ਭਗਵਾਨ ਰਾਮ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਬਿੰਦੂ ਹਨ। ਆਸਤਿਕ ਹੋਵੇ ਜਾਂ ਨਾਸਤਿਕ, ਹਿੰਦੂ ਹੋਵੇ ਜਾਂ ਕਿਸੇ ਹੋਰ ਧਰਮ ਨੂੰ ਮੰਨਣ ਵਾਲਾ, ‘ਰਾਮਚਰਿਤ’ ਇਸ ਧਰਤੀ ’ਚ ਪਲੇ-ਵਧੇ ਹਰ ਮਨੁੱਖ ’ਚ ਰਚਿਆ-ਵਸਿਆ ਹੈ। ਜਿਸ ਧਰਤੀ ’ਚ ਕਈ ਲੋਕਾਂ ਦਾ ਦਿਨ ‘ਰਾਮ-ਰਾਮ’ ਨਾਲ ਸ਼ੁਰੂ ਹੁੰਦਾ ਹੈ, ਉੱਥੇ ਜ਼ਾਹਿਰ ਹੈ ਉਸ ਆਦਰਸ਼ ਦੇ ਸਨਮਾਨ ’ਚ ਹਜ਼ਾਰਾਂ ਮੰਦਰ ਬਣੇ ਹਨ, ਬਣਨਗੇ।
ਉਂਝ ਤਾਂ ਕਿਸੇ ਮੰਦਰ, ਮਸਜਿਦ, ਗੁਰਦੁਆਰੇ ਜਾਂ ਚਰਚ ਦੇ ਨਿਰਮਾਣ ਨਾਲ ਧਾਰਮਿਕਤਾ, ਨੈਤਿਕਤਾ ਜਾਂ ਚਰਿੱਤਰ ਨਿਰਮਾਣ ਦਾ ਕੋਈ ਸਬੂਤ ਨਹੀਂ ਮਿਲਦਾ ਪਰ ਆਮ ਤੌਰ ’ਤੇ ਧਾਰਮਿਕਤਾ ਆਪਣੇ ਮੁੱਖ ਰੂਪ ਦੀ ਭਾਲ ਕਰਦੀ ਹੈ। ਇਸ ਲਈ ਆਸਥਾ ਦੇ ਮੁੱਖ ਪ੍ਰਤੀਕਾਂ ਨੂੰ ਸਹਿਜੇ ਹੀ ਮੰਨਣਾ ਚੰਗਾ ਹੈ। ਤਰੱਕੀ ਦੇ ਨਾਂ ’ਤੇ ਮਾਲਾ, ਮੂਰਤੀ ਅਤੇ ਮੰਦਰ ਦਾ ਅਨਾਦਰ ਕਰਨਾ ਜਾਂ ਉਸ ਦਾ ਮਖੌਲ ਉਡਾਉਣ ਦੀ ਆਦਤ ਆਧੁਨਿਕਤਾ ਦੀ ਅਗਿਆਨਤਾ ਅਤੇ ਹੰਕਾਰ ਦਾ ਪ੍ਰਤੀਕ ਹੈ।
ਮੰਦਰ ਨਿਰਮਾਣ ਦਾ ਮਕਸਦ ਹੈ ਆਪਣੇ ਆਰਾਧਿਆ ਦੇਵ ਦੀ ਮੂਰਤੀ ਦੀ ਸਥਾਪਨਾ। ਇਸ ਲਈ ਇਕ ਰਾਮ ਮੰਦਰ ’ਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ ਨੂੰ ਸ਼ੁੱਭ ਮੌਕੇ ਦੇ ਰੂਪ ’ਚ ਮਨਾਉਣਾ ਸੁਭਾਵਿਕ ਹੈ। ਆਮ ਤੌਰ ’ਤੇ ਅਜਿਹੇ ਕਿਸੇ ਆਯੋਜਨ ’ਤੇ ਕਿੰਤੂ-ਪ੍ਰੰਤੂ ਨਹੀਂ ਕਰਨਾ ਚਾਹੀਦਾ ਪਰ 22 ਜਨਵਰੀ ਨੂੰ ਅਯੁੱਧਿਆ ’ਚ ਰਾਮ ਜਨਮ ਭੂਮੀ ’ਤੇ ਰਾਮ ਮੰਦਰ ’ਚ ਮੂਰਤੀ ਸਥਾਪਨਾ ਦਾ ਆਯੋਜਨ ਕੋਈ ਆਮ ਮਾਮਲਾ ਨਹੀਂ ਹੈ। ਉਂਝ ਤਾਂ ਇਸ ਸਥਾਨ ’ਤੇ ਰਾਮ ਮੰਦਰ ਦਾ ਨਿਰਮਾਣ ਹੀ ਆਪਣੇ ਆਪ ’ਚ ਕੋਈ ਆਮ ਮਾਮਲਾ ਨਹੀਂ ਹੈ ਪਰ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਹਿਮਤੀ ਹੋਵੇ ਜਾਂ ਨਾ ਹੋਵੇ, ਉਸ ਤੋਂ ਬਾਅਦ ਇਸ ਅਧਿਆਏ ਨੂੰ ਖਤਮ ਕਰ ਦੇਣਾ ਹੀ ਬਿਹਤਰ ਹੈ। ਅੱਜ ਸਵਾਲ ਸਿਰਫ ਇੰਨਾ ਹੈ ਕਿ ਜਿਸ ਢੰਗ ਨਾਲ 22 ਜਨਵਰੀ ਨੂੰ ਇਹ ਆਯੋਜਨ ਕੀਤਾ ਜਾ ਰਿਹਾ ਹੈ ਕੀ ਉਹ ਸਹੀ ਹੈ?
ਸਹੀ-ਗਲਤ ਦੀ ਕਸੌਟੀ ਕੀ ਹੋਵੇ? ਇਸ ਦਾ ਜਵਾਬ ਦੇਣ ਲਈ ਸਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈ। ਭਗਵਾਨ ਰਾਮ ਦੀ ਕਥਾ ਹੀ ਇਸ ਦੀ ਸਭ ਤੋਂ ਸੁੰਦਰ ਅਤੇ ਪ੍ਰਮਾਣਿਕ ਕਸੌਟੀ ਹੈ। ਭਗਵਾਨ ਰਾਮ ਨੂੰ ਇਹ ਦੇਸ਼ ਮਰਿਆਦਾ ਪੁਰਸ਼ੋਤਮ ਦੇ ਨਾਂ ਨਾਲ ਜਾਣਦਾ ਹੈ। ਉਨ੍ਹਾਂ ਨਾਲ ਜੁੜੀ ਹਰ ਕਹਾਣੀ ਮਰਿਆਦਾ ਦੀ ਪ੍ਰਤੀਕ ਹੈ। ਇਸ ਲਈ ਇਹ ਸਵਾਲ ਵਾਜਿਬ ਹੈ ਕਿ ਕੀ 22 ਜਨਵਰੀ ਦਾ ਪ੍ਰਾਣ ਪ੍ਰਤਿਸ਼ਠਾ ਆਯੋਜਨ ਉਸ ਮਰਿਆਦਾ ਦੇ ਅਨੁਸਾਰ ਹੈ, ਜਿਸ ਦੇ ਪ੍ਰਤੀਕ ਭਗਵਾਨ ਰਾਮ ਖੁਦ ਸਨ?
ਪਿਛਲੇ ਕੁਝ ਦਿਨਾਂ ਤੋਂ ਮੰਦਰ ਨਿਰਮਾਣ ਦੀ ਸ਼ਾਸਤਰੀ ਮਰਿਆਦਾ ਦੀਆਂ ਉਲੰਘਣਾ ਦੇ ਚਰਚੇ ਹੋ ਰਹੇ ਹਨ। ਬੇਸ਼ੱਕ ਇਸ ਮਾਮਲੇ ’ਚ ਸ਼ੰਕਰਾਚਾਰਿਆ ਜਾਂ ਹੋਰ ਧਰਮ ਗੁਰੂ ਜੋ ਕੁਝ ਕਹਿ ਦੇਣ ਉਸ ਦਾ ਅੱਖਰੀ ਪਾਲਣ ਜ਼ਰੂਰੀ ਨਹੀਂ ਹੈ। ਉਨ੍ਹਾਂ ਦੇ ਕਹੇ ਦਾ ਕਈ ਵਾਰ ਵਿਰੋਧ ਸੰਭਵ ਵੀ ਹੈ ਅਤੇ ਜ਼ਰੂਰੀ ਵੀ ਹੈ ਪਰ ਪਿਛਲੇ ਕੁਝ ਦਿਨਾਂ ਦੀ ਬਹਿਸ ਨਾਲ ਇਕ ਗੱਲ ਤਾਂ ਸਪੱਸ਼ਟ ਹੈ ਕਿ ਧਾਰਮਿਕ ਕਰਮਕਾਂਡਾਂ ਦੇ ਵਿਧੀ ਵਿਧਾਨ ’ਚ ਕਿਤੇ ਵੀ ਮੰਦਰ ਨਿਰਮਾਣ ਪੂਰਾ ਹੋਣ ਭਾਵ ਉਸ ਦਾ ਸਿਖਰ ਪੂਰਾ ਹੋਣ ਅਤੇ ਉਸ ’ਤੇ ਝੰਡਾ ਲਗਾਉਣ ਤੋਂ ਪਹਿਲਾਂ ਈਸ਼ਟ ਦੇਵਤਾ ਦੀ ਮੂਰਤੀ ਦੀ ਸਥਾਪਨਾ ਨਹੀਂ ਹੁੰਦੀ ਹੈ। ਇਹ ਸਪੱਸ਼ਟ ਹੈ ਕਿ ਸਥਾਪਤ ਮਰਿਆਦਾ ਨੂੰ ਤੋੜਿਆ ਜਾ ਰਿਹਾ ਹੈ ਅਤੇ ਉਸ ਦਾ ਕਾਰਨ ਚੋਣ ਕੈਲੰਡਰ ਨੂੰ ਛੱਡ ਕੇ ਹੋਰ ਕੁਝ ਦਿਖਾਈ ਨਹੀਂ ਦੇ ਰਿਹਾ। ਸ਼ੁੱਭ ਜਾਂ ਅਸ਼ੁੱਭ ਮਹੂਰਤ ਬਾਰੇ ਐਂਥੀਨਮ ਬਹਿਸ ਹੋ ਸਕਦੀ ਹੈ ਪਰ ਇਹ ਵੀ ਸਪੱਸ਼ਟ ਹੈ ਕਿ ਇਸ ਤਰੀਕ ਨੂੰ ਚੁਣਦੇ ਸਮੇਂ ਚਿੰਤਾ ਸ਼ੁੱਭ-ਅਸ਼ੁੱਭ ਦੀ ਨਹੀਂ ਸਗੋਂ ਚੋਣ ਕਮਿਸ਼ਨ ਦੇ ਜ਼ਾਬਤੇ ਦੀ ਰਹੀ ਹੋਵੇਗੀ। ਇਹ ਯਕੀਨਨ ਹੀ ਮਰਿਆਦਾਹੀਣਤਾ ਹੈ।
ਜੇ ਅਸੀਂ ਕਾਨੂੰਨੀ ਮਰਿਆਦਾ ਦੀ ਗੱਲ ਕਰੀਏ ਤਾਂ ਇਹ ਆਯੋਜਨ ਉਸ ਦੀ ਵੀ ਕਈ ਪੱਧਰਾਂ ’ਤੇ ਉਲੰਘਣਾ ਕਰਦਾ ਹੈ। ਬੇਸ਼ੱਕ ਸੁਪਰੀਮ ਕੋਰਟ ਦਾ ਹੁਕਮ ਮੰਦਰ ਨਿਰਮਾਣ ਦੀ ਇਜਾਜ਼ਤ ਦਿੰਦਾ ਹੈ ਪਰ ਉਹੀ ਹੁਕਮ ਰਾਮ ਮੰਦਰ ਟਰੱਸਟ ਦੇ ਗੈਰ-ਸਿਆਸੀ ਰੂਪ ਦੀ ਵਿਵਸਥਾ ਵੀ ਕਰਦਾ ਹੈ। ਇਹ ਜਗ-ਜ਼ਾਹਿਰ ਹੈ ਕਿ ਸਰਕਾਰ ਨੇ ਧਰਮ ਗੁਰੂਆਂ ਦੀ ਬਜਾਇ ਭਾਜਪਾ ਨਾਲ ਜੁੜੀ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸਰਕਾਰ ਨਾਲ ਜੁੜੇ ਅਫਸਰਾਂ ਦਾ ਟਰੱਸਟ ਬਣਾਇਆ ਹੈ। ਇਹ ਕੋਰਟ ਦੇ ਹੁਕਮ ਦੀ ਭਾਵਨਾ ਦੀ ਉਲੰਘਣਾ ਹੈ। ਦੇਸ਼ ਦਾ ਕਾਨੂੰਨ ਕਿਸੇ ਵੀ ਧਾਰਮਿਕ ਆਯੋਜਨ ਦੀ ਚੋਣਾਂ ਲਈ ਜਾਂ ਸਿਆਸਤ ਲਈ ਵਰਤੋਂ ’ਤੇ ਪਾਬੰਦੀ ਲਗਾਉਂਦਾ ਹੈ ਪਰ 22 ਜਨਵਰੀ ਦਾ ਆਯੋਜਨ ਉਸ ਕਾਨੂੰਨੀ ਮਰਿਆਦਾ ਦੀਆਂ ਵੀ ਧੱਜੀਆਂ ਉਡਾ ਰਿਹਾ ਹੈ।
ਕਾਨੂੰਨੀ ਮਰਿਆਦਾ ਤੋਂ ਵੱਡਾ ਸਵਾਲ ਸੰਵਿਧਾਨਕ ਮਰਿਆਦਾ ਦਾ ਹੈ। ਕੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ (ਜਾਂ ਸੰਵਿਧਾਨਕ ਅਹੁਦੇ ’ਤੇ ਬੈਠਾ ਕੋਈ ਵੀ ਵਿਅਕਤੀ) ਬਤੌਰ ਪ੍ਰਧਾਨ ਮੰਤਰੀ ਕਿਸੇ ਧਾਰਮਿਕ ਯੱਗ ਦਾ ਯਜਮਾਨ ਬਣ ਸਕਦਾ ਹੈ? ਸਾਡੇ ਸੰਵਿਧਾਨ ਦੀ ਮਰਿਆਦਾ ਸਪੱਸ਼ਟ ਹੈ : ਆਪਣੀ ਨਿੱਜੀ ਹੈਸੀਅਤ ਨਾਲ ਸੰਵਿਧਾਨਕ ਅਹੁਦੇਦਾਰ ਕਿਸੇ ਵੀ ਧਾਰਮਿਕ ਮਾਨਤਾ ਜਾਂ ਰੀਤੀ-ਰਿਵਾਜ਼ ’ਚ ਸ਼ਾਮਲ ਹੋ ਸਕਦੇ ਹਨ ਪਰ ਉਸ ਦੇ ਅਹੁਦੇ ਦੀ ਮਰਿਆਦਾ ਉਸ ਨੂੰ ਅਧਿਕਾਰਕ ਤੌਰ ’ਤੇ ਅਜਿਹਾ ਕਰਨ ਤੋਂ ਰੋਕਦੀ ਹੈ। ਸਰਵਧਰਮ ਸਮਭਾਵ ਦੀ ਸੰਵਿਧਾਨਕ ਮਰਿਆਦਾ ਇਹ ਵੀ ਕਹਿੰਦੀ ਹੈ ਕਿ ਸਰਕਾਰ ਸਾਰੇ ਸੰਸਥਾਗਤ ਧਰਮਾਂ ਤੋਂ ਬਰਾਬਰ ਦੀ ਦੂਰੀ ਬਣਾ ਕੇ ਰੱਖੇ, ਕਿਸੇ ਇਕ ਧਰਮ ਵੱਲ ਝੁਕਾਅ ਸਾਡੀ ਸੰਵਿਧਾਨਕ ਮਰਿਆਦਾ ਦੀ ਉਲੰਘਣਾ ਹੈ। 22 ਜਨਵਰੀ ਦੇ ਸਮਾਰੋਹ ਨੇ ਰਾਜ ਅਤੇ ਸੰਸਥਾਗਤ ਧਰਮ ਦੇ ਵਿਚਾਲੇ ਦੀ ਵੰਡ ਕਰਨ ਵਾਲੀ ਰੇਖਾ ਨੂੰ ਧੁੰਦਲਾ ਕਰ ਦਿੱਤਾ ਹੈ। ਬਿਨਾਂ ਰਸਮੀ ਐਲਾਨ ਦੇ ਦੇਸ਼ ਵਿਚ ਹਿੰਦੂ ਧਰਮ ਨੂੰ ਬਾਕੀ ਧਰਮਾਂ ਤੋਂ ਉੱਪਰ ਦਾ ਦਰਜਾ ਦੇ ਦਿੱਤਾ ਗਿਆ ਹੈ।
ਪਰ ਸਭ ਤੋਂ ਵੱਡੀ ਉਲੰਘਣਾ ਹੈ ਧਾਰਮਿਕ ਮਰਿਆਦਾ ਦੀ। ਇੱਥੇ ਧਾਰਮਿਕ ਤੋਂ ਅਰਥ ਹਿੰਦੂ, ਮੁਸਲਮਾਨ ਵਰਗੇ ਧਰਮ ਨਾਲ ਨਹੀਂ ਸਗੋਂ ਉਸ ਦੇ ਗੂੜ੍ਹ ਅਰਥ ਤੋਂ ਹੈ : ਧਰਮ ਭਾਵ ਉਹ ਜੋ ਧਾਰਨ ਕਰਨ ਯੋਗ ਹੋਵੇ, ਜੋ ਨੀਤੀ ਅਨੁਸਾਰ ਹੋਵੇ। 22 ਜਨਵਰੀ ਦਾ ਸਮਾਰੋਹ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਮਰਿਆਦਾ ਦੀ ਉਲੰਘਣਾ ਹੈ। ਤੁਲਸੀਦਾਸ ਕਹਿੰਦੇ ਹਨ, ‘‘ਨਾਹਿਨ ਰਾਮ ਰਾਜ ਕੇ ਭੂਖੇ, ਧਰਮ ਧੁਰੀਨ ਬਿਸਯ ਰਸ ਰੂਖੇ।’’
ਭਾਵ ਰਾਮ ਨੂੰ ਰਾਜ ਦੀ ਲਾਲਸਾ ਨਹੀਂ ਹੈ, ਉਹ ਤਾਂ ਧਰਮ ਦੀ ਧੁਰੀ ਨੂੰ ਧਾਰਨ ਕਰਨ ਵਾਲੇ ਹਨ ਅਤੇ ਸੰਸਾਰਿਕ ਸੁੱਖਾਂ ਤੋਂ ਪਰ੍ਹਾ ਹਨ। ਸੱਤਾ ਦੇ ਪ੍ਰਤੀ ਮੋਹ ਨਾ ਹੋਣਾ ਸਾਡੀ ਧਾਰਮਿਕ ਮਰਿਆਦਾ ਹੈ ਪਰ 22 ਜਨਵਰੀ ਦਾ ਆਯੋਜਨ ਇਕ ਸ਼ਕਤੀ ਪ੍ਰਦਰਸ਼ਨ ਹੈ ਅਤੇ ਸ਼ਕਤੀ ਹਾਸਲ ਕਰਨ ਦਾ ਢੰਗ ਹੈ। ਇਹ ਹਿੰਦੂ ਧਰਮ ’ਤੇ ਸਿਆਸੀ ਸੱਤਾ ਦੇ ਕਬਜ਼ੇ ਦਾ ਪ੍ਰਤੀਕ ਹੈ। ਗੁਰੂ ਦੇਵ ਰਵਿੰਦਰਨਾਥ ਟੈਗੋਰ ਨੇ ਆਪਣੀ ਕਵਿਤਾ ‘‘ਦਿਨੋ ਦਾਨ’’ ਵਿਚ ਇਕ ਸ਼ਾਨਦਾਰ ਮੰਦਰ ਦੀ ਸਥਾਪਨਾ ਕਰਨ ਵਾਲੇ ਰਾਜਾ ਅਤੇ ਇਕ ਸਾਧੂ ਦੀ ਗੱਲਬਾਤ ਰਾਹੀਂ ਇਹ ਕਿਹਾ ਕਿ ਰਾਜਾ ਦੇ ਹੰਕਾਰ ਦੇ ਪ੍ਰਤੀਕ ਅਜਿਹੇ ਮੰਦਰ ’ਚ ਭਗਵਾਨ ਦਾ ਵਾਸ ਨਹੀਂ ਹੋ ਸਕਦਾ ਹੈ।
ਅਜਿਹੇ ਆਯੋਜਨ ਦਾ ਧਰਮ, ਆਸਥਾ ਅਤੇ ਮਰਿਆਦਾ ਨਾਲ ਕੋਈ ਸਬੰਧ ਨਹੀਂ ਹੈ। ਰਾਮ ਦੇ ਮਹਾ ਭਗਤ ਮਹਾਤਮਾ ਗਾਂਧੀ ਨੂੰ ਯਾਦ ਕਰ ਕੇ ਅਸੀਂ ਇਹੀ ਕਹਿ ਸਕਦੇ ਹਾਂ : ਹੇ ਰਾਮ!
ਯੋਗੇਂਦਰ ਯਾਦਵ
ਅਯੁੱਧਿਆ : ਪ੍ਰਾਣ-ਪ੍ਰਤਿੱਸ਼ਠਾ ’ਚ ਵਿਵਾਦ ਕਿਉਂ?
NEXT STORY