ਅਯੁੱਧਿਆ ’ਚ ਰਾਮ ਮੰਦਰ ਦੇ ਸ਼ਾਨਦਾਰ ਉਦਘਾਟਨ ਪਿੱਛੋਂ ਖੁਸ਼ੀ ਨਾਲ ਗਣਤੰਤਰ ਦਿਵਸ ਦਾ ਦਿਹਾੜਾ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਰਾਮ ਨੂੰ ਸੁਸ਼ਾਸਨ ਦਾ ਪ੍ਰਤੀਕ ਦੱਸਿਆ ਹੈ। ਮਹਾਤਮਾ ਗਾਂਧੀ ਵੀ ਰਾਮਰਾਜ ਦੀ ਗੱਲ ਕਰਦੇ ਸਨ, ਜਿੱਥੇ ਸਰਕਾਰ ਦਾ ਧਰਮ ਜਨਤਾ ਦੀ ਸੇਵਾ ਕਰਨਾ ਹੈ। ਸੰਸਦ, ਸਰਕਾਰ ਅਤੇ ਸੁਪਰੀਮ ਕੋਰਟ ਵਰਗੀਆਂ ਸਾਰੀਆਂ ਸੰਸਥਾਵਾਂ ਦਾ ਸੰਵਿਧਾਨ ਦੀਆਂ ਵਿਵਸਥਾਵਾਂ ਨਾਲ ਨਿਰਮਾਣ ਹੋਇਆ ਹੈ।
ਸੁਪਰੀਮ ਕੋਰਟ ਨੇ ਕਾਨੂੰਨੀ ਸਬੂਤਾਂ ਨਾਲ ਆਸਥਾ ਦੇ ਆਧਾਰ ’ਤੇ ਰਾਮਲੱਲਾ ਨੂੰ ਨਿਆਇਕ ਵਿਅਕਤੀ ਮੰਨਦੇ ਹੋਏ ਅਯੁੱਧਿਆ ’ਚ ਰਾਮ ਜਨਮ ਭੂਮੀ ਮੰਦਰ ਨਿਰਮਾਣ ਦੇ ਹੱਕ ’ਚ ਫੈਸਲਾ ਦਿੱਤਾ ਸੀ। ਇਲਾਹਾਬਾਦ ਹਾਈ ਕੋਰਟ ਨੇ ਵੀ ਸੰਵਿਧਾਨ ’ਚ ਵਰਨਣ ਦੇ ਆਧਾਰ ’ਤੇ ਰਾਮ ਦੀ ਨਿਆਇਕ ਅਤੇ ਸੰਵਿਧਾਨਕ ਮਾਨਤਾ ਨੂੰ ਮੰਨਿਆ ਸੀ। ਮੂਲ ਸੰਵਿਧਾਨ ’ਚ ਰਾਮ, ਕ੍ਰਿਸ਼ਨ ਅਤੇ ਸ਼ਿਵ ਸਮੇਤ ਕਈ ਦੇਵਤਿਆਂ ਦੇ ਚਿੱਤਰ ਹਨ। ਗਣਤੰਤਰ ਦਿਵਸ ਤੋਂ ਪਹਿਲਾਂ ਉਨ੍ਹਾਂ ਚਿੱਤਰਾਂ ਦੇ ਸਹੀ ਅਰਥ ਨੂੰ ਸਮਝ ਕੇ ਰਾਸ਼ਟਰ ਨਿਰਮਾਣ ਕਰਨਾ ਜ਼ਰੂਰੀ ਹੈ।
ਗਣਤੰਤਰ ਅਤੇ ਸੱਤਿਆਮੇਵ ਜਯਤੇ : ਭਾਰਤ ਸਰਕਾਰ ਦਾ ਮਾਟੋ ਹੈ ‘ਸੱਤਿਆਮੇਵ ਜਯਤੇ’। ਇਸ ਦਾ ਭਾਵ ਹੈ- ਅਖੀਰ ’ਚ ਸੱਚ ਦੀ ਹੀ ਜਿੱਤ ਹੁੰਦੀ ਹੈ। ਇਸ ਤਰੀਕੇ ਨਾਲ ਹੀ ਪੁਰਾਣੇ ਸੰਸਦ ਭਵਨ ’ਚ ‘ਧਰਮਚੱਕਰ ਪ੍ਰਵਰਤਨਾਯ’ ਅੰਕਿਤ ਹੈ। ਬੁੱਧ ਨੇ ਸਾਰਨਾਥ ’ਚ ਜੋ ਪਹਿਲਾ ਉਪਦੇਸ਼ ਦਿੱਤਾ ਸੀ ਉਸ ਨੂੰ ਧਰਮਚੱਕਰ ਪ੍ਰਵਰਤਨ ਕਹਿੰਦੇ ਹਨ। ਇਸ ਦਾ ਭਾਵ ਹੈ ਸ਼ਾਸਕ ਧਰਮ ਦੇ ਰਾਹ ਨੂੰ ਅਪਣਾਉਣ।
ਸੁਪਰੀਮ ਕੋਰਟ ਦਾ ਮਾਟੋ ਵਾਕ ਮਹਾਭਾਰਤ ਤੋਂ ਲਿਆ ਗਿਆ ‘ਯਤੋ ਧਰਮਸਤਤੋ ਜਯ:’ ਹੈ। ਇਸ ਦਾ ਅਰਥ ਹੈ, ਜਿੱਥੇ ਧਰਮ ਹੈ, ਉੱਥੇ ਹੀ ਜਿੱਤ ਹੈ। ਸੰਵਿਧਾਨ ’ਚ ਆਜ਼ਾਦੀ, ਬਰਾਬਰੀ ਅਤੇ ਨਿਆਂ ਦੇ ਆਧੁਨਿਕ ਵਿਚਾਰਾਂ ਪਿੱਛੇ ਉਦਾਰ ਭਾਰਤੀ ਸੱਭਿਆਚਾਰ ਦੀ ਰਵਾਇਤ ਦਾ ਇਨ੍ਹਾਂ ਚਿੱਤਰਾਂ ’ਚ ਦਰਸ਼ਨ ਹੈ।
ਸੰਵਿਧਾਨ ਨੂੰ ਕਲਾਤਮਕ ਅਤੇ ਅਰਥਪੂਰਨ ਬਣਾਉਣ ਲਈ ਸ਼ਾਂਤੀ ਨਿਕੇਤਨ ਦੇ ਪ੍ਰਸਿੱਧ ਚਿੱਤਰਕਾਰ ਨੰਦਲਾਲ ਬੋਸ ਨੇ ਮੂਲ ਸੰਵਿਧਾਨ ਦੇ 22 ਚੈਪਟਰਾਂ ਲਈ ਚਿੱਤਰਕਾਰੀ ਕੀਤੀ। ਅੰਗਰੇਜ਼ੀ ਅਤੇ ਹਿੰਦੀ ਦੀਆਂ ਮੂਲ ਲਿੱਪੀਆਂ ’ਚ ਹੱਥੀਂ ਬਣੇ ਇਹ ਚਿੱਤਰ ਭਾਰਤ ਦੇ ਖੁਸ਼ਹਾਲ ਸੱਭਿਆਚਾਰ, ਵਿਭਿੰਨ ਵਿਰਾਸਤ ਅਤੇ ਮਾਣਮੱਤੇ ਅਤੀਤ ਦੀ ਝਲਕ ਦਿਖਾਉਂਦੇ ਹਨ। ਸੰਵਿਧਾਨ ਦੀ ਸ਼ੁਰੂਆਤ ਸੱਤਿਆਮੇਵ ਜਯਤੇ ਨਾਲ ਹੁੰਦੀ ਹੈ।
ਇਸ ਨੂੰ ਮੌਰਿਆ ਸਮਰਾਟ ਅਸ਼ੋਕ ਦੇ ਪ੍ਰਸਿੱਧ ਸਿੰਘ ਤੋਂ ਲਿਆ ਗਿਆ ਹੈ ਜੋ ਸਾਰਨਾਥ ਵਿਚ ਸਥਾਪਤ ਸੀ। ਕਵਰ ਪੇਜ ’ਚ ਤ੍ਰਿਭੁਜਾ ਆਕਾਰ ਦੀ ਆਕ੍ਰਿਤੀ ਅਜੰਤਾ ਦੀਆਂ ਗੁਫਾਵਾਂ ਤੋਂ ਲਈ ਗਈ ਹੈ। ਇਸ ’ਚ ਖਿੜਦੇ ਹੋਏ ਕਮਲ ਵੀ ਹਨ। ਖਿੜਦੇ ਹੋਏ ਕਮਲ ਦਾ ਅਰਥ ਹੈ ਕਿ ਮੱਧਕਾਲੀ ਜਗੀਰੂ ਪਿਰਤਾਂ ਤੋਂ ਮੁਕਤ ਹੋ ਕੇ ਲੋਕਤੰਤ੍ਰਿਕ ਦੇਸ਼ ਦਾ ਨਿਰਮਾਣ ਹੋਣਾ। ਖਿੜਿਆ ਹੋਇਆ ਫੁੱਲ ਸਰਬਵਿਆਪਕਤਾ ਦੇ ਨਾਲ ਕਾਨੂੰਨ ਦੇ ਸ਼ਾਸਨ ਦੇ ਮਹੱਤਵ ਨੂੰ ਦਰਸਾਉਂਦਾ ਹੈ।
ਧਰਮ ਚੱਕਰ ਤਬਦੀਲੀ ਅਤੇ ਸਭ ਨੂੰ ਨਿਆਂ : ਕੇਂਦਰ ਅਤੇ ਸੂਬਿਆਂ ਦੇ ਚੈਪਟਰ ਨੂੰ ਸਿੰਧੂ ਘਾਟੀ ਦੇ ਬਲਦਾਂ ਵਾਲੀ ਮੋਹਰ ਨਾਲ ਦਰਸਾਇਆ ਗਿਆ ਹੈ। ਨੰਦੀ ਬੈਲ ਹਿੰਦੂ ਧਰਮ ’ਚ ਭਗਵਾਨ ਸ਼ੰਕਰ ਅਤੇ ਬੇਬੀਲੋਨ ਦੀ ਸੱਭਿਅਤਾ ’ਚ ਸਿਰਜਣਾ ਦਾ ਪ੍ਰਤੀਕ ਸੀ। ਇਹ ਭਾਰਤ ਦੇ ਖੇਤੀਬਾੜੀ ਮੁਖੀ ਸਮਾਜ ਅਤੇ ਸੱਭਿਅਤਾ ਨੂੰ ਵੀ ਦਰਸਾਉਂਦਾ ਹੈ। ਨਾਗਰਿਕਤਾ ਦੇ ਚੈਪਟਰ ’ਚ ਆਸ਼ਰਮ ਅਤੇ ਗੁਰੂਕੁਲ ਰਾਹੀਂ ਸਿੱਖਿਆ, ਵਿਚਾਰ ਅਤੇ ਚਿੰਤਨ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ।
ਮੌਲਿਕ ਅਧਿਕਾਰਾਂ ਦੇ ਚੈਪਟਰ ਨੂੰ ਰਾਵਣ ਨੂੰ ਹਰਾਉਣ ਪਿੱਛੋਂ ਪਰਤ ਰਹੇ ਰਾਮ-ਲਕਸ਼ਮਣ ਅਤੇ ਸੀਤਾ ਦੇ ਚਿੱਤਰਣ ਨਾਲ ਅਧਰਮ ’ਤੇ ਧਰਮ ਦੀ ਜਿੱਤ ਦਾ ਐਲਾਨ ਹੁੰਦਾ ਹੈ। ਮਾਰਗਦਰਸ਼ਕ ਸਿਧਾਂਤ ਦੇ ਚੈਪਟਰ ’ਚ ਕੁਰੂਕਸ਼ੇਤਰ ’ਚ ਅਰਜੁਨ ਨੂੰ ਕ੍ਰਿਸ਼ਨ ਦੇ ਉਪਦੇਸ਼ ਰਾਹੀਂ ਕਰਮ ਦੀ ਪ੍ਰੇਰਣਾ ਹੈ। ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਦੇ ਚੈਪਟਰ ’ਚ ਗੌਤਮ ਬੁੱਧ ਦੇ ਧਰਮ ਚੱਕਰ ਪਰਿਵਰਤਨ ਦਾ ਚਿੱਤਰਣ ਹੈ। ਰਾਜ ਸਰਕਾਰ ਅਤੇ ਹਾਈ ਕੋਰਟ ਦੇ ਚੈਪਟਰ ’ਚ ਮਹਾਵੀਰ ਸਵਾਮੀ ਦੇ ਸੱਚ ਅਤੇ ਅਹਿੰਸਾ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਹੈ।
ਸੂਬਿਆਂ ਦੇ ਚੈਪਟਰ ’ਚ ਬੁੱਧ ਧਰਮ ਦੇ ਪਸਾਰ ਲਈ ਸਮਰਾਟ ਅਸ਼ੋਕ ਦੇ ਮਿਸ਼ਨ ਅਤੇ ਯਤਨਾਂ ਨੂੰ ਦਿਖਾਇਆ ਗਿਆ ਹੈ। ਕੇਂਦਰ ਸ਼ਾਸਤ ਸੂਬਿਆਂ ਦੇ ਚੈਪਟਰ ਗੁਪਤ ਕਾਲ ਦੇ ਸੁਨਹਿਰੀ ਯੁੱਗ ਦਾ ਚਿੱਤਰਣ ਹੈ। ਪੰਚਾਇਤੀ ਰਾਜ ਦੇ ਚੈਪਟਰ ’ਚ ਰਾਜਾ ਵਿਕਰਮਾਦਿੱਤਿਆ ਦੇ ਸ਼ਾਨਦਾਰ ਦਰਬਾਰ ਦੀ ਕਲਾਤਮਕਤਾ ਦਾ ਚਿੱਤਰਣ ਹੈ। ਇਸ ਅਨੁਸਾਰ ਪੰਚਾਇਤੀ ਰਾਜ ਨੂੰ ਮਜ਼ਬੂਤ ਕਰ ਕੇ ਸਰਕਾਰਾਂ ਰਾਜਾ ਵਿਕਰਮਾਦਿੱਤਿਆ ਵਾਂਗ ਮਾਣ ਹਾਸਲ ਕਰ ਸਕਦੀਆਂ ਹਨ।
ਅਨੁਸੂਚਿਤ ਜਨਜਾਤੀਆਂ ਦੇ ਚੈਪਟਰ ’ਚ ਨਾਲੰਦਾ ਯੂਨੀਵਰਸਿਟੀ ਤੋਂ ਸਿੱਖਿਆ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਸਰਕਾਰਾਂ ਦੇ ਚੈਪਟਰ ’ਚ ਓਡਿਸ਼ਾ ਦੀ ਕਲਾ ਅਨੁਸਾਰ ਕੇਂਦਰ ਅਤੇ ਸੂਬਿਆਂ ਦਰਮਿਆਨ ਚੰਗੇ ਸਬੰਧ ਹੋਣ ’ਤੇ ਦੇਸ਼ ਘੋੜੇ ਵਰਗੀ ਰਫਤਾਰ ਵਾਲ ਤਰੱਕੀ ਕਰ ਸਕਦਾ ਹੈ। ਵਿੱਤ ਦੇ ਚੈਪਟਰ ’ਚ ਚੋਲਾ ਰਾਜ ਵੇਲੇ ਦੇ ਨਟਰਾਜ ਦੀ ਕਾਂਸੀ ਦੀ ਮੂਰਤੀ ਰਾਹੀਂ ਦੇਸ਼ ਦੀ ਖੁਸ਼ਹਾਲੀ ਨੂੰ ਦਰਸਾਇਆ ਗਿਆ ਹੈ।
ਵਪਾਰ ਅਤੇ ਉਦਯੋਗ ਦੇ ਚੈਪਟਰ ’ਚ ਮਹਾਬਲੀਪੁਰਮ ’ਚ ਅਰਜੁਨ ਦੀ ਤਪੱਸਿਆ ਅਤੇ ਗੰਗਾ ਅਵਤਾਰ ਦੇ ਚਿੱਤਰ ਨੂੰ ਦਰਸਾਇਆ ਗਿਆ ਹੈ। ਲੋਕ ਸੇਵਾ ਅਤੇ ਆਈ.ਏ.ਐੱਸ. ਦੇ ਚੈਪਟਰ ’ਚ ਅਕਬਰ ਦੇ ਦਰਬਾਰ ਅਤੇ ਮੁਗਲ ਵਾਸਤੂ ਕਲਾ ਨਾਲ ਨਿਰਪੱਖ ਨੌਕਰਸ਼ਾਹੀ ਦਾ ਚਿੱਤਰਣ ਹੈ। ਚੋਣ ਕਮਿਸ਼ਨ ਦੇ ਚੈਪਟਰ ’ਚ ਛੱਤਰਪਤੀ ਸ਼ਿਵਾਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਅਤੇ ਵੀਰਤਾ ਰਾਹੀਂ ਚੋਣਾਂ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਰਿਜ਼ਰਵੇਸ਼ਨ ਨਾਲ ਜੁੜੇ ਚੈਪਟਰ ਨੂੰ ਰਾਣੀ ਲਕਸ਼ਮੀਬਾਈ ਅਤੇ ਟੀਪੂ ਸੁਲਤਾਨ ਦੇ ਚਿੱਤਰਾਂ ਨਾਲ ਦਰਸਾਇਆ ਗਿਆ ਹੈ। ਰਾਣੀ ਲਕਸ਼ਮੀਬਾਈ ਨੇ ਅੰਗਰੇਜ਼ਾਂ ਖਿਲਾਫ ਵਾਂਝੀ ਪਰਜਾ ਦੇ ਹੱਕ ’ਚ ਜੰਗ ਲੜੀ ਸੀ। ਰਾਜ ਭਾਸ਼ਾ ਹਿੰਦੀ ਅਤੇ ਰਾਸ਼ਟਰਪਤੀ ਸ਼ਾਸਨ ਨਾਲ ਜੁੜੇ ਚੈਪਟਰਾਂ ’ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
ਦੇਸ਼ ਦੇ ਸੂਬਿਆਂ, ਪੋਰਟ ਅਤੇ ਏਅਰਪੋਰਟ ਦੇ ਚੈਪਟਰ ’ਚ ਵੀਰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਮਾਧਿਅਮ ਨਾਲ ਇਨਕਲਾਬੀਆਂ ਨੂੰ ਸਲਾਮੀ ਦਿੱਤੀ ਗਈ ਹੈ। ਬਾਅਦ ਦੇ 3 ਹੋਰ ਚੈਪਟਰਾਂ ’ਚ ਕੁਦਰਤੀ ਵਿਰਾਸਤ ਦੇ ਨਾਲ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ ਦੇ ਭਾਵ ਨੂੰ ਸਾਕਾਰ ਕੀਤਾ ਗਿਆ ਹੈ। ਸੰਵਿਧਾਨ ’ਚ ਕਾਨੂੰਨ ਦੇ ਸ਼ਾਸਨ ਦੇ ਲਿਖਤ ਵੇਰਵੇ ਨਾਲ ਧਰਮ, ਸਾਹਿਤ, ਸੱਭਿਆਚਾਰ, ਕਲਾ ਅਤੇ ਰਵਾਇਤਾਂ ਦਾ ਚਿੱਤਰਣ ਹੈ। ਉਨ੍ਹਾਂ ’ਤੇ ਅਮਲ ਕਰਨ ਨਾਲ ਰਾਮ ਦੇ ਸੁਸ਼ਾਸਨ ਅਤੇ ਕ੍ਰਿਸ਼ਨ ਦੇ ਕਰਮਯੋਗ ਦੇ ਸਮਾਗਮ ਨਾਲ ਆਧੁਨਿਕ ਅਤੇ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕੀਤਾ ਜਾਣਾ ਚਾਹੀਦਾ ਹੈ।
ਵਿਰਾਗ ਗੁਪਤਾ (ਐਡਵੋਕੇਟ, ਸੁਪਰੀਮ ਕੋਰਟ)
ਤਰੱਕੀ ਦਰਮਿਆਨ ਰਿਸ਼ਤਿਆਂ ਤੇ ਸਮਾਜ ਦਾ ਟੁੱਟਦਾ ਤਾਣਾ-ਬਾਣਾ
NEXT STORY