ਮਨੁੱਖੀ ਗਿਆਨ ਦਾ ਵਿਸਥਾਰ ਇਕ ਅਨੋਖੀ ਘਟਨਾ ਹੈ। ਸਦੀਆਂ ਤੋਂ ਅਸੀਂ ਮਨੁੱਖੀ ਜੀਨੋਮ ਦਾ ਨਕਸ਼ਾ ਤਿਆਰ ਕੀਤਾ ਹੈ, ਬ੍ਰਹਿਮੰਡ ਨੂੰ ਬਿਹਤਰ ਢੰਗ ਨਾਲ ਸਮਝਿਆ ਅਤੇ ਜੀਵਨ ਦੀਆਂ ਰਸਾਇਣਕ ਗੁੰਝਲਾਂ ਨੂੰ ਸੁਲਝਾਇਆ ਹੈ ਅਤੇ ਹਰ ਦਿਨ ਅਸੀਂ ਹੋਰ ਵੱਧ ਗਿਆਨ ਪ੍ਰਾਪਤ ਕਰ ਰਹੇ ਹਾਂ। ਫਿਰ ਵੀ, ਇਹੀ ਵਿਸਥਾਰ ਸਕੂਲੀ ਸਿੱਖਿਆ ਲਈ ਇਕ ਗੰਭੀਰ ਅਤੇ ਵਧਦੀ ਹੋਈ ਸਮੱਸਿਆ ਪੈਦਾ ਕਰ ਰਿਹਾ ਹੈ। ਜਿਵੇਂ-ਜਿਵੇਂ ਗਿਆਨ ਵਧਦਾ ਹੈ, ਅਸੀਂ ਓਨੇ ਹੀ ਸਮੇਂ ਅਤੇ ਜਮਾਤਾਂ ’ਚ ਓਨੇ ਹੀ ਅਧਿਆਪਕਾਂ ਦੇ ਨਾਲ ਸਕੂਲੀ ਸਿਲੇਬਸ ’ਚ ਵੱਧ ਤੋਂ ਵੱਧ ਗਿਆਨ ਸ਼ਾਮਲ ਕਰਨ ਦਾ ਯਤਨ ਕਰਦੇ ਹਾਂ। ਸਮਾਂ ਸਾਰਣੀ ’ਚ ਕੋਈ ਵਿਸਥਾਰ ਨਹੀਂ ਹੁੰਦਾ। ਅਧਿਆਪਕਾਂ ਦੀ ਸਮਰੱਥਾ ’ਚ ਕੋਈ ਵਾਧਾ ਨਹੀਂ ਹੁੰਦਾ ਪਰ ਉਮੀਦਾਂ ਵਧਦੀਆਂ ਜਾ ਰਹੀਆਂ ਹਨ ਅਤੇ ਇਹ ਸਮੱਸਿਆ ਦਾ ਸਿਰਫ ਇਕ ਹਿੱਸਾ ਹੈ।
ਪਿਛਲੇ 6 ਮਹੀਨਿਆਂ ’ਚ, ਪਲਾਸਟਿਕ ਕੂੜੇ, ਊਰਜਾ ਸੰਭਾਲ, ਮਾਹਵਾਰੀ ਸਿਹਤ, ਮਾਨਸਿਕ ਸਿਹਤ, ਸੋਸ਼ਲ ਮੀਡੀਆ ਅਤੇ ਸਿਹਤਮੰਦ ਖਾਣ-ਪੀਣ ਬਾਰੇ ਮੇਰੀ ਲੱਗਭਗ ਇਕੋ ਜਿਹੀ ਗੱਲਬਾਤ ਹੋਈ ਹੈ। ਹਰ ਵਿਸ਼ਾ ਬਹੁਤ ਮਹੱਤਵਪੂਰਨ ਹੈ। ਹਰ ਮਾਹਿਰ ਦਾ ਇਹ ਕਹਿਣਾ ਸਹੀ ਹੈ ਕਿ ਸਕੂਲ ਫਿਲਹਾਲ ਇਨ੍ਹਾਂ ਮੁੱਦਿਆਂ ਵੱਲ ਉਚਿਤ ਧਿਆਨ ਨਹੀਂ ਦੇ ਰਹੇ ਅਤੇ ਉਨ੍ਹਾਂ ’ਚੋਂ ਹਰ ਕੋਈ, ਬਿਲਕੁਲ ਸੁਭਾਵਿਕ ਤੌਰ ’ਤੇ, ਚਾਹੁੰਦਾ ਹੈ ਕਿ ਸਕੂਲ ਇਸ ਦਿਸ਼ਾ ’ਚ ਹੋਰ ਜ਼ਿਆਦਾ ਯਤਨ ਕਰਨ।
ਅਸੀਂ ਵੱਡੀ ਗਿਣਤੀ ’ਚ ਸਕੂਲਾਂ ਅਤੇ ਸਰਕਾਰੀ ਸਕੂਲ ਪ੍ਰਣਾਲੀਆਂ ਨਾਲ ਕੰਮ ਕਰਦੇ ਹਾਂ, ਇਸ ਲਈ ਸਕੂਲਾਂ ਅਤੇ ਉਨ੍ਹਾਂ ਦੇ ਸਿਲੇਬਸ ਨੂੰ ਪ੍ਰਭਾਵਿਤ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਅਸੀਂ ਇਕ ਸੁਭਾਵਿਕ ਸੰਪਰਕ ਬਿੰਦੂ ਬਣ ਜਾਂਦੇ ਹਾਂ। ਉਨ੍ਹਾਂ ਦੇ ਉਦੇਸ਼ਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਇਸ ਮਹੱਤਵਪੂਰਨ ਖੇਤਰ ’ਚ ਕੰਮ ਕਰਦੇ ਹੋਏ, ਅਸੀਂ ਇਕ ਅਜਿਹੀ ਗੱਲ ਵੇਖਦੇ ਹਾਂ ਜੋ ਆਮ ਤੌਰ ’ਤੇ ਹਰ ਵਿਅਕਤੀ ਨਹੀਂ ਵੇਖ ਸਕਦਾ-ਇਨ੍ਹਾਂ ਸਾਰੀਆਂ ਉਮੀਦਾਂ ਦਾ ਵਧਦਾ ਹੋਇਆ ਕੁੱਲ ਬੋਝ ਇਕੋ ਹੀ ਸੰਸਥਾ ’ਤੇ ਪੈ ਰਿਹਾ ਹੈ।
ਇਕ ਪਲ ਰੁਕੋ ਅਤੇ ਕਲਪਨਾ ਕਰੋ ਕਿ ਅਸੀਂ ਕੀ ਉਮੀਦ ਕਰ ਰਹੇ ਹਾਂ। ਇਕ ਸਕੂਲ, ਜਿਸ ’ਚ ਦਿਨ ’ਚ ਨਿਸ਼ਚਿਤ ਘੰਟੇ ਹੁੰਦੇ ਹਨ, ਸਿਲੇਬਸ ਪਹਿਲਾਂ ਹੀ ਗਿਆਨ ਨਾਲ ਭਰਿਆ ਹੁੰਦਾ ਹੈ ਅਤੇ ਅਧਿਆਪਕ ਖ਼ੁਦ ਵੀ ਬਹੁਤ ਜ਼ਿਆਦਾ ਰੁੱਝੇ ਹੁੰਦੇ ਹਨ, ਉਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੱਚਿਆਂ ’ਚ ਵੱਖ-ਵੱਖ ਵਿਸ਼ਿਆਂ ਦੇ ਗਿਆਨ ਦੀ ਵਿਆਪਕ ਸਮਝ ਵਿਕਸਿਤ ਕਰੇ।
ਨਾਲ ਹੀ, ਇਕ ਸਕੂਲ ਤੋਂ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਦਰਾਂ-ਕੀਮਤਾਂ ਅਤੇ ਨੈਤਿਕ ਸੰਵੇਦਨਸ਼ੀਲਤਾ ਦਾ ਵਿਕਾਸ ਕਰੇ, ਆਲੋਚਨਾਤਮਕ ਸੋਚ ਅਤੇ ਹਮਦਰਦੀ ਵਰਗੀਆਂ ਸਮਰੱਥਾਵਾਂ ਨੂੰ ਵਿਕਸਿਤ ਕਰੇ ਅਤੇ ਫਿਰ ਬਾਲ ਸੁਰੱਖਿਆ, ਸੜਕ ਸੁਰੱਖਿਆ, ਜਲ ਸੰਭਾਲ, ਵਾਤਾਵਰਣ ਜਾਗਰੂਕਤਾ, ਮਾਨਸਿਕ ਸਿਹਤ, ਡਿਜੀਟਲ ਸਾਖਰਤਾ, ਪੋਸ਼ਣ ਅਤੇ ਹੋਰ ਕਈ ਵਿਸ਼ਿਆਂ ’ਤੇ ਧਿਆਨ ਦੇਵੇ। ਇਹ ਤਰੀਕਾ ਕਾਰਗਰ ਨਹੀਂ ਹੋਵੇਗਾ। ਇਹ ਸੰਭਵ ਹੀ ਨਹੀਂ ਹੈ।
ਦੋ ਚੀਜ਼ਾਂ ਹਨ ਜਿਨ੍ਹਾਂ ’ਚ ਬਦਲਾਅ ਹੋਣਾ ਜ਼ਰੂਰੀ ਹੈ। ਪਹਿਲੀ ਇਹ ਕਿ ਸਾਨੂੰ ਸਮਾਜ ’ਚ ਮਾਅਨੇ ਰੱਖਣ ਵਾਲੀ ਹਰ ਚੀਜ਼ ਨੂੰ ਸਿਰਫ ਸਿੱਖਿਆ ਵਿਵਸਥਾ ’ਤੇ ਹੀ ਨਿਰਭਰ ਮੰਨਣਾ ਬੰਦ ਕਰਨਾ ਹੋਵੇਗਾ। ਸਕੂਲ ਮਹੱਤਵਪੂਰਨ ਹਨ, ਭਾਵੇਂ ਬੱਚਿਆਂ ਤੱਕ ਪਹੁੰਚਣ ਲਈ ਸਾਡੇ ਕੋਲ ਮੌਜੂਦ ਸਭ ਤੋਂ ਸੰਗਠਿਤ ਅਤੇ ਨਿਆਂਪੂਰਨ ਸੰਸਥਾਵਾਂ ਹਨ, ਪਰ ਬੱਚੇ ਸਿਰਫ ਸਕੂਲਾਂ ’ਚ ਹੀ ਨਹੀਂ ਸਿੱਖਦੇ। ਪਰਿਵਾਰ, ਭਾਈਚਾਰਾ, ਮੀਡੀਆ, ਜਨਤਕ ਲਾਇਬ੍ਰੇਰੀਆਂ, ਸੱਭਿਆਚਾਰਕ ਸੰਸਥਾਵਾਂ, ਦੋਸਤ, ਇਹ ਸਾਰੇ ਬੱਚਿਆਂ ਦੀ ਸ਼ਖ਼ਸੀਅਤ ਨੂੰ ਡੂੰਘਾਈ ਨਾਲ ਪ੍ਰਭਾਵਿਤ ਕਰਦੇ ਹਨ।
ਇਨ੍ਹਾਂ ਦੂਜੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਕਰਨਾ ਅਤੇ ਸਕੂਲਾਂ ’ਤੇ ਹੀ ਬੋਝ ਪਾਉਣਾ ਨਾ ਸਿਰਫ ਉਨ੍ਹਾਂ ਨਾਲ ਅਨਿਆਂ ਹੈ, ਸਗੋਂ ਇਹ ਬੇਅਸਰ ਵੀ ਹੈ। ਜੇਕਰ ਪਾਣੀ ਜਾਂ ਟ੍ਰੈਫਿਕ ਸੁਰੱਖਿਆ ਬਾਰੇ ਬੱਚੇ ਦੀ ਸਮਝ ਸਿਰਫ ਜਮਾਤ ਤੱਕ ਹੀ ਸੀਮਤ ਰਹੇ ਅਤੇ ਘਰ ਤੇ ਆਲੇ-ਦੁਆਲੇ ’ਚ ਉਹ ਜੋ ਕੁਝ ਵੀ ਵੇਖੇ, ਉਸ ’ਚ ਵਿਰੋਧਾਭਾਸ ਨਾ ਹੋਵੇ, ਤਾਂ ਉਸ ਦੀ ਸਮਝ ਅਧੂਰੀ ਅਤੇ ਕਮਜ਼ੋਰ ਹੀ ਰਹੇਗੀ।
ਦੂਜਾ ਅਤੇ ਵਧੇਰੇ ਮਹੱਤਵਪੂਰਨ ਬਿੰਦੂ ਇਹ ਹੈ-ਜੇਕਰ ਸਕੂਲ ਮੂਲ ਸਿਲੇਬਸ ਪੜ੍ਹਾਉਂਦੇ ਹਨ, ਅਸਲ ’ਚ, ਇਹ ਸਮਰੱਥਾਵਾਂ ਇਕ ਅਜਿਹੀ ਨੀਂਹ ਤਿਆਰ ਕਰਦੀਆਂ ਹਨ ਜਿਸ ’ਤੇ ਬਾਕੀ ਸਭ ਕੁਝ ਟਿਕਿਆ ਹੁੰਦਾ ਹੈ। ਜੋ ਬੱਚਾ ਸਪੱਸ਼ਟ ਰੂਪ ’ਚ ਸੋਚਣਾ, ਸਵਾਲ ਕਰਨਾ, ਤਰਕ ਕਰਨਾ, ਸਬੂਤਾਂ ਨੂੰ ਸਮਝਣਾ, ਗੁੰਝਲਾਂ ਨਾਲ ਨਜਿੱਠਣਾ ਅਤੇ ਦੂਜਿਆਂ ਦਾ ਖ਼ਿਆਲ ਰੱਖਣਾ ਸਿੱਖ ਚੁੱਕਾ ਹੈ, ਉਹ ਪਾਣੀ, ਸੁਰੱਖਿਆ, ਸਿਹਤ ਜਾਂ ਕਿਸੇ ਵੀ ਹੋਰ ਵਿਸ਼ੇ ਨੂੰ ਸਮਝਣ ਅਤੇ ਅਪਣਾਉਣ ਲਈ ਤਿਆਰ ਹੁੰਦਾ ਹੈ। ਇਹ ਸਮਰੱਥਾਵਾਂ ਉਸ ਵਿਸ਼ੇਸ਼ ਵਿਸ਼ਾ-ਵਸਤੂ ਤੋਂ ਵੱਖਰੀਆਂ ਨਹੀਂ ਹਨ, ਜਿਸ ਨੂੰ ਹਰ ਇਕ ਸਮਰਥਕ ਸਿਖਾਉਣਾ ਚਾਹੁੰਦਾ ਹੈ। ਇਹੀ ਉਹ ਸਮਰੱਥਾਵਾਂ ਹਨ, ਜੋ ਵਿਸ਼ੇਸ਼ ਵਿਸ਼ਾ-ਵਸਤੂ ਨੂੰ ਅਸਲ ’ਚ ਪ੍ਰਭਾਵਸ਼ਾਲੀ ਅਤੇ ਸਾਰਥਕ ਬਣਾਉਂਦੀਆਂ ਹਨ।
ਹਰ ਨਵੀਂ ਅਤੇ ਬਹੁਤ ਜ਼ਰੂਰੀ ਸਮੱਸਿਆ ਦਾ ਹੱਲ ਕਰਨ ਲਈ ਸਿਲੇਬਸ ’ਚ ਥੋੜ੍ਹਾ ਹੋਰ ਜੋੜਨਾ, ਅਧਿਆਪਕਾਂ ਨੂੰ ਹੋਰ ਸਿਖਲਾਈ ਦੇਣੀ ਅਤੇ ਥੋੜ੍ਹਾ ਹੋਰ ਸਮਾਂ ਕੱਢਣਾ ਹਮੇਸ਼ਾ ਇਕ ਲਾਲਚ ਵਾਂਗ ਹੁੰਦਾ ਹੈ ਪਰ ਇਹ ਦ੍ਰਿਸ਼ਟੀਕੋਣ ਹੁਣ ਆਪਣਾ ਅਸਰ ਗੁਆ ਚੁੱਕਾ ਹੈ। ਸਿਲੇਬਸ ਕੋਈ ਅਸੀਮਤ ਸਮਰੱਥਾ ਵਾਲਾ ਬਰਤਨ ਨਹੀਂ ਹੈ। ਸਿੱਖਿਆ ਦੇ ਖੇਤਰ ’ਚ ਇਕ ਪੁਰਾਣੀ ਅਤੇ ਗਿਆਨਵਰਧਕ ਕਹਾਵਤ ਹੈ -ਸਕੂਲੀ ਸਿੱਖਿਆ ’ਚ ਘੱਟ ਹੀ ਜ਼ਿਆਦਾ ਹੁੰਦਾ ਹੈ। ਇਹ ਕਹਾਵਤ ਅੱਜ ਦੇ ਸਮੇਂ ’ਚ ਪਹਿਲਾਂ ਨਾਲੋਂ ਕਿਤੇ ਵੱਧ ਢੁੱਕਵੀਂ ਹੈ। ਬੱਚਿਆਂ ਲਈ ਅਤੇ ਉਨ੍ਹਾਂ ਸਾਰੇ ਉਦੇਸ਼ਾਂ ਲਈ, ਜਿਨ੍ਹਾਂ ਦੀ ਅਸੀਂ ਪ੍ਰਵਾਹ ਕਰਦੇ ਹਾਂ, ਅਸੀਂ ਜੋ ਸਭ ਤੋਂ ਮਹੱਤਵਪੂਰਨ ਕੰਮ ਕਰ ਸਕਦੇ ਹਾਂ, ਉਹ ਹੈ ਸਕੂਲਾਂ ਨੂੰ ਘੱਟ ਕੰਮ ਕਰਨ ਦੀ ਇਜਾਜ਼ਤ ਦੇਣਾ, ਪਰ ਉਨ੍ਹਾਂ ਨੂੰ ਡੂੰਘਾਈ, ਲਗਨ ਅਤੇ ਅਸਲੀ ਗੁਣਵੱਤਾ ਨਾਲ ਕਰਨਾ।
ਇਕ ਚੰਗੇ ਸਮਾਜ ਦਾ ਨਿਰਮਾਣ ਇਸੇ ਤਰ੍ਹਾਂ ਹੁੰਦਾ ਹੈ। ਕਿਸੇ ਪਹਿਲਾਂ ਤੋਂ ਹੀ ਬੋਝ ਹੇਠ ਦੱਬੀ ਸੰਸਥਾ ’ਤੇ ਹੋਰ ਭਾਰ ਪਾ ਕੇ ਨਹੀਂ, ਸਗੋਂ ਉਸ ਨੂੰ ਪਹਿਲਾਂ ਤੋਂ ਹੀ ਮੌਜੂਦ ਭਾਰ ਦੇ ਹੇਠਾਂ ਮਜ਼ਬੂਤੀ ਨਾਲ ਖੜ੍ਹੇ ਰਹਿਣ ’ਚ ਮਦਦ ਕਰ ਕੇ।
-ਅਨੁਰਾਗ ਬੇਹਾਰ
ਭਾਰਤੀ ਸਿਨੇਮਾ ਦਾ ਸਮਾਜ ਨੂੰ ਯੋਗਦਾਨ
NEXT STORY