ਡਾ. ਵੇਦਪ੍ਰਤਾਪ ਵੈਦਿਕ
ਭਾਜਪਾ ਸਰਕਾਰ ਨੇ ਆਪਣੇ ਕੁਝ ਨਵੇਂ ਰਾਜਪਾਲ ਅਤੇ ਨਵੇਂ ਮੰਤਰੀ ਲਗਭਗ ਇਕੱਠੇ ਨਿਯੁਕਤ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਿਛਲੀ ਪਾਰੀ ’ਚ ਤਿੰਨ ਵਾਰ ਆਪਣੇ ਮੰਤਰੀ ਮੰਡਲ ’ਚ ਫੇਰ-ਬਦਲ ਕੀਤਾ ਸੀ। ਹੁਣ ਇਸ ਦੂਸਰੀ ਪਾਰੀ ’ਚ ਇਹ ਪਹਿਲਾ ਫੇਰਬਦਲ ਹੈ। ਮੈਂ ਸਮਝਦਾ ਹਾਂ ਕਿ ਮੰਤਰੀ ਮੰਡਲ ’ਚ ਫੇਰਬਦਲ ਦੀ ਤਲਵਾਰ ਹਰ ਸਾਲ ਹੀ ਲਟਕਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਹਰ ਮੰਤਰੀ ਨੂੰ ਉਸ ਦੇ ਮੰਤਰਾਲਾ ਦੇ ਟੀਚੇ ਨਿਰਧਾਰਿਤ ਕਰ ਕੇ ਫੜਾ ਦਿੱਤੇ ਜਾਣੇ ਚਾਹੀਦੇ ਹਨ ਜਾਂ ਉਸ ਨੂੰ ਇਨ੍ਹਾਂ ਟੀਚਿਆਂ ਨੂੰ ਖੁਦ ਨਿਰਧਾਰਿਤ ਕਰ ਕੇ ਐਲਾਨ ਕਰ ਦੇਣਾ ਚਾਹੀਦਾ ਹੈ। ਮੰਤਰੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੇ ਐਲਾਨੇ ਟੀਚੇ ਪੂਰੇ ਨਹੀਂ ਕੀਤੇ ਤਾਂ ਸਾਲ ਭਰ ’ਚ ਹੀ ਉਨ੍ਹਾਂ ਦੀ ਛੁੱਟੀ ਹੋ ਸਕਦੀ ਹੈ। ਮੌਜੂਦਾ ਫੇਰਬਦਲ ਇਸ ਅਰਥ ’ਚ ਇਤਿਹਾਸਕ ਅਤੇ ਸ਼ਲਾਘਾਯੋਗ ਹੈ ਕਿ ਰਾਜਪਾਲਾਂ ਅਤੇ ਕੇਂਦਰੀ ਮੰਤਰੀਆਂ ’ਚ ਜਿੰਨੀ ਪ੍ਰਤੀਨਿਧਤਾ ਔਰਤਾਂ, ਪਛੜੇ ਆਦੀਵਾਸੀਆਂ, ਅਨੁਸਚਿਤਾਂ, ਉੱਚ ਸਿੱਖਿਅਤਾਂ ਅਤੇ ਨੌਜਵਾਨ ਲੋਕਾਂ ਨੂੰ ਮਿਲ ਰਹੀ ਹੈ, ਓਨੀ ਅਜੇ ਤੱਕ ਕਿਸੇ ਮੰਤਰੀ ਮੰਡਲ ’ਚ ਨਹੀਂ ਮਿਲੀ ਹੈ। ਔਰਤਾਂ ਦੀ ਜਿੰਨੀ ਵੱਡੀ ਗਿਣਤੀ ਮੋਦੀ ਮੰਡਲ ’ਚ ਹੈ, ਓਨੀ ਵੱਡੀ ਗਿਣਤੀ ਭਾਰਤ ਦੀ ਇਕੋ ਇਕ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮੰਤਰੀ ਮੰਡਲ ’ਚ ਵੀ ਨਹੀਂ ਸੀ। ਇਸੇ ਤਰ੍ਹਾਂ ਸ਼ਾਇਦ ਇੰਨਾ ਫੇਰਬਦਲ ਕਿਸੇ ਮੰਤਰੀ ਮੰਡਲ ’ਚ ਪਹਿਲਾਂ ਨਹੀਂ ਹੋਇਆ। ਇਹ ਅਜ਼ੀਬ ਭੁੱਲ ਸੁਧਾਰ ਹੈ। ਇਸਦੇ ਲਈ ਵੱਡੀ ਹਿੰਮਤ ਚਾਹੀਦੀ ਹੈ।
ਮੌਜੂਦਾ ਫੇਰਬਦਲ ਦੇ ਪਿੱਛੇ ਕਈ ਨਜ਼ਰੀਏ ਹਨ। ਪਹਿਲਾ ਤਾਂ ਇਹ ਕਿ ਅਗਲੇ ਸਾਲ ਜਿਨ੍ਹਾਂ 5 ਸੂਬਿਆਂ ’ਚ ਚੋਣਾਂ ਹੋਣੀਆਂ ਹਨ, ਉਨ੍ਹਾਂ ਦੇ ਕੁਝ ਪ੍ਰਭਾਵਸ਼ਾਲੀ ਨੇਤਾਵਾਂ ਨੂੰ ਦਿੱਲੀ ਦੀ ਗੱਦੀ ’ਤੇ ਬਿਠਾਇਆ ਜਾਵੇ ਤਾਂ ਕਿ ਉਨ੍ਹਾਂ ਸੂਬਿਆਂ ਦੇ ਵੋਟਰਾਂ ਦਾ ਹਿਤ ਸੰਪਾਦਨ ਵਿਸ਼ੇਸ਼ ਤੌਰ ’ਤੇ ਹੋਵੇ, ਜਿਸ ਦੇ ਕਾਰਨ ਭਾਜਪਾ ਦਾ ਵੋਟ-ਫੀਸਦੀ ਵਧੇ।
ਦੂਸਰਾ ਨਜ਼ਰੀਆ ਇਹ ਹੈ ਕਿ ਜਿਹੜੇ ਮੰਤਰੀਆਂ ਦੇ ਕੰਮਕਾਜ ’ਚ ਕਮੀਆਂ ਪਾਈਆਂ ਗਈਆਂ ਹਨ ਜਾਂ ਉਨ੍ਹਾਂ ਨੂੰ ਲੈ ਕੇ ਬੇਲੋੜੇ ਵਿਵਾਦ ਹੋਏ, ਉਨ੍ਹਾਂ ਤੋਂ ਸਰਕਾਰ ਨੂੰ ਮੁਕਤ ਕਰ ਦਿੱਤਾ ਗਿਆ। ਕੁਝ ਮੰਤਰੀਆਂ ਨੇ ਆਪਣੇ ਅਸਤੀਫੇ ਪਹਿਲਾਂ ਹੀ ਦੇ ਦਿੱਤੇ। ਤੀਸਰਾ ਨਜ਼ਰੀਆ ਇਹ ਰਿਹਾ ਹੋ ਸਕਦਾ ਹੈ ਕਿ ਹੁਣ ਕੋਰੋਨਾ ਦਾ ਖਤਰਾ ਲਗਭਗ ਖਤਮ ਜਿਹਾ ਦਿਖਾਈ ਦੇ ਰਿਹਾ ਹੈ ਤਾਂ ਦੇਸ਼ ਦੀ ਸਿਆਸਤ ’ਚ ਤਾਜ਼ਗੀ ਲਿਆਂਦੀ ਜਾਵੇ। ਇਸ ਲਈ ਨੌਜਵਾਨਾਂ ਦੇ ਮੰਤਰੀ ਬਣਨ ਨਾਲ ਹੁਣ ਮੋਦੀ ਮੰਤਰੀ ਮੰਡਲ ਦੀ ਔਸਤ ਉਮਰ 58 ਸਾਲ ਹੋ ਗਈ ਹੈ ਪਰ ਇੱਥੇ ਇਕ ਘੁੰਡੀ ਹੈ। ਉਹ ਵੱਡਾ ਖਤਰਾ ਵੀ ਸਿੱਧ ਹੋ ਸਕਦਾ ਹੈ। ਮੋਦੀ ਮੰਤਰੀ ਮੰਡਲ ਦੀ ਸਭ ਤੋਂ ਵੱਡੀ ਕਮੀ ਉਸ ਦੀ ਅਨੁਭਵਹੀਨਤਾ ਹੈ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਮੋਦੀ ਖੁਦ ਕਦੀ ਕੇਂਦਰ ’ਚ ਮੰਤਰੀ ਨਹੀਂ ਰਹੇ। ਉਨ੍ਹਾਂ ਦੇ ਮੰਤਰੀਆਂ ’ਚ ਰਾਜਨਾਥ ਸਿੰਘ ਵਰਗੇ ਕਿੰਨੇ ਮੰਤਰੀ ਹਨ, ਜੋ ਪਹਿਲਾਂ ਕੇਂਦਰ ’ਚ ਮੰਤਰੀ ਰਹਿ ਚੁੱਕੇ ਹਨ। ਤੁਸੀਂ ਯੋਗਤਾ ਆਸਾਨੀ ਨਾਲ ਹਾਸਲ ਕਰ ਸਕਦੇ ਹੋ ਪਰ ਤਜਰਬਾ ਤਾਂ ਤਜਰਬੇ ਨਾਲ ਹੀ ਆਉਂਦਾ ਹੈ। ਉਸ ਦਾ ਕੋਈ ਬਦਲ ਨਹੀਂ ਹੈ। ਮੋਦੀ ਸਰਕਾਰ ਨੇ ਕੁਝ ਗੰਭੀਰ ਮੁੱਦਿਆਂ ’ਤੇ ਇਸ ਲਈ ਗੱਚਾ ਖਾਧਾ ਹੈ ਕਿ ਉਸ ਨੇ ਆਪਣੇ ਤਜਰਬੇਕਾਰ ਨੇਤਾਵਾਂ ਨੂੰ ਮਾਰਗਦਰਸ਼ਕ ਮੰਡਲ ਦੀ ਤਾਕ ’ਤੇ ਬਿਠਾ ਦਿੱਤਾ। ਕਈ ਮਹੱਤਵਪੂਰਨ ਮੰਤਰੀਆਂ ਦੇ ਅਸਤੀਫੇ ਆਖਿਰ ਇਹੀ ਤਾਂ ਦੱਸ ਰਹੇ ਹਨ ਕਿ ਤਜਰਬਾਹੀਨਤਾ ਸਰਕਾਰ ’ਤੇ ਕਿੰਨੀ ਭਾਰੀ ਪੈਂਦੀ ਹੈ। ਇਹ ਨਵਾਂ ਮੰਤਰੀ ਮੰਡਲ ਪਤਾ ਨਹੀਂ ਕਿਵੇਂ ਕੰਮ ਕਰ ਕੇ ਦਿਖਾਏਗਾ? ਇਹ ਵੀ ਦੇਖਣਾ ਹੈ ਕਿ ਇਹ ਨਵਾਂ ਮੰਤਰੀ ਮੰਡਲ 2024 ’ਚ ਮੋਦੀ ਸਰਕਾਰ ਦੀ ਵਾਪਸੀ ਨੂੰ ਕਿਵੇਂ ਮਜ਼ਬੂਤ ਕਰੇਗਾ?
ਕੈਬਨਿਟ ਫੇਰਬਦਲ : ਪ੍ਰਧਾਨ ਮੰਤਰੀ ਨੂੰ ਵਧੀਆ ਪ੍ਰਤਿਭਾ ਲੱਭਣ ਦੀ ਲੋੜ
NEXT STORY