ਬਾਲੀਵੁੱਡ ਦਾ 23 ਜੂਨ ਨੂੰ ਹੋਇਆ ਇਕ ਹਾਈ-ਪ੍ਰੋਫਾਈਲ ਵਿਆਹ ਸੋਸ਼ਲ ਮੀਡੀਆ ’ਤੇ ਸੁਰਖੀਆਂ ’ਚ ਹੈ। ਦੇਸ਼ ਦੇ ਕਾਨੂੰਨ ਦੇ ਘੇਰੇ ’ਚ ਹੋਇਆ ਇਹ ਵਿਆਹ ਕਈ ਕਾਰਨਾਂ ਤੋਂ ਚਰਚਾ ’ਚ ਆਇਆ ਹੈ ਇਸ ’ਚ ਇਕ ਸਵਾਲ ਵਿਆਹ ਕਰਨ ਵਾਲਿਆਂ ਵੱਲੋਂ ਮਾਂ-ਬਾਪ ਦੀਆਂ ਭਾਵਨਾਵਾਂ ਦਾ ਸਨਮਾਨ ਅਤੇ ਸਹਿਮਤੀ ’ਤੇ ਸ਼ੱਕ ਵੀ ਹੈ।
ਅਸੀਂ ਇਸ ਤੋਂ ਥੋੜ੍ਹਾ ਅੱਗੇ ਸੋਚੀਏ ਤਾਂ ਅਸੀਂ ਪੂਰੇ ਦੇਸ਼ ’ਚ ਦੇਖਾਂਗੇ ਕਿ ਅੱਜਕੱਲ ਬੱਚਿਆਂ ਵੱਲੋਂ ਮਾਂ-ਬਾਪ ਦੀ ਗੱਲ ਨਾ ਮੰਨਣੀ ਤੇ ਭਾਵਨਾਵਾਂ ਦਾ ਹਰ ਦੂਜੇ ਬਿੰਦੂ ’ਤੇ ਘਾਣ ਕਰਨਾ ਇੰਨਾ ਵੱਧ ਉਪਰ ਜਾ ਚੁੱਕਾ ਹੈ ਕਿ ਕਈ ਮਾਂ-ਬਾਪ ਇਹ ਕਹਿਣ ’ਤੇ ਮਜਬੂਰ ਹਨ ਕਿ ਇਸ ਤੋਂ ਚੰਗਾ ਅਸੀਂ ਤੈਨੂੰ ਭਾਵ ਬੱਚਿਆਂ ਨੂੰ ਪੈਦਾ ਹੀ ਨਾ ਕੀਤਾ ਹੁੰਦਾ। ਭਾਰਤੀ ਸੱਭਿਆਚਾਰ ਦੇ ਵਿਰੋਧਾਭਾਸ ਦੇ ਰੂਪ ’ਚ ਉਭਰ ਰਹੀਆਂ ਅਜਿਹੀਆਂ ਸਥਿਤੀਆਂ ਕਿਉਂ ਵਧ ਰਹੀਆਂ ਹਨ, ਇਸ ’ਤੇ ਸਾਨੂੰ ਮੰਥਨ ਕਰਨਾ ਚਾਹੀਦਾ ਹੈ।
ਬੱਚਿਆਂ ਅਤੇ ਮਾਂ-ਬਾਪ ਦੇ ਵਿਚਾਲੇ ਭਾਵਨਾਤਮਕ ਵਖਰੇਵੇਂ ਦਾ ਕਾਰਨ ਗੱਲਬਾਤ ਦੀ ਘਾਟ ਵੀ ਹੈ ਅਤੇ ਜਿੱਥੇ ਗੱਲਬਾਤ ਹੈ ਵੀ ਉੱਥੇ ਢੰਗ ਬਦਲ ਗਏ ਹਨ। ਹੁਣ ਸਿੱਧੀ ਗੱਲਬਾਤ ਦੀ ਥਾਂ ਅਸਿੱਧੀ ਗੱਲਬਾਤ ਵੱਧ ਹੁੰਦੀ ਹੈ। ਸਮੇਂ ਦੀ ਘਾਟ ਜਾਂ ਹੋਰ ਕਈ ਕਾਰਨਾਂ ਕਰ ਕੇ ਬੱਚੇ ਅਤੇ ਮਾਤਾ-ਪਿਤਾ ਵਿਚਾਲੇ ਆਹਮੋ-ਸਾਹਮਣੇ ਗੱਲਬਾਤ ਨਾ ਹੋ ਕੇ ਫੋਨ ਜਾਂ ਸੋਸ਼ਲ ਮੀਡੀਆ ਰਾਹੀਂ ਹੁੰਦੀ ਹੈ। ਇਸ ਨਾਲ ਭਾਵਨਾਤਮਕ ਵਖਰੇਵਾਂ ਹੁੰਦਾ ਹੈ। ਹਾਲਾਂਕਿ ਅੱਜ ਵੀ ਕੁਝ ਪਰਿਵਾਰਾਂ ’ਚ ਮਾਤਾ-ਪਿਤਾ ਅਤੇ ਬੱਚੇ ਇਕੱਠੇ ਬੈਠ ਕੇ ਆਹਮੋ-ਸਾਹਮਣੇ ਗੱਲਬਾਤ ਕਰਦੇ ਹਨ ਪਰ ਅਜਿਹੇ ਪਰਿਵਾਰਾਂ ਦੀ ਗਿਣਤੀ ਬੜੀ ਘੱਟ ਹੈ। ਕਿਸੇ ਵੀ ਰਿਸ਼ਤੇ ’ਚ ਬਦਲਾਅ ਦੇ ਪਿੱਛੇ ਕਦੀ ਵੀ ਇਕ ਧਿਰ ਮੁਕੰਮਲ ਤੌਰ ’ਤੇ ਜ਼ਿੰਮੇਵਾਰ ਨਹੀਂ ਹੋ ਸਕਦੀ ਕਿਉਂਕਿ ਇਕ ਹੱਥ ਨਾਲ ਕਦੀ ਤਾੜੀ ਨਹੀਂ ਵੱਜ ਸਕਦੀ।
ਬੱਚਿਆਂ ਦੇ ਨਾਲ ਰਿਸ਼ਤਿਆਂ ’ਚ ਬਦਲਾਅ ਦੇ ਪਿੱਛੇ ਪਰਿਵਾਰ ਤੇ ਮਾਤਾ-ਪਿਤਾ ਦਾ ਵੀ ਕਾਫੀ ਹੱਦ ਤੱਕ ਆਪਣਾ ਯੋਗਦਾਨ ਹੈ। ਮਨੋਵਿਗਿਆਨੀ ਕਹਿੰਦੇ ਹਨ ਕਿ ਬਹੁਤ ਸਾਰੇ ਕਾਰਨ ਅਜਿਹੇ ਹਨ ਜਿਨ੍ਹਾਂ ’ਚ ਪਰਿਵਾਰ ਅਤੇ ਮਾਤਾ-ਪਿਤਾ ਦਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਦੋਸ਼ ਹੁੰਦਾ ਹੈ। ਕਈ ਉਦਾਹਰਣਾਂ ਸਾਡੇ ਸਾਹਮਣੇ ਹਨ ਜਿਵੇਂ ਕਿ ਬੱਚਿਆਂ ’ਤੇ ਹੱਦੋਂ ਵੱਧ ਪਿਆਰ ਦਰਸਾਉਣਾ ਜਿਸ ਨਾਲ ਕਿ ਉਹ ਕਦੀ ਵੀ ਜ਼ਿੰਦਗੀ ਦੀਆਂ ਅਸਲੀਅਤਾਂ ਨੂੰ ਸਮਝ ਹੀ ਨਹੀਂ ਸਕਦੇ ਅਤੇ ਜ਼ਿੰਦਗੀ ਦੇ ਜਵਾਨੀ ਦੇ ਦੌਰ ’ਚ ਉਨ੍ਹਾਂ ਨੂੰ ਸਮਾਜ ਤੇ ਪਰਿਵਾਰ ’ਚ ਐਡਜਸਟ ਹੋਣ ’ਚ ਦਿੱਕਤ ਆਉਂਦੀ ਹੈ।
ਬੱਚਿਆਂ ਨਾਲ ਪਿਆਰ ਤਾਂ ਕਰਨਾ ਪਰ ਉਸ ਨੂੰ ਦਰਸਾ ਨਾ ਸਕਣਾ ਜਿਸ ਨਾਲ ਕਿ ਬੱਚੇ ਨੂੰ ਜ਼ਿੰਦਗੀ ਭਰ ਇਹ ਮਹਿਸੂਸ ਹੁੰਦਾ ਹੈ ਕਿ ਮੇਰੇ ਮਾਤਾ-ਪਿਤਾ ਮੈਨੂੰ ਪਿਆਰ ਨਹੀਂ ਕਰਦੇ ਜਾਂ ਬੜਾ ਘੱਟ ਕਰਦੇ ਹਨ ਅਤੇ ਉਸ ਪਿਆਰ ਨੂੰ ਉਹ ਬਾਹਰ ਯਾਰਾਂ-ਦੋਸਤਾਂ ਜਾਂ ਬਾਹਰ ਵਾਲਿਆਂ ’ਚੋਂ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤੇ ਬਾਹਰੀ ਲੋਕ ਉਸ ਦਾ ਫਾਇਦਾ ਹੀ ਉਠਾਉਂਦੇ ਹਨ। ਬੱਚਿਆਂ ’ਤੇ ਆਪਣੇ ਸੁਪਨੇ ਥੋਪਣਾ, ਬਹੁਤ ਜ਼ਿਆਦਾ ਆਸਾਂ ਰੱਖਣੀਆਂ, ਬੱਚਿਆਂ ਨਾਲ ਵਿਤਕਰਾ ਕਰਨਾ, ਪਰਿਵਾਰ ’ਚ ਘਰੇਲੂ ਕਲੇਸ਼ ਰੱਖਣਾ, ਘਰ ਦਾ ਵਾਤਾਵਰਣ ਸਹੀ ਨਾ ਰੱਖਣਾ, ਬੜਾ ਹੀ ਘੁਟਣ ਭਰਿਆ ਮਾਹੌਲ ਰੱਖਣਾ ਜਾਂ ਥੋਪਿਆ ਹੋਇਆ ਮਾਹੌਲ, ਰੂੜੀਵਾਦੀ ਹੋਣਾ, ਸਮੇਂ ਦੇ ਨਾਲ ਬਦਲਾਅ ਨਾ ਕਰ ਸਕਣਾ, ਦਿਖਾਵੇ ਦੀ ਬੜੀ ਜ਼ਿਆਦਾ ਭਾਵਨਾ ਰੱਖਣਾ, ਦੂਜਿਆਂ ਨੂੰ ਨੀਵਾਂ ਦਿਖਾਉਣਾ ਜਾਂ ਕਮਜ਼ੋਰ ਸਾਬਤ ਕਰਨਾ ਅਤੇ ਹਮੇਸ਼ਾ ਖੁਦ ਨੂੰ ਸਭ ਤੋਂ ਵਧੀਆ ਸਾਬਤ ਕਰਨਾ, ਹਮੇਸ਼ਾ ਆਪਣੇ ਪਰਿਵਾਰ ਦੇ ਪੁਰਾਣੇ ਇਤਿਹਾਸ ਦੀਆਂ ਹੀ ਗੱਲਾਂ ਕਰਦੇ ਰਹਿਣਾ, ਫੈਸਲਿਆਂ ’ਚ ਪੂਰੇ ਪਰਿਵਾਰ ਨੂੰ ਸ਼ਾਮਲ ਨਾ ਕਰਨਾ ਅਤੇ ਰਾਏ ਨਾ ਲੈਣਾ, ਖੁਦ ਉਦਾਹਰਣ ਨਾ ਬਣ ਕੇ ਹਮੇਸ਼ਾ ਦੂਸਰਿਆਂ ਦੀਆਂ ਉਦਾਹਰਣਾਂ ਦਿੰਦੇ ਰਹਿਣਾ ਆਦਿ ਵਖਰੇਵੇਂ ਦੇ ਕਾਰਨ ਹੋ ਸਕਦੇ ਹਨ।
ਇਹ ਤਾਂ ਗੱਲ ਹੈ ਬੱਚਿਆਂ ਦੇ ਭਾਵਨਾਤਮਕ ਵਖਰੇਵੇਂ ਦੇ ਕੁਝ ਕਾਰਨਾਂ ਦੀ, ਦੂਜੇ ਪਾਸੇ ਬੱਚਿਆਂ ਵੱਲੋਂ, ਖਾਸ ਤੌਰ ’ਤੇ ਇਸ਼ਕ-ਮੁਸ਼ਕ ’ਚ ਮਸਤ ਜਵਾਨ ਬੱਚੇ ਸਿਰਫ ਆਪਣੇ ਲਵਰ ਦੀ ਪ੍ਰਵਾਹ ਕਰਦੇ ਹਨ। ਇਕ ਬਾਹਰੀ ਇਨਸਾਨ ਪਿਆਰ ਕਰਦਾ ਹੈ, ਉਸ ਦੀ ਪ੍ਰਵਾਹ ਹੈ ਪਰ ਇੰਨਾ ਵਿਰੋਧਾਭਾਸ ਕਿ ਮਾਂ-ਬਾਪ ਦੇ ਪਿਆਰ ਦੀ ਪ੍ਰਵਾਹ ਨਹੀਂ ਹੈ। ਇਕ-ਦੂਜੇ ਲਈ ਖੁਦਕੁਸ਼ੀ ਕਰ ਲੈਣਗੇ ਪਰ ਇਹ ਨਹੀਂ ਸੋਚਣਗੇ ਜਿਨ੍ਹਾਂ ਨੇ ਇੰਨੇ ਪਿਆਰ ਨਾਲ ਉਨ੍ਹਾਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ, ਉਨ੍ਹਾਂ ਦੇ ਦਿਲ ’ਤੇ ਕੀ ਬੀਤੇਗੀ, ਇਹ ਭਾਵਨਾਵਾਂ ਕਿਉਂ ਖਤਮ ਹੁੰਦੀਆਂ ਜਾ ਰਹੀਆਂ ਹਨ, ਸ਼ਾਇਦ ਸਾਡੀ ਸਿੱਖਿਆ ਪ੍ਰਣਾਲੀ ਵੀ ਇਸ ਦੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ, ਜੋ ਸਾਨੂੰ ਭੌਤਿਕ ਤਰੱਕੀ ਦੇ ਇਲਾਵਾ ਕੁਝ ਸਿਖਾ ਹੀ ਨਹੀਂ ਰਹੀ ਹੈ।
ਇਸ ਬਿੰਦੂ ਨੂੰ, ਬੱਚਿਆਂ ਦੀ ਐਨਕ ਨਾਲ ਵਿਚਾਰੀਏ ਤਾਂ ਸਾਹਮਣੇ ਆਵੇਗਾ ਕਿ ਜੇਕਰ ਭਾਵਨਾਤਮਕ ਤੌਰ ’ਤੇ ਮਾਤਾ-ਪਿਤਾ ਬੱਚਿਆਂ ਦੀ ਅਣਦੇਖੀ ਕਰਦੇ ਹਨ ਤਾਂ ਬੱਚੇ ਅੰਦਰੋਂ ਟੁੱਟ ਜਾਂਦੇ ਹਨ ਕਿਉਂਕਿ ਬੱਚਿਆਂ ’ਚ ਇਕ ਗੱਲ ਆਮ ਹੁੰਦੀ ਹੈ ਕਿ ਉਹ ਮਾਤਾ-ਪਿਤਾ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਹੁੰਦੇ ਹਨ ਪਰ ਜੇਕਰ ਮਾਤਾ-ਪਿਤਾ ਉਨ੍ਹਾਂ ਦੀ ਅਣਦੇਖੀ ਕਰਨ ਤਾਂ ਫਿਰ ਉਸ ਬੱਚੇ ’ਚ ਮਾਨਸਿਕ ਤੌਰ ’ਤੇ ਕਈ ਵਿਗਾੜ ਸਾਹਮਣੇ ਆਉਣ ਲੱਗਦੇ ਹਨ ਕਿਉਂਕਿ ਅਜੇ ਉਹ ਬੱਚਾ ਹੈ। ਉਸ ’ਚ ਕੁਝ ਵੀ ਸਮਝ ਨਹੀਂ ਹੁੰਦੀ, ਕੀ ਚੰਗਾ ਹੈ, ਕੀ ਬੁਰਾ ਹੈ, ਕੀ ਕਰਨਾ ਚਾਹੀਦਾ ਹੈ। ਕੀ ਨਹੀਂ ਕਰਨਾ ਚਾਹੀਦਾ ਪਰ ਉਹ ਅਣਦੇਖੀ ਹੋਣ ਕਰ ਕੇ ਆਪਣੀ ਮਨਮਾਨੀ ਸ਼ੁਰੂ ਕਰ ਦਿੰਦਾ ਹੈ ਜਾਂ ਫਿਰ ਗੁੰਮਸੁੰਮ ਹੋ ਜਾਂਦਾ ਹੈ ਜੋ ਕਿ ਦੋਵੇਂ ਹੀ ਇਕ ਬੱਚੇ ਦੇ ਵਿਕਾਸ ਲਈ ਖਤਰਨਾਕ ਹਨ।
ਬੱਚਿਆਂ ਲਈ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ ਮਾਨਸਿਕ ਸਹਾਰਾ ਅਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਬਣਾਉਣਾ ਪਰ ਇਹ ਚੀਜ਼ਾਂ ਜੇਕਰ ਨਾ ਮਿਲਦੀਆਂ ਹੋਣ ਤਾਂ ਉਹ ਅੰਦਰੋਂ ਖਾਲੀ ਹੋ ਜਾਂਦਾ ਹੈ ਅਤੇ ਇਹ ਖਾਲੀਪਨ ਭਰਨ ਲਈ ਉਹ ਗਲਤ ਲੋਕਾਂ ਦਾ ਸਾਥ ਵੀ ਫੜ ਸਕਦਾ ਹੈ ਜਾਂ ਗਲਤ ਲੋਕਾਂ ਦੀ ਚੋਣ ਕਰ ਸਕਦਾ ਹੈ ਜਾਂ ਫਿਰ ਗਲਤ ਕੰਮਾਂ ’ਚ ਖੁਦ ਨੂੰ ਸ਼ਾਮਲ ਕਰ ਸਕਦਾ ਹੈ ਜਾਂ ਫਿਰ ਨਸ਼ੇ ਦਾ ਆਦੀ ਹੋ ਸਕਦਾ ਹੈ। ਖਾਸ ਕਰ ਕੇ ਇਕ ਬੱਚੇ ਨੂੰ ਭਾਵਨਾਤਮਕ ਤੌਰ ’ਤੇ ਹਮੇਸ਼ਾ ਮਜ਼ਬੂਤ ਬਣਾਉਣਾ ਚਾਹੀਦਾ ਹੈ। ਜੇਕਰ ਉਸ ’ਚ ਸਿਆਣਪ ਦੀ ਘਾਟ ਹੋਈ ਹੋਵੇ ਤਦ ਵੀ ਉਹ ਸਮਾਜ ’ਚ ਆਪਣੇ ਆਪ ਨੂੰ ਸਮਾਯੋਜਿਤ ਕਰ ਲਵੇਗਾ ਪਰ ਜੇਕਰ ਉਹ ਭਾਵਨਾਤਮਕ ਤੌਰ ’ਤੇ ਕਮਜ਼ੋਰ ਹੋ ਗਿਆ ਤਾਂ ਸਿਆਣਪ ਹੁੰਦੇ ਹੋਏ ਵੀ ਉਹ ਸਮਾਜ ਨਾਲੋਂ ਟੁੱਟ ਕੇ ਰਹਿ ਜਾਂਦਾ ਹੈ।
ਡਾ. ਵਰਿੰਦਰ ਭਾਟੀਆ
ਕਿਉਂ ਹੁੰਦੇ ਹਨ ਵਾਰ-ਵਾਰ ਟ੍ਰੇਨ ਹਾਦਸੇ
NEXT STORY