ਡਾ. ਵੇਦ ਪ੍ਰਤਾਪ ਵੈਦਿਕ
ਇਸਲਾਮੀ ਦੇਸ਼ਾਂ ’ਚ ਅਜਕਲ ਇੰਨੀ ਤਬਦੀਲੀ ਆ ਰਹੀ ਹੈ ਜਿਸ ਦੀ ਕਲਪਨਾ ਹੁਣ ਤੋਂ 10-20 ਸਾਲ ਪਹਿਲਾਂ ਕੋਈ ਵੀ ਨਹੀਂ ਕਰ ਸਕਦਾ ਸੀ। ਇਸਲਾਮ ਦੇ ਗੜ੍ਹ ਸਾਊਦੀ ਅਰਬ ਨੇ ਤਬਲੀਗੀ ਜਮਾਤ ਵਿਰੁੱਧ ਹੁਕਮ ਜਾਰੀ ਕਰ ਦਿੱਤੇ ਹਨ। ਇਸਰਾਈਲ ਦੇ ਪ੍ਰਧਾਨ ਮੰਤਰੀ ਸੰਯੁਕਤ ਅਰਬ ਅਮੀਰਾਤ ਵਿਚ ਜਾ ਰਹੇ ਹਨ। ਪਾਕਿਸਤਾਨ ਵਿਚ ਇਹ ਮੰਗ ਉੱਠ ਰਹੀ ਹੈ ਕਿ ਤੌਹੀਨ-ਏ-ਅੱਲ੍ਹਾ ਦਾ ਕਾਨੂੰਨ ਵਾਪਸ ਲਿਆ ਜਾਏ।
ਸਾਊਦੀ ਅਰਬ ਦੇ ਇਸਲਾਮੀ ਮਾਮਲਿਆਂ ਬਾਰੇ ਮੰਤਰੀ ਡਾ. ਅਬਦੁੱਲ ਲਤੀਫ ਅਲ ਸ਼ੇਖ ਨੇ ਇਕ ਹੁਕਮ ਜਾਰੀ ਕੀਤਾ ਹੈ ਕਿ ਮਸਜਿਦਾਂ ਵਿਚ ਹਰ ਸ਼ੁੱਕਰਵਾਰ ਹੋਣ ਵਾਲੇ ਜਲਸਿਆਂ ਵਿਚ ਤਬਲੀਗੀ ਅਤੇ ਦਾਵਾ ਸੰਗਠਨਾਂ ਦੇ ਭਾਸ਼ਣਾਂ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਖਾਸ ਤੌਰ ’ਤੇ ਅਲ-ਅਹਬਾਬ ਨਾਮੀ ਸੰਸਥਾ ’ਤੇ ਇਹ ਪਾਬੰਦੀ ਲਾਈ ਗਈ ਹੈ।
ਹੁਣ ਸਾਊਦੀ ਅਰਬ ਦੀਆਂ ਮਸਜਿਦਾਂ ਵਿਚ ਤਬਲੀਗੀ ਉਪਦੇਸ਼ ਨਹੀਂ ਹੋਣਗੇ। ਸਾਊਦੀ ਅਰਬ ਦੀ ਸਰਕਾਰ ਤਬਲੀਗ ਜਮਾਤ ਨੂੰ ‘ਅੱਤਵਾਦ ਦਾ ਦਰਵਾਜ਼ਾ’ ਕਹਿਣ ਲੱਗੀ ਹੈ, ਜਦੋਂ ਕਿ ਦੁਨੀਆ ਦੇ 150 ਦੇਸ਼ਾਂ ਵਿਚ ਸਰਗਰਮ ਇਹ ਜਮਾਤ ਚੱਲ ਹੀ ਰਹੀ ਹੈ ਸਾਊਦੀ ਅਰਬ ਦੇ ਪੈਸਿਆਂ ਨਾਲ। ਭਾਰਤ ਦੇ ਦੇਵਬੰਦ ਦਾ ਦਰੂਲ ਉਲੂਮ ਨੇ ਇਸ ਸਾਊਦੀ ਐਲਾਨ ਨੂੰ ਬਿਲਕੁਲ ਬੇਲੋੜਾ ਦੱਸਦਿਆਂ ਕਿਹਾ ਹੈ ਕਿ ਸਾਊਦੀ ਅਰਬ ਨੇ ਪੱਛਮ ਦੇ ਮਾਲਦਾਰ ਅਤੇ ਇਸਾਈ ਦੇਸ਼ਾਂ ਦੇ ਦਬਾਅ ਹੇਠ ਆ ਕੇ ਇਹ ਗਲਤ ਕਦਮ ਚੁੱਕਿਆ ਹੈ।
ਯਾਦ ਕਰੋ ਕਿ ਲਗਭਗ 2 ਸਾਲ ਪਹਿਲਾਂ ਦਿੱਲੀ ਦੇ ਨਿਜਾਮੂਦੀਨ ਇਲਾਕੇ ਵਿਚ ਆਯੋਜਿਤ ਇਸ ਸੰਗਠਨ ਦੇ ਜਲਸੇ ਨੂੰ ਕੋਰੋਨਾ ਮਹਾਮਾਰੀ ਲਿਆਉਣ ਅਤੇ ਫੈਲਾਉਣ ਲਈ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਸੀ। ਅਸਲ ਵਿਚ ਤਬਲੀਗੀ ਦਾ ਅਰਥ ਹੁੰਦਾ ਹੈ ਧਰਮ ਪ੍ਰਚਾਰ। ਜਮਾਤ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਜਮਾਤ ਖੁਦ ਅੱਤਵਾਦ ਦਾ ਵਿਰੋਧ ਕਰਦੀ ਹੈ ਅਤੇ ਉਸ ਦਾ ਮੰਤਵ ਭਟਕੇ ਹੋਏ ਮੁਸਲਮਾਨਾਂ ਨੂੰ ਮੁੜ ਤੋਂ ਇਸਲਾਮ ਦੇ ਰਾਹ ’ਤੇ ਲਿਆਉਣਾ ਹੈ। ਅਸਲ ਵਿਚ ਇਸ ਜਮਾਤ ਦੀ ਸ਼ੁਰੂਆਤ ਹੁਣ ਤੋਂ ਲਗਭਗ 100 ਸਾਲ ਪਹਿਲਾਂ ਮੁਹੰਮਦ ਇਲਿਆਸ ਕੰਧਲਾਵੀ ਨੇ ਕੀਤੀ ਸੀ ਕਿਉਂਕਿ ਉਨ੍ਹਾਂ ਦਿਨਾਂ ਵਿਚ ਆਰੀਆ ਸਮਾਜੀ ਨੇਤਾ ਸਵਾਮੀ ਸ਼ਰਧਾਨੰਦ ਦੀ ਅਗਵਾਈ ਵਿਚ ਮੁਸਲਮਾਨਾਂ ਦੇ ਧਰਮ ਪਰਿਵਰਤਨ (ਘਰ ਵਾਪਸੀ) ਦੀ ਲਹਿਰ ਚੱਲੀ ਸੀ।
ਵਧੇਰੇ ਮੁਸਲਮਾਨ ਅੱਜ ਵੀ ਇਸਲਾਮ ਕਬੂਲ ਕਰਨ ਦੇ ਬਾਵਜੂਦ ਆਪਣੀਆਂ ਪੁਰਾਣੀਆਂ ਹਿੰਦੂ ਰਵਾਇਤਾਂ ਨੂੰ ਨਿਭਾਉਂਦੇ ਰਹਿੰਦੇ ਹਨ। ਸਾਊਦੀ ਅਰਬ ਦੇ ਵਹਾਬੀ ਲੋਕ ਤਬਲੀਗੀ ਮੁਸਲਮਾਨਾਂ ਨੂੰ ‘ਦਰਗਾਹ ਪੂਜਕ’ ਕਹਿ ਕੇ ਨੀਵਾਂ ਦਿਖਾਉਂਦੇ ਹਨ। ਉਨ੍ਹਾਂ ਨੂੰ ਉਹ ਧਰਮਧ੍ਰੋਹੀ (ਕਾਫਿਰ) ਅਤੇ ਮੂਰਤੀਪੂਜਕ (ਬੁੱਤਪ੍ਰਸਤ) ਕਹਿ ਕੇ ਬਦਨਾਮ ਕਰਦੇ ਹਨ। ਕੁਝ ਮੁਸਲਿਮ ਦੇਸ਼ ਸਾਊਦੀ ਅਰਬ ਦੇ ਰਸਤੇ ’ਤੇ ਜ਼ਰੂਰ ਚੱਲਣਗੇ ਪਰ ਪਾਕਿਸਤਾਨ, ਤੁਰਕੀ, ਬੰਗਲਾਦੇਸ਼, ਮਲੇਸ਼ੀਆ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਲਈ ਇਸ ਨੂੰ ਮੰਨਣਾ ਔਖਾ ਹੋਵੇਗਾ।
ਇਸਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਦਾ ਦੁਬਈ ਅਤੇ ਆਬੂਧਾਬੀ ਪਹੁੰਚਣਾ ਕਈ ਮੁਸਲਿਮ ਦੇਸ਼ਾਂ ਨੂੰ ਨਾਗਵਾਰ ਲੱਗ ਸਕਦਾ ਹੈ ਪਰ ਕੁਝ ਮਹੀਨੇ ਪਹਿਲਾਂ ਹੀ ਦੋਵਾਂ ਦੇਸ਼ਾਂ ਵਿਚ ਆਪਸ ਵਿਚ ਡਿਪਲੋਮੈਟਿਕ ਸਬੰਧ ਸਥਾਪਿਤ ਕੀਤੇ ਹਨ,ਜਿਵੇਂ ਬਹਿਰੀਨ, ਸੁਡਾਨ ਅਤੇ ਮੋਰਾਕੋ ਨੇ ਵੀ ਕੀਤਾ ਹੈ। ਇਸਰਾਈਲ ਚਾਹੁੰਦਾ ਹੈ ਕਿ ਈਰਾਨ ਹਰ ਹਾਲਤ ਵਿਚ ਪ੍ਰਮਾਣੂ ਬੰਬ ਬਣਾਉਣ ਤੋਂ ਬਾਜ਼ ਆਏ। ਇਸ ਲਈ ਉਹ ਕੁਝ ਅਰਬ ਦੇਸ਼ਾਂ ਨੂੰ ਆਪਣੇ ਹੱਕ ਵਿਚ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਿਹਾ ਹੈ।
ਪਾਕਿਸਤਾਨ ਵਿਚ ਸ਼੍ਰੀਲੰਕਾ ਦੇ ਇਕ ਨਾਗਰਿਕ ਦੀ ਹੱਤਿਆ ਨੇ ਉਥੇ ਇਸ ਬਹਿਸ ਨੂੰ ਜਨਮ ਦੇ ਦਿੱਤਾ ਹੈ ਕਿ ਤੌਹੀਨ-ਏ-ਅੱਲ੍ਹਾ ਜਾਂ ਈਸ਼ ਨਿੰਦਾ ਦਾ ਕਾਨੂੰਨ ਕੁਰਾਨ ਸ਼ਰੀਫ ਮੁਤਾਬਕ ਹੈ ਜਾਂ ਨਹੀਂ? ਪੈਗੰਬਰ ਮੁਹੰਮਦ ਤਾਂ ਉਨ੍ਹਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਵੀ ਬਰਦਾਸ਼ਤ ਕਰਦੇ ਸਨ ਅਤੇ ਲੋੜ ਪੈਣ ’ਤੇ ਵੱਡੀ ਦਰਿਆਦਿਲੀ ਨਾਲ ਉਨ੍ਹਾਂ ਦੀ ਮਦਦ ਵੀ ਕਰਦੇ ਸਨ। ਇਸ ਤਰ੍ਹਾਂ ਦੀ ਬਹਿਸ ਇਸਲਾਮੀ ਚਿੰਤਨ ਵਿਚ ਆ ਰਹੀ ਤਬਦੀਲੀ ਦਾ ਪ੍ਰਤੀਕ ਹੈ।
ਸਮਰਥਨ ਮੁੱਲ ਦਾ ਬਦਲ
NEXT STORY