ਰਾਜਧਾਨੀ ਦਿੱਲੀ ਦੇ ਘਰਾਂ ’ਚੋਂ ਹਰ ਰੋਜ਼ 11000 ਮੀਟ੍ਰਿਕ ਟਨ ਤੋਂ ਵੱਧ ਕੂੜਾ ਨਿਕਲਦਾ ਹੈ, ਜਿਸ ਦਾ ਤਸੱਲੀਬਖਸ਼ ਢੰਗ ਨਾਲ ਨਿਪਟਾਰਾ ਨਾ ਹੋਣ ਕਾਰਨ ਦਿੱਲੀ ’ਚ ਸਥਿਤ 3 ਲੈਂਡਫਿਲ ਸਾਈਟਾਂ (ਪੂਰੇ ਸ਼ਹਿਰ ਦਾ ਕੂੜਾ-ਕਚਰਾ ਇਕੱਠਾ ਕਰਨ ਵਾਲੀਆਂ ਥਾਵਾਂ) ਕੂੜੇ ਦੇ ਪਹਾੜਾਂ ’ਚ ਬਦਲਦੀਆਂ ਜਾ ਰਹੀਆਂ ਹਨ।
ਚੀਨ ਤੋਂ ਬਾਅਦ ਭਾਰਤ ’ਚ ਹਰ ਸਾਲ ਸਭ ਤੋਂ ਵੱਧ ਕੂੜਾ ਪੈਦਾ ਹੁੰਦਾ ਹੈ। ਭਾਰਤ ਲਈ ਕੂੜੇ ਦੀ ਸਮੱਸਿਆ ਇਸ ਲਈ ਵੀ ਵਧਦੀ ਜਾ ਰਹੀ ਹੈ ਕਿਉਂਕਿ ਕਿਸੇ ਵੀ ਸ਼ਹਿਰ ’ਚ ਕੂੜੇ ਨੂੰ ਲੈਂਡਫਿਲ ਸਾਈਟ ’ਚ ਡੰਪ ਕਰਨ ਤੋਂ ਸਿਵਾਏ ਕੋਈ ਦੂਜਾ ਸਾਲਿਡ ਸਿਸਟਮ ਨਹੀਂ ਹੈ।
ਦਿੱਲੀ ’ਚ ਸਭ ਤੋਂ ਵੱਡਾ ਕੂੜੇ ਦਾ ਪਹਾੜ ਗਾਜ਼ੀਪੁਰ ਲੈਂਡਫਿਲ ਸਾਈਟ ਵਿਖੇ ਹੈ ਜਿਸ ਦੀ ਉਚਾਈ 2019 ’ਚ 65 ਮੀਟਰ ਤੱਕ ਪਹੁੰਚ ਗਈ ਸੀ। ਦਿੱਲੀ ਪ੍ਰਦੂਸ਼ਣ ਕੰਟ੍ਰੋਲ ਕਮੇਟੀ ਦੀ 2022-23 ਦੀ ਰਿਪੋਰਟ ਮੁਤਾਬਕ ਰਾਜਧਾਨੀ ਦੇ ਘਰਾਂ ’ਚੋਂ ਹਰ ਰੋਜ਼ ਨਿਕਲਣ ਵਾਲੇ 11352 ਟਨ ਕੂੜੇ ’ਚੋਂ 7352 ਟਨ ਕੂੜਾ ਜਾਂ ਤਾਂ ਰੀਸਾਈਕਲ ਕਰ ਦਿੱਤਾ ਜਾਂਦਾ ਹੈ ਜਾਂ ਉਸ ਤੋਂ ਬਿਜਲੀ ਬਣਾ ਲਈ ਜਾਂਦੀ ਹੈ ਪਰ ਬਾਕੀ ਬਚਿਆ 4000 ਟਨ ਕੂੜਾ ਲੈਂਡਫਿਲ ਸਾਈਟ ’ਚ ਡੰਪ ਕਰ ਦਿੱਤਾ ਜਾਂਦਾ ਹੈ।
ਇਸ ਸਬੰਧੀ ਸੁਪਰੀਮ ਕੋਰਟ ਨੇ 26 ਜੁਲਾਈ ਨੂੰ ਕਿਹਾ ਕਿ ਦਿੱਲੀ ’ਚ ਠੋਸ ਰਹਿੰਦ-ਖੂੰਹਦ (ਕੂੜਾ) ਦਾ ਪ੍ਰਬੰਧ ਅਤਿਅੰਤ ਖਰਾਬ ਹਾਲਤ ’ਚ ਹੈ ਜਿਸ ਦੇ ਸਿੱਟੇ ਵਜੋਂ ਰਾਜਧਾਨੀ ’ਚ ਸਿਹਤ ਐਮਰਜੈਂਸੀ ਪੈਦਾ ਹੋ ਸਕਦੀ ਹੈ।
ਜਸਟਿਸ ਏ.ਐੱਸ. ਓਕਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਮਿਊਂਸੀਪਲ ਕਾਰਪੋਰੇਸ਼ਨ ਦਿੱਲੀ ਦੇ ਤਾਜ਼ਾ ਬਿਆਨ ਅਤੇ ਟਾਈਮਲਾਈਨ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਦਿੱਲੀ ’ਚ 11000 ਮੀਟ੍ਰਿਕ ਟਨ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਲਈ 2027 ਤੱਕ ਲੋੜੀਂਦੀਆਂ ਸਹੂਲਤਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਇਹ ਅਨੁਮਾਨ ਲਾਉਣਾ ਔਖਾ ਨਹੀਂ ਹੈ ਕਿ ਉਦੋਂ ਤੱਕ ਤਾਂ ਪੈਦਾ ਹੋਣ ਵਾਲਾ ਕਚਰਾ ਹੋਰ ਕਿੰਨਾ ਵਧ ਚੁੱਕਾ ਹੋਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਗੁਰੂਗ੍ਰਾਮ, ਫਰੀਦਾਬਾਦ ਅਤੇ ਗ੍ਰੇਟਰ ਨੋਇਡਾ ’ਚ ਵੀ ਕੂੜੇ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਠੋਸ ਰਹਿੰਦ-ਖੂੰਹਦ ਦਾ ਪ੍ਰਬੰਧ ਕਰਨ ਦਾ ਇਕੋ-ਇਕ ਉਪਾਅ ਇਸ ਨੂੰ ਨਿਪਟਾਉਣ ਸਬੰਧੀ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਹੀ ਹੈ ਅਤੇ ਉਦੋਂ ਤੱਕ ਵਿਕਾਸ ਕਾਰਜਾਂ ਅਤੇ ਇਮਾਰਤਾਂ ਦੀ ਉਸਾਰੀ ਦੀ ਆਗਿਆ ਨਹੀਂ ਹੋਣੀ ਚਾਹੀਦੀ।
ਇਸ ਸਬੰਧੀ ਅਦਾਲਤ ਨੇ ਚੌਗਿਰਦਾ ਸਕੱਤਰ ਨੂੰ ਐੱਮ. ਸੀ. ਡੀ. ਅਤੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਦੀ ਬੈਠਕ ਬੁਲਾ ਕੇ ਇਸ ਸਮੱਸਿਆ ਦਾ ਤੁਰੰਤ ਹੱਲ ਲੱਭਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਅਜਿਹਾ ਹੀ ਹੁਕਮ ਗੁਰੂਗ੍ਰਾਮ ਅਤੇ ਫਰੀਦਾਬਾਦ ਨਗਰ ਨਿਗਮ ਦੇ ਕਮਿਸ਼ਨਰਾਂ ਅਤੇ ‘ਗ੍ਰੇਟਰ ਨੋਇਡਾ ਡਿਵੈਲਪਮੈਂਟ ਅਥਾਰਿਟੀ’ ਦੇ ਅਧਿਕਾਰੀਆਂ ਨੂੰ ਦਿੱਤਾ ਹੈ।
ਯਕੀਨੀ ਹੀ ਸੁਪਰੀਮ ਕੋਰਟ ਦਾ ਉਕਤ ਹੁਕਮ ਸਹੀ ਹੈ। ਰਾਜਧਾਨੀ ਅਤੇ ਐੱਨ.ਸੀ.ਆਰ. ਨੂੰ ਸਿਹਤ ਐਮਰਜੈਂਸੀ ਤੋਂ ਬਚਾਉਣ ਲਈ ਇਸ ਤਰ੍ਹਾਂ ਦੇ ਕਦਮ ਚੁੱਕਣਾ ਸਮੇਂ ਦੀ ਮੰਗ ਹੈ।
-ਵਿਜੇ ਕੁਮਾਰ
ਰੂਸ-ਭਾਰਤ-ਚੀਨ ਮੰਚ ਫਿਰ ਤੋਂ ‘ਸਰਗਰਮ’ ਹੋ ਰਿਹਾ
NEXT STORY