ਪਿਛਲੇ ਕੁਝ ਸਾਲਾਂ ਦੌਰਾਨ ਔਰਤਾਂ ਅਤੇ ਲੜਕੀਆਂ ਨੇ ਵੱਡੇ ਪੱਧਰ ’ਤੇ ਸਿਗਰੇਟ ਅਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ। ਲੜਕੀਆਂ ’ਚ ਸਿਗਰੇਟ ਦੀ ਲਤ ਬੀਤੇ 10 ਸਾਲਾਂ ’ਚ ਦੁੱਗਣੀ ਹੋ ਗਈ ਹੈ। ‘ਟੋਬੈਕੋ ਕੰਟਰੋਲ ਰਿਪੋਰਟ’ ਅਨੁਸਾਰ 2009 ’ਚ ਸਿਗਰੇਟ ਪੀਣ ਵਾਲੀਆਂ ਲੜਕੀਆਂ ਦੀ ਗਿਣਤੀ 3.8 ਫੀਸਦੀ ਸੀ ਜੋ 2019 ’ਚ ਵਧ ਕੇ 6.2 ਫੀਸਦੀ ਹੋ ਗਈ।
ਇਸੇ ਤਰ੍ਹਾਂ ਹੁਣ ਔਰਤਾਂ ਵੀ ਮਰਦਾਂ ਦੇ ਬਰਾਬਰ ਹੀ ਸ਼ਰਾਬ ਪੀਣ ਲੱਗੀਆਂ ਹਨ। ‘ਨੈਸ਼ਨਲ ਫੈਮਿਲੀ ਹੈਲਥ ਸਰਵੇ’ ਅਨੁਸਾਰ ਦੇਸ਼ ’ਚ 15 ਸਾਲਾਂ ਤੋਂ ਵੱਧ ਉਮਰ ਦੀਆਂ 1.03 ਫੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ। ਸਾਲ 2019 ’ਚ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਦੱਸਿਆ ਸੀ ਕਿ ਦੇਸ਼ ’ਚ 1.50 ਕਰੋੜ ਔਰਤਾਂ ਸ਼ਰਾਬ ਪੀਣ ਦੀਆਂ ਆਦੀ ਹਨ।
ਹਾਲਤ ਇਹ ਹੋ ਗਈ ਹੈ ਕਿ ਹੁਣ ਤਾਂ ਕੁੜੀਆਂ ਨੇ ਸਿੱਖਿਆ ਸੰਸਥਾਵਾਂ ਦੇ ਅੰਦਰ ਬੈਠ ਕੇ ਹੀ ਸ਼ਰਾਬ ਅਤੇ ਬੀਅਰ ਪੀਣੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ’ਚ ਛੱਤੀਸਗੜ੍ਹ ’ਚ ਬਿਲਾਸਪੁਰ ਜ਼ਿਲੇ ਦੇ ਇਕ ਸਰਕਾਰੀ ਸਕੂਲ ’ਚ ਕੁਝ ਵਿਦਿਆਰਥਣਾਂ ਦਾ ਬੀਅਰ ਪੀਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ।
ਬਿਲਾਸਪੁਰ ਦੇ ਜ਼ਿਲਾ ਸਿੱਖਿਆ ਅਧਿਕਾਰੀ ‘ਟੀ.ਆਰ ਸਾਹੂ’ ਅਨੁਸਾਰ ਜ਼ਿਲੇ ਦੇ ‘ਮਸਤੂਰੀ’ ਇਲਾਕੇ ਦੇ ‘ਭਟਚੌਰਾ’ ਪਿੰਡ ’ਚ ਸਥਿਤ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਬੀਅਰ ਪੀਣ ਦੀ ਵੀਡੀਓ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੀ ਘਟਨਾ ਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਨੂੰ ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੌਜ-ਮਸਤੀ ਲਈ ਅਜਿਹਾ ਕੀਤਾ।
ਟੀਨਏਜ ਗਰਲਜ਼ ’ਚ ਸ਼ਰਾਬ ਪ੍ਰਤੀ ਵਧਦਾ ਰੁਝਾਨ ਜਿੱਥੇ ਉਨ੍ਹਾਂ ਦੀ ਸਿਹਤ ਲਈ ਖਤਰੇ ਦੀ ਘੰਟੀ ਹੈ ਉੱਥੇ ਹੀ ਇਹ ਬੁਰਾਈ ਉਨ੍ਹਾਂ ਦੇ ਕਿਰਦਾਰ ਦੇ ਪਤਨ ਵੱਲ ਲੈ ਜਾਣ ਵਾਲੀ ਵੀ ਸਿੱਧ ਹੋ ਸਕਦੀ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਭਾਵੇਂ ਉਹ ਬੇਟਾ ਹੋਵੇ ਜਾਂ ਬੇਟੀ-ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਨੋਟਿਸ ਲੈ ਕੇ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹ ਰਾਹ ਉਨ੍ਹਾਂ ਦੀ ਤਬਾਹੀ ਤੋਂ ਬਗੈਰ ਹੋਰ ਕਿਤੇ ਨਹੀਂ ਲੈ ਕੇ ਜਾਵੇਗਾ।
ਇਸ ਦੇ ਨਾਲ ਹੀ ਜਿਸ ਸਕੂਲ ’ਚ ਵਿਦਿਆਰਥਣਾਂ ਵਲੋਂ ਬੀਅਰ ਪੀਣ ਦਾ ਵੀਡੀਓ ਵਾਇਰਲ ਹੋਇਆ ਹੈ, ਉਸ ਦੇ ਪ੍ਰਬੰਧਕਾਂ , ਖਾਸ ਤੌਰ ’ਤੇ ਸੁਰੱਖਿਆ ਨਾਲ ਜੁੜੇ ਸਟਾਫ ਵਿਰੁੱਧ ਸਖਤ ਤੋਂ ਸਖਤ ਅਨੁਸ਼ਾਸਨੀ ਕਾਰਵਾਈ ਕਰਨ ਦੀ ਲੋੜ ਹੈ।
-ਵਿਜੇ ਕੁਮਾਰ
ਵਿਕਸਿਤ ਭਾਰਤ ਲਈ ਭਾਰਤ ਦੇ ਫੂਡ ਪ੍ਰੋਸੈਸਿੰਗ ਸੈਕਟਰ ’ਚ ਬਦਲਾਅ
NEXT STORY