ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਭਾਜਪਾ ਦੇ ਸਪੱਸ਼ਟਵਾਦੀ ਆਗੂਆਂ ’ਚੋਂ ਇਕ ਹਨ, ਜੋ ਆਪਣੇ ਕੰਮ ਦਾ ਪ੍ਰਚਾਰ ਕਰਨ ਦੀ ਥਾਂ ਚੁੱਪਚਾਪ ਉਸ ਨੂੰ ਅੰਜਾਮ ਦੇਣ ’ਚ ਭਰੋਸਾ ਰੱਖਦੇ ਹਨ। ਉਨ੍ਹਾਂ ਦੇ ਇਸੇ ਗੁਣ ਕਾਰਨ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਸਹਿਯੋਗੀ ਹੀ ਨਹੀਂ, ਵਿਰੋਧੀ ਪਾਰਟੀਆਂ ਦੇ ਆਗੂ ਵੀ ਕਰਦੇ ਹਨ।
ਸ਼੍ਰੀ ਨਿਤਿਨ ਗਡਕਰੀ ਜਿੱਥੇ ਆਪਣੇ ਮੰਤਰਾਲਾ ’ਚ ਸ਼ਲਾਘਾਯੋਗ ਕਾਰਜ ਕਰ ਰਹੇ ਹਨ, ਉੱਥੇ ਹੀ ਆਪਣੇ ਭਾਸ਼ਣਾਂ ’ਚ ਸਮੇਂ-ਸਮੇਂ ’ਤੇ ਸਿਆਸਤ ਨੂੰ ਲੈ ਕੇ ਤਿੱਖੇ ਵਿਅੰਗ ਕਰਦੇ ਰਹਿੰਦੇ ਹਨ ਅਤੇ ਆਪਣੀ ਪਾਰਟੀ ਦੇ ਆਗੂਆਂ ਦਾ ਵੀ ਲਿਹਾਜ਼ ਨਹੀਂ ਕਰਦੇ।
ਇਹੀ ਨਹੀਂ ਉਹ ਸਮਾਜਿਕ ਸਰੋਕਾਰਾਂ ਨਾਲ ਜੁੜੇ ਮੁੱਦਿਆਂ, ਸਮਾਜਿਕ ਬਰਾਬਰੀ, ਔਰਤਾਂ ਅਤੇ ਬੱਚਿਆਂ ਦੀ ਸਥਿਤੀ ਅਤੇ ਹੁਨਰ ਵਿਕਾਸ ਆਦਿ ਵਿਸ਼ਿਆਂ ’ਤੇ ਵੀ ਆਪਣੇ ਬੇਬਾਕ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ।
ਇਸੇ ਸਿਲਸਿਲੇ ’ਚ ਉਨ੍ਹਾਂ ਨੇ ਨਵੀਂ ਦਿੱਲੀ ’ਚ 6 ਮਾਰਚ ਨੂੰ ਇਕ ਪ੍ਰੋਗਰਾਮ ’ਚ ਬੋਲਦਿਆਂ ਇਕ ਅਜਿਹੇ ਸਮਾਜ ਦੀ ਲੋੜ ’ਤੇ ਜ਼ੋਰ ਦਿੱਤਾ, ਜਿਸ ’ਚ ਲਿੰਗ, ਜਾਤ ਜਾਂ ਧਰਮ ਦੇ ਆਧਾਰ ’ਤੇ ਕਿਸੇ ਨਾਲ ਵਿਤਕਰਾ ਨਾ ਹੋਵੇ।
ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਇਕ ਅਜਿਹੇ ਸਮਾਜ ਦੀ ਲੋੜ ਹੈ ਜਿੱਥੇ ਕਿਸੇ ਨੂੰ ਵੀ ਜਾਤ, ਲਿੰਗ ਜਾਂ ਧਰਮ ਦੇ ਆਧਾਰ ’ਤੇ ਵਿਤਕਰਾ ਮਹਿਸੂਸ ਨਾ ਹੋਵੇ। 8 ਮਾਰਚ ਨੂੰ ਮਨਾਏ ਜਾਣ ਵਾਲੇ ‘ਮਹਿਲਾ ਦਿਵਸ’ ਸਬੰਧੀ ਸਮਾਜ ’ਚ ਬੇਮਿਸਾਲ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ‘ਲੋਕਮਾਤਾ ਅਹਿੱਲਿਆ ਬਾਈ ਹੋਲਕਰ ਮਹਿਲਾ ਸਨਮਾਨ’ ਪ੍ਰਦਾਨ ਕਰਦੇ ਹੋਏ ਸ਼੍ਰੀ ਨਿਤਿਨ ਗਡਕਰੀ ਨੇ ਉਪਰੋਕਤ ਟਿੱਪਣੀ ਕੀਤੀ।
‘ਕਮਲਾ ਅੰਕੀਬਾਈ ਘਮੰਡੀਰਾਮ ਗੋਵਾਨੀ ਟਰੱਸਟ’ ਮੁੰਬਈ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਇਸ ਸਮਾਗਮ ’ਚ ਬੋਲਦਿਆਂ ਸ਼੍ਰੀ ਗਡਕਰੀ ਨੇ ਕਿਹਾ ਕਿ, ‘‘ਦੁਨੀਆ ਹੁਣ ਬਦਲ ਗਈ ਅਤੇ ਔਰਤਾਂ ਨੂੰ ਆਪਣੇ ਲਿੰਗ ਦੇ ਆਧਾਰ ’ਤੇ ਸੀਮਿਤ ਮਹਿਸੂਸ ਨਹੀਂ ਕਰਨਾ ਚਾਹੀਦਾ।’’
‘‘ਜਿੱਥੇ ਯੋਗਤਾ ਮੌਜੂਦ ਹੈ ਉੱਥੇ ਔਰਤਾਂ ਅਗਵਾਈ ਕਰ ਰਹੀਆਂ ਹਨ ਅਤੇ ਚੋਟੀ ਦੀਆਂ ਪ੍ਰਾਪਤੀਆਂ ਪ੍ਰਾਪਤ ਕਰਨ ਵਾਲਿਆਂ ’ਚ 75 ਫੀਸਦੀ ਔਰਤਾਂ ਹਨ। ਸਾਨੂੰ ਇਕ ਅਜਿਹੇ ਸਮਾਜ ਦੀ ਉਸਾਰੀ ਕਰਨੀ ਚਾਹੀਦੀ ਜਿੱਥੇ ਕਿਸੇ ਨੂੰ ਵੀ ਜਾਤ,ਲਿੰਗ, ਧਰਮ ਜਾਂ ਸਮਾਜਿਕ ਸਥਿਤੀ ਦੇ ਆਧਾਰ ’ਤੇ ਨਾ ਮਾਪਿਆ ਜਾਵੇ।’’
ਇਸ ਤੋਂ ਪਹਿਲਾਂ ਇਸੇ ਸਾਲ 3 ਜਨਵਰੀ ਨੂੰ ਨਿਤਿਨ ਗਡਕਰੀ ਨੇ ਨਾਗਪੁਰ ’ਚ ਰਾਸ਼ਟਰੀ ਖੇਡ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ’ਚ ਕਿਹਾ ਕਿ ਸਕੂਲ ਅਤੇ ਕਾਲਜ ਆਦਿ ਵਿਧਾਇਕ ਅਤੇ ਵਿਧਾਇਕ ਨਾਲ ਰਹਿਣ ਵਾਲੇ ਲੋਕਾਂ ਨੂੰ ਅਲਾਟ ਕਰਨੇ ਬੰਦ ਕੀਤੇ ਜਾਣ।
ਉਨ੍ਹਾਂ ਕਿਹਾ ਕਿ :
‘‘ਜਦੋਂ ਮੈਂ ਮਹਾਰਾਸ਼ਟਰ ’ਚ ਮੰਤਰੀ ਸੀ, ਤਦ ਮੈਂ ਵੀ ਸਕੂਲ, ਕਾਲਜ ਵੰਡੇ, ਪਰ ਲੋਕਾਂ ਨੂੰ ਕਿਹਾ ਸੀ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੋ, ਉਨ੍ਹਾਂ ਨੂੰ ਚੰਗਾ ਖਾਣਾ ਦੇਵੋ, ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋਣ, ਇਸ ਦਾ ਧਿਆਨ ਰੱਖੋ। ਦੋ ਪੈਸੇ ਤੁਸੀਂ ਕਮਾਓ ਪਰ ਸਾਰੇ ਪੈਸੇ ਆਪਣੀ ਜੇਬ ’ਚ ਰੱਖੋ ਅਤੇ ਆਦਿਵਾਸੀ ਵਿਕਾਸ ਦੀ ਗੱਲ ਕਰੋ, ਇਹ ਨਹੀਂ ਚੱਲੇਗਾ।’’
ਸਭ ਨੂੰ ਚੰਗਾ ਕੰਮ ਕਰਨ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ, ‘‘ਤੁਹਾਨੂੰ ਚੰਗਾ ਕੰਮ ਕਰਨਾ ਚਾਹੀਦਾ ਹੈ, ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਉੱਤਮ ਨਾਗਰਿਕ ਵੀ ਬਣਾਉਣਾ ਚਾਹੀਦਾ ਹੈ।’’
ਜੋ ਚੰਗਾ ਕੰਮ ਕਰੇਗਾ ਉਸ ਨੂੰ ਉਤਸ਼ਾਹਿਤ ਕਰੋ, ਜੋ ਖਰਾਬ ਕੰਮ ਕਰੇਗਾ ਉਸ ਨੂੰ ਸਿਸਟਮ ’ਚੋਂ ਬਾਹਰ ਕਰੋ। ਇਸ ਨਾਲ ਗੁਣਵੱਤਾ ਸੁਧਰੇਗੀ ਤਾਂ ਭਵਿੱਖ ’ਚ ਚੰਗੇ ਨਾਗਰਿਕ, ਚੰਗੇ ਖਿਡਾਰੀ, ਚੰਗੇ ਬੱਚੇ ਤਿਆਰ ਹੋਣਗੇ।’’
ਸ਼੍ਰੀ ਨਿਤਿਨ ਗਡਕਰੀ ਨੇ ਦੇਸ਼ ’ਚ ਹੁਨਰ ਵਿਕਾਸ ਦੀ ਲੋੜ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ, ‘‘ਇਕ ਪੰਜ ਤਾਰਾ ਹੋਟਲ ਦਾ ਸ਼ੈੱਫ ਜੋ ਸਬਜ਼ੀ ਬਣਾਉਂਦਾ ਹੈ, ਉਸ ਨੂੰ 15 ਲੱਖ ਦੀ ਤਨਖਾਹ ਮਿਲਦੀ ਹੈ। ਇਹ ਉਸ ਦਾ ਹੁਨਰ ਹੈ।’’
‘‘ਸਾਰੇ ਲੋਕ ਸਬਜ਼ੀਆਂ ਬਣਾਉਂਦੇ ਹਨ ਪਰ ਸਭ ਦੀ ਸਬਜ਼ੀ ਹਰ ਇਕ ਨੂੰ ਪਸੰਦ ਨਹੀਂ ਆਉਂਦੀ। ਇਕ ਗਲੀ ’ਚ ਨਾਲੀ ਦੇ ਕੰਢੇ ਪਕੌੜੇ ਬਣਾਉਣ ਵਾਲੇ ਕੋਲ ਲਾਈਨ ਲੱਗਦੀ ਹੈ ਅਤੇ ਹੋਟਲ ’ਚ ਏਅਰ ਕੰਡੀਸ਼ਨ ’ਚ ਉੱਤਮ ਫਰਨੀਚਰ ਹੋਣ ਦੇ ਬਾਵਜੂਦ ਕੋਈ ਗਾਹਕ ਉੱਥੇ ਝਾਕ ਕੇ ਵੀ ਨਹੀਂ ਦੇਖਦਾ।’’
ਸਿਆਸੀ ਲੀਕ ਤੋਂ ਹਟ ਕੇ ਸ਼੍ਰੀ ਨਿਤਿਨ ਗਡਕਰੀ ਦੇ ਉਕਤ ਬਿਆਨ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਾਲੇ ਹਨ ਜਿਸ ਲਈ ਉਹ ਧੰਨਵਾਦ ਦੇ ਪਾਤਰ ਹਨ। ਬਿਨਾਂ ਸ਼ੱਕ ਲਿੰਗ, ਜਾਤ ਜਾਂ ਧਰਮ ਦੇ ਆਧਾਰ ’ਤੇ ਵਿਤਕਰਾ ਰਹਿਤ ਸਮਾਜ ਦੀ ਸਥਾਪਨਾ ਕਰ ਕੇ ਤਰੱਕੀ ਦੇ ਨਵੇਂ ਦਰ ਖੋਲ੍ਹੇ ਜਾ ਸਕਦੇ ਹਨ।’’
–ਵਿਜੇ ਕੁਮਾਰ
ਸੁਰੱਖਿਆ ਐਪਸ ਨਾਲ ਬੇਟੀਆਂ ਦੀ ਸੁਰੱਖਿਆ ਨੂੰ ਲੱਗਣਗੇ ਖੰਭ
NEXT STORY