‘ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ’ (ਡੀ. ਜੀ. ਸੀ. ਏ.) ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਹਵਾਈ ਯਾਤਰੀਆਂ ਦੀ ਗਿਣਤੀ ਵਧ ਰਹੀ ਹੈ। 2014 ’ਚ 10.38 ਕਰੋੜ ਲੋਕਾਂ ਨੇ ਹਵਾਈ ਯਾਤਰਾ ਕੀਤੀ ਸੀ ਜਦੋਂ ਕਿ ਸਾਲ 2024 ਦੇ ਪਹਿਲੇ 10 ਮਹੀਨਿਆਂ ’ਚ 16.13 ਕਰੋੜ ਲੋਕ ਹਵਾਈ ਯਾਤਰਾ ਕਰ ਚੁੱਕੇ ਸਨ।
ਹਵਾਈ ਜਹਾਜ਼ ਦੋ ਹਿੱਸਿਆਂ ’ਚ ਵੰਡਿਆ ਹੁੰਦਾ ਹੈ, ਇਕ ’ਚ ਆਮ ਅਤੇ ਦੂਜੇ ’ਚ ਬਿਜ਼ਨੈੱਸ ਕਲਾਸ ਦੇ ਯਾਤਰੀ ਹੁੰਦੇ ਹਨ। ਯਾਤਰਾ ਦੌਰਾਨ ਜਹਾਜ਼ ’ਚ ਏਅਰ ਹੋਸਟੈੱਸ ਯਾਤਰੀਆਂ ਦੀ ਸੁਰੱਖਿਆ ਲਈ ਸੁਰੱਖਿਆ ਪੇਟੀ ਬੰਨ੍ਹਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਚਾਹ-ਨਾਸ਼ਤਾ ਆਦਿ ਵੀ ਸਰਵ ਕਰਦੀਆਂ ਰਹਿੰਦੀਆਂ ਹਨ।
ਯਾਤਰੀਆਂ ਦੀ ਸਹੂਲਤ ਲਈ ਜਹਾਜ਼ ਦੇ ਅਗਲੇ ਅਤੇ ਪਿਛਲੇ ਹਿੱਸੇ ’ਚ ਟਾਇਲਟ ਦੀ ਸਹੂਲਤ ਹੁੰਦੀ ਹੈ ਪਰ ਇਸ ਦੇ ਬਾਵਜੂਦ ਕੁਝ ਯਾਤਰੀ ਬੇਸ਼ਰਮ ਵਤੀਰਾ ਕਰਦੇ ਹੋਏ ਨਾਲ ਦੇ ਯਾਤਰੀਆਂ ’ਤੇ ਪਿਸ਼ਾਬ ਕਰ ਰਹੇ ਹਨ ਜਿਨ੍ਹਾਂ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 26 ਨਵੰਬਰ, 2022 ਨੂੰ ਏਅਰ ਇੰਡੀਆ ਦੀ ਨਿਊਯਾਰਕ-ਦਿੱਲੀ ਫਲਾਈਟ ’ਚ ਬਿਜ਼ਨੈੱਸ ਕਲਾਸ ’ਚ ਯਾਤਰਾ ਕਰ ਰਹੇ 70 ਸਾਲ ਦੇ ਇਕ ਯਾਤਰੀ ਨੇ ਆਪਣੇ ਨਾਲ ਸਫਰ ਕਰ ਰਹੀ ਔਰਤ ਯਾਤਰੀ ’ਤੇ ਪਿਸ਼ਾਬ ਕਰ ਦਿੱਤਾ।
* 6 ਦਸੰਬਰ, 2022 ਨੂੰ ਏਅਰ ਇੰਡੀਆ ਦੀ ਪੈਰਿਸ ਤੋਂ ਦਿੱਲੀ ਆ ਰਹੀ ਫਲਾਈਟ ’ਚ ਇਕ ਯਾਤਰੀ ਨੇ ਆਪਣੇ ਨਾਲ ਸਫਰ ਕਰ ਰਹੀ ਔਰਤ ਦੇ ਕੰਬਲ ’ਚ ਪਿਸ਼ਾਬ ਕਰ ਦਿੱਤਾ।
* 24 ਅਪ੍ਰੈਲ, 2023 ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ’ਚ ਸ਼ਰਾਬ ਦੇ ਨਸ਼ੇ ’ਚ ਧੁੱਤ ਇਕ ਯਾਤਰੀ ਨੇ ਆਪਣੇ ਨਾਲ ਦੇ ਯਾਤਰੀ ’ਤੇ ਪਿਸ਼ਾਬ ਕਰ ਦਿੱਤਾ।
* 24 ਜੂਨ, 2023 ਨੂੰ ਮੁੰਬਈ ਤੋਂ ਦਿੱਲੀ ਆ ਰਹੀ ਫਲਾਈਟ ’ਚ ਰਾਮ ਸਿੰਘ ਨਾਂ ਦੇ ਇਕ ਯਾਤਰੀ ਨੇ ਜਹਾਜ਼ ਦੇ ਫਲੋਰ ’ਤੇ ਪਿਸ਼ਾਬ ਕਰ ਦਿੱਤਾ।
* ਅਤੇ ਹੁਣ 9 ਅਪ੍ਰੈਲ, 2025 ਨੂੰ ਦਿੱਲੀ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏ. ਆਈ. 2336 ਦੀ ਬਿਜ਼ਨੈੱਸ ਕਲਾਸ ’ਚ ਇਕ ਮਰਦ ਯਾਤਰੀ ਨੇ ਫਲਾਈਟ ਦੇ ਬੈਂਕਾਕ ’ਚ ਲੈਂਡ ਕਰਨ ਸਮੇਂ ਇਕ ਿਨੱਜੀ ਕੰਪਨੀ ਦੇ ਵੱਡੇ ਅਧਿਕਾਰੀ ’ਤੇ ਪਿਸ਼ਾਬ ਕਰ ਦਿੱਤਾ।
ਹਾਲਾਂਕਿ ਡੀ. ਜੀ. ਸੀ. ਏ. ਦੀ ਸਖਤੀ ਪਿੱਛੋਂ 2024 ’ਚ ਇਸ ਤਰ੍ਹਾਂ ਦੀ ਕੋਈ ਸ਼ਰਮਨਾਕ ਘਟਨਾ ਨਹੀਂ ਵਾਪਰੀ ਪਰ ਇਸ ਦੇ ਬਾਵਜੂਦ ਅਜਿਹੇ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਤੋਂ ਇਲਾਵਾ ਏਅਰਲਾਈਨਜ਼ ਕੰਪਨੀਆਂ ਦੇ ਕਰੂ ਮੈਂਬਰਾਂ (ਅਮਲਾ) ਨੂੰ ਚੰਦ ਹਵਾਈ ਯਾਤਰੀਆਂ ਦੀ ਬਦਤਮੀਜ਼ੀ ’ਤੇ ਕਾਬੂ ਪਾਉਣ ਦੀ ਵਿਸ਼ੇਸ਼ ਟ੍ਰੇਨਿੰਗ ਹੋਣੀ ਚਾਹੀਦੀ ਹੈ, ਤਾਂ ਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।
–ਵਿਜੇ ਕੁਮਾਰ
ਕੀ ਨਵਾਂ ਵਕਫ ਕਾਨੂੰਨ ਮੁਸਲਿਮ ਵਿਰੋਧੀ ਹੈ?
NEXT STORY