ਡਾ. ਰਾਜੀਵ ਪਥਰੀਆ
ਹਿਮਾਚਲ ਪ੍ਰਦੇਸ਼ ਦੇ ਦੋ ਵਿਧਾਨ ਸਭਾ ਹਲਕਿਆਂ ਧਰਮਸ਼ਾਲਾ ਅਤੇ ਪੱਛਾਦ ਵਿਚ ਉਪ-ਚੋਣਾਂ ਦਾ ਐਲਾਨ ਹੋ ਗਿਆ ਹੈ। ਇਨ੍ਹਾਂ ਦੋਹਾਂ ਸੀਟਾਂ ਤੋਂ ਭਾਜਪਾ ਵਿਧਾਇਕਾਂ ਦੇ ਸੰਸਦ ਮੈਂਬਰ ਬਣ ਕੇ ਦਿੱਲੀ ਜਾਣ ਨਾਲ ਖਾਲੀ ਹੋਏ ਇਨ੍ਹਾਂ ਹਲਕਿਆਂ ’ਚ 21 ਅਕਤੂਬਰ ਨੂੰ ਉਪ-ਚੋਣਾਂ ਹੋਣ ਜਾ ਰਹੀਆਂ ਹਨ, ਜਦਕਿ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ।
ਲੋਕ ਸਭਾ ਚੋਣਾਂ ਤੋਂ ਬਾਅਦ ਇਹ ਉਪ-ਚੋਣਾਂ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਪਾਰਟੀ ਕਾਂਗਰਸ ਲਈ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹਨ। ਸੂਬੇ ’ਚ ਆਪਣੀ ਲੀਡਰਸ਼ਿਪ ਕਾਇਮ ਕਰਨ ਦੀ ਕੋਸ਼ਿਸ਼ ’ਚ ਜੁਟੇ ਮੁੱਖ ਮੰਤਰੀ ਜੈਰਾਮ ਠਾਕੁਰ ਲਈ ਵੀ ਇਹ ਉਪ-ਚੋਣਾਂ ਇਕ ਵੱਡਾ ਇਮਤਿਹਾਨ ਹਨ ਕਿਉਂਕਿ ਪੌਣੇ ਦੋ ਸਾਲ ਪਹਿਲਾਂ ਸੱਤਾ ’ਚ ਆਈ ਭਾਜਪਾ ਨੂੰ ਸੂਬੇ ਅੰਦਰ ਹੁਣ ਕਿਤੇ ਨਾ ਕਿਤੇ ਆਪਣਿਆਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਨ੍ਹਾਂ ਦੋਹਾਂ ਉਪ-ਚੋਣਾਂ ਨੂੰ ਲੈ ਕੇ ਟਿਕਟਾਂ ਦੇ ਚਾਹਵਾਨਾਂ ਦੀ ਸੂਚੀ ਵੀ ਭਾਜਪਾ ’ਚ ਲੰਬੀ ਹੁੰਦੀ ਜਾ ਰਹੀ ਹੈ।
ਸੰਗਠਨ ਦੀ ਮੈਰਿਟ ਤੋਂ ਇਲਾਵਾ ਇਸ ਵਾਰ ਟਿਕਟ ਦੇ ਚਾਹਵਾਨਾਂ ’ਚ ਆਪਣਾ ਨਾਂ ਵੱਡੇ ਨੇਤਾਵਾਂ, ਜਿਵੇਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ, ਸਾਬਕਾ ਮੁੱਖ ਮੰਤਰੀ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਅਤੇ ਸ਼ਾਂਤਾ ਕੁਮਾਰ ਨਾਲ ਜੋੜ ਕੇ ਆਪਣੇ ਸਮੀਕਰਨ ਬਿਠਾਉਣ ਦੀ ਕੋਸ਼ਿਸ਼ ’ਚ ਦੇਖੇ ਜਾ ਰਹੇ ਹਨ। ਇਨ੍ਹਾਂ ’ਚੋਂ ਕੁਝ ਨੂੰ ਜੈਰਾਮ ਠਾਕੁਰ ਅਤੇ ਸੰਘ ਪਰਿਵਾਰ ’ਚ ਆਪਣੀ ਪੈਠ ਦਾ ਵੀ ਆਸਰਾ ਹੈ।
ਦੂਜੇ ਪਾਸੇ ਧਰਮਸ਼ਾਲਾ ਤੇ ਪੱਛਾਦ ਉਪ-ਚੋਣਾਂ ਲਈ ਕਿਸ਼ਨ ਕਪੂਰ ਤੇ ਸੁਰੇਸ਼ ਕਸ਼ਯਪ ਆਪਣੀ ਵਿਰਾਸਤ ਆਪਣੇ ਹੀ ਪਰਿਵਾਰ ਨੂੰ ਸੌਂਪਣ ਦੀ ਕੋਸ਼ਿਸ਼ ’ਚ ਹਨ ਪਰ ਭਾਜਪਾ ਹਾਈਕਮਾਨ ਵੱਲੋਂ ਪਾਰਟੀ ਅੰਦਰ ਪਰਿਵਾਰਵਾਦ ਨੂੰ ਹੱਲਾਸ਼ੇਰੀ ਨਾ ਦੇਣ ਦੀ ਨੀਤੀ ਤੋਂ ਇੰਨਾ ਤਾਂ ਜ਼ਾਹਿਰ ਹੈ ਕਿ ਟਿਕਟ ਸੰਗਠਨ ਦੇ ਉਸੇ ਨੇਤਾ ਨੂੰ ਮਿਲੇਗੀ, ਜਿਹੜਾ ਜਿੱਤਣ ਦੀ ਸਮਰੱਥਾ ਰੱਖਦਾ ਹੋਵੇਗਾ। ਦੇਖਿਆ ਜਾਵੇ ਤਾਂ ਉਪ-ਚੋਣਾਂ ਦੇ ਨਤੀਜੇ ਕਈ ਵਾਰ ਵਿਰੋਧੀ ਧਿਰ ਦੇ ਪੱਖ ’ਚ ਤਾਂ ਕਈ ਵਾਰ ਸੱਤਾਧਾਰੀ ਪਾਰਟੀ ਦੇ ਪੱਖ ’ਚ ਆਉਂਦੇ ਰਹੇ ਹਨ। ਸੱਤਾਧਾਰੀ ਭਾਜਪਾ ਬੇਸ਼ੱਕ ਹੀ ਸਰਕਾਰ ਵੱਲੋਂ ਇਨ੍ਹਾਂ ਦੋਹਾਂ ਵਿਧਾਨ ਸਭਾ ਹਲਕਿਆਂ ’ਚ ਅਜੇ ਤਕ ਘੇਰਾਬੰਦੀ ਦੀ ਕੋਈ ਯੋਜਨਾ ਨਹੀਂ ਬਣਾ ਸਕੀ ਹੈ ਪਰ ਭਾਜਪਾ ਸੰਗਠਨ ਆਪਣੀ ਦੂਰਅੰਦੇਸ਼ ਸੋਚ ਨਾਲ ਉਪ-ਚੋਣਾਂ ਦੀ ਰਣਨੀਤੀ ਬਣਾਉਣ ’ਚ ਪਹਿਲਾਂ ਤੋਂ ਜੁਟਿਆ ਹੋਇਆ ਹੈ।
ਪੱਤਰ-ਬੰਬ ਅਤੇ ਦਿਆਲ ਪਿਆਰੀ ਪੈ ਸਕਦੇ ਹਨ ਭਾਜਪਾ ’ਤੇ ਭਾਰੀ
ਸਿਆਸੀ ਆਧਾਰ ’ਤੇ ਅਹਿਮ ਸਥਾਨ ਰੱਖਣ ਵਾਲੇ ਕਾਂਗੜਾ ਜ਼ਿਲੇ ਦੇ ਭਾਜਪਾ ਨੇਤਾਵਾਂ ਦੀ ਜੈਰਾਮ ਸਰਕਾਰ ਪ੍ਰਤੀ ਨਾਰਾਜ਼ਗੀ ਹੁਣ ਤਕ ਕਈ ਵਾਰ ਦੇਖਣ ਨੂੰ ਮਿਲ ਚੁੱਕੀ ਹੈ, ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਸ਼ਾਂਤ ਰੱਖਣ ਦੀ ਕੋਸ਼ਿਸ ’ਚ ਮੁੱਖ ਮੰਤਰੀ ਅਤੇ ਸੰਗਠਨ ਦੇ ਪਸੀਨੇ ਛੁੱਟ ਚੁੱਕੇ ਹਨ। ਹੁਣੇ ਜਿਹੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਪੱਤਰ-ਬੰਬ ’ਚ ਕਾਂਗੜਾ ਜ਼ਿਲੇ ਦੇ ਦੋ ਮੰਤਰੀਆਂ ਨੂੰ ਘੇਰਦਿਆਂ ਪੂਰੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਸ ਦੀ ਜਾਂਚ ਲਈ ਪੁਲਸ ਧੂਮਲ ਧੜੇ ਦੇ ਸਾਬਕਾ ਮੰਤਰੀ ਰਵਿੰਦਰ ਰਵੀ ਤੋਂ ਪੁੱਛਗਿੱਛ ਵੀ ਕਰ ਚੁੱਕੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ’ਚ ਧੂਮਲ ਧੜੇ ਦੀ ਸਰਗਰਮੀ ਵਧ ਸਕਦੀ ਹੈ ਕਿਉਂਕਿ ਇਸ ਪੱਤਰ-ਬੰਬ ਨੂੰ ਸਿੱਧੇ ਤੌਰ ’ਤੇ ਰਵਿੰਦਰ ਰਵੀ ਨਾਲ ਜੋੜ ਦਿੱਤਾ ਗਿਆ ਹੈ।
ਦੇਹਰਾ ਤੋਂ ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਨੇੜਤਾ ਇੰਨੀ ਵਧਾ ਲਈ ਹੈ ਕਿ ਰਵਿੰਦਰ ਰਵੀ ਖੁਦ ਨੂੰ ਇਕੱਲਾ ਮਹਿਸੂਸ ਕਰਨ ਲੱਗੇ ਹਨ। ਇਹੋ ਨਹੀਂ, ਕਦੇ ਸ਼ਾਂਤਾ ਕੁਮਾਰ ਨਾਲ ਚੱਲਣ ਵਾਲੇ ਕਾਂਗੜਾ ਜ਼ਿਲੇ ਦੇ ਕੁਝ ਨੇਤਾ ਤੇ ਸੀਨੀਅਰ ਵਰਕਰ ਵੀ ਹੁਣ ਬਦਲੇ ਨਿਜ਼ਾਮ ’ਚ ਖੁਦ ਨੂੰ ਹਾਸ਼ੀਏ ’ਤੇ ਖੜ੍ਹਾ ਦੇਖ ਕੇ ਧੂਮਲ ਤੇ ਅਨੁਰਾਗ ਠਾਕੁਰ ਦੇ ਦਰਬਾਰ ’ਚ ਹਾਜ਼ਰੀ ਲਾਉਂਦੇ ਦੇਖੇ ਜਾ ਸਕਦੇ ਹਨ।
ਗੱਲ ਪੱਛਾਦ ਦੀ ਕਰੀਏ ਤਾਂ ਉਥੇ ਸੰਗਠਨ ਦੇ ਇਕ ਨੇਤਾ ਨੂੰ ਜੈਰਾਮ ਦਰਬਾਰ ’ਚ ਮਿਲੀ ਅਹਿਮੀਅਤ ਕਾਰਨ ਪਾਰਟੀ ਅੰਦਰ ਧੜੇਬੰਦੀ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨ ਰਹਿ ਚੁੱਕੀ ਅਤੇ ਜ਼ਿਲਾ ਪ੍ਰੀਸ਼ਦ ਦੀ ਮੌਜੂਦਾ ਮੈਂਬਰ ਦਿਆਲ ਪਿਆਰੀ ਅਤੇ ਸੰਗਠਨ ਦੇ ਇਸ ਨੇਤਾ ਵਿਚਲੀ ਕੁੜੱਤਣ ਪੱਛਾਦ ਵਿਚ ਸੰਗਠਨ ਦੇ ਪੂਰੇ ਢਾਂਚੇ ’ਤੇ ਅਸਰ ਪਾ ਰਹੀ ਹੈ। ਜ਼ਿਕਰਯੋਗ ਹੈ ਕਿ ਪੱਛਾਦ ਅਨੁਸੂਚਿਤ ਜਾਤੀ ਲਈ ਰਾਖਵੀਂ ਸੀਟ ਹੈ ਤੇ ਲੰਬੇ ਸਮੇਂ ਤੋਂ ਇਸ ਸੀਟ ’ਤੇ ਕਾਂਗਰਸ ਦੇ ਗੰਗੂ ਰਾਮ ਮੁਸਾਫਿਰ ਹੀ ਕਾਬਜ਼ ਸਨ, ਜਿਨ੍ਹਾਂ ਨੂੰ ਲਗਾਤਾਰ ਦੋ ਵਾਰ ਭਾਜਪਾ ਦੇ ਉਮੀਦਵਾਰ ਸੁਰੇਸ਼ ਕਸ਼ਯਪ ਨੇ ਹਰਾਇਆ।
ਮੁਕੇਸ਼ ਤੇ ਰਾਠੌਰ ਦੀ ਜੋੜੀ ਦਾ ਵੀ ਇਮਤਿਹਾਨ
ਧਰਮਸ਼ਾਲਾ ਤੇ ਪੱਛਾਦ ਵਿਧਾਨ ਸਭਾ ਹਲਕਿਆਂ ’ਚ ਹੋਣ ਜਾ ਰਹੀਆਂ ਉਪ-ਚੋਣਾਂ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਲਈ ਵੀ ਇਕ ਵੱਡਾ ਇਮਤਿਹਾਨ ਹਨ। ਲਗਾਤਾਰ ਚੌਥੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਮੁਕੇਸ਼ ਅਗਨੀਹੋਤਰੀ ਪੌਣੇ 2 ਸਾਲਾਂ ਅੰਦਰ ਸਰਕਾਰ ਨੂੰ ਘੇਰਨ ’ਚ ਕੋਈ ਕਸਰ ਨਹੀਂ ਛੱਡ ਰਹੇ। ਜ਼ਾਹਿਰ ਹੈ ਕਿ ਉਹ ਹੌਲੀ-ਹੌਲੀ ਕਾਂਗਰਸ ਹਾਈਕਮਾਨ ਦੇ ਚਹੇਤੇ ਨੇਤਾ ਵਜੋਂ ਦਿੱਲੀ ਦਰਬਾਰ ’ਚ ਆਪਣੀ ਅਹਿਮੀਅਤ ਬਣਾ ਰਹੇ ਹਨ, ਜੋ ਉਨ੍ਹਾਂ ਦੀ ਹੀ ਪਾਰਟੀ ਦੇ ਕੁਝ ਚਿਹਰਿਆਂ ਨੂੰ ਹਜ਼ਮ ਨਹੀਂ ਹੋ ਰਿਹਾ ਕਿਉਂਕਿ ਇਹ ਚਿਹਰੇ ਹੁਣ ਤੋਂ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੀਡਰਸ਼ਿਪ ਦੀ ਕਲਪਨਾ ਕਰ ਕੇ ਅਗਨੀਹੋਤਰੀ ਲਈ ਦਿੱਲੀ ਦਰਬਾਰ ’ਚ ਚੁਗਲੀਆਂ ਕਰ ਕੇ ਮੁਸ਼ਕਿਲਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ’ਚ ਹਨ।
ਦੂਜੇ ਪਾਸੇ 6 ਸਾਲ ਸੂਬਾਈ ਕਾਂਗਰਸ ਦੇ ਪ੍ਰਧਾਨ ਰਹੇ ਸੁਖਵਿੰਦਰ ਸਿੰਘ ਸੁੱਖੂ ਨੂੰ ਹਟਾ ਕੇ ਪ੍ਰਧਾਨ ਬਣੇ ਕੁਲਦੀਪ ਸਿੰਘ ਰਾਠੌਰ ਵਲੋਂ ਸੰਗਠਨ ਦੇ ਅਹਿਮ ਅਹੁਦਿਆਂ ’ਤੇ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਇਨ੍ਹੀਂ ਦਿਨੀਂ ਜਾਰੀ ਹੈ।
ਉਪ-ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕਾਂਗਰਸ ਪਾਰਟੀ ’ਚ ਦੋਹਾਂ ਹਲਕਿਆਂ ਨੂੰ ਲੈ ਕੇ ਟਿਕਟਾਂ ਦੀ ਸਥਿਤੀ ਕਾਫੀ ਸਪੱਸ਼ਟ ਹੈ। ਮੰਨਿਆ ਜਾ ਰਿਹਾ ਹੈ ਕਿ ਪੱਛਾਦ ਤੋਂ ਸਾਬਕਾ ਮੰਤਰੀ ਗੰਗੂਰਾਮ ਮੁਸਾਫਿਰ ਤੇ ਧਰਮਸ਼ਾਲਾ ਤੋਂ ਸਾਬਕਾ ਮੰਤਰੀ ਸੁਧੀਰ ਸ਼ਰਮਾ ’ਤੇ ਪਾਰਟੀ ਭਰੋਸਾ ਪ੍ਰਗਟਾ ਸਕਦੀ ਹੈ, ਹਾਲਾਂਕਿ ਇਸ ਵਾਰ ਧਰਮਸ਼ਾਲਾ ’ਚ ਟਿਕਟ ਲਈ ਤਿੰਨ ਹੋਰ ਚਿਹਰੇ ਵੀ ਅਰਜ਼ੀ ਦੇ ਚੁੱਕੇ ਹਨ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਸ਼ਾਇਦ ਇਨ੍ਹਾਂ ਉਪ-ਚੋਣਾਂ ’ਚ ਆਪਣੀ ਸਰਗਰਮ ਭੂਮਿਕਾ ਨਾ ਨਿਭਾ ਸਕਣ ਕਿਉਂਕਿ ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ। ਜ਼ਾਹਿਰ ਹੈ ਕਿ ਅਜਿਹੀ ਸਥਿਤੀ ’ਚ ਦੋਹਾਂ ਹਲਕਿਆਂ ਦੀ ਉਪ-ਚੋਣ ਦਾ ਜ਼ਿੰਮਾ ਅਗਨੀਹੋਤਰੀ ਤੇ ਰਾਠੌਰ ਦੇ ਸਿਰ ਹੀ ਹੋਵੇਗਾ।
pathriarajeev@gmail.com
ਅਮਰੀਕਾ-ਚੀਨ ‘ਵਪਾਰ ਜੰਗ’ ਦਾ ਲਾਭ ਉਠਾਵੇ ਭਾਰਤ
NEXT STORY