–ਜੂਲੀਓ ਰਿਬੈਰੋ (ਸਾਬਕਾ ਡੀ. ਜੀ. ਪੀ. ਪੰਜਾਬ ਅਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ)
ਮੈਨੂੰ ਅਫਸੋਸ ਹੈ ਕਿ ਮੈਂ ਬੰਬੇ ਹਾਈ ਕੋਰਟ ਦੇ ਮਹਾਨ ਚੀਫ ਜਸਟਿਸ ਮੁਹੰਮਦ ਅਲੀ ਕੁਰਰਿਮ ਛਾਗਲਾ ਦੇ ਪੁੱਤਰ ਅਤੇ ਉਸੇ ਹਾਈ ਕੋਰਟ ਦੇ ਮੌਜੂਦਾ ਜੱਜ ਜਸਟਿਸ ਰਿਆਜ਼ ਛਾਗਲਾ ਦੇ ਪਿਤਾ ਇਕਬਾਲ ਛਾਗਲਾ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਨਹੀਂ ਹੋ ਸਕਿਆ। ਮੇਰੀਆਂ 95 ਸਾਲਾ ਹੱਡੀਆਂ ਮੈਨੂੰ ਇਕ ਮਿੰਟ ਤੋਂ ਵੱਧ ਖੜ੍ਹੇ ਰਹਿਣ ਦੀ ਇਜਾਜ਼ਤ ਨਹੀਂ ਦਿੰਦੀਆਂ। ਮੈਂ ਇਕਬਾਲ ਦੀ ਪਤਨੀ ਰੋਸ਼ਨ ਨੂੰ ਫੋਨ ਕੀਤਾ ਅਤੇ ਆਪਣੇ ਦੋਸਤ ਦੇ ਅੰਤਿਮ ਸੰਸਕਾਰ ’ਚ ਆਪਣੀ ਗੈਰ-ਹਾਜ਼ਰੀ ਬਾਰੇ ਦੱਸਿਆ। ਇਕਬਾਲ ਅਸਲ ’ਚ ਇਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਦੀ ਦਲੇਰੀ ਦੀ ਚਰਚਾ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਅਨੁਸਾਰ ਚੱਲਣਾ ਚਾਹੀਦਾ ਹੈ।
ਸਾਰੇ ਕਾਰੋਬਾਰਾਂ ਅਤੇ ਜ਼ਿੰਦਗੀ ਦੇ ਖੇਤਰਾਂ ’ਚ ਈਮਾਨਦਾਰੀ ਦਿਖਾਉਣ ਵਾਲੇ ਕਈ ਵਿਅਕਤੀ ਹਨ ਪਰ ਬੜੇ ਘੱਟ ਲੋਕ ਹਨ ਜੋ ਉਦੋਂ ਆਪਣੀ ਧੌਣ ਬਾਹਰ ਕੱਢਣ ਲਈ ਤਿਆਰ ਹੁੰਦੇ ਹਨ, ਜਦੋਂ ਉਨ੍ਹਾਂ ਵਲੋਂ ਅਪਣਾਏ ਗਏ ਸਿਧਾਂਤ ਦੀ ਸ਼ਰੇਆਮ ਉਲੰਘਣਾ ਕੀਤੀ ਜਾਂਦੀ ਹੈ। ਇਕਬਾਲ ਛਾਗਲਾ ਵੱਖਰੇ ਜਿਹੇ ਸਨ। ਬਾਰ ਦੇ ਇਕ ਬੜੇ ਹੀ ਸਨਮਾਨਿਤ ਅਤੇ ਸਫਲ ਮੈਂਬਰ ਵਜੋਂ ਉਹ 1990 ਤੋਂ 1999 ਤਕ ਲਗਾਤਾਰ 3 ਵਾਰ ਮੁੰਬਈ ’ਚ ਇਸ ਦੇ ਪ੍ਰਧਾਨ ਚੁਣੇ ਗਏ। ਇਸ ਅਰਸੇ ਦੌਰਾਨ ਉਨ੍ਹਾਂ ਨੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਹਾਈ ਕੋਰਟ ਦੇ 4 ਜੱਜਾਂ ’ਤੇ ਘੋਰ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ। ਉਨ੍ਹਾਂ ਨੇ ਬਾਰ ਵਲੋਂ ਅਤੇ ਇਸ ਦੇ ਪ੍ਰਧਾਨ ਵਜੋਂ 4 ਜੱਜਾਂ ਦੇ ਅਸਤੀਫੇ ਦੀ ਮੰਗ ਇਹ ਕਹਿੰਦਿਆਂ ਕੀਤੀ ਕਿ ਬਾਰ ਉਨ੍ਹਾਂ ਦੀਆਂ ਅਦਾਲਤਾਂ ਦਾ ਬਾਈਕਾਟ ਕਰੇਗੀ।
ਇਹ ਧਮਕੀ ਕੰਮ ਕਰ ਗਈ। ਲਗਭਗ 5 ਸਾਲ ਬੰਬੇ ਹਾਈ ਕੋਰਟ ਦੇ ਮੌਜੂਦਾ ਚੀਫ ਜਸਟਿਸ ਨੂੰ ਵੀ ਆਪਣਾ ਅਹੁਦਾ ਛੱਡਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਇਕਬਾਲ ਨੇ ਮਹਿਸੂਸ ਕੀਤਾ ਸੀ ਕਿ ਉਨ੍ਹਾਂ ’ਚ ਈਮਾਨਦਾਰੀ ਦੀ ਘਾਟ ਹੈ। ਮੇਰੇ ਨੋਟਿਸ ’ਚ ਇਹ ਤੱਥ ਪਬਲਿਕ ਕੰਸਰਨ ਫਾਰ ਗਵਰਨੈਂਸ ਟਰੱਸਟ ’ਚ ਮੇਰੇ ਜੂਨੀਅਰ ਐਡਵੋਕੇਟ ਸ਼ਿਵਮ ਜੈਨ ਕਾਕੜੀਆ ਲਿਆਏ। ਮੈਂ ਸ਼ਿਵਮ ਦੇ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦੀ ਹਾਂ। ਅਜਿਹਾ ਅਕਸਰ ਨਹੀਂ ਹੁੰਦਾ ਕਿ ਕੋਈ ਨੇਤਾ ਬੁਰਾਈ ਨੂੰ ਸੰਬੋਧਤ ਕਰਨ ਦੀ ਸਥਿਤੀ ’ਚ ਹੋਵੇ ਅਤੇ ਚੁਣੌਤੀ ਦੇਣ ਦਾ ਫ਼ੈਸਲਾ ਕਰੇ। ਬੇਸ਼ੱਕ ਹੀ ਉਹ ਨਿੱਜੀ ਤੌਰ ’ਤੇ ਈਮਾਨਦਾਰ ਹੋਵੇ ਪਰ ਉਹ ਆਪਣੇ ਉਨ੍ਹਾਂ ਸਹਿਯੋਗੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਜੋ ਲਾਲਚ ’ਚ ਆ ਗਏ ਹਨ।
ਫਿਰ ਕੁਝ ਅਜਿਹੇ ਵੀ ਹਨ ਜੋ ਸਿਰਫ਼ ਆਪਣੇ ਕੰਮ ਨਾਲ ਮਤਲਬ ਰੱਖਣ ਦਾ ਫ਼ੈਸਲਾ ਕਰਦੇ ਹਨ। ਹਾਲਾਂਕਿ ਉਹ ਆਪਣੇ ਦੋਸਤਾਂ ਦੇ ਅਪਰਾਧਾਂ ਨੂੰ ਪਸੰਦ ਨਹੀਂ ਕਰਦੇ। ਅੱਜ ਅਸੀਂ ਜਿਸ ਬੇਲਗਾਮ ਭ੍ਰਿਸ਼ਟਾਚਾਰ ਨੂੰ ਦੇਖ ਰਹੇ ਹਾਂ, ਉਸ ’ਤੇ ਕੋਈ ਲਗਾਮ ਨਹੀਂ ਹੈ। ਆਮ ਨਾਗਰਿਕ ਇਸਦਾ ਮੁੱਖ ਪੀੜਤ ਹੈ। ਉਹ ਜਲਦੀ ਭ੍ਰਿਸ਼ਟਾਚਾਰ ਨੂੰ ਹੋਂਦ ਦੇ ਤੱਥ ਵਜੋਂ ਪ੍ਰਵਾਨ ਕਰ ਲੈਂਦਾ ਹੈ ਅਤੇ ਬਸ ਆਪਣੇ ਕਰਿਆਨੇ ਦੇ ਸਾਮਾਨ ਵਾਂਗ ਭੁਗਤਾਨ ਕਰਦਾ ਹੈ। ਇਕ ਦਿਨ ਇਕਬਾਲ ਨੇ ਇਕ ਮਾਮਲੇ ਲਈ ਸੁਪਰੀਮ ਕੋਰਟ ਜਾਣਾ ਸੀ। ਦਿੱਲੀ ਪਹੁੰਚਣ ’ਤੇ ਉਨ੍ਹਾਂ ਨੇ ਸੀ. ਜੀ. ਆਈ. ਦੇ ਸਕੱਤਰ ਨੂੰ ਸੀ. ਜੀ. ਆਈ. ਨੂੰ ਮਿਲਣ ਲਈ ਫੋਨ ਕੀਤਾ। ਉਦੋਂ ਜਸਟਿਸ ਸਬਯਸਾਚੀ ਮੁਖਰਜੀ ਸਨ, ਜੋ ਇਕ ਚੰਗੇ ਅਤੇ ਸਮਝਦਾਰ ਵਿਅਕਤੀ ਸਨ।
ਉਨ੍ਹਾਂ ਨੇ ਇਕਬਾਲ ਨਾਲ ਉਨ੍ਹਾਂ ਦੇ ਅਧਿਕਾਰਤ ਬੰਗਲੇ ’ਤੇ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ। ਜਸਟਿਸ ਮੁਖਰਜੀ ਨੇ ਇਕਬਾਲ ਕੋਲੋਂ ਪਹਿਲਾ ਸਵਾਲ ਪੁੱਛਿਆ, ‘‘ਮਿਸਟਰ ਛਾਗਲਾ, ਕੀ ਤੁਹਾਨੂੰ ਫਿਰ ਤੋਂ ਅਜਿਹਾ ਕਰਨ ਦੀ ਲੋੜ ਹੈ।’’ ਤਦ ਇਕਬਾਲ ਨੇ ਜਵਾਬ ਦਿੱਤਾ ਕਿ ਉਹ ਕਿਸੇ ਜੱਜ ਦੇ ਵਿਰੁੱਧ ਸ਼ਿਕਾਇਤ ਕਰਨ ਨਹੀਂ ਆਏ ਹਨ, ਤਾਂ ਉਨ੍ਹਾਂ ਨੂੰ ਰਾਹਤ ਮਿਲੀ। ਸੀ. ਜੀ. ਆਈ. ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਬੰਬੇ ਬਾਰ ’ਤੇ ਭਰੋਸਾ ਹੈ ਪਰ ਉਨ੍ਹਾਂ ਨੂੰ ਚਿੰਤਾ ਹੈ ਕਿ ਦੂਜੇ ਸੂਬਿਆਂ ਦੇ ਬਾਰ ਮੁੰਬਈ ਦੇ ਆਪਣੇ ਸਾਥੀਆਂ ਦੀ ਕਿਤਾਬ ’ਚੋਂ ਕੁਝ ਸਿੱਖਿਆ ਲੈ ਸਕਦੇ ਹਨ। ਜਸਟਿਸ ਮੁਖਰਜੀ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਸੀ।
ਇਕਬਾਲ ਛਾਗਲਾ ਵਰਗੇ ਸੀਨੀਅਰ ਵਕੀਲ ਇਕ ਦੁਰਲੱਭ ਵਿਅਕਤੀ ਸਨ ਅਤੇ ਤੁਹਾਨੂੰ ਉਨ੍ਹਾਂ ਵਰਗੇ ਦੁਰਲੱਭ ਨੇਤਾ ਦੀ ਲੋੜ ਹੁੰਦੀ ਹੈ ਜੋ ਯੂਨੀਅਰਸ ਨੂੰ ਪ੍ਰੇਰਿਤ ਕਰ ਸਕਣ ਅਤੇ ਅਧਿਕਾਰੀਆਂ ਨੂੰ ਸੱਚਾਈ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਸਕਣ। ਇਕਬਾਲ ਨੂੰ ਬੰਬੇ ਬੈਂਚ ’ਚ ਜੱਜ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਇਸ ਲਈ ਨਾਂਹ ਕਰ ਦਿੱਤੀ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਸੁਪਰੀਮ ਕੋਰਟ ’ਚ ਇਕ ਸੀਟ ਪ੍ਰਵਾਨ ਕਰਨ ਲਈ ਕਿਹਾ ਗਿਆ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸੀਨੀਆਰਤਾ ਦੇ ਆਧਾਰ ’ਤੇ ਉਹ ਸਮੇਂ ਦੇ ਨਾਲ ਭਾਰਤ ਦੇ ਚੀਫ ਜਸਟਿਸ ਬਣ ਜਾਣਗੇ।
ਉਨ੍ਹਾਂ ਨੇ ਉਸ ਪੇਸ਼ਕਸ਼ ਨੂੰ ਵੀ ਠੁਕਰਾਅ ਦਿੱਤਾ ਕਿਉਂਕਿ ਉਨ੍ਹਾਂ ਨੂੰ ਜਾਪਿਆ ਕਿ ਸੀ. ਜੇ. ਆਈ. ਵਜੋਂ 19 ਮਹੀਨਿਆਂ ਦਾ ਕਾਰਜਕਾਲ ਨਿਆਂਪਾਲਿਕਾ ਨੂੰ ਅਸਲ ’ਚ ਆਜ਼ਾਦ ਅਤੇ ਨਿਆਂਪੂਰਨ ਬਣਾਉਣ ਲਈ ਜ਼ਰੂਰੀ ਤਬਦੀਲੀਆਂ ਨੂੰ ਪੇਸ਼ ਕਰਨ ਲਈ ਲੋੜੀਂਦਾ ਨਹੀਂ ਸੀ। ਕਿਸੇ ਵੀ ਖੇਤਰ ’ਚ ਭਾਵੇਂ ਉਹ ਸਰਕਾਰ ਹੋਵੇ ਜਾਂ ਜਨਤਕ ਖੇਤਰ, ਚੋਟੀ ਦਾ ਵਿਅਕਤੀ ਮਾਅਨੇ ਰੱਖਦਾ ਹੈ। ਉਸ ਦੀਆਂ ਕਦਰਾਂ-ਕੀਮਤਾਂ ਅਤੇ ਉਸ ਦੇ ਸਿਧਾਂਤ ਉਸ ਦੀ ਕਾਰਗੁਜ਼ਾਰੀ ਨੂੰ ਪਰਿਭਾਸ਼ਿਤ ਕਰਨਗੇ।
ਉਸ ਦੇ ਅਗਵਾਈ ਹੁਨਰ ਦਾ ਪ੍ਰੀਖਣ ਕੀਤਾ ਜਾਵੇਗਾ। ਜੇਕਰ ਉਹ ਈਮਾਨਦਾਰ ਅਤੇ ਨਿਆਂਪਸੰਦ ਹੈ ਅਤੇ ਜੋ ਉਹ ਕਹਿੰਦਾ ਹੈ ਅਤੇ ਉਸ ਦਾ ਪਾਲਣ ਕਰਦਾ ਹੈ ਤਾਂ ਉਸ ਤੋਂ ਜੂਨੀਅਰ ਅਤੇ ਉਸ ਦੀ ਅਗਵਾਈ ਵਾਲੇ ਲੋਕ ਯਕੀਨੀ ਤੌਰ ’ਤੇ ਫ਼ਰਕ ਮਹਿਸੂਸ ਕਰਨਗੇ ਅਤੇ ਉਨ੍ਹਾਂ ਦੀ ਰੀਸ ਕਰਨਗੇ। ਇਕਬਾਲ ਦੀ ਅਗਵਾਈ ’ਚ ਬੰਬੇ ਬਾਰ ਐਸੋਸੀਏਸ਼ਨ ਇਕ ਵੱਖਰੀ ਜਿਹੀ ਇਕਾਈ ਸੀ। ਇਕਬਾਲ ਦੀ ਧੀ ਨੇ ਸਾਈਰਸ ਮਿਸਤਰੀ ਨਾਲ ਵਿਆਹ ਕੀਤਾ ਜੋ ਰਤਨ ਟਾਟਾ ਦੇ ਬਾਅਦ ਟਾਟਾ ਸਨਜ਼ ਦੇ ਮੁਖੀ ਬਣੇ। ਇਕਬਾਲ ਨੇ ਰਤਨ ਅਤੇ ਸਾਈਰਸ ਦੇ ਦਰਮਿਆਨ ਗਲਤਫ਼ਹਿਮੀ ’ਤੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਦੇ ਨਤੀਜੇ ਵਜੋਂ ਸਾਈਰਸ ਥੋੜ੍ਹੇ ਸਮੇਂ ਦੇ ਕਾਰਜਕਾਲ ਤੋਂ ਬਾਅਦ ਅਹੁਦਾ ਛੱਡ ਕੇ ਚਲੇ ਗਏ।
ਕੁਝ ਹਫ਼ਤੇ ਪਹਿਲਾਂ ਮੈਂ ਇਕ ਹੋਰ ਚੰਗੇ ਇਨਸਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਿਸੰਘ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਈਮਾਨਦਾਰੀ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਦਾ ਚਲੇ ਜਾਣਾ ਬੜਾ ਦੁਖਦਾਈ ਹੈ, ਜਿਨ੍ਹਾਂ ਦੀ ਘਾਟ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਹ ਪ੍ਰਵਿਰਤੀ ਤਦ ਤਕ ਜਾਰੀ ਰਹੇਗੀ ਜਦ ਤਕ ਸਿਆਸੀ ਲੀਡਰਸ਼ਿਪ ਆਮ ਨਾਗਰਿਕਾਂ ਨਾਲ ਇਨਸਾਫ ਕਰਨ ਦੀ ਬਜਾਏ ਚੋਣਾਂ ’ਚ ਜਿੱਤ ਨੂੰ ਪਹਿਲ ਦਿੰਦੀ ਰਹੇਗੀ।
‘ਫੇਸਲੈੱਸ ਟੈਕਸ ਅਪੀਲ’ ਨੂੰ ਦੇਣਾ ਹੋਵੇਗਾ ਨਵਾਂ ਰੂਪ
NEXT STORY