ਪੰਜਾਬ ’ਚ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਭਾਵੇਂ ਇਸੇ ਜ਼ਿਲੇ ਦੀ ਇਕ ਹੋਰ ਸੀਟ ਖਡੂਰ ਸਾਹਿਬ ਦੇ ਐੱਮ. ਐੱਲ. ਏ. ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਹੋ ਜਾਣ ਕਾਰਨ ਸੀਟ ਖਾਲੀ ਹੋਣ ਦੀ ਸੰਭਾਵਨਾ ਹੈ ਪਰ ਉਨ੍ਹਾਂ ਵੱਲੋਂ ਹਾਈ ਕੋਰਟ ਦਾ ਰੁਖ਼ ਕਰਨ ਕਾਰਨ ਇਸ ਹਲਕੇ ਦੀ ਚੋਣ ਅਜੇ ਨੇੜ ਭਵਿੱਖ ਵਿਚ ਹੋਣ ਦੀ ਆਸ ਨਹੀਂ ਹੈ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਤਰਨਤਾਰਨ ਹਲਕੇ ਲਈ ਆਪਣੇ-ਆਪਣੇ ਤੌਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਤਰਨਤਾਰਨ ਹਲਕਾ ਪੰਥਕ ਹਲਕੇ ਵਜੋਂ ਜਾਣਿਆ ਜਾਂਦਾ ਹੈ ਅਤੇ ਬਹੁਤੀ ਵਾਰੀ ਇਥੋਂ ਪੰਥਕ ਉਮੀਦਵਾਰ ਜਿੱਤਦੇ ਰਹੇ ਹਨ।
ਜੇਕਰ 1997 ਦੀਆਂ ਚੋਣਾਂ ਤੋਂ ਗੱਲ ਸ਼ੁਰੂ ਕਰੀਏ ਤਾਂ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਲਾਲਪੁਰਾ ਨੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਬਾਅਦ ਵਿਚ 2002, 2007 ਅਤੇ 2012 ਵਿਚ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਨੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਸੀ ਪ੍ਰੰਤੂ 2017 ਦੀ ਚੋਣ ਸਮੇਂ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਹੋਏ ਵੋਟਰਾਂ ਨੇ ਅਕਾਲੀ ਅਤੇ ਭਾਜਪਾ ਨੂੰ ਨਕਾਰ ਕੇ ਕਾਂਗਰਸ ਦੇ ਧਰਮਬੀਰ ਅਗਨੀਹੋਤਰੀ ਨੂੰ ਜਿਤਾਇਆ ਅਤੇ 2022 ਵਿਚ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਨੇ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ 6 ਚੋਣਾਂ ਵਿਚੋਂ ਅਕਾਲੀ ਦਲ ਨੇ 4 ਵਾਰੀ ਚੋਣ ਜਿੱਤ ਕੇ ਰਿਕਾਰਡ ਪੈਦਾ ਕੀਤਾ।
ਆਮ ਆਦਮੀ ਪਾਰਟੀ ਦੇ ਐੱਮ. ਐੱਲ. ਏ. ਕਸ਼ਮੀਰ ਸਿੰਘ ਸੋਹਲ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਖਾਲੀ ਹੋਈ ਇਸ ਸੀਟ ’ਤੇ ਹੁਣ ਜਲਦੀ ਹੀ ਦੁਬਾਰਾ ਚੋਣ ਹੋਣ ਜਾ ਰਹੀ ਹੈ। ਸਾਰੀਆਂ ਸਿਆਸੀ ਪਾਰਟੀਆਂ ਇਹ ਚੋਣ ਜਿੱਤ ਕੇ 2027 ਦੀਆਂ ਆਮ ਵਿਧਾਨ ਸਭਾ ਚੋਣਾਂ ਲਈਂ ਆਪਣੇ ਆਪ ਨੂੰ ਅਗਲੀ ਸਰਕਾਰ ਬਣਾਉਣ ਦੇ ਦਾਅਵੇਦਾਰ ਵਜੋਂ ਪੇਸ਼ ਕਰਨ ਦੀ ਤਿਆਰੀ ਵਿਚ ਹਨ। ਸਾਰੀਆਂ ਪਾਰਟੀਆਂ ਮਜ਼ਬੂਤ ਉਮੀਦਵਾਰ ਉਤਾਰਨ ਦੀ ਕੋਸ਼ਿਸ਼ ਵਿਚ ਹਨ।
ਇਸ ਰਣਨੀਤੀ ਅਧੀਨ ਕਈ ਪਾਰਟੀਆਂ ਖਾਸ ਕਰ ਕੇ ਅਕਾਲੀ ਦਲ ਨੇ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਬਣਾਇਆ ਹੈ ਕਿਉਂਕਿ ਬੀਬੀ ਸੁਖਵਿੰਦਰ ਕੌਰ ਇਸ ਹਲਕੇ ਵਿਚ ਇਕ ਆਜ਼ਾਦ ਗਰੁੱਪ ਬਣਾ ਕੇ ਪਹਿਲਾਂ ਹੀ ਸਿਆਸੀ ਸਰਗਰਮੀਆਂ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਇਸ ਹਲਕੇ ਦੀਆਂ ਤਕਰੀਬਨ 40 ਤੋਂ ਵੱਧ ਪੰਚਾਇਤਾਂ, 8 ਕੌਂਸਲਰਾਂ ਅਤੇ ਬਹੁਤ ਸਾਰੇ ਸਾਬਕਾ ਸਰਪੰਚਾਂ ਤੇ ਚੇਅਰਮੈਨਾਂ ਦਾ ਸਾਥ ਪ੍ਰਾਪਤ ਸੀ ਅਤੇ ਉਨ੍ਹਾਂ ਨੂੰ ਉਮੀਦਵਾਰ ਐਲਾਨ ਕਰਨ ਸਮੇਂ ਇਹ ਸਾਰੇ ਹੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਆਪਣਾ ਅਾਜ਼ਾਦ ਗਰੁੱਪ ਭੰਗ ਕਰ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ। ਇਸ ਕਰ ਕੇ ਅਕਾਲੀ ਦਲ ਬਾਦਲ ਇਸ ਹਲਕੇ ਵਿਚ ਆਪਣੇ ਆਪ ਨੂੰ ਮਜ਼ਬੂਤ ਸਥਿਤੀ ਵਿਚ ਗਿਣ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਭਾਜਪਾ ਨੇ ਤਰਨਤਾਰਨ ਜ਼ਿਲੇ ਦੇ ਮੌਜੂਦਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਐਲਾਨਿਆ ਹੈ। ਸੰਧੂ ਪਹਿਲਾਂ ਅਕਾਲੀ ਦਲ ਦੇ ਲੀਡਰ ਸਨ ਅਤੇ ਉਨ੍ਹਾਂ ਨੇ ਕਈ ਅਹੁਦਿਆਂ ’ਤੇ ਕੰਮ ਕੀਤਾ ਹੈ। ਉਹ ਇਕ ਵੱਡੇ ਕਿਸਾਨ ਹੋਣ ਦੇ ਨਾਲ-ਨਾਲ ਭੱਠਾ ਉਦਯੋਗ ਵੀ ਚਲਾ ਰਹੇ ਹਨ ਅਤੇ ਪਾਰਟੀ ਸਮਝਦੀ ਹੈ ਕਿ ਉਹ ਭਾਜਪਾ ਦੀਆਂ ਵੋਟਾਂ ਦੇ ਨਾਲ-ਨਾਲ ਅਕਾਲੀ ਦਲ ਦੀਆਂ ਵੋਟਾਂ ਪ੍ਰਾਪਤ ਕਰਨ ਵਿਚ ਵੀ ਕਾਮਯਾਬ ਹੋਣਗੇ।
ਸਰਕਾਰੀ ਧਿਰ ਆਮ ਆਦਮੀ ਪਾਰਟੀ ਨੇ ਭਾਵੇਂ ਅਧਿਕਾਰਤ ਤੌਰ ’ਤੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪ੍ਰੰਤੂ ਪਾਰਟੀ ਨੇ ਅਕਾਲੀ ਦਲ ਤੋਂ ਤਿੰਨ ਵਾਰ ਐੱਮ. ਐੱਲ. ਏ. ਰਹੇ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਹੈ। ‘ਆਪ’ ਇਹ ਸੋਚ ਰਹੀ ਹੈ ਕਿ ਜੇਕਰ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਇਹ ਆਮ ਆਦਮੀ ਪਾਰਟੀ ਦੀਆਂ ਵੋਟਾਂ ਦੇ ਨਾਲ-ਨਾਲ ਅਕਾਲੀ ਦਲ ਦੀਆਂ ਵੋਟਾਂ ਨੂੰ ਵੀ ਖੋਰਾ ਲਾ ਸਕਦੇ ਹਨ। ਪਾਰਟੀ ਵੱਲੋਂ ਪਹਿਲਾਂ ਹੀ ਉਨ੍ਹਾਂ ਨੂੰ ਹਲਕਾ ਇੰਚਾਰਜ ਦਾ ਚਾਰਜ ਦੇ ਦਿੱਤਾ ਗਿਆ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਜਾ ਰਹੀ ਹੈ ਕਿ ਹਰਮੀਤ ਸਿੰਘ ਸੰਧੂ ਨੂੰ ਹੀ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਬਣਾਏਗੀ।
ਕਾਂਗਰਸ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਇਸ ਸੀਟ ’ਤੇ ਤੀਜੇ ਨੰਬਰ ’ਤੇ ਰਹੀ ਸੀ, ਇਸ ਲਈ ਇਸ ਵਾਰ ਕੋਈ ਤਕੜੇ ਉਮੀਦਵਾਰ ਦੀ ਭਾਲ ਵਿਚ ਸੀ, ਉਸ ਨੇ ਦਵਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦਵਿੰਦਰ ਸਿੰਘ ਵੀ ਸਿਆਸੀ ਤਜਰਬੇਕਾਰ ਹਨ। ਉਹ ਪਹਿਲਾਂ ਵੀ ਅਾਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ।
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਤਰਨਤਾਰਨ ਲੋਕ ਸਭਾ ਸੀਟ ਪੰਜਾਬ ਵਿਚੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤੀ ਸੀ, ਉਹ ਵੀ ਆਪਣਾ ਉਮੀਦਵਾਰ ਖੜ੍ਹਾ ਕਰਨ ਦੀ ਵਿਉਂਤਬੰਦੀ ਕਰ ਰਿਹਾ ਹੈ ਅਤੇ ਉਹ ਕਿਸੇ ਖਾਸ ਪੰਥਕ ਅਤੇ ਗਰਮਖਿਆਲੀ ਚਿਹਰੇ ਨੂੰ ਮੈਦਾਨ ਵਿਚ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਹੋਰਨਾਂ ਤੋਂ ਇਲਾਵਾ ਖਾਸ ਕਰ ਕੇ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਸੰਦੀਪ ਸਿੰਘ ਸੰਨੀ ਦੇ ਨਾਵਾਂ ’ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਅਨੁਸਾਰ ਬੀਬੀ ਖਾਲੜਾ ਇਹ ਚੋਣ ਲੜਨ ਲਈ ਉਤਸੁਕ ਨਹੀਂ ਹਨ, ਜਿਸ ਕਾਰਨ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸੰਦੀਪ ਸਿੰਘ ਸੰਨੀ ਨੂੰ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਪ੍ਰਬਲ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਜਲਦੀ ਹੀ ਸੰਦੀਪ ਸਿੰਘ ਸੰਨੀ ਨੂੰ ਅਾਪਣਾ ਉਮੀਦਵਾਰ ਐਲਾਨ ਸਕਦਾ ਹੈ।
ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਪਰ ਸੂਤਰਾਂ ਅਨੁਸਾਰ ਅਕਾਲੀ ਦਲ ਪੁਨਰ ਸੁਰਜੀਤ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਦੀ ਹਮਾਇਤ ਕਰ ਸਕਦਾ ਹੈ। ਇਨ੍ਹਾਂ ਹਾਲਾਤ ਤੋਂ ਸਾਫ ਜਾਪਦਾ ਹੈ ਕਿ ਇਸ ਵਾਰ ਤਰਨਤਾਰਨ ਹਲਕੇ ’ਚ ਮੁਕਾਬਲਾ ਗਰਮਖਿਆਲੀ ਪੰਥਕ ਅਤੇ ਸੈਕੂਲਰ ਧਿਰਾਂ ਵਿਚਕਾਰ ਹੋਵੇਗਾ।
–ਇਕਬਾਲ ਸਿੰਘ ਚੰਨੀ
ਬਿਹਾਰ ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਘੇਰਨ ’ਚ ਜੁਟੇ ਪ੍ਰਸ਼ਾਂਤ ਕਿਸ਼ੋਰ
NEXT STORY