ਪੂਰਨ ਚੰਦ ਸਰੀਨ
ਭਾਰਤ ਵਿਚ ਮੁਸਲਿਮ ਸ਼ਾਸਨ ਦੀ ਸਥਾਪਨਾ ਦਾ ਸਿਹਰਾ ਤੁਰਕਾਂ ਨੂੰ ਜਾਂਦਾ ਹੈ, ਜੋ ਹਮਲਾਵਰ ਦੇ ਰੂਪ ’ਚ ਇਥੇ ਆਏ ਸਨ। ਮੁਹੰਮਦ ਗੌਰੀ ਨੇ ਪ੍ਰਿਥਵੀਰਾਜ ਚੌਹਾਨ ਨੂੰ ਹਰਾ ਕੇ ਇਥੇ ਕੁਤੁਬੁਦੀਨ ਐਬਕ ਨੂੰ ਦਿੱਲੀ ਦੀ ਗੱਦੀ ਸੌਂਪ ਦਿੱਤੀ ਅਤੇ ਵਾਪਿਸ ਚਲਾ ਗਿਆ। ਮੁਹੰਮਦ ਗਜ਼ਨੀ ਵੀ ਤੁਰਕ ਸੀ। ਉਸ ਨੇ 17 ਵਾਰ ਹਮਲਾ ਕੀਤਾ। ਇਸ ਤਰ੍ਹਾਂ ਮੁਹੰਮਦ ਤੁਗਲਕ, ਖਿਲਜੀ ਨੇ ਇਥੇ ਮੁਸਲਿਮ ਰਾਜ ਦੀ ਨੀਂਹ ਰੱਖੀ ਅਤੇ ਅਕਬਰ ਨੇ ਉਸ ਨੂੂੰ ਮਜ਼ਬੂਤੀ ਦਿੱਤੀ।
ਤੁਰਕੀ ’ਚ ਸੰਨ 1923 ਤਕ ਔਟੋਮਨ ਰਾਜਸ਼ਾਹੀ ਸੀ, ਜਿਸ ਨੂੰ ਆਪਣੇ ਤਾਨਾਸ਼ਾਹੀ ਅਤੇ ਜ਼ਾਲਿਮਾਨਾ ਸ਼ਾਸਨ ਕਾਰਣ ਆਮ ਨਾਗਰਿਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਸੰਨ 1881 ’ਚ ਜਨਮੇ ਮੁਸਤਫਾ ਕਮਾਲ ਨੇ ਇਸ ਦੇ ਵਿਰੁੱਧ ਮੋਰਚਾ ਬੁਲੰਦ ਕੀਤਾ ਅਤੇ 1923 ’ਚ ਤੁਰਕੀ ਗਣਰਾਜ ਦੀ ਸਥਾਪਨਾ ਕੀਤੀ ਅਤੇ ਪਹਿਲੇ ਰਾਸ਼ਟਰਪਤੀ ਬਣੇ।
ਇਕ ਦੌਰ ਅਜਿਹਾ ਆਇਆ ਕਿ ਭਾਰਤ ’ਚ ਕਾਂਗਰਸ ਦੇ ਕੁਝ ਯੂਥ ਆਗੂਆਂ ਨੇ ਖ਼ੁਦ ਨੂੰ ‘ਯੰਗ ਟਰਕ’ ਕਹਿਣਾ ਸ਼ੁਰੂ ਕਰ ਦਿੱਤਾ, ਜੋ ਇਸ ਪਾਰਟੀ ’ਚ ਰਹਿ ਕੇ ਉਸ ਦੀਆਂ ਨੀਤੀਆਂ ਦਾ ਵਿਰੋਧੀ ਸੁਰ ਸੀ, ਜਿਸ ਨੇ ਅੱਗੇ ਚੱਲ ਕੇ ਮਹੱਤਵਪੂਰਨ ਭੂਮਿਕਾ ਨਿਭਾਈ।
ਭਾਰਤ ਤੁਰਕੀ ਤੋਂ ਚਾਰ ਗੁਣਾ ਵੱਡਾ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਕਾਫੀ ਸੱਭਿਆਚਾਰਕ ਸਮਾਨਤਾਵਾਂ ਹਨ। ਹਿੰਦੀ, ਉਰਦੂ ਸ਼ਬਦਾਂ ਦਾ ਕਾਫੀ ਰਿਵਾਜ ਹੈ। ਕੀਮਾ, ਕੋਫਤਾ, ਹਲਵਾ, ਪੁਲਾਅ, ਤੰਦੂਰ, ਦੁਨੀਆ ਵਰਗੇ ਢੇਰਾਂ ਸ਼ਬਦ ਹਨ, ਜੋ ਬਰਾਬਰ ਹਨ।
ਲੱਗਭਗ ਸਾਢੇ ਚਾਰ ਹਜ਼ਾਰ ਕਿਲੋਮੀਟਰ ਦੂਰ ਤੁਰਕੀ ਦੇ ਇਸਤਾਂਬੁਲ ਹਵਾਈ ਅੱਡੇ ’ਤੇ ਉਤਰਦੇ ਸਮੇਂ ਇਹ ਸਾਰੀਆਂ ਗੱਲਾਂ ਮਨ ’ਚ ਸਨ। ਇਥੇ ਮੁਸਲਿਮ ਦੇਸ਼ਾਂ ਵਰਗੀ ਕੱਟੜਤਾ ਨਹੀਂ, ਲੋਕਾਂ ਦਾ ਪਹਿਰਾਵਾ ਆਧੁਨਿਕ ਵੀ ਹੈ ਅਤੇ ਮੁਸਲਿਮ ਵੀ, ਖਾਣ-ਪੀਣ, ਰਹਿਣ-ਸਹਿਣ, ਗੱਲਬਾਤ ਦਾ ਢੰਗ ਏਸ਼ੀਆ ਅਤੇ ਯੂਰਪ ਦਾ ਰਲਵਾਂ-ਮਿਲਵਾਂ ਸਰੂਪ ਹੈ। ਇਹ ਯੂਰਪ ਦਾ ਦੁਆਰ ਵੀ ਹੈ ਅਤੇ ਕੁਝ ਹਿੱਸਾ ਯੂਰਪ ’ਚ ਆਉਂਦਾ ਹੈ।
ਇਸਤਾਂਬੁਲ ਤੋਂ ਬੱਸ ਇਥੋਂ ਦੇ ਪ੍ਰਸਿੱਧ ਸ਼ਹਿਰ ਕੈਪਾਦੋਸ਼ੀਆ ਲਈ ਚੱਲੀ ਤਾਂ ਰਾਹ ’ਚ ਕੁਦਰਤੀ ਸੁਹੱਪਣ ਦੇ ਦਰਸ਼ਨ ਹੁੰਦੇ ਰਹੇ। ਇਹ ਥਾਂ ਵਿਸ਼ਵ ਵਿਰਾਸਤ ਹੈ ਅਤੇ ਇਥੇ ਆ ਕੇ ਤੁਰਕੀ ਦੇ ਇਤਿਹਾਸਿਕ ਖੰਡਰ ਦੇਖਣ ਨਾਲ ਇਸ ਦੇ ਪੁਰਾਤਨ ਸੱਭਿਆਚਾਰ ਦੇ ਦਰਸ਼ਨ ਹੋ ਜਾਂਦੇ ਹਨ।
ਇਹ ਜਵਾਲਾਮੁਖੀ ਪ੍ਰਭਾਵਿਤ ਖੇਤਰ ਹੈ ਅਤੇ ਲੱਗਭਗ 1 ਕਰੋੜ ਸਾਲ ਤੋਂ ਲੈ ਕੇ ਹੁਣ ਤਕ ਇਹ ਫੁੱਟਦੇ ਰਹਿੰਦੇ ਹਨ, ਹਾਲਾਂਕਿ ਹੁਣ ਕਾਫੀ ਘੱਟ ਹੋ ਗਏ ਹਨ। ਇਨ੍ਹਾਂ ’ਚੋਂ ਨਿਕਲਿਆ ਲਾਵਾ ਕਈ ਧਾਤੂਆਂ ਦਾ ਮਿਸ਼ਰਣ ਹੈ ਅਤੇ ਉਨ੍ਹਾਂ ’ਚੋਂ ਕਈ ਤਰ੍ਹਾਂ ਦੀਆਂ ਆਕ੍ਰਿਤੀਆਂ ਬਣ ਗਈਆਂ ਹਨ। ਪੱਥਰ ਦੀਆਂ ਸ਼ਿਲਾਵਾਂ ਨੂੰ ਦੇਖ ਕੇ ਤੁਸੀਂ ਆਪਣੀ ਕਲਪਨਾ ਦੇ ਮੁਤਾਬਿਕ ਉਨ੍ਹਾਂ ਦਾ ਆਕਾਰ ਸੋਚ ਸਕਦੇ ਹੋ। ਇਨ੍ਹਾਂ ਨੂੰ ਕਾਲਪਨਿਕ ਚਿਮਨੀਆਂ ਦਾ ਨਾਂ ਦਿੱਤਾ ਗਿਆ ਹੈ। ਇਕ ਸ਼ਿਲਾ ਵਿਸ਼ਨੂੰ ਦਾ ਆਕਾਰ ਹੈ ਤਾਂ ਦੂਜੀ ਬੁੱਧ ਵਰਗੀ। ਤੀਜੀ ਹੈਟ ਪਹਿਨੀ ਯੂਰਪੀਅਨ ਦੀ ਅਤੇ ਚੌਥੀ ਔਰਤ-ਮਰਦ ਇਕ-ਦੂਜੇ ਦਾ ਚੁੰਮਣ ਲੈਂਦੇ ਹੋਏ ਜਾਪਦੇ ਹਨ।
ਇਹ ਚਿਮਨੀਆਂ ਘਾਟੀਆਂ ’ਚ ਦੂਰ-ਦੂਰ ਤਕ ਫੈਲੀਆਂ ਹਨ ਅਤੇ ਮਨਚਾਹਿਆ ਆਕਾਰ ਦਿਖਾਈ ਦੇਣ ਲੱਗਦਾ ਹੈ। ਕੁਝ ਆਕਾਰ ਨਦੀ ਅਤੇ ਮੀਂਹ ਦੇ ਪਾਣੀ ਨੇ ਆਪਣੇ ਮਨ ਨਾਲ ਬਣਾ ਦਿੱਤੇ ਹਨ। ਇਥੇ ਛੋਟੀਆਂ ਅਤੇ ਵੱਡੀਆਂ ਗੁਫਾਵਾਂ ਨਾਲ ਭਰੇ ਇਲਾਕੇ ਹਨ। ਇਨ੍ਹਾਂ ’ਚ ਯਾਤਰੀ ਅਤੇ ਵਪਾਰੀ ਠਹਿਰਦੇ ਸਨ ਅਤੇ ਇਨ੍ਹਾਂ ਦੀ ਵਰਤੋਂ ਸਰਾਂ ਵਾਂਗ ਹੁੰਦੀ ਸੀ। ਸ਼ਹਿਰਾਂ ਦੀ ਵਾਸਤੂ ਕਲਾ ਬਹੁਤ ਸੁੰਦਰ ਹੈ ਪਰ ਉਲਝਣ ਭਰੀ ਵੀ, ਜਿਸ ਨੂੰ ਸਮਝਣ ਲਈ ਵਾਸਤੂ ਮਾਹਿਰ ਦੀ ਲੋੜ ਪੈਂਦੀ ਹੈ।
ਇਸ ਇਲਾਕੇ ’ਚ ਮੌਤ ਦੇ ਮਗਰੋਂ ਲਾਸ਼ ਨੂੰ ਗਰਭ ਵਿਚਲੇ ਬੱਚੇ ਦੇ ਆਕਾਰ ’ਚ ਘਰ ਦੇ ਫਰਸ਼ ਹੇਠ ਦੱਬੇ ਜਾਣ ਦੀ ਰਵਾਇਤ ਸੀ। ਇਸ ਤਰ੍ਹਾਂ ਦੇ ਅਵਸ਼ੇਸ਼ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਦੀ ਪਹਿਲੀ ਬ੍ਰੇਨ ਸਰਜਰੀ ਇਥੇ ਇਕ 20-25 ਸਾਲ ਦੀ ਔਰਤ ਦੀ ਹੋਈ ਸੀ। ਇਸ ਪੂਰੀ ਘਾਟੀ ’ਚ ਵੱਖ-ਵੱਖ ਰੰਗਾਂ ਦੀ ਘਟਾ ਖਿੱਲਰੀ ਹੋਈ ਹੈ, ਜੋ ਜਵਾਲਾਮੁਖੀ ਫੁੱਟਣ ਕਾਰਣ ਨਿਕਲੇ ਲਾਵੇ ਤੋਂ ਬਣੀ ਹੈ।
ਔਟੋਮਨ ਪੀਰੀਅਡ ’ਚ ਇਹ ਇਲਾਕਾ ਸੁੱਖ-ਸ਼ਾਂਤੀ ਨਾਲ ਭਰਪੂਰ ਸੀ। ਈਸਾਈ ਭਾਈਚਾਰੇ ਲਈ ਚਰਚ ਬਣਾਏ ਗਏ। ਕੁਝ ਮਸਜਿਦਾਂ ਅਤੇ ਚਰਚ ਇਕ-ਦੂਜੇ ਨਾਲ ਲੱਗਦੇ ਹਨ ਅਤੇ ਦੋਹਾਂ ਧਰਮਾਂ ਦੇ ਲੋਕ ਬਿਨਾਂ ਕਿਸੇ ਵਿਤਕਰੇ ਅਤੇ ਪ੍ਰੇਸ਼ਾਨੀ ਦੇ ਇਨ੍ਹਾਂ ਵਿਚ ਆਉਂਦੇ ਹਨ। ਇਹ ਦੇਖ ਕੇ ਮਨ ’ਚ ਵਿਚਾਰ ਆਇਆ ਕਿ ਕੀ ਅਯੁੱਧਿਆ ’ਚ ਬਾਬਰੀ ਮਸਜਿਦ ਅਤੇ ਰਾਮ ਮੰਦਰ ਇਕੱਠੇ ਇਕ-ਦੂਜੇ ਨਾਲ ਲੱਗਦੇ ਹੋਏ ਨਹੀਂ ਬਣ ਸਕਦੇ? ਇਸ ਇਲਾਕੇ ’ਚ ਕੁਦਰਤੀ ਤੌਰ ’ਤੇ ਇਤਿਹਾਸਿਕ ਅਤੇ ਧਾਰਮਿਕ ਕੇਂਦਰ ਬਣ ਗਏ ਹਨ।
ਇਨ੍ਹਾਂ ਵਿਸ਼ਾਲ ਇਮਾਰਤਾਂ ’ਚ ਅੰਦਰ ਦੇ ਕਮਰੇ ਚੱਟਾਨ ਨਾਲ ਆਪਣੇ ਆਪ ਬਣ ਗਏ ਹਨ ਅਤੇ ਉਨ੍ਹਾਂ ’ਚ ਆਉਣ-ਜਾਣ ਲਈ ਪੌੜੀਆਂ ਅਤੇ ਸੁਰੰਗਾਂ ਵੀ ਹਨ। ਪਹਿਲੇ ਜ਼ਮਾਨੇ ’ਚ ਇਨ੍ਹਾਂ ਵਿਚ ਕਾਫੀ ਚਹਿਲ-ਪਹਿਲ ਹੁੰਦੀ ਸੀ ਪਰ ਹੁਣ ਸਭ ਥਾਂ ਜਾਣਾ ਮੁਮਕਿਨ ਨਹੀਂ। ਇਥੇ ਨਾਗ ਦੇਵਤਾ ਦੀ ਪੂਜਾ ਹੁੰਦੀ ਸੀ। ਚਿੱਤਰਕਾਰੀ ਅਜੀਬ ਅਤੇ ਮਨਮੋਹਕ ਵੀ ਹੈ।
ਗੋਰੇਮ ਮਿਊਜ਼ੀਅਮ ਘਾਟੀਆਂ ਨਾਲ ਘਿਰਿਆ ਇਕ ਵਿਸ਼ਾਲ ਇਲਾਕਾ ਹੈ। ਇਸ ਦੀ ਖੋਜ ਯੂਰਪੀਅਨਾਂ ਨੇ 18ਵੀਂ ਸ਼ਤਾਬਦੀ ’ਚ ਕੀਤੀ ਅਤੇ ਦੁਨੀਆ ਸਾਹਮਣੇ ਇਕ ਅਜੂਬੇ ਵਾਂਗ ਇਸ ਨੂੰ ਸਰਾਹਿਆ ਗਿਆ। ਅਣਗਿਣਤ ਆਕ੍ਰਿਤੀਆਂ ਹਨ, ਚਿੱਤਰਕਾਰੀ ਹੈ ਅਤੇ ਖੂਬਸੂਰਤ ਕਲਾ ਦਾ ਸੰਗਮ ਹੈ। ਸਾਡੇ ਇਥੇ ਅਜੰਤਾ, ਐਲੋਰਾ ਦੀਆਂ ਗੁਫਾਵਾਂ ਅਤੇ ਖਜੁਰਾਹੋ ਦੀ ਚਿੱਤਰਕਾਰੀ ਦੀ ਤੁਲਨਾ ਇਨ੍ਹਾਂ ਨਾਲ ਕੀਤੀ ਜਾ ਸਕਦੀ ਹੈ। ਇਸਤਾਂਬੁਲ ਸ਼ਹਿਰ ਸਾਡੇ ਵਰਗੇ ਭੀੜ-ਭੜੱਕੇ ਵਾਲੇ ਸ਼ਹਿਰਾਂ ਵਾਂਗ ਹੀ ਹੈ। ਤਕਸਿਮ ਚੌਰਾਹਾ ਮਸ਼ਹੂਰ ਹੈ। ਇਥੇ ਮਠਿਆਈ ਦੀ ਦੁਕਾਨ ’ਤੇ ਭਾਰਤੀ ਪਕਵਾਨਾਂ ਵਾਂਗ ਸੁਆਦੀ ਮੁਕਲਾਵਾ ਮਿਲਦਾ ਹੈ।
ਇਥੋਂ ਅਗਲਾ ਪੜਾਅ ਗਰੀਸ ਦੀ ਰਾਜਧਾਨੀ ਏਥਨਜ਼ ਦਾ ਹੈ। ਇਥੇ ਕਰੂਜ਼ ’ਤੇ ਠਹਿਰਨਾ ਅਤੇ ਸਮੁੰਦਰ ਦੇ ਰਸਤੇ ਵੱਖ-ਵੱਖ ਸ਼ਹਿਰਾਂ ਨੂੰ ਦੇਖਣਾ ਚੰਗਾ ਅਨੁਭਵ ਸੀ।
ਏਥਨਜ਼ ਦੀ ਇਤਿਹਾਸਿਕ ਪਹਾੜੀ ਅਤੇ ਅਥੀਨਾ ਦੇਵੀ ਇਸ ਖੇਤਰ ਦੀ ਰੱਖਿਅਕ ਵਜੋਂ ਮੰਨੀ ਜਾਂਦੀ ਹੈ। ਉਨ੍ਹਾਂ ਦੀ ਮੂਰਤੀ ’ਚ ਖੰਭ ਨਹੀਂ ਹਨ। ਮਾਨਤਾ ਹੈ ਕਿ ਖੰਭ ਨਾ ਹੋਣ ਨਾਲ ਦੇਵੀ ਹਮੇਸ਼ਾ ਇਥੇ ਰਹੇਗੀ ਅਤੇ ਕਦੇ ਛੱਡ ਕੇ ਨਹੀਂ ਜਾਵੇਗੀ। ਇਹ ਸ਼ਹਿਰ ਮਯਕੋਨੋਸ ਹੈ, ਜਿਸ ਦੀਆਂ ਇਮਾਰਤਾਂ ਇਕਦਮ ਸਫੈਦ ਰੰਗ ਦੀਆਂ ਹਨ।
ਇਥੇ ਕਈ ਟਾਪੂ ਹਨ, ਜਿਨ੍ਹਾਂ ’ਚ ਆਬਾਦੀ ਵਸੀ ਹੋਈ ਹੈ। ਭੀੜੀਆਂ ਗਲੀਆਂ ਅਤੇ ਗਲਿਆਰਿਆਂ ’ਚੋਂ ਹੁੰਦੇ ਹੋਏ ਉਪਰ ਤਕ ਜਾਇਆ ਜਾ ਸਕਦਾ ਹੈ, ਜਿਥੋਂ ਸਮੁੰਦਰ ਦਾ ਨਜ਼ਾਰਾ ਬੜਾ ਮਨਮੋਹਕ ਦਿਸਦਾ ਹੈ। ਅਜਿਹਾ ਹੀ ਇਕ ਟਾਪੂ ਸਾਂਟੋਰਿਨੀ ਹੈ, ਜੋ ਕਾਫੀ ਸੁੰਦਰ ਹੈ। ਇਥੇ ਜਵਾਲਾਮੁਖੀ ਦੇ ਮੁਹਾਣੇ ਤਕ ਜਾਇਆ ਜਾ ਸਕਦਾ ਹੈ।
ਇਤਿਹਾਸ ਅਤੇ ਪੁਰਾਤੱਤਵ ਦੇ ਨਜ਼ਰੀਏ ਤੋਂ ਤੁਰਕੀ ਅਤੇ ਗਰੀਸ ਦੋਵੇਂ ਹੀ ਮਹੱਤਵਪੂਰਨ ਹਨ। ਇਨ੍ਹਾਂ ਸਾਰੀਆਂ ਥਾਵਾਂ ’ਤੇ ਜਾਣ ਲਈ ਉਥੋਂ ਦੀਆਂ ਸਰਕਾਰਾਂ ਨੇ ਸੈਰ-ਸਪਾਟੇ ਨੂੰ ਧਿਆਨ ਵਿਚ ਰੱਖਦੇ ਹੋਏ ਲੱਗਭਗ ਸਭ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ।
ਸਾਡੇ ਦੇਸ਼ ਵਿਚ ਅਜਿਹੇ ਇਕ ਨਹੀਂ, ਸਗੋਂ ਸੈਂਕੜੇ ਇਲਾਕੇ ਹਨ, ਜੋ ਇਤਿਹਾਸ ਅਤੇ ਪੁਰਾਤੱਤਵ ਦੇ ਨਜ਼ਰੀਏ ਤੋਂ ਬਹੁਤ ਹੀ ਆਕਰਸ਼ਕ ਹਨ ਪਰ ਅਫਸੋਸ ਹੈ ਕਿ ਇਨ੍ਹਾਂ ’ਚੋਂ ਵਧੇਰੀਆਂ ਥਾਵਾਂ ’ਤੇ ਆਉਣ-ਜਾਣ ਦੀਆਂ ਸਹੂਲਤਾਂ ਦੀ ਘਾਟ ਹੈ, ਜਿਸ ਕਾਰਣ ਵਿਦੇਸ਼ੀ ਹੀ ਨਹੀਂ, ਦੇਸ਼ ਦੇ ਲੋਕ ਵੀ ਉਥੇ ਜਾਣ ਤੋਂ ਝਿਜਕਦੇ ਹਨ।
ਉੱਤਰ-ਪੂਰਬ ਹਿਮਾਲਿਆ ਦੀਆਂ ਕੁੰਦਰਾਂ, ਲੇਹ-ਲੱਦਾਖ ਦੀ ਘਾਟੀ, ਖਜੁਰਾਹੋ ਦੀਆਂ ਗੁਫਾਵਾਂ ਅਤੇ ਹਿਮਾਲਿਆ ਪਰਬਤ ਦੀਆਂ ਰੰਗ-ਬਿਰੰਗੀਆਂ ਲੜੀਆਂ ਇੰਨੀਆਂ ਖੂਬਸੂਰਤ ਅਤੇ ਮਨਮੋਹਕ ਹਨ ਕਿ ਉਨ੍ਹਾਂ ਨੂੰ ਲਗਾਤਾਰ ਦੇਖਣ ’ਤੇ ਵੀ ਥਕਾਵਟ ਮਹਿਸੂਸ ਨਹੀਂ ਹੁੰਦੀ।
ਸਾਡੇ ਦੇਸ਼ ’ਚ ਜੇਕਰ ਇਨ੍ਹਾਂ ਸਾਰੀਆਂ ਥਾਵਾਂ ’ਤੇ ਸੁਖਾਲੀਆਂ ਅਤੇ ਸਸਤੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਤਾਂ ਅਸੀਂ ਵੀ ਵਿਦੇਸ਼ੀਆਂ ਨੂੰ ਬਹੁਤ ਕੁਝ ਅਜਿਹਾ ਦੇ ਸਕਦੇ ਹਾਂ, ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਣਗੇ।
pooranchandsarin@gmail.com
ਬੁੱਢਾ ਅਮਰਨਾਥ ਧਾਮ ’ਚ ਧਾਰਮਿਕ ਸੈਰ-ਸਪਾਟੇ ਲਈ ਅਪਾਰ ਸੰਭਾਵਨਾਵਾਂ, ਚੰਗੀ ਸੜਕ ਤਕ ਦੀ ਨਹੀਂ ਸਹੂਲਤ
NEXT STORY