6 ਅਪ੍ਰੈਲ, 1980 ਨੂੰ ਭਾਰਤੀ ਜਨਤਾ ਪਾਰਟੀ ਦਾ ਉਦੈ ਹੋਇਆ। ਫਿਰ ਹੌਲੀ-ਹੌਲੀ ਰਾਸ਼ਟਰੀ ਰਾਜਨੀਤੀ ਦਾ ਰੂਪ-ਸਰੂਪ ਵੀ ਬਦਲਣ ਲੱਗਾ। ਫਿਰ ਇਕ ਦਿਨ ਅਜਿਹਾ ਆਇਆ ਕਿ ਕਾਂਗਰਸ ਦੇ ਦਬਦਬੇ ਨੂੰ ਢਹਿ-ਢੇਰੀ ਕਰਦਿਆਂ ਭਾਜਪਾ ਦੇ ਸੰਸਥਾਪਕ ਅਤੇ ਪ੍ਰਧਾਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਬਣ ਗਏ। ਪਹਿਲੀ ਵਾਰ 13 ਦਿਨਾਂ ਲਈ, ਦੂਜੀ ਵਾਰ 13 ਮਹੀਨਿਆਂ ਲਈ ਅਤੇ ਤੀਜੀ ਵਾਰ ਪੂਰੇ ਪੰਜ ਸਾਲ ਤੱਕ ਪ੍ਰਧਾਨ ਮੰਤਰੀ ਬਣੇ ਰਹੇ।
ਸਾਲ 2004 ’ਚ ਭਾਜਪਾ ਨੇ ਆਪਣੀਆਂ ਗਲਤੀਆਂ ਕਾਰਨ ਸੱਤਾ ਗੁਆ ਦਿੱਤੀ। 2014 ਦੇ ਆਉਂਦਿਆਂ-ਆਉਂਦਿਆਂ ਤਾਂ ਕਾਂਗਰਸ ਪੂਰੀ ਤਰ੍ਹਾਂ ਢਹਿ-ਢੇਰੀ ਹੀ ਹੋ ਗਈ। ਮੌਜੂਦਾ ਸਿਆਸੀ ਮਾਹੌਲ ’ਚ ਅਜਿਹਾ ਲੱਗਦਾ ਹੈ ਕਿ ਨਰਿੰਦਰ ਮੋਦੀ ਦੇਸ਼ ਦੇ ਪੱਕੇ ਪ੍ਰਧਾਨ ਮੰਤਰੀ ਬਣ ਗਏ ਹਨ।
ਇਹ ਗੱਲ ਮੈਂ ਪ੍ਰਮਾਣਿਕਤਾ ਨਾਲ ਕਹਿ ਸਕਦਾ ਹਾਂ ਕਿ ਭਾਜਪਾ ਦੇ ਸੱਤਾ ’ਚ ਆਉਣ ਨਾਲ ਦੇਸ਼ ਦੀ ਰਾਜਨੀਤੀ ਦਾ ਰੂਪ ਹੀ ਬਦਲ ਗਿਆ ਹੈ। ਭਾਜਪਾ ਲਗਾਤਾਰ ਵਿਕਾਸ ਵੱਲ ਵਧਦੀ ਦਿਸ ਰਹੀ ਹੈ। ਦੇਸ਼ ’ਚ ਵਿਰੋਧੀ ਧਿਰ ‘ਸਿਫ਼ਰ’ ਦੀ ਅਵਸਥਾ ’ਚ ਹੈ। ਇਹ ਅਚਾਨਕ ਨਹੀਂ ਹੋਇਆ। ਇਸ ਸਿਆਸੀ ਤਬਦੀਲੀ ’ਚ ਤਿੰਨ ਨੇਤਾਵਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਸਵਰਗੀ ਭਾਰਤ-ਰਤਨ ਅਟਲ ਬਿਹਾਰੀ ਵਾਜਪਾਈ, ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ, ਮਹਾਨ ਵਿਚਾਰਕ ਪ੍ਰੋਫੈਸਰ ਮੁਰਲੀ ਮਨੋਹਰ ਜੋਸ਼ੀ। ਅਟਲ ਜੀ ਅਕਾਲ ਚਲਾਣਾ ਕਰ ਗਏ ਅਤੇ ਹੋਰ ਦੋਵੇਂ ਆਪਣੀ ਉਮਰ ਤੋਂ ਮਾਤ ਖਾ ਕੇ ਹਾਸ਼ੀਏ ’ਤੇ ਧੱਕ ਦਿੱਤੇ ਗਏ।
ਇਹ ਵੀ ਸੱਚ ਹੈ ਕਿ ਇਨ੍ਹਾਂ ਦੇ ਪਿੱਛੇ ਸੀ ਭਾਜਪਾ ਦੇ ਵਰਕਰਾਂ ਦਾ ਨਿਸ਼ਕਾਮ ਸਮਰਪਣ ਅਤੇ ਭਾਰਤ ਦੇ ਲੋਕਾਂ ਦਾ ਅਥਾਹ ਪਿਆਰ। ਭਾਰਤ ਦੀ ਜਨਤਾ ਹੈਰਾਨ ਹੈ ਕਿ ਸਿਆਸਤ ਜਿੱਥੇ ਕੋਈ ਕਿਸੇ ਦਾ ਮਿੱਤਰ ਨਹੀਂ ਹੁੰਦਾ, ਉਸ ਸਿਆਸਤ ’ਚ ਅਟਲ ਜੀ ਅਤੇ ਅਡਵਾਨੀ ਜੀ ਨੇ 50 ਸਾਲ ਸਿਆਸੀ ਦੋਸਤੀ ਪੂਰੇ ਵਿਸ਼ਵਾਸ ਨਾਲ ਨਿਭਾਈ। ਦੋਵੇਂ ਸਿਆਸਤ ’ਚ ਇਕ-ਦੂਜੇ ਦੇ ਪੂਰਕ ਰਹੇ।
ਮੈਂ ਬਹੁਤ ਜ਼ਿਆਦਾ ਨਹੀਂ, ਸਿਰਫ ਛੇ ਘਟਨਾਕ੍ਰਮਾਂ ਦਾ ਜ਼ਿਕਰ ਕਰਦਾ ਹਾਂ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿਕਾਸ ਅਤੇ ਸੱਤਾ ਤੱਕ ਪਹੁੰਚਣ ’ਚ ਮਹੱਤਵਪੂਰਨ ਯੋਗਦਾਨ ਪਾਇਆ, ਦਾ ਵਰਣਨ ਕਰਦਾ ਹਾਂ :
(ਕ) 11 ਮਈ ਅਤੇ 13 ਮਈ 1998 ਨੂੰ ਅਟਲ ਬਿਹਾਰੀ ਵਾਜਪਾਈ ਦਾ ਰਾਜਸਥਾਨ ’ਚ ਜੈਸਲਮੇਰ ਦੇ ਪੋਖਰਨ ’ਚ ‘ਪ੍ਰਮਾਣੂ ਧਮਾਕਾ’ ਕਰਨਾ। ਪੋਖਰਨ ਧਮਾਕਾ ਸਵਰਗੀ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ, ਜੋ ਵਿਸ਼ਵ ਪ੍ਰਸਿੱਧ ਵਿਗਿਆਨੀ ਸਨ, ਦੀ ਦੇਖ-ਰੇਖ ’ਚ ਹੋਇਆ। ਇਹ ਧਮਾਕਾ ਕਿਸੇ ਵੀ ਦੇਸ਼ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ, ਸਗੋਂ ਭਾਰਤ ਨੂੰ ਮਜ਼ਬੂਤ, ਖੁਸ਼ਹਾਲ ਅਤੇ ਸ਼ਕਤੀਸ਼ਾਲੀ ਰਾਸ਼ਟਰ ਬਣਾਉਣ ਵੱਲ ਇਕ ਕਦਮ ਸੀ।
(ਖ) ‘ਏਕਤਾ ਯਾਤਰਾ’ : 1991-92 ’ਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੁਰਲੀ ਮਨੋਹਰ ਜੋਸ਼ੀ ਨੇ ‘ਏਕਤਾ ਯਾਤਰਾ’ ਸ਼ੁਰੂ ਕੀਤੀ। ਇਸ ਯਾਤਰਾ ਦਾ ਉਦੇਸ਼ ਜੰਮੂ-ਕਸ਼ਮੀਰ ’ਚ ਫੈਲੇ ਅੱਤਵਾਦ, ਵੱਖਵਾਦ ਦੇ ਵਿਰੁੱਧ ਕਸ਼ਮੀਰ ਘਾਟੀ ’ਚ ਰਾਸ਼ਟਰੀ ਏਕਤਾ ਬਣਾਏ ਰੱਖਣ, ਅੱਤਵਾਦ ਵਿਰੁੱਧ ਭਾਰਤ ਦੀ ਜਨਤਾ ਨੂੰ ਜਾਗਰੂਕ ਕਰਨਾ ਅਤੇ ਇਹ ਦੱਸਣਾ ਸੀ ਕਿ ‘ਕਸ਼ਮੀਰ ਘਾਟੀ’ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਭਾਰਤ ਇਕ ਹੈ। ਤਾਮਿਲਨਾਡੂ ਦੇ ਕੰਨਿਆਕੁਮਾਰੀ ਸਮੁੰਦਰੀ ਤੱਟ ਤੋਂ ਇਹ ‘ਏਕਤਾ ਯਾਤਰਾ’ 11 ਦਸੰਬਰ 1991 ਨੂੰ ਸ਼ੁਰੂ ਹੋਈ। ਦੇਸ਼ ਦੇ ਲਗਭਗ 14 ਸੂਬਿਆਂ ਤੋਂ ਇਹ ਲੰਘੀ।
26 ਜਨਵਰੀ, 1992 ਨੂੰ ‘ਏਕਤਾ ਯਾਤਰਾ’ ਦੇ ਮੁਖੀ ਮੁਰਲੀ ਮਨੋਹਰ ਜੋਸ਼ੀ, ਨਰਿੰਦਰ ਮੋਦੀ ਅਤੇ ਕਈ ਵਰਕਰਾਂ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਤਿਰੰਗਾ ਲਹਿਰਾ ਕੇ ਇਸ ਦੀ ਸਮਾਪਤੀ ਕੀਤੀ। ਭਾਜਪਾ ਨੂੰ ਇਸ ਯਾਤਰਾ ਤੋਂ ਕਾਫੀ ਲਾਭ ਮਿਲਿਆ।
(ਗ) ਰਾਮ ਰੱਥ ਯਾਤਰਾ : ਅਡਵਾਨੀ ਜੀ ਨੇ 25 ਸਤੰਬਰ 1990 ਨੂੰ ਗੁਜਰਾਤ ਦੇ ਸੋਮਨਾਥ ਮੰਦਰ ਤੋਂ ਅਯੁੱਧਿਆ ਤੱਕ ਦੀ ਰੱਥ ਯਾਤਰਾ ਆਰੰਭ ਕੀਤੀ। ਇਸ ‘ਰਾਮ ਰੱਥ ਯਾਤਰਾ’ ਨੇ ਸਾਰੇ ਦੇਸ਼ ਨੂੰ ਰਾਮਮਈ ਬਣਾ ਦਿੱਤਾ। ਪਿੰਡ-ਪਿੰਡ ’ਚ ਰਾਮ ਦੇ ਨਾਂ ’ਤੇ ‘ਦੀਪਕ ਯਾਤਰਾਵਾਂ’ ਕੱਢੀਆਂ ਜਾਣ ਲੱਗੀਆਂ। ਮੰਦਰਾਂ ਦੇ ਪੁਜਾਰੀਆਂ ਨੇ ਇਸ ਨੂੰ ਆਸਥਾ ਦਾ ਸਵਾਲ ਬਣਾ ਦਿੱਤਾ।
ਕਈ ਥਾਵਾਂ ’ਤੇ ਫਿਰਕੂ ਦੰਗੇ ਵੀ ਹੋਏ। ਸੈਂਕੜੇ ਬੇਗੁਨਾਹ ‘ਰਾਮ ਰੱਥ ਯਾਤਰਾ’ ਦੌਰਾਨ ਮਾਰੇ ਗਏ। ਦੇਸ਼ ਦਾ ਧਰੁਵੀਕਰਨ ਹੋ ਗਿਆ। ਇਕ ਪਾਸੇ ਬਾਬਰੀ ਮਸਜਿਦ ਬਚਾਉਣ ਵਾਲਿਆਂ ਦਾ ਵਰਗ ਅਤੇ ਦੂਜੇ ਪਾਸੇ ‘ਰਾਮ ਮੰਦਰ’ ਬਣਾਉਣ ਵਾਲਿਆਂ ਦਾ ਜਨੂਨ ਸੀ। ਬਿਹਾਰ ਦੇ ਤਤਕਾਲੀ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅਡਵਾਨੀ ਦੀ ‘ਰੱਥ ਯਾਤਰਾ’ ਨੂੰ ‘ਸਮਸਤੀਪੁਰ’ ਵਿਚ ਰੋਕ ਕੇ ਅਡਵਾਨੀ ਜੀ ਨੂੰ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਵੀ. ਪੀ. ਸਿੰਘ ਦੀ ਕੇਂਦਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਦੇਸ਼ ਉਦੋਂ ਅਰਾਜਕਤਾ ਦੀ ਸਥਿਤੀ ’ਚ ਚਲਾ ਗਿਆ।
(ਘ) 11 ਸਤੰਬਰ 1993 ਨੂੰ ‘ਮੈਸੂਰ’ (ਦੱਖਣ ਭਾਰਤ) ਤੋਂ ਦੇਸ਼ ਦੇ ਹੋਰ ਹਿੱਸਿਆਂ ’ਚ ਚਾਰ ਹੋਰ ਫਤਵਾ ਯਾਤਰਾਵਾਂ ਦਾ ਸਵਾਗਤ ਹੋਇਆ। ਉਦੇਸ਼ ਸਮਰਥਨ ਹਾਸਲ ਕਰਨਾ ਸੀ। ਇਨ੍ਹਾਂ ਯਾਤਰਾਵਾਂ ਦਾ ਮਕਸਦ ਭਾਰਤ ਦੇ ਵੋਟਰਾਂ ਨੂੰ ‘ਵੋਟ ਪਾਉਣ’ ਦਾ ਮਹੱਤਵ ਸਮਝਾਉਣਾ ਸੀ, ਜਿਸ ਨਾਲ ਇਹ ਭਾਰਤੀ ਜਨਤਾ ਪਾਰਟੀ ਦੇ ਵਿਕਾਸ ’ਚ ਸਹਾਈ ਹੋਈ।
(ਙ) ਸਵਰਨ-ਜਯੰਤੀ-ਰੱਥ ਯਾਤਰਾ : ਮਈ 1997 ਤੋਂ ਜੁਲਾਈ 1997 ’ਚ ਦਿੱਲੀ ਤੋਂ ਸ਼ੁਰੂ ਹੋਈ। ਭਾਰਤ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ’ਤੇ ਕੱਢੀ ਗਈ। ਨਾਅਰਾ ਸੀ ‘ਗੁੱਡ ਗਵਰਨੈਂਸ’।
(ਚ) ਭਾਰਤ ਉਦੈ ਯਾਤਰਾ : ਇਸ ਨੂੰ ‘ਭਾਰਤ ਸੁਰੱਖਿਆ ਯਾਤਰਾ’ ਦਾ ਨਾਂ ਵੀ ਦਿੱਤਾ ਗਿਆ। ਇਹ ਯਾਤਰਾ ਕੰਨਿਆਕੁਮਾਰੀ (ਤਾਮਿਲਨਾਡੂ) ਤੋਂ ਗੁਜਰਾਤ ਤੱਕ ਆਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ ਸੀ। ਇਹ ਮਾਰਚ 2004 ਤੋਂ ਅਪ੍ਰੈਲ-ਮਈ, 2006 ਤੱਕ ਚੱਲਿਆ।
ਕੇਂਦਰ ਸਰਕਾਰ ਅਤੇ ਸਿਖਰਲੀ ਲੀਡਰਸ਼ਿਪ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਅੱਜ ਜੋ ਭਾਰਤੀ ਜਨਤਾ ਪਾਰਟੀ ਦਾ ‘ਵਿਸ਼ਾਲ ਢਾਂਚਾ’ ਖੜ੍ਹਾ ਹੋਇਆ ਹੈ, ਇਸ ’ਚ ਜਨਸੰਘ ਤੋਂ ਲੈ ਕੇ ਜਨਤਾ ਪਾਰਟੀ ਤੱਕ ਅਤੇ 6 ਅਪ੍ਰੈਲ 1980 ਤੱਕ (ਜਿਸ ਦਿਨ ਭਾਜਪਾ ਦਾ ਜਨਮ ਹੋਇਆ ਸੀ) ਵਰਕਰਾਂ ਦੀਆਂ ਚਾਰ ਪੀੜ੍ਹੀਆਂ ਦਫ਼ਨ ਹੋ ਚੁੱਕੀਆਂ ਹਨ। ਨੇਤਾ ਤਾਂ ਸੱਤਾ ਸੁਖ ’ਚ ਅਨੰਦਮਈ ਜੀਵਨ ਜਿਊ ਰਹੇ ਸਨ ਅਤੇ ਭਾਜਪਾ ਦਾ ‘ਦੇਵਤੁੱਲ’ ਸਮਰਪਿਤ ਵਰਕਰ ਅੱਜ ਵੀ ਸੋਚ ਰਿਹਾ ਹੈ ਕਿ ਅਸੀਂ ਸਫ਼ਲਤਾ ਪ੍ਰਾਪਤ ਕਰ ਕੇ ਸਿਰਫ ਵੋਟਾਂ ਬਟੋਰਨ ਦੀ ਮਸ਼ੀਨ ਬਣ ਕੇ ਰਹਿ ਗਏ ਹਾਂ। ਸਿਖਰਲੀ ਭਾਜਪਾ ਲੀਡਰਸ਼ਿਪ ਵਰਕਰਾਂ ਦੀ ਸੋਚ ’ਤੇ ਵਿਚਾਰ ਕਰੇ।
- ਮਾਸਟਰ ਮੋਹਨ ਲਾਲ
ਸੇਵਾ ਦੌਰਾਨ ਚੁੱਪ, ਸੇਵਾਮੁਕਤੀ ’ਤੇ ਸਨਸਨੀ!
NEXT STORY