ਦੱਖਣੀ ਏਸ਼ੀਆ ਲੰਬੇ ਸਮੇਂ ਤੋਂ ਸੂਫੀਵਾਦ ’ਚ ਨਿਹਿਤ ਇਸਲਾਮ ਦੇ ਇਕ ਡੂੰਘੇ ਅਧਿਆਤਮਿਕ, ਸਮਾਵੇਸ਼ੀ ਅਤੇ ਬਹੁਗਿਣਤੀ ਰੂਪ ਦੇ ਪ੍ਰਗਟਾਵੇ ਦਾ ਸਥਾਨ ਰਿਹਾ ਹੈ। ਅਜਮੇਰ ਸਥਿਤ ਖਵਾਜ਼ਾ ਮੋਇਨੁਦੀਨ ਚਿਸ਼ਤੀ ਦੀ ਦਰਗਾਹ ਤੋਂ ਲੈ ਕੇ ਸਿਲਹਟ ਸਥਿਤ ਸ਼ਾਹ ਜਲਾਲ ਅਤੇ ਲਾਹੌਰ ਸਥਿਤ ਬਾਬਾ ਫਰੀਦ ਤੱਕ, ਸੂਫੀ ਸੰਤਾਂ ਨੇ ਧਰਮਾਂ, ਭਾਸ਼ਾਵਾਂ ਅਤੇ ਭਾਈਚਾਰਿਆਂ ਦੇ ਦਰਮਿਆਮ ਸਦਭਾਵ ਦੇ ਪੁਲ ਬਣਾਏ। ਉਨ੍ਹਾਂ ਨੇ ਡਰ ’ਤੇ ਪ੍ਰੇਮ, ਗਲਬੇ ’ਤੇ ਸੇਵਾ ਅਤੇ ਫਿਰਕੂਪੁਣੇ ’ਤੇ ਅਧਿਆਤਮਿਕਤਾ ’ਤੇ ਮਹੱਤਵ ਦਿੱਤਾ।
ਫਿਰ ਵੀ, ਹਾਲ ਦੇ ਦਹਾਕਿਆਂ ’ਚ ਇਸ ਸਮਾਵੇਸ਼ੀ ਲੋਕਾਚਾਰ ’ਤੇ ਦਰਾਮਦ ਵਿਚਾਰਧਾਰਾਵਾਂ, ਖਾਸ ਤੌਰ ’ਤੇ ਵਹਾਬਵਾਦ ਅਤੇ ਉਸ ਦੀ ਸਿਆਸੀ ਸ਼ਾਖਾ ਸਲਫੀਵਾਦ ਦੇ ਲਗਾਤਾਰ ਹਮਲੇ ਹੋਏ ਹਨ, ਜਿਸ ਨੇ ਇਸ ਖੇਤਰ ਦੇ ਧਾਰਮਿਕ ਅਤੇ ਸਮਾਜਿਕ ਦ੍ਰਿਸ਼ ਨੂੰ ਨਵਾਂ ਰੂਪ ਦਿੱਤਾ ਹੈ।
ਸਦੀਆਂ ਤੋਂ ਭਾਰਤੀ ਉਪ ਮਹਾਦੀਪ ’ਚ ਇਸਲਾਮ ਸਥਾਨਕ ਸੱਭਿਆਚਾਰਾਂ ਦੇ ਨਾਲ ਗੂੜ੍ਹੇ ਸੰਵਾਦ ’ਚ ਵਿਕਸਤ ਹੋਇਆ ਹੈ। ਚਿਸ਼ਤੀਆ, ਕਾਦਰੀਆ ਅਤੇ ਵਾਰਸੀਆ ਵਰਗੇ ਸੂਫੀ ਫਿਰਕੇ ਸਿਰਫ ਧਾਰਮਿਕ ਅੰਦੋਲਨ ਨਹੀਂ, ਸਗੋਂ ਨੈਤਿਕ ਭਾਈਚਾਰੇ ਵੀ ਸਨ, ਜੋ ਸਹਿਣਸ਼ੀਲਤਾ ਅਤੇ ਏਕਤਾ ਦਾ ਉਪਦੇਸ਼ ਦਿੰਦੇ ਸਨ। ਸਹਿਹੋਂਦ ਦੇ ਇਸ ਸੂਫੀ ਢਾਂਚੇ ਨੇ ਇਕ ਸਮੁੱਚੀ ਸੱਭਿਆਚਾਰਕ ਪਛਾਣ ਬਣਾਉਣ ’ਚ ਮਦਦ ਕੀਤੀ, ਜਿਸ ਨੂੰ ਅਕਸਰ ਗੰਗਾ-ਯਮੁਨੀ ਤਹਿਜ਼ੀਬ ਕਿਹਾ ਜਾਂਦਾ ਹੈ, ਇਸ ਨੇ ਭਾਰਤੀ ਮੁਸਲਮਾਨਾਂ ਨੂੰ ਆਪਣੀਆਂ ਅਧਿਆਤਮਿਕ ਰਵਾਇਤਾਂ ’ਚ ਜੜ੍ਹਾਂ ਜਮਾਈ ਰੱਖਣ ਅਤੇ ਵਿਆਪਕ ਭਾਰਤੀ ਸੱਭਿਆਗਤ ਲੋਕਾਚਾਰ ਨਾਲ ਸੰਗਠਿਤ ਰਹਿਣ ਦਾ ਮੌਕਾ ਦਿੱਤਾ। ਵਹਾਬੀਵਾਦ ਠੀਕ ਇਸੇ ਸੰੰਸ਼ਲੇਸ਼ਣ ਨੂੰ ਤੋੜਨਾ ਚਾਹੁੰਦਾ ਹੈ।
ਵਹਾਬੀ ਘੁਸਪੈਠ : ਦੱਖਣੀ ਏਸ਼ੀਆ ’ਚ ਵਹਾਬੀਵਾਦ ਦਾ ਉਦੈ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ’ਚ ਦੇਖਿਆ ਜਾ ਸਕਦਾ ਹੈ, ਪਰ 1970 ਦੇ ਦਹਾਕੇ ’ਚ ਇਹ ਹੋਰ ਤੇਜ਼ ਹੋ ਗਿਆ, ਜਦੋਂ ਪੈਟਰੋ-ਡਾਲਰ ਨਾਲ ਵਿੱਤ-ਪੋਸ਼ਿਤ ਸੰਗਠਨਾਂ ਨੇ ਮੁਸਲਿਮ ਜਗਤ ’ਚ ਇਸਲਾਮ ਦੀਆਂ ਆਪਣੀਆਂ ਸਖਤ ਵਿਆਖਿਆਵਾਂ ਦਾ ਪ੍ਰਸਾਰ ਸ਼ੁਰੂ ਕਰ ਦਿੱਤਾ। ਅਫਗਾਨ ਜਿਹਾਦ ਅਤੇ ਈਰਾਨੀ ਕ੍ਰਾਂਤੀ ਦੇ ਬਾਅਦ, ਇਹ ਖੇਤਰ ’ਚ ਵਿਚਾਰਿਕ ਗਲਬੇ ਦੀ ਜੰਗ ਦਾ ਮੈਦਾਨ ਬਣ ਗਿਆ। ਖਾੜੀ ਦੇਸ਼ਾਂ ਵਲੋਂ ਵਿੱਤ-ਪੋਸ਼ਿਤ ਮਦਰੱਸਿਆਂ ਨੇ ਇਸਲਾਮ ਦੇ ਇਕ ਸਖਤ ਸ਼ਬਦੀ ਵਰਤਾਰੇ ਨੂੰ ਸ਼ਹਿ ਦਿੱਤੀ, ਜਿਸ ਨੇ ਸਦੀਆਂ ਪੁਰਾਣੀਆਂ ਸਥਾਨਕ ਰਵਾਇਤਾਂ, ਅਧਿਆਤਮਿਕ ਪ੍ਰਥਾਵਾਂ ਅਤੇ ਇੱਥੋਂ ਤੱਕ ਕਿ ਮੱੁਢਲੀ ਅੰਤਰ-ਭਾਈਚਾਰਕ ਸਹਿਣਸ਼ੀਲਤਾ ਨੂੰ ਵੀ ਨਕਾਰ ਦਿੱਤਾ।
ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਇਸ ਵਿਚਾਰਕ ਦਰਾਮਦ ਨੇ ਸੂਫੀ ਸੰਸਥਾਵਾਂ ਅਤੇ ਵਿਦਵਾਨਾਂ ਦੇ ਅਧਿਕਾਰ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ। ਕਦੀ ਸ਼ਾਂਤੀ ਦੇ ਕੇਂਦਰ ਮੰਨੇ ਜਾਣ ਵਾਲੇ ਧਾਰਮਿਕ ਸੰਸਥਾਨਾਂ ’ਤੇ ‘ਨਵਾਚਾਰ’ ਦੇ ਸਥਾਨ ਹੋਣ ਦੇ ਨਾਤੇ ਹਮਲਾ ਕੀਤਾ ਗਿਆ। ਉਰਸ, ਮਿਲਾਦ ਅਤੇ ਕੱਵਾਲੀ ਵਰਗੇ ਉਤਸਵਾਂ, ਜੋ ਭਗਤੀ ਅਤੇ ਕਲਾ ਦੇ ਪ੍ਰਤੀਕ ਹਨ, ਦੀ ‘ਗੈਰ-ਇਸਲਾਮੀ’ ਕਹਿ ਕੇ ਨਿੰਦਾ ਕੀਤੀ ਗਈ।
ਇਸ ਵਿਚਾਰਿਕ ਬਦਲਾਅ ਦੇ ਨਤੀਜੇ ਗੰਭੀਰ ਹਨ। ਵਹਾਬੀਵਾਦ ਦਾ ਸਖਤ ਵਿਸ਼ਵ-ਨਜ਼ਰੀਆ ਵੰਨ-ਸੁਵੰਨਤਾ ਪ੍ਰਤੀ ਅਸਹਿਣਸ਼ੀਲ ਵਾਤਾਵਰਣ ਬਣਾਉਂਦਾ ਹੈ, ਜਿਸ ਨਾਲ ਫਿਰਕੂ ਹਿੰਸਾ ਅਤੇ ਅੱਤਵਾਦ ਨੂੰ ਸ਼ਹਿ ਮਿਲਦੀ ਹੈ। ਅਫਗਾਨਿਸਤਾਨ ’ਚ ਤਾਲਿਬਾਨ ਦਾ ਉਭਾਰ ਅਤੇ ਪਾਕਿਸਤਾਨ ਦੇ ਦਿਲ ’ਚ ਕੱਟੜਪੰਥ ਕੇਵਲ ਭੂ-ਸਿਆਸੀ ਦੁਰਘਟਨਾਵਾਂ ਨਹੀਂ ਸਨ, ਸਗੋਂ ਦਹਾਕਿਆਂ ਤੋਂ ਚਲੀ ਆ ਰਹੀ ਵਹਾਬੀ ਵਿਚਾਰਧਾਰਾ ਦਾ ਨਤੀਜਾ ਸਨ।
ਸੂਫੀ ਸੰਸਥਾਵਾਂ ਦੇ ਹਾਸ਼ੀਏ ’ਤੇ ਜਾਣ ਨਾਲ ਮੁਸਲਿਮ ਭਾਈਚਾਰੇ ਅੰਦਰ ਕੱਟੜਵਾਦ ਦੇ ਵਿਰੁੱਧ ਸੁਭਾਵਿਕ ਪ੍ਰਤੀਰੋਧ ਵੀ ਕਮਜ਼ੋਰ ਹੋਇਆ ਹੈ। ਜਿੱਥੇ ਸੂਫੀ ਖਾਨਕਾਹ ਕਦੇ ਹਲੀਮੀ ਦਾ ਪਾਠ ਪੜ੍ਹਾਉਂਦੇ ਸਨ, ਉੱਥੇ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਭੜਕਾਊਪੁਣੇ ਅਤੇ ਫੁੱਟ ਨੂੰ ਸ਼ਹਿ ਦੇ ਰਹੇ ਹਨ।
ਕਥਾਨਕ ਨੂੰ ਮੁੜ ਹਾਸਲ ਕਰਨ ਦੀ ਲੋੜ : ਦੱਖਣੀ ਏਸ਼ੀਆਈ ਇਸਲਾਮ ਦੀ ਆਤਮਾ ਦੀ ਲੜਾਈ, ਆਪਣੇ ਮੂਲ ’ਚ, ਪਛਾਣ ਦੀ ਲੜਾਈ ਹੈ। ਪ੍ਰਗਤੀਸ਼ੀਲ ਮੁਸਲਿਮ ਆਵਾਜ਼ਾਂ, ਵਿਦਵਾਨਾਂ ਅਤੇ ਸੂਫੀ ਨੇਤਾਵਾਂ ਨੂੰ ਕੱਟੜਵਾਦੀਆਂ ਤੋਂ ਆਪਣੀ ਥਾਂ ਵਾਪਸ ਲੈਣੀ ਹੋਵੇਗੀ। ਇਹ ਅਤੀਤ ’ਚ ਪਰਤਣ ਦਾ ਕੋਈ ਉਦਾਸੀਨ ਸੱਦਾ ਨਹੀਂ ਹੈ, ਸਗੋਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਮੁੜ ਜ਼ਿੰਦਾ ਕਰਨ ਦਾ ਇਕ ਜ਼ਰੂਰੀ ਸੱਦਾ ਹੈ, ਜੋ ਕਦੀ ਇਸ ਖੇਤਰ ਦੇ ਇਸਲਾਮ ਪ੍ਰੇਮ (ਮੁਹੱਬਤ), ਗਿਆਨ (ਇਲਮ) ਅਤੇ ਸੇਵਾ (ਖਿਦਮਤ) ਨੂੰ ਪਰਿਭਾਸ਼ਿਤ ਕਰਦੇ ਸਨ।
ਵਿੱਦਿਅਕ ਸੁਧਾਰ ਬੇਹੱਦ ਜ਼ਰੂਰੀ ਹੈ। ਮਦਰੱਸਿਆਂ ਅਤੇ ਇਸਲਾਮੀ ਯੂਨੀਵਰਸਿਟੀਆਂ ਨੂੰ ਸਮਕਾਲੀ ਅਧਿਐਨਾਂ ਦੇ ਨਾਲ-ਨਾਲ ਸ਼ਾਸਤਰੀ ਸੂਫੀ ਵਿਦਵਤਾ ਨੂੰ ਮੁੜ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਸਰਕਾਰਾਂ ਨੂੰ ਉਨ੍ਹਾਂ ਸੱਭਿਆਚਾਰਕ ਅਤੇ ਵਿੱਦਿਅਕ ਪਹਿਲਾਂ ਦਾ ਸਮਰਥਨ ਕਰਨਾ ਚਾਹੀਦਾ ਹੈ, ਜੋ ਸ਼ਾਂਤੀ ਅਤੇ ਵੱਧ ਗਿਣਤੀ ’ਚ ਸੂਫੀਆਂ ਦੇ ਯੋਗਦਾਨ ਦਾ ਜਸ਼ਨ ਮਨਾਉਂਦੀਆਂ ਹਨ।
ਸੂਫੀਵਾਦ ਨਾ ਸਿਰਫ ਇਕ ਧਾਰਮਿਕ ਬਦਲ ਪੇਸ਼ ਕਰਦਾ ਹੈ, ਸਗੋਂ ਇਕ ਸਮਾਜਿਕ ਦਰਸ਼ਨ ਵੀ, ਜੋ ਵੰਡੇ ਹੋਏ ਸਮਾਜਾਂ ਨੂੰ ਜੋੜਨ ’ਚ ਸਮਰੱਥ ਹੈ। ਧਰੁਵੀਕਰਨ ਦੇ ਇਸ ਯੁੱਗ ’ਚ, ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਆਸਥਾ ਗਲਬੇ ਬਾਰੇ ਨਹੀਂ, ਸਗੋਂ ਭਗਤੀ ਬਾਰੇ ਹੈ, ਬਾਈਕਾਟ ਬਾਰੇ ਨਹੀਂ, ਸਗੋਂ ਹਮਦਰਦੀ ਬਾਰੇ ਹੈ। ਦੱਖਣੀ ਏਸ਼ੀਆ ’ਚ ਬਹੁਗਿਣਤੀ ਦੀ ਹੋਂਦ ਇਸੇ ਨੈਤਿਕ ਦਿਸ਼ਾ ਦੇ ਸੂਚਕ ਦੇ ਮੁੜ ਉਭਾਰ ’ਤੇ ਨਿਰਭਰ ਕਰਦੀ ਹੈ।
ਵਹਾਬੀ ਯੋਜਨਾ ਗੁੱਸੇ, ਵੱਖਵਾਦ ਅਤੇ ਅਗਿਆਨਤਾ ’ਤੇ ਪੈਦਾ ਹੁੰਦੀ ਹੈ। ਇਸ ਦੇ ਉਲਟ ਸੂਫੀ ਮਾਰਗ ਪ੍ਰੇਮ, ਗਿਆਨ ਅਤੇ ਜੁੜਾਅ ਨਾਲ ਆਪਣੀ ਸ਼ਕਤੀ ਪ੍ਰਾਪਤ ਕਰਦਾ ਹੈ। ਇਸ ਲਈ, ਸਵਾਲ ਇਹ ਨਹੀਂ ਹੈ ਕਿ ਕਿਹੜਾ ਧਰਮਸ਼ਾਸਤਰ ਤੇਜ਼ ਹੋਵੇਗਾ, ਸਗੋਂ ਇਹ ਹੈ ਕਿ ਦੱਖਣੀ ਏਸ਼ੀਆਈ ਮੁਸਲਮਾਨ ਕਿਹੋ ਜਿਹਾ ਸਮਾਜ ਬਣਾਉਣਾ ਚਾਹੁੰਦੇ ਹਨ-ਇਕ ਅਜਿਹਾ ਸਮਾਜ, ਜੋ ਸਖਤ ਪਵਿੱਤਰਤਾ ’ਚ ਖੁਦ ਨੂੰ ਅਲੱਗ-ਥਲੱਗ ਕਰ ਲਵੇ, ਜਾਂ ਇਕ ਅਜਿਹਾ ਸਮਾਜ, ਜੋ ਰੱਬੀ ਪ੍ਰੇਮ ਅਤੇ ਮਨੁੱਖੀ ਏਕਤਾ ਦੀ ਸ਼ਾਸ਼ਵਤ ਖੋਜ ਨੂੰ ਜਾਰੀ ਰੱਖੇ।
—ਡਾ. ਸ਼ੁਜਾਤ ਅਲੀ ਕਾਦਰੀ
(ਲੇਖਕ ਮੁਸਲਿਮ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐੱਮ. ਐੱਸ. ਓ.) ਦੇ ਰਾਸ਼ਟਰੀ ਪ੍ਰਧਾਨ ਹਨ।)
ਬਿਹਾਰ ਦਾ ਚੋਣ ਚੱਕਰਵਿਊ : ਕੌਣ ਉਭਰੇਗਾ ਚਾਣੱਕਿਆ ਬਣ ਕੇ ?
NEXT STORY