ਇਸ ਸਮੇਂ ‘ਫੂਲੇ’ ਫਿਲਮ ਵਿਵਾਦਾਂ ’ਚ ਹੈ। ਸਮਾਜ ਸੁਧਾਰਕ ਜੋਤੀਰਾਵ ਫੂਲੇ ਅਤੇ ਸਾਵਿਤਰੀਬਾਈ ਫੂਲੇ ਦੀ ਜ਼ਿੰਦਗੀ ’ਤੇ ਬਣੀ ਇਹ ਫਿਲਮ ਪਹਿਲੇ 11 ਅਪ੍ਰੈਲ ਨੂੰ ਫੂਲੇ ਜੈਅੰਤੀ ਦੇ ਮੌਕੇ ’ਤੇ ਰਿਲੀਜ਼ ਹੋਣ ਵਾਲੀ ਸੀ, ਪਰ ਬ੍ਰਾਹਮਣ ਭਾਈਚਾਰੇ ਦੇ ਇੱਕ ਵਰਗ ਦੇ ਇਤਰਾਜ਼ਾਂ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸੇ ਕਾਰਨ ‘ਕੇਂਦਰੀ ਫਿਲਮ ਪ੍ਰਮਾਣਨ ਬੋਰਡ’ ਨੇ ਇਸ ਵਿੱਚ ਕੁਝ ਸੋਧ ਕਰਨ ਲਈ ਕਿਹਾ ਸੀ, ਭਾਵ ਸੈਂਸਰ ਬੋਰਡ ਨੇ ਇਸ ’ਤੇ ਕੈਂਚੀ ਚਲਾ ਦਿੱਤੀ। ਹੁਣ ਇਹ ਫਿਲਮ 25 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਬ੍ਰਾਹਮਣ ਭਾਈਚਾਰੇ ਨੇ ਦੋਸ਼ ਲਾਇਆ ਕਿ ਇਸ ਫਿਲਮ ਵਿੱਚ ਬ੍ਰਾਹਮਣਾਂ ਨੂੰ ਨਾਕਾਰਾਤਮਕ ਭੂਮਿਕਾ ਵਿੱਚ ਦਿਖਾਇਆ ਗਿਆ ਹੈ। ਫੂਲੇ ਦਾ ਸਮਰਥਨ ਕਰਦੇ ਹੋਏ ਫਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਇੱਕ ਅਜਿਹਾ ਬਿਆਨ ਦੇ ਦਿੱਤਾ ਜਿਸ ਨਾਲ ਦੁਬਾਰਾ ਵਿਵਾਦ ਹੋ ਗਿਆ। ਅਨੁਰਾਗ ਕਸ਼ਯਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ‘ਫੂਲੇ’ ਉੱਤੇ ਹੋ ਰਹੇ ਵਿਵਾਦ ’ਤੇ ਆਪਣੀ ਟਿੱਪਣੀ ਕੀਤੀ ਸੀ। ਫਿਰ ਸੋਸ਼ਲ ਮੀਡੀਆ ’ਤੇ ਇੱਕ ਵਿਅਕਤੀ ਨੇ ਲਿਖਿਆ ਕਿ ‘ਬ੍ਰਾਹਮਣ ਤੁਹਾਡੇ ਬਾਪ’ ਹਨ। ਜਿਸ ਦੇ ਜਵਾਬ ਵਿੱਚ ਅਨੁਰਾਗ ਕਸ਼ਯਪ ਨੇ ਬ੍ਰਾਹਮਣਾਂ ’ਤੇ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ।
ਇਸੇ ਬਿਆਨ ਕਾਰਨ ਫਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਦੁਬਾਰਾ ਵਿਵਾਦਾਂ ’ਚ ਆ ਗਏ। ਉਨ੍ਹਾਂ ਵਿਰੁੱਧ ਐੱਫ.ਆਈ.ਆਰ. ਹੋ ਗਈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਅਤੇ ਸੈਕਸ ਸ਼ੋਸ਼ਣ ਦੀ ਧਮਕੀ ਵੀ ਮਿਲੀ। ਇਸ ਵਿਵਾਦ ਪਿੱਛੋਂ ਅਨੁਰਾਗ ਕਸ਼ਯਪ ਨੇ ਮਾਫ਼ੀ ਮੰਗ ਲਈ। ਸੋਸ਼ਲ ਮੀਡੀਆ ਪੋਸਟ ’ਚ ਉਨ੍ਹਾਂ ਨੇ ਲਿਖਿਆ, ‘‘ਇਹ ਮੇਰੀ ਮਾਫ਼ੀ ਹੈ, ਉਸ ਪੋਸਟ ਲਈ ਨਹੀਂ ਸਗੋਂ ਉਸ ਇਕ ਲਾਈਨ ਲਈ ਜੋ ਪ੍ਰਸੰਗ ਤੋਂ ਬਾਹਰ ਲਈ ਗਈ ਅਤੇ ਨਫਰਤ ਪੈਦਾ ਹੋ ਰਹੀ ਹੈ।’’
ਅਨੁਰਾਗ ਕਸ਼ਯਪ ਨੇ ਅੱਗੇ ਲਿਖਿਆ, ‘‘ਕਹੀ ਹੋਈ ਗੱਲ ਵਾਪਸ ਨਹੀਂ ਲਈ ਜਾ ਸਕਦੀ ਅਤੇ ਨਾ ਮੈਂ ਲਵਾਂਗਾ, ਪਰ ਮੈਨੂੰ ਜੋ ਗਾਲ੍ਹ ਕੱਢਣੀ ਹੈ, ਕੱਢੋ। ਬ੍ਰਾਹਮਣ ਲੋਕੋ, ਔਰਤਾਂ ਨੂੰ ਬਖ਼ਸ਼ ਦਿਓ। ਇੰਨਾ ਸੰਸਕਾਰ ਤਾਂ ਸ਼ਾਸਤਰਾਂ ’ਚ ਵੀ ਹੈ, ਸਿਰਫ ਮਨੂਵਾਦ ’ਚ ਨਹੀਂ। ਤੁਸੀਂ ਕਿਹੜੇ ਬ੍ਰਾਹਮਣ ਹੋ, ਤੈਅ ਕਰ ਲਓ। ਬਾਕੀ ਮੇਰੇ ਵਲੋਂ ਮਾਫ਼ੀ।’’
ਭਾਵ ਦੋਵਾਂ ਹੀ ਪਾਸਿਆਂ ਤੋਂ ਹੱਦ ਕਰ ਦਿੱਤੀ ਗਈ। ਬ੍ਰਾਹਮਣਾਂ ’ਤੇ ਇਤਰਾਜ਼ਯੋਗ ਟਿੱਪਣੀ ਕਰ ਕੇ ਕੀ ਅਨੁਰਾਗ ਕਸ਼ਯਪ ਨੇ ਆਪਣੇ ਪੱਧਰ ਦੀ ਪਛਾਣ ਨਹੀਂ ਕਰਵਾ ਦਿੱਤੀ? ਇਹ ਸਹੀ ਹੈ ਕਿ ਉਨ੍ਹਾਂ ਕੋਲ ਕਈ ਪ੍ਰਾਪਤੀਆਂ ਹਨ, ਪਰ ਉਨ੍ਹਾਂ ਦੇ ਬਿਆਨ ਨੇ ਇਹ ਪ੍ਰਦਰਸ਼ਿਤ ਕਰ ਦਿੱਤਾ ਕਿ ਇਕ ਕਲਾਕਾਰ ਦੇ ਅੰਦਰ ਵੀ ਕਈ ਤਰ੍ਹਾਂ ਦੀਆਂ ਨਿਰਾਸ਼ਾਵਾਂ ਹੋ ਸਕਦੀਆਂ ਹਨ। ਇਹ ਵੀ ਇੱਕ ਤਰ੍ਹਾਂ ਨਾਲ ਜਾਤੀਗਤ ਭੇਦਭਾਵ ਵਧਾਉਣਾ ਹੀ ਹੈ।
ਫਿਲਮ ‘ਫੂਲੇ’ ਜਾਤੀਗਤ ਭੇਦਭਾਵ ਅਤੇ ਲਿੰਗਕ ਅਸਮਾਨਤਾ ਦੇ ਵਿਰੁੱਧ ਜੋਤੀਰਾਵ ਫੂਲੇ ਅਤੇ ਸਾਵਿਤਰੀਬਾਈ ਫੂਲੇ ਦੇ ਸੰਘਰਸ਼ ’ਤੇ ਪ੍ਰਕਾਸ਼ ਪਾਂਦੀ ਹੈ। ਜੋਤੀਰਾਵ ਫੂਲੇ ਅਤੇ ਉਨ੍ਹਾਂ ਦੀ ਪਤਨੀ ਸਾਵਿਤਰੀਬਾਈ ਫੂਲੇ ਮਹਾਰਾਸ਼ਟਰ ਦੇ ਪ੍ਰਮੁੱਖ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਹਾਸ਼ੀਏ ਦੇ ਭਾਈਚਾਰਿਆਂ ਅਤੇ ਔਰਤਾਂ ਲਈ ਸਿੱਖਿਆ ਦੇ ਖੇਤਰ ’ਚ ਅਹੰਕਾਰਜ ਕੀਤਾ। ਉਨ੍ਹਾਂ ਨੇ ਜਾਤ-ਪਾਤ ਅਤੇ ਅੰਧ ਵਿਸ਼ਵਾਸ ਦਾ ਵਿਰੋਧ ਕੀਤਾ।
ਇਸ ਵਿਵਾਦ ਦਰਮਿਆਨ ਵਾਂਝੇ ਬਹੁਜਨ ਅਘਾੜੀ ਦੇ ਪ੍ਰਧਾਨ ਪ੍ਰਕਾਸ਼ ਅੰਬੇਡਕਰ ਨੇ ਪੁਣੇ ’ਚ ਇੱਕ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਫੂਲੇ ਫਿਲਮ ਤੋਂ ਮਹੱਤਵਪੂਰਣ ਦ੍ਰਿਸ਼ ਹਟਾ ਦਿੱਤੇ ਗਏ ਤਾਂ ਉਸ ਦਾ ਮਕਸਦ ਹੀ ਖਤਮ ਹੋ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਫਿਲਮ ਦਾ ਮਕਸਦ ਤਾਂ ਹੀ ਸਪਸ਼ਟ ਹੋਵੇਗਾ ਜਦੋਂ ਉਸ ਦੇ ਸਾਰੇ ਦ੍ਰਿਸ਼ ਬਰਕਰਾਰ ਰਹਿਣਗੇ। ਫਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਹਾਲ ਹੀ ’ਚ ਫਿਲਮ ‘ਫੂਲੇ’ ਨੂੰ ਲੈ ਕੇ ਉੱਠੇ ਵਿਵਾਦ ’ਤੇ ਡੂੰਘੀ ਨਿਰਾਸ਼ਾ ਪ੍ਰਗਟ ਕੀਤੀ। ਉਨ੍ਹਾਂ ਨੇ ਭਾਰਤ ’ਚ ਸੈਂਸਰਸ਼ਿਪ ਅਤੇ ਜਾਤੀਵਾਦ ’ਤੇ ਗੰਭੀਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਭਾਰਤ ’ਚ ਜਾਤੀਵਾਦ ਨਾ ਹੁੰਦਾ ਤਾਂ ਇਸ ਦੇ ਵਿਰੁੱਧ ਲੜ੍ਹਨ ਦੀ ਲੋੜ ਹੀ ਕਿਉਂ ਪੈਂਦੀ?
ਸਵਾਲ ਇਹ ਹੈ ਕਿ ਕਿਸੇ ਫਿਲਮ ਨੂੰ ਲੜਾਈ ਦਾ ਮਾਧਿਅਮ ਕਿਉਂ ਬਣਾਇਆ ਜਾਵੇ? ਇਹ ਫਿਲਮ ਜੋਤੀਰਾਵ ਫੂਲੇ ਅਤੇ ਸਾਵਿਤਰੀਬਾਈ ਫੂਲੇ ਦੇ ਸੰਘਰਸ਼ ਨੂੰ ਦਿਖਾਉਂਦੀ ਹੈ। ਜ਼ਾਹਿਰ ਹੈ ਕਿ ਜਦੋਂ ਉਨ੍ਹਾਂ ਦਾ ਸੰਘਰਸ਼ ਦਿਖਾਇਆ ਜਾਵੇਗਾ ਤਾਂ ਬ੍ਰਾਹਮਣਵਾਦੀ ਮਾਨਸਿਕਤਾ ਅਤੇ ਬ੍ਰਾਹਮਣਵਾਦੀ ਵਿਵਸਥਾ ਨੂੰ ਵੀ ਦਿਖਾਇਆ ਜਾਵੇਗਾ।
ਇਹ ’ਚ ਕੋਈ ਦੋ ਰਾਏ ਨਹੀਂ ਹਨ ਕਿ ਪੁਰਾਣੇ ਜ਼ਮਾਨੇ ’ਚ ਬ੍ਰਾਹਮਣਾਂ ਨੇ ਦਲਿਤਾਂ ’ਤੇ ਅੱਤਿਆਚਾਰ ਕੀਤੇ। ਅੱਜ ਵੀ ਦਲਿਤਾਂ ਨੂੰ ਮੰਦਰ ’ਚ ਪ੍ਰਵੇਸ਼ ਨਾ ਦੇਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਦਲਿਤਾਂ ਨੇ ਜਿਸ ਅਪਮਾਨ ਨੂੰ ਭੋਗਿਆ ਹੈ, ਉਹੀ ਉਸ ਨੂੰ ਬਿਹਤਰ ਤਰੀਕੇ ਨਾਲ ਮਹਿਸੂਸ ਕਰ ਸਕਦੇ ਹਨ।
ਦਲਿਤਾਂ ਦੇ ਅਪਮਾਨ ਨੂੰ ਕੋਈ ਬ੍ਰਾਹਮਣ ਮਹਿਸੂਸ ਨਹੀਂ ਕਰ ਸਕਦਾ। ਇਸ ਲਈ ਜੇਕਰ ‘ਫੂਲੇ’ ਫਿਲਮ ’ਚ ਬ੍ਰਾਹਮਣਾਂ ਦੇ ਵਿਵਹਾਰ ਨੂੰ ਦਿਖਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਸਹਿਜ ਰੂਪ ਵਿੱਚ ਇਹ ਸਭ ਸਵੀਕਾਰ ਕਰਨਾ ਚਾਹੀਦਾ ਹੈ।
ਹਰ ਵਿਵਹਾਰ ਜਾਂ ਪ੍ਰਸੰਗ ਨੂੰ ਪੂਰੀ ਜਾਤੀ ਦਾ ਪ੍ਰਸੰਗ ਬਣਾਉਣਾ ਉਚਿਤ ਨਹੀਂ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਇਕ ਤਰ੍ਹਾਂ ਨਾਲ ਇਸ ਗੱਲ ਨੂੰ ਨਕਾਰ ਦਿੰਦੇ ਹਾਂ ਕਿ ਸਦੀਆਂ ਤੋਂ ਦਲਿਤਾਂ ਨਾਲ ਅੱਤਿਆਚਾਰ ਹੁੰਦਾ ਆ ਰਿਹਾ ਹੈ।
ਪੁਰਾਣੇ ਸਮੇਂ ’ਚ ਹੀ ਨਹੀਂ, ਸਗੋਂ ਇਸ ਪ੍ਰਗਤੀਸ਼ੀਲ ਦੌਰ ’ਚ ਵੀ ਦਲਿਤਾਂ ਨਾਲ ਅੱਤਿਆਚਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜੇ ਚਾਰ-ਪੰਜ ਦਿਨ ਪਹਿਲਾਂ ਹੀ ਆਗਰਾ ਜ਼ਿਲ੍ਹੇ ’ਚ ਇੱਕ ਦਲਿਤ ਦੁਲਹੇ ਨਾਲ ਮਾਰਕੁੱਟ ਕੀਤੀ ਗਈ ਕਿਉਂਕਿ ਉਹ ਆਪਣੇ ਵਿਆਹ ’ਚ ਘੋੜੀ ’ਤੇ ਬੈਠਿਆ ਸੀ।
ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਇਤਿਹਾਸ ’ਚ ਦਲਿਤਾਂ ਨਾਲ ਭੇਦਭਾਵ ਅਤੇ ਅੱਤਿਆਚਾਰ ਹੋਇਆ ਹੈ ਅਤੇ ਹੁਣ ਵੀ ਹੋ ਰਿਹਾ ਹੈ। ਉਨ੍ਹਾਂ ’ਤੇ ਅੱਤਿਆਚਾਰ ਕਰਨ ਵਾਲੇ ਕਿਸੇ ਵੀ ਜਾਤੀ ਦੇ ਲੋਕ ਹੋ ਸਕਦੇ ਹਨ।
ਬ੍ਰਾਹਮਣਵਾਦੀ ਵਿਵਸਥਾ ’ਚ ਬ੍ਰਾਹਮਣਾਂ ਨੇ ਕਈ ਗਲਤੀਆਂ ਕੀਤੀਆਂ ਹਨ। ਇਨ੍ਹਾਂ ਗਲਤੀਆਂ ਦਾ ਕਿਸੇ ਵੀ ਤਰੀਕੇ ਨਾਲ ਬਚਾਅ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਇਸ ਨੂੰ ਜਾਤੀਗਤ ਲੜਾਈ ਬਣਾਉਣਾ ਚਾਹੀਦਾ ਹੈ।
ਅਨੁਰਾਗ ਕਸ਼ਯਪ ਨੇ ਵੀ ਬ੍ਰਾਹਮਣਾਂ ਉੱਤੇ ਇਤਰਾਜ਼ਯੋਗ ਟਿੱਪਣੀ ਕਰਕੇ ਗੰਭੀਰਤਾ ਨਹੀਂ ਦਿਖਾਈ। ਇਸ ਦੌਰ ’ਚ ਬ੍ਰਾਹਮਣਾਂ ’ਚ ਵੀ ਤਰੱਕੀਪਸੰਦ ਵਿਚਾਰਧਾਰਾ ਦੇ ਲੋਕ ਹਨ। ਹੁਣ ਸਾਨੂੰ ਇਹ ਸੋਚਣਾ ਪਵੇਗਾ ਕਿ ਸਮਾਜਿਕ ਸਦਭਾਵਨਾ ਕਿਵੇਂ ਬਣੀ ਰਹੇ।
ਕੋਈ ਫਿਲਮ ਜੇਕਰ ਸਮਾਜਿਕ ਯਥਾਰਥ ਨੂੰ ਦਿਖਾ ਰਹੀ ਹੈ, ਤਾਂ ਉਸ ਨੂੰ ਆਪਣੀ ਜਾਤੀ ਵਿਰੁੱਧ ਨਹੀਂ ਮੰਨਣਾ ਚਾਹੀਦਾ। ਸਿਰਫ ਬ੍ਰਾਹਮਣ ਹੀ ਸਨਮਾਨ ਦੇ ਹੱਕਦਾਰ ਨਹੀਂ ਹਨ। ਦਲਿਤ ਭਰਾ ਵੀ ਸਨਮਾਨ ਦੇ ਹੱਕਦਾਰ ਹਨ। ਹੁਣ ਸਾਨੂੰ ਇਹ ਸੋਚਣਾ ਪਵੇਗਾ ਕਿ ਇੱਕ ਦੂਜੇ ਨੂੰ ਸਨਮਾਨ ਦੇ ਕੇ ਅਸੀਂ ਕਿਵੇਂ ਇਸ ਸਮਾਜ ਨੂੰ ਅੱਗੇ ਲੈ ਜਾ ਸਕਦੇ ਹਾਂ।
ਰੋਹਿਤ ਕੌਸ਼ਿਕ
ਪਾਕਿਸਤਾਨ ਭਾਰਤ ਨੂੰ ਦਿੰਦਾ ਰਹੇਗਾ ‘ਹਜ਼ਾਰ ਜ਼ਖ਼ਮ’
NEXT STORY