ਖੇਡਾਂ ਖੇਡਣ ਲੱਗ ਜਾਂਦਾ ਸੀ। ਨਿੱਕੇ ਹੁੰਦਿਆਂ ਆਪਣੀਆਂ ਵੰਨ-ਸੁਵੰਨੀਆਂ ਮਿੱਠੀਆਂ ਪਿਆਰੀਆਂ ਤੋਤਲੀਆਂ ਕਰ ਕੇ ਉਹ ਚਾਚੀਆਂ ਦਾ ਵੀ ਲਾਡਲਾ ਬਣ ਗਿਆ ਸੀ। ਸਾਰੇ ਉਸ ਨੂੰ ‘ਭਾਗਾਂ ਵਾਲਾ’ ਕਹਿੰਦੇ ਸਨ ਕਿਉਂਕਿ ਉਸ ਦੇ ਜਨਮ ਤੋਂ ਕੁਝ ਦਿਨਾਂ ਮਗਰੋਂ ਹੀ ਅੰਦੋਲਨਕਾਰੀਆਂ ਦੀਆਂ ਰਿਹਾਈਆਂ ਸ਼ੁਰੂ ਹੋ ਗਈਆਂ ਸਨ। ਸ. ਅਜੀਤ ਸਿੰਘ ਦੀ ਜਲਾਵਤਨੀ ਨਵੰਬਰ 2007 ਵਿਚ ਟੁੱਟ ਗਈ ਸੀ ਅਤੇ ਸ. ਕਿਸ਼ਨ ਸਿੰਘ ਤੇ ਸਵਰਨ ਸਿੰਘ ਵੀ ਜੇਲੋਂ ਜ਼ਮਾਨਤਾਂ ਉਤੇ ਰਿਹਾਅ ਹੋ ਗਏ ਸਨ। ਵੇਖਦਿਆਂ ਹੀ ਵੇਖਦਿਆਂ ਸ. ਅਰਜਨ ਸਿੰਘ ਦਾ ਘਰ ਮੁੜ ਖ਼ੁਸ਼ੀਆਂ ਨਾਲ ਮਹਿਕਣ ਲੱਗਾ ਸੀ। ਦੇਸ਼ ਭਗਤ ਪਰਿਵਾਰ ਨੇ ਇਕੱਠੇ ਹੋ ਕੇ ਆਪਣੇ ਇਸ ਨੰਨ੍ਹੇ ਬਾਲ ਦਾ ਨਾਂ ‘ਭਗਤ ਸਿੰਘ’ ਰੱਖਿਆ ਸੀ।
ਬਾਲ ਭਗਤ ਸਿੰਘ ਉਦੋਂ ਚਾਰ ਵਰ੍ਹਿਆਂ ਦਾ ਸੀ ਜਦੋਂ ਉਸ ਨੂੰ ਆਪਣੇ ਪਿੰਡ ਬੰਗਾ, ਜ਼ਿਲਾ ਲਾਇਲਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੜ੍ਹਨੇ ਪਾਇਆ ਗਿਆ। ਉਥੇ ਉਸ ਨੇ 1917 ਵਿਚ ਪ੍ਰਾਇਮਰੀ ਪਾਸ ਕੀਤੀ। ਉਸ ਸਮੇਂ ਪਰਿਵਾਰ ਵਿਚ ਉਸਦਾ ਦਿਲ ਲਾਉਣ ਲਈ ਬਹੁਤ ਸਾਰੇ ਜੀਅ ਸਨ, ਦਾਦਾ-ਦਾਦੀ, ਮਾਤਾ-ਪਿਤਾ, ਚਾਚੀਆਂ। ਨਿੱਕੀ ਉਮਰੇ ਭਗਤ ਸਿੰਘ ਦਾ ਆਪਣੇ ਚਾਚਿਆਂ ਸਵਰਨ ਸਿੰਘ ਤੇ ਅਜੀਤ ਸਿੰਘ ਅਤੇ ਭਰਾ ਜਗਤ ਸਿੰਘ ਨਾਲ ਵੀ ਬੜਾ ਪਿਆਰ ਸੀ ਪਰ ਉਸ ਨੂੰ ਆਪਣੇ ਚਾਚੇ ਸਵਰਨ ਸਿੰਘ ਤੇ ਭਰਾ ਜਗਤ ਸਿੰਘ ਦਾ, ਉਨ੍ਹਾਂ ਦੇ ਛੇਤੀ ਸਵਰਗਵਾਸ ਹੋਣ ਕਰ ਕੇ ਥੋੜ੍ਹਾ ਚਿਰ ਹੀ ਸਾਥ ਮਿਲ ਸਕਿਆ। ਸ. ਅਰਜਨ ਸਿੰਘ ਦੇ ਪਰਿਵਾਰ ਉਤੇ ਆਰੀਆ ਸਮਾਜ ਦਾ ਕਾਫੀ ਪ੍ਰਭਾਵ ਸੀ ਕਿਉਂਕਿ ਇਹ ਉਸ ਵੇਲੇ ਛੂਤ-ਛਾਤ ਦੇ ਖ਼ਾਤਮੇ, ਲੜਕੀਆਂ ਦੀ ਵਿੱਦਿਆ ਅਤੇ ਸਮਾਜ ਭਲਾਈ ਦੀ ਗੱਲ ਕਰਦਾ ਸੀ। ਇਸੇ ਕਰ ਕੇ ਪਿੰਡ ਬੰਗਾ, ਜ਼ਿਲਾ ਲਾਇਲਪੁਰ ਦੇ ਸਕੂਲ ਵਿਚ ਪ੍ਰਾਇਮਰੀ ਪਾਸ ਕਰਨ ਪਿੱਛੋਂ ਅਗਲੀ ਪੜ੍ਹਾਈ ਲਈ ਭਗਤ ਸਿੰਘ ਨੂੰ ਆਰੀਆ ਸਮਾਜ ਵਲੋਂ ਚਲਾਏ ਜਾਂਦੇ ਦਯਾਨੰਦ ਐਂਗਲੋ ਵੈਦਿਕ (ਡੀ. ਏ. ਵੀ.) ਸਕੂਲ ਲਾਹੌਰ ਵਿਚ ਦਾਖਲ ਕਰਵਾਇਆ ਗਿਆ। ਡੀ. ਏ. ਵੀ. ਸਕੂਲਾਂ ਵਿਚ ਉਰਦੂ ਦੇ ਨਾਲ-ਨਾਲ ਹਿੰਦੀ ਤੇ ਸੰਸਕ੍ਰਿਤ ਵੀ ਪੜ੍ਹਾਈ ਜਾਂਦੀ ਸੀ ਪਰ ਪੰਜਾਬੀ ਨਹੀਂ ਸੀ ਪੜ੍ਹਾਈ ਜਾਂਦੀ। ਲਾਹੌਰ ਵਿਖੇ ਦਾਖਲਾ ਲੈਣ ਕਰ ਕੇ ਦਸ ਵਰ੍ਹਿਆਂ ਦੇ ਬਾਲ ਭਗਤ ਸਿੰਘ ਨੂੰ ਆਪਣੇ ਵੱਡੇ ਸਾਰੇ ਪਰਿਵਾਰ ਤੋਂ ਵਿਛੜਣਾ ਪਿਆ ਤੇ ਨਵਾਂ ਕੋਟ ਬਸਤੀ, ਲਾਹੌਰ ਆਉਣਾ ਪਿਆ। ਇਸ ਘਰ ਤੋਂ ਸ. ਕਿਸ਼ਨ ਸਿੰਘ ਪਹਿਲਾਂ ਹੀ ਸਿਆਸੀ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਸਨ। ਭਾਵੇਂ ਇਹ ਥਾਂ ਵੀ ਕਾਫੀ ਖੁੱਲ੍ਹੀ ਤੇ ਬਾਗ਼-ਬਗੀਚੇ ਵਾਲੀ ਸੀ ਪਰ ਭਗਤ ਸਿੰਘ ਲਈ ਕਾਫੀ ਓਪਰੀ ਸੀ। ਕਦੇ-ਕਦੇ ਉਹ ਆਪਣੀ ਬੇਬੇ ਜੀ (ਮਾਤਾ) ਨਾਲ ਪਿੰਡ ਜਾ ਕੇ ਜੀਆਂ ਨੂੰ ਮਿਲ ਵੀ ਆਉਂਦਾ ਸੀ ਪਰ ਛੇਤੀ ਹੀ ਫਿਰ ਪਿੰਡ ਦੀ ਯਾਦ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਪੈਂਦੀ ਸੀ।
ਇਹ ਸੰਨ 1918 ਦੀਆਂ ਬਰਸਾਤਾਂ ਦਾ ਮੌਸਮ ਸੀ ਜਦੋਂ ਸ. ਕਿਸ਼ਨ ਸਿੰਘ ਦੇ ਗਿਆਰ੍ਹਾਂ ਵਰ੍ਹਿਆਂ ਨੂੰ ਪਹੁੰਚੇ ਫਰਜ਼ੰਦ ਭਗਤ ਸਿੰਘ ਨੂੰ ਪਿੰਡੋਂ ਆਇਆਂ ਇਕ ਵਰ੍ਹੇ ਤੋਂ ਵੱਧ ਸਮਾਂ ਹੋ ਚੁੱਕਾ ਸੀ ਪਰ ਅਜੇ ਵੀ ਉਹ ਸ਼ਹਿਰ ਦੇ ਮਾਹੌਲ ਵਿਚ ਪੂਰੀ ਤਰ੍ਹਾਂ ਭਿੱਜਿਆ ਨਹੀਂ ਸੀ। ਉਹ ਗਰਮੀਆਂ ਦੀਆਂ ਛੁੱਟੀਆਂ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਹੋਣ ਤੇ ਕਦੋਂ ਪਿੰਡ ਜਾਵੇ ਤੇ ਜਾ ਕੇ ਹਾਣੀਆਂ ਨਾਲ ਮੀਹਾਂ ਵਿਚ ਖੇਡੇ। ਭਗਤ ਸਿੰਘ ਦੇ ਦਾਦਾ ਜੀ ਉਸ ਵੇਲੇ ਆਪਣੇ ਜੱਦੀ ਪਿੰਡ ਖਟਕੜ ਕਲਾਂ, ਜ਼ਿਲਾ ਜਲੰਧਰ (ਹੁਣ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਪਹੁੰਚੇ ਹੋਏ ਸਨ। ਖਟਕੜ ਕਲਾਂ ਵਿਖੇ ਵੀ ਉਨ੍ਹਾਂ ਦੀ ਜ਼ਮੀਨ-ਜਾਇਦਾਦ, ਨਜ਼ਦੀਕੀ ਸਬੰਧੀ ਅਤੇ ਬਰਾਦਰੀ ਸੀ। ਕਿਸੇ ਸਮੇਂ ਸ. ਅਰਜਨ ਸਿੰਘ ਨੂੰ ਵੀ ਆਪਣੇ ਸੁਪਨਿਆਂ ਨੂੰ ਅੰਜਾਮ ਦੇਣ ਲਈ ਪਿੰਡ ਖਟਕੜ ਕਲਾਂ ਛੱਡ ਕੇ ਲਾਇਲਪੁਰ ਜਾਣਾ ਪਿਆ ਸੀ। ਉਸ ਨੇ ਸਰਕਾਰ ਵਲੋਂ ਜੰਗਲ ਵਾਲੀ ਧਰਤੀ ਨੂੰ ਵਾਹੀਯੋਗ ਬਣਾਉਣ ਦੀ ਸਕੀਮ ਤਹਿਤ ਲਾਇਲਪੁਰ ਜ਼ਿਲੇ ਵਿਚ ਇਕ ਮੁਰੱਬਾ ਧਰਤੀ ਅਲਾਟ ਕਰਵਾ ਲਈ ਸੀ । ਇਸ ਕਰ ਕੇ ਅਜਿਹੇ ਵੇਲੇ ਆਪਣਿਆਂ ਤੋਂ ਵਿਛੜਣ ਦਾ ਦੁੱਖ ਅਤੇ ਦੂਰ ਹੋ ਗਏ ਮਿੱਤਰਾਂ-ਦੋਸਤਾਂ ਤੇ ਸਬੰਧੀਆਂ ਦੇ ਦਿਲ ਵਿਚ ਉਬਾਲੇ ਮਾਰਦੇ ਹੇਜ-ਪਿਆਰ ਤੋਂ ਉਹ ਭਲੀ-ਭਾਂਤ ਜਾਣੂ ਸਨ। ਉਹ ਅਕਸਰ ਆਪਣੀ ਥਾਂ ਭਗਤ ਸਿੰਘ ਨੂੰ ਰੱਖ ਕੇ ਉਸ ਦੀਆਂ ਭਾਵਨਾਵਾਂ ਮਹਿਸੂਸ ਕਰਦੇ ਸਨ ਤੇ ਉਸਦਾ ਦਿਲ ਲਾਉਣ ਲਈ ਚਿੱਠੀਆਂ ਪਾਉਂਦੇ ਰਹਿੰਦੇ ਸਨ। ਉਨ੍ਹਾਂ ਦੀਆਂ ਹੌਸਲੇ ਵਾਲੀਆਂ ਗੱਲਾਂ ਨਾਲ ਭਗਤ ਸਿੰਘ ਦਾ ਮਨ ਵਿਰਚ ਜਾਂਦਾ ਸੀ।
ਜੁਲਾਈ, 1918 ਦੇ ਅੱਧ ਕੁ ਵਿਚ ਬਾਲ ਭਗਤ ਸਿੰਘ ਨੂੰ ਦਾਦਾ ਜੀ ਸ. ਅਰਜਨ ਸਿੰਘ ਵਲੋਂ ਪਾਈ ਇਕ ਚਿੱਠੀ ਮਿਲੀ ਸੀ। ਇਸ ਨੂੰ ਪੜ੍ਹ ਕੇ ਉਹ ਦਾਦਾ ਜੀ ਨੂੰ ਪੜ੍ਹਾਈ ਵਿਚ ਆਪਣੀ ਕਾਰਗੁਜ਼ਾਰੀ ਦੱਸਣਾ ਚਾਹੁੰਦਾ ਸੀ ਪਰ ਉਦੋਂ ਦਿੱਕਤ ਇਹ ਸੀ ਕਿ ਉਸਦੇ ਫਸਟ ਮਿਡਲ ਜਮਾਤ (ਛੇਵੀਂ ਜਮਾਤ) ਦੇ ਇਮਤਿਹਾਨ ਦਾ ਨਤੀਜਾ ਨਹੀਂ ਸੀ ਆਇਆ। 21 ਜੁਲਾਈ ਨੂੰ ਜਦੋਂ ਉਸ ਨੂੰ ਆਪਣੇ ਕੁਝ ਪੇਪਰਾਂ ਦਾ ਨਤੀਜਾ ਹਾਸਲ ਹੋਇਆ ਸੀ ਤਾਂ ਅਗਲੇ ਹੀ ਦਿਨ ਉਹ ਖ਼ੁਸ਼ੀ ਵਾਲੀ ਇਹ ਗੱਲ ਚਿੱਠੀ ਰਾਹੀਂ ਦਾਦਾ ਜੀ ਨਾਲ ਸਾਂਝੀ ਕਰਨ ਬੈਠ ਗਿਆ ਸੀ। ਉਸ ਦੀ ਚਿੱਠੀ ਇਸ ਤਰ੍ਹਾਂ ਸੀ :
ਸਤਿਕਾਰਯੋਗ ਦਾਦਾ ਜੀ, ਨਮਸਤੇ
ਅਰਜ਼ ਇਹ ਹੈ ਕਿ ਆਪ ਜੀ ਦੀ ਚਿੱਠੀ ਮਿਲੀ, ਪੜ੍ਹ ਕੇ ਦਿਲ ਨੂੰ ਖੁਸ਼ੀ ਪ੍ਰਾਪਤ ਹੋਈ। ਇਮਤਿਹਾਨ (ਨਤੀਜੇ) ਬਾਰੇ ਗੱਲ ਇਹ ਹੈ ਕਿ ਮੈਂ ਪਹਿਲਾਂ ਆਪ ਜੀ ਨੂੰ ਇਸ ਕਰ ਕੇ ਨਹੀਂ ਲਿਖ ਸਕਿਆ, ਕਿਉਂਕਿ ਸਾਨੂੰ ਦੱਸਿਆ ਨਹੀਂ ਸੀ ਗਿਆ। ਹੁਣ ਸਾਨੂੰ ਅੰਗਰੇਜ਼ੀ ਅਤੇ ਸੰਸਕ੍ਰਿਤ ਦਾ ਨਤੀਜਾ ਦੱਸਿਆ ਗਿਆ ਹੈ। ਇਨ੍ਹਾਂ ਵਿਚ ਮੈਂ ਪਾਸ ਹੋ ਗਿਆ ਹਾਂ। ਸੰਸਕ੍ਰਿਤ ਵਿਚ ਮੇਰੇ 150 ਨੰਬਰਾਂ ਵਿਚੋਂ 110 ਆਏ ਹਨ। ਅੰਗਰੇਜ਼ੀ ਦੇ 150 ਵਿਚੋਂ 68 ਨੰਬਰ ਹਨ। ਜਿਹੜਾ 150 ਨੰਬਰਾਂ ਵਿਚੋਂ 50 ਨੰਬਰ ਲੈ ਜਾਵੇ ਉਹ ਪਾਸ ਹੁੰਦਾ ਹੈ। ਮੈਂ 68 ਨੰਬਰ ਲੈ ਕੇ ਵਧੀਆ ਪਾਸ ਹੋ ਗਿਆ ਹਾਂ। ਕਿਸੇ ਕਿਸਮ ਦੀ ਚਿੰਤਾ ਨਾ ਕਰਨੀ । ਬਾਕੀ ਨਤੀਜਾ ਅਜੇ ਦੱਸਿਆ ਨਹੀਂ ਗਿਆ। ਛੁੱਟੀਆਂ, 8 ਅਗਸਤ ਨੂੰ ਪਹਿਲੀ ਛੁੱਟੀ ਹੋਵੇਗੀ। ਆਪ ਜੀ ਕਦੋਂ ਆ ਰਹੇ ਹੋ, ਲਿਖਣ ਦੀ ਖੇਚਲ ਕਰਨਾ। ਤੁਹਾਡਾ ਤਾਬੇਦਾਰ - ਭਗਤ ਸਿੰਘ-ਫਸਟ ਮਿਡਲ ਕਲਾਸ।
ਚਿੱਠੀ ਦੀ ਇਬਾਰਤ ਤੋਂ ਸਪੱਸ਼ਟ ਹੈ ਕਿ ਬਾਲ ਭਗਤ ਸਿੰਘ ਦੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿਚ ਹੋਣ ਦੇ ਬਾਵਜੂਦ ਉਹ ਨਵੇਂ ਵਿਸ਼ਿਆਂ ਵਿਚ ਵੀ ਤੇਜ਼ੀ ਨਾਲ ਮੁਹਾਰਤ ਹਾਸਲ ਕਰ ਰਿਹਾ ਸੀ। ਅੰਗਰੇਜ਼ੀ ਅਤੇ ਸੰਸਕ੍ਰਿਤ ਦੇ ਵਿਸ਼ੇ ਉਸ ਨੇ ਇਸੇ ਸਾਲ ਪਹਿਲੀ ਵਾਰੀ ਪੜ੍ਹੇ ਸਨ, ਜਿਨ੍ਹਾਂ ਵਿਚ ਉਹ ਆਪਣੀ ਕਾਰਗੁਜ਼ਾਰੀ ਤੋਂ ਖ਼ੁਸ਼ ਸੀ। ਉਸ ਦੀ ਮਿਹਨਤ ਰੰਗ ਲਿਆਈ ਸੀ ਤੇ ਉਹ ਇਸ ਸਫ਼ਲਤਾ ਲਈ ਹੁਣ ਛੇਤੀ ਤੋਂ ਛੇਤੀ ਦਾਦਾ ਜੀ ਤੋਂ ਦਾਦ ਲੈਣਾ ਚਾਹੁੰਦਾ ਸੀ। ਉਸ ਨੂੰ ਆਸ ਸੀ ਕਿ ਇਹ ਚਿੱਠੀ ਜਦੋਂ ਦਾਦਾ ਜੀ ਨੂੰ ਮਿਲੇਗੀ ਤਾਂ ਉਨ੍ਹਾਂ ਨੂੰ ਬਹੁਤ ਧਰਵਾਸ ਮਿਲੇਗਾ, ਕਿਉਂਕਿ ਉਸ ਦੇ ਦਾਦਾ ਜੀ ਨੂੰ ਲਗਾਤਾਰ ਇਹ ਫਿਕਰ ਲੱਗਾ ਰਹਿੰਦਾ ਸੀ ਕਿ ਕਿਤੇ ਬਾਲ ਭਗਤ ਸਿੰਘ ਸ਼ਹਿਰ ਜਾ ਕੇ ਉਦਾਸ ਨਾ ਹੋ ਗਿਆ ਹੋਵੇ, ਕਿਤੇ ਉਸ ਦਾ ਪੜ੍ਹਾਈ ਤੋਂ ਮਨ ਉਚਾਟ ਨਾ ਹੋ ਜਾਵੇ। ਇਸ ਕਰ ਕੇ ਆਪਣੇ ਅੱਧ-ਪਚੱਧੇ ਪਰ ਚੰਗੇ ਆਏ ਨਤੀਜੇ ਦੀ ਖ਼ਬਰ ਦੇ ਨਾਲ ਉਹ ਦਾਦਾ ਜੀ ਨੂੰ ਇਹ ਲਿਖਣਾ ਨਹੀਂ ਭੱੁਲਿਆ ਸੀ ਕਿ ‘ਕਿਸੇ ਕਿਸਮ ਦੀ ਚਿੰਤਾ ਨਾ ਕਰਨੀ’। ਇਸ ਤਰ੍ਹਾਂ ਜਿੱਥੇ ਇਕ ਪਾਸੇ ਦਾਦਾ ਜੀ ਉਸ ਬਾਰੇ ਫਿਕਰ ਕਰਦੇ ਸਨ ਉਥੇ ਉਹ ਵੀ ਆਪਣਾ ਦਿਲ ਲਾਉਣ ਲਈ ਦਾਦਾ ਜੀ ਨਾਲ ਲਗਾਤਾਰ ਰਾਬਤਾ ਰੱਖਣਾ ਚਾਹੁੰਦਾ ਸੀ। ਇਹ ਰਾਬਤਾ ਦਾਦਾ ਜੀ ਨਾਲ ਉਸ ਦੇ ਮੋਹ ਨੂੰ ਤਾਂ ਤ੍ਰਿਪਤ ਕਰਦਾ ਹੀ ਸੀ, ਨਾਲ ਹੀ ਨਾਲ ਉਸ ਦੀਆਂ ਪ੍ਰਾਪਤੀਆਂ ਉਤੇ ਦਾਦਾ ਜੀ ਵਲੋਂ ਦਿੱਤੀ ਸ਼ਾਬਾਸ਼ ਦੀ ਮੋਹਰ ਵੀ ਲਾਉਂਦਾ ਸੀ। ਭਗਤ ਸਿੰਘ ਵੱਲੋਂ ਆਪਣੇ ਦਾਦਾ ਜੀ ਨੂੰ ਲਿਖੀ ਇਹ ਖ਼ੂਬਸੂਰਤ ਚਿੱਠੀ ਦਾਦੇ-ਪੋਤਰੇ ਦੇ ਪਵਿੱਤਰ ਪਰਿਵਾਰਕ ਰਿਸ਼ਤੇ ਨੂੰ ਨਿੱਘ ਅਤੇ ਮੋਹ ਨਾਲ ਸਿੰਜ ਕੇ ਹਰਿਆ-ਭਰਿਆ, ਦਿਲਚਸਪ ਅਤੇ ਮਨਮੋਹਣਾ ਬਣਾ ਕੇ ਰੱਖਣ ਦਾ ਉੱਤਮ ਉੱਦਮ ਹੈ।
ਸਰਬਜੀਤ ਸਿੰਘ ਵਿਰਕ, ਐਡਵੋਕੇਟ
ਕਮਜ਼ੋਰ ਪੈ ਰਹੀ ਮਾਂ-ਧੀ, ਪਿਓ-ਧੀ ਅਤੇ ਭਰਾ-ਭੈਣ ਦੇ ਰਿਸ਼ਤਿਆਂ ਦੀ ਡੋਰ
NEXT STORY