ਕਹਾਵਤ ਹੈ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ ਪਰ ਦਿੱਲੀ ਦੀ ਸਿਆਸਤ ਵਿਚ ਇਹ ਗੱਲ ਬਦਲਦੀ ਨਜ਼ਰ ਆ ਰਹੀ ਹੈ। ਛੇ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਵਿਚ ਦਿੱਲੀ ਵਿਚ ਭਾਜਪਾ ਖ਼ਿਲਾਫ਼ ‘ਆਪ’ ਅਤੇ ਕਾਂਗਰਸ ਇਕੱਠੇ ਹੋ ਗਏ ਸਨ ਪਰ ਫਿਰ ਵੀ ਭਾਜਪਾ ਸੱਤ ਸੀਟਾਂ ਜਿੱਤ ਗਈ। ਉਦੋਂ ਵੀ ‘ਆਪ’ ਨਾਲ ਗੱਠਜੋੜ ਦਾ ਵਿਰੋਧ ਹੋਇਆ ਸੀ।
ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਉਸ ਸਮੇਂ ਕਾਂਗਰਸ ਅਤੇ ‘ਆਪ’ ਭਾਜਪਾ ਨੂੰ ਦੁਸ਼ਮਣ ਨੰਬਰ ਇਕ ਸਮਝਦੀਆਂ ਸਨ। ਇਸ ਲਈ ਜਿਸ ਕਾਂਗਰਸ ’ਤੇ ਤੁਸੀਂ 2013 ’ਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾ ਕੇ ਸੱਤਾ ’ਚ ਆਏ ਸੀ, ਉਸੇ ਕਾਂਗਰਸ ਨਾਲ 2023 ’ਚ ਦੋ ਦਰਜਨ ਪਾਰਟੀਆਂ ਦੇ ਵਿਰੋਧੀ ਗੱਠਜੋੜ ‘ਇੰਡੀਆ’ ’ਚ ਸ਼ਾਮਲ ਹੋ ਕੇ ਦੋਸਤੀ ਹੋ ਗਈ। ਫਿਰ ਦੋਵੇਂ ਦਿੱਲੀ, ਹਰਿਆਣਾ, ਗੁਜਰਾਤ ਅਤੇ ਗੋਆ ਵਿਚ 2024 ਦੀਆਂ ਲੋਕ ਸਭਾ ਚੋਣਾਂ ਇਕੱਠੇ ਲੜੇ ਸਨ।
ਲੋਕ ਸਭਾ ਚੋਣਾਂ ਤੋਂ ਬਾਅਦ ਉਹ ਦੋਸਤੀ ਫਿਰ ਦੁਸ਼ਮਣੀ ਵਿਚ ਬਦਲ ਰਹੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ ਦੋਵੇਂ ਆਹਮੋ-ਸਾਹਮਣੇ ਹਨ। ਬੇਸ਼ੱਕ ਕਾਂਗਰਸ ਨੂੰ ਭ੍ਰਿਸ਼ਟ ਕਹਿਣ ਦੇ ਬਾਵਜੂਦ ਇਸ ਦੇ ਸਮਰਥਨ ਨਾਲ ਕੁਝ ਮਹੀਨਿਆਂ ਵਿਚ ਹੀ ਪਹਿਲੀ ਵਾਰ ਮੁੱਖ ਮੰਤਰੀ ਬਣੇ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਵਿਚ ਗੱਠਜੋੜ ਨਾ ਕਰਨ ਦੀ ਗੱਲ ਕਹੀ ਸੀ ਪਰ ਹੁਣ ਆਪਸ ਵਿਚ ਲੜਾਈ ਦੀ ਸਥਿਤੀ ਪੈਦਾ ਹੋ ਗਈ ਹੈ |
‘ਆਪ’ ਦੇ ਪ੍ਰਮੁੱਖ ਉਮੀਦਵਾਰ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਸੰਦੀਪ ਦੀਕਸ਼ਿਤ ਨੂੰ ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ ਦੇ ਖਿਲਾਫ ਉਮੀਦਵਾਰ ਬਣਾਇਆ ਗਿਆ ਹੈ ਜੋ 15 ਸਾਲਾਂ ਤੱਕ ਦਿੱਲੀ ਦੀ ਕਾਂਗਰਸ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਹਨ। ਕਾਂਗਰਸ ਨੇ ਸਾਬਕਾ ਮੇਅਰ ਫਰਹਾਦ ਸੂਰੀ ਨੂੰ ਕੇਜਰੀਵਾਲ ਸਰਕਾਰ ਵਿਚ ਉਪ ਮੁੱਖ ਮੰਤਰੀ ਰਹੇ ਮਨੀਸ਼ ਸਿਸੋਦੀਆ ਵਿਰੁੱਧ ਆਪਣਾ ਉਮੀਦਵਾਰ ਬਣਾਇਆ ਹੈ। ‘ਆਪ’ ’ਚ ਰਹਿ ਚੁੱਕੀ ਅਲਕਾ ਲਾਂਬਾ ਨੂੰ ਮੁੱਖ ਮੰਤਰੀ ਆਤਿਸ਼ੀ ਖਿਲਾਫ ਮੈਦਾਨ 'ਚ ਉਤਾਰਿਆ ਗਿਆ ਹੈ। ਚੋਣ ਘੇਰੇ ਤੋਂ ਅੱਗੇ ਵਧਦਿਆਂ ਕਾਂਗਰਸ ਨੇ ‘ਆਪ’ ਖ਼ਿਲਾਫ਼ ਖੁੱਲ੍ਹੀ ਸਿਆਸੀ ਜੰਗ ਦਾ ਐਲਾਨ ਕਰ ਦਿੱਤਾ ਹੈ।
ਸ਼ਰਾਬ ਘਪਲੇ ਤੋਂ ਬਾਅਦ ਹੁਣ ਜਿਸ ਮਹਿਲਾ ਸਨਮਾਨ ਯੋਜਨਾ ਦੇ ਸੰਕਟ ’ਚ ਆਪ ਫਸਦੀ ਦਿਸ ਰਹੀ ਹੈ, ਉਸ ਦੀ ਸ਼ਿਕਾਇਤ ਵੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਕਾਂਗਰਸ ਨੇ ਹੀ ਕੀਤੀ। ਇਕ ਲਿਖਤੀ ਸ਼ਿਕਾਇਤ ਵਿਚ ਸੰਦੀਪ ਦੀਕਸ਼ਿਤ ਨੇ ਪੰਜਾਬ ਪੁਲਸ ’ਤੇ ਕਾਂਗਰਸੀ ਉਮੀਦਵਾਰਾਂ ਦੀ ਜਾਸੂਸੀ ਕਰਨ ਅਤੇ ਚੋਣਾਂ ਲਈ ਪੰਜਾਬ ਤੋਂ ਦਿੱਲੀ ਵਿਚ ਨਕਦੀ ਲਿਆਉਣ ਦਾ ਵੀ ਦੋਸ਼ ਲਾਇਆ ਹੈ।
ਹੈਰਾਨੀ ਦੀ ਗੱਲ ਨਹੀਂ ਕਿ ਤੁਰੰਤ ਜਾਂਚ ਦੇ ਆਦੇਸ਼ ਵੀ ਦਿੱਤੇ ਗਏ। ਬਦਲਦੇ ਰਿਸ਼ਤਿਆਂ ਦਾ ਕਾਰਨ ਇਹ ਹੈ ਕਿ ਕਾਂਗਰਸ ਨੇ ਉਸ ਨੂੰ ਲਗਾਤਾਰ ਕਮਜ਼ੋਰ ਕਰਨ ਵਾਲੀ ‘ਆਪ’ ਨਾਲ ਆਖਿਰਕਾਰ ਹਿਸਾਬ ਬਰਾਬਰ ਕਰਨ ਦਾ ਫੈਸਲਾ ਕਰ ਲਿਆ ਹੈ। ਬੇਸ਼ੱਕ, ਇਹ ਬਹੁਤ ਕੁਝ ਗੁਆਉਣ ਤੋਂ ਬਾਅਦ ਹੋਸ਼ ਵਿਚ ਆਉਣ ਵਰਗੀ ਸਥਿਤੀ ਹੈ।
ਆਉਣ ਵਾਲੀ ਚੋਣਾਵੀ ਰਾਜਨੀਤੀ ਦੇ ਮੱਦੇਨਜ਼ਰ ਕਾਂਗਰਸ ਨੇ ਇਹ ਜੋਖਮ ਉਠਾਉਣ ਦੀ ਹਿੰਮਤ ਜੁਟਾਈ ਹੈ। ਕਾਂਗਰਸ 2029 ’ਚ ਹੋਣ ਵਾਲੀਆਂ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੈ। ਇਹ ਇਕ ਲੰਬੀ ਲੜਾਈ ਹੈ ਅਤੇ ਬਹੁਤ ਮੁਸ਼ਕਲ ਹੈ ਪਰ ਕਾਂਗਰਸ ਇਸ ਨੂੰ ਦਿੱਲੀ ਵਿਚ ‘ਆਪ’ ਵਿਰੁੱਧ ਪਾਇਲਟ ਪ੍ਰੋਜੈਕਟ ਵਜੋਂ ਪਰਖਣਾ ਚਾਹੁੰਦੀ ਹੈ।
ਦਿੱਲੀ ਵਿਚ ਕਾਂਗਰਸ ਲਗਾਤਾਰ 15 ਸਾਲ ਸੱਤਾ ਵਿਚ ਰਹੀ। ਰਵਾਇਤੀ ਵਿਰੋਧੀ ਭਾਜਪਾ ਇਸ ਨੂੰ ਉਖਾੜ ਨਹੀਂ ਸਕੀ ਪਰ 2013 ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਵਲੋਂ ਸੱਤਾ ਤੋਂ ਬੇਦਖਲ ਕਰ ਦਿੱਤੀ ਗਈ ਸੀ। ਉਦੋਂ ਭਾਜਪਾ 31 ਵਿਧਾਇਕਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ ਪਰ ਇਸ ਨੂੰ ਰੋਕਣ ਲਈ ਕਾਂਗਰਸ ਨੇ ਆਪਣੇ ਅੱਠ ਵਿਧਾਇਕਾਂ ਦੇ ਸਮਰਥਨ ਨਾਲ 28 ਵਿਧਾਇਕਾਂ ਨਾਲ ‘ਆਪ’ ਦੀ ਸਰਕਾਰ ਬਣਾਈ ਸੀ। ਅਜੇ ਮਾਕਨ ਇਸ ਨੂੰ 11 ਸਾਲ ਬਾਅਦ ਕਾਂਗਰਸ ਦੀ ਪਹਿਲੀ ਗਲਤੀ ਦੱਸ ਰਹੇ ਹਨ।
ਹੁਣ ਜਦੋਂ ਕਾਂਗਰਸ ਨੂੰ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅਗਲੀਆਂ ਲੋਕ ਸਭਾ ਚੋਣਾਂ 2029 ਵਿਚ ਹੋਣੀਆਂ ਹਨ, ਪਾਰਟੀ ਘੱਟੋ-ਘੱਟ ਚਾਰ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਕੱਲੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੀ ਹੈ।
‘ਆਪ’ ਨੇ ਇਨ੍ਹਾਂ ਵਿਚੋਂ ਦੋ ਰਾਜਾਂ ਵਿਚ ਉਸ ਤੋਂ ਸੱਤਾ ਖੋਹ ਲਈ ਅਤੇ ਦੋ ਹੋਰ ਰਾਜਾਂ ਵਿਚ ਉਸ ਦੀ ਚੋਣ ਹਾਰ ਵਿਚ ਵੱਡੀ ਭੂਮਿਕਾ ਨਿਭਾਈ। ਹਰਿਆਣਾ ਅਤੇ ਮਹਾਰਾਸ਼ਟਰ ਵਿਚ ਹਾਰ ਤੋਂ ਬਾਅਦ ਕਾਂਗਰਸ ਨੇ ਵੀ ਆਪਣੇ ਸਹਿਯੋਗੀਆਂ ਦੇ ਬਦਲਦੇ ਰਵੱਈਏ ਤੋਂ ਸਮਝ ਲਿਆ ਹੈ ਕਿ ਪੈਰਾ ਹੇਠਲੀ ਜ਼ਮੀਨ ਤੋਂ ਬਿਨਾਂ ਕੋਈ ਵੀ ਗੱਠਜੋੜ ਦੀ ਰਾਜਨੀਤੀ ’ਚ ਕੋਈ ਨਹੀਂ ਪੁੱਛਦਾ।
ਦਿੱਲੀ ਵਿਚ ਪਹਿਲਾ ਮੋਰਚਾ ਖੁੱਲ੍ਹ ਗਿਆ ਹੈ। ਇਸ ਲਈ ਇਹ ਦਿੱਲੀ, ਪੰਜਾਬ, ਗੁਜਰਾਤ ਅਤੇ ਗੋਆ ਵਿਚ ਆਪਣਾ ਗੁਆਚਿਆ ਸਮਰਥਨ ਆਧਾਰ ਵਾਪਸ ਲੈਣ ਲਈ ‘ਆਪ’ ਨਾਲ ਜ਼ੋਰ ਅਜ਼ਮਾਇਸ਼ ਕਰਨਾ ਚਾਹੁੰਦੀ ਹੈ। ਦਿੱਲੀ ਵਿਚ ਫਰਵਰੀ 2025 ਵਿਚ ਅਤੇ ਪੰਜਾਬ, ਗੁਜਰਾਤ ਅਤੇ ਗੋਆ ਵਿਚ 2027 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੰਜਾਬ ’ਚ ਹੁਣ ਸਿਰਫ਼ ‘ਆਪ’ ਅਤੇ ਕਾਂਗਰਸ ਵਿਚਾਲੇ ਹੀ ਸਿੱਧਾ ਮੁਕਾਬਲਾ ਬਚਿਆ ਹੈ, ਜਦਕਿ ਬਾਕੀ ਤਿੰਨ ਸੂਬਿਆਂ ’ਚ ਇਹ ਚੋਣ ਸੰਘਰਸ਼ ਦਾ ਤੀਜਾ ਕੋਣ ਹੈ।
ਕਾਂਗਰਸ ਨੂੰ ਲੱਗਦਾ ਹੈ ਕਿ ਜੇਕਰ ਉਹ ਇਨ੍ਹਾਂ ਤਿੰਨਾਂ ਰਾਜਾਂ ’ਚ ‘ਆਪ’ ਤੋਂ ਆਪਣਾ ਸਮਰਥਨ ਵਾਪਸ ਲੈਣ ’ਚ ਕਾਮਯਾਬ ਹੋ ਜਾਂਦੀ ਹੈ ਤਾਂ ਭਵਿੱਖ 'ਚ ‘ਏਕਲਾ ਚੱਲੋ’ ਦੀ ਸਥਿਤੀ ਨਾ ਵੀ ਬਣੇ ਪਰ ਗੱਠਜੋੜ ਦੀ ਰਾਜਨੀਤੀ ’ਚ ਇਸ ਦੀ ਹੈਸੀਅਤ ਇੰਨੀ ਜ਼ਰੂਰ ਬਣ ਜਾਵੇਗੀ ਕਿ ਕੋਈ ਛੋਟੀ ਪਾਰਟੀ ਉਸ ਨੂੰ ਅੱਖਾਂ ਨਾ ਦਿਖਾ ਸਕੇ।
ਰਾਜ ਕੁਮਾਰ ਸਿੰਘ
ਨਿਤੀਸ਼-ਸਾਫ ਲੁਕਦੇ ਵੀ ਨਹੀਂ ਅਤੇ ਸਾਹਮਣੇ ਆਉਂਦੇ ਵੀ ਨਹੀਂ
NEXT STORY