ਮਨੋਜ ਡੋਗਰਾ
ਭਾਰਤ ’ਚ ਦੇਸ਼ ਦੀਆਂ ਧੀਆਂ ਦੀ ਬੇਮਿਸਾਲ ਹਿੰਮਤ ਨੂੰ ਪੂਰਾ ਦੇਸ਼ ਅੱਜ ਸਜਦਾ ਕਰ ਰਿਹਾ ਹੈ। ਓਲੰਪਿਕ ਖੇਡਾਂ ’ਚ ਭਾਰਤ ਦੀਆਂ ਧੀਆਂ ਭਾਰਤ ਦਾ ਨਾਂ ਰੌਸ਼ਨ ਕਰ ਰਹੀਆਂ ਹਨ ਅਤੇ ਮੈਡਲ ਝਟਕ ਰਹੀਆਂ ਹਨ। ਭਾਵੇਂ ਉਹ ਪੀ. ਵੀ. ਸਿੰਧੂ ਹੋਵੇ, ਮੀਰਾਬਾਈ ਚਾਨੂੰ ਹੋਵੇ ਜਾਂ ਪੂਰੀ ਦੀ ਪੂਰੀ ਲੜਕੀਆਂ ਦੀ ਹਾਕੀ ਟੀਮ ਹੋਵੇ। ਮੈਰੀਕਾਮ ਦੇ ਦੇਸ਼ ਲਈ ਯੋਗਦਾਨ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਇਹ ਗੱਲ ਤਾਂ ਹੋਈ ਖੇਡਾਂ ਦੀ। ਦੂਜੇ ਪਾਸੇ ਸਿਆਸਤ ’ਚ ਔਰਤਾਂ ਨੇ ਹੀ ਦੇਸ਼ ਦੇ ਮਹੱਤਵਪੂਰਨ ਵਿਭਾਗ ਸੰਭਾਲੇ ਹੋਏ ਹਨ ਜਿਸ ਤੋਂ ਸਪੱਸ਼ਟ ਹੈ ਕਿ ਔਰਤਾਂ ਪਰਿਵਾਰ ਦੇ ਨਾਲ-ਨਾਲ ਦੇਸ਼ ਵੀ ਸੰਭਾਲ ਸਕਦੀਆਂ ਹਨ।
ਪ੍ਰਾਚੀਨ ਸਮੇਂ ਤੋਂ ਹੀ ਭਾਰਤ ਭੂਮੀ ਦੀ ਕਲਪਨਾ ਵੀ ਇਕ ਨਾਰੀ ਭਾਵ ਭਾਰਤ ਮਾਂ ਦੇ ਰੂਪ ’ਚ ਕੀਤੀ ਜਾਂਦੀ ਹੈ ਅਤੇ ਪੂਜਾ ਵੀ ਕੀਤੀ ਜਾਂਦੀ ਹੈ। ਅਜਿਹੇ ਰਾਸ਼ਟਰ ਅਤੇ ਸਮਾਜ ਜਿੱਥੇ ਪ੍ਰਾਚੀਨ ਸਮੇਂ ਤੋਂ ਨਾਰੀ ਦੀ ਦੇਵੀ ਦੇ ਰੂਪ ’ਚ ਪੂਜਾ ਕੀਤੀ ਜਾਂਦੀ ਹੈ ਅਤੇ ਨਾਰੀ ਨੂੰ ਦੇਵੀ ਸਮਾਨ ਸਮਝਿਆ ਜਾਂਦਾ ਹੈ ਪਰ ਜਿਵੇਂ-ਜਿਵੇਂ ਸਮੇਂ ਦਾ ਪਹੀਆ ਘੁੰਮਿਆ, ਸਮਾਜ ’ਚ ਦੇਵੀ ਰੂਪੀ ਔਰਤਾਂ ਨੂੰ ਹਾਸ਼ੀਏ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਭਾਵੇਂ ਉਹ ਔਰਤਾਂ ਪ੍ਰਤੀ ਅੱਤਿਆਚਾਰ ਹੋਵੇ, ਅਪਰਾਧ ਹੋਵੇ ਜਾਂ ਦਾਜ ਲਈ ਸ਼ੋਸ਼ਣ ਹੋਵੇ। ਜਿਨ੍ਹਾਂ ਧਾਰਨਾਵਾਂ ਨਾਲ ਸਮਾਜ ’ਚ ਮਹਿਲਾ ਸਸ਼ਕਤੀਕਰਨ ਦੀ ਆਵਾਜ਼ ਬੁਲੰਦ ਹੋਈ ਹੈ।
ਸਭ ਤੋਂ ਵਿਸ਼ੇਸ਼ ਤਾਂ ਇਹ ਹੈ ਕਿ ਸਸ਼ਕਤੀਕਰਨ ਤਾਂ ਔਰਤਾਂ ਦਾ ਹੋਣਾ ਹੈ ਪਰ ਇਸ ’ਚ ਅਹਿਮ ਭੂਮਿਕਾ ਮਰਦਾਂ ਨੇ ਨਿਭਾਉਣੀ ਹੈ। ਇਹ ਭੂਮਿਕਾ ਇਕ ਮਰਦ ਬਤੌਰ ਪਿਤਾ, ਪੁੱਤਰ, ਭਰਾ, ਪਤੀ ਤੇ ਮਿੱਤਰ ਆਦਿ ਦੇ ਰੂਪ ’ਚ ਨਿਭਾਉਣਗੇ। ਜੇਕਰ ਉਹ ਮਰਦ ਇਨ੍ਹਾਂ ਭੂਮਿਕਾਵਾਂ ਦੀ ਅਦਾਇਗੀ ਇਕ ਆਦਰਸ਼ ਰੂਪ ’ਚ ਕਰਨ ਤਾਂ ਸੰਭਵ ਤੌਰ ’ਤੇ ਔਰਤਾਂ ਦੇ ਜੀਵਨ ਪੱਧਰ ’ਚ ਭਲਾਈ ਅਤੇ ਵਿਕਾਸ ਤੇਜ਼ ਰਫਤਾਰ ਨਾਲ ਹੋਵੇਗਾ।
ਪਿੰਡ ਹੋਵੇ ਜਾਂ ਸ਼ਹਿਰ ਮਹਿਲਾ ਸ਼ਸ਼ਕਤੀਕਰਨ ਦੀ ਚਰਚਾ ਹੁੰਦੀ ਹੈ ਪਰ ਜਿਸ ਰਫਤਾਰ ਨਾਲ ਸੁਧਾਰ ਦੀ ਪਰਿਕਲਪਨਾ ਕੀਤੀ ਜਾਂਦੀ ਹੈ ਉਹੋ ਜਿਹਾ ਸੁਧਾਰ ਦੇਖਣ ਨੂੰ ਨਹੀਂ ਮਿਲਦਾ। ਅੱਜ ਹਰ ਖੇਤਰ ’ਚ ਔਰਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਸਮਾਜ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦਾ ਹੈ।
2011 ਦੀ ਮਰਦਮਸ਼ੁਮਾਰੀ ਅਨੁਸਾਰ 48.1 ਫੀਸਦੀ ਦੇਸ਼ ਦੀ ਅੱਧੀ ਆਬਾਦੀ ਮਹਿਲਾ ਆਬਾਦੀ ਹੈ, ਜਦਕਿ ਦੇਸ਼ ਦੀ ਅੱਧੀ ਆਬਾਦੀ ਸੰਕਟ ’ਚ ਹੋਵੇ ਤਾਂ ਬਾਕੀ ਆਬਾਦੀ ਦਾ ਇਹ ਫਰਜ਼ ਬਣਦਾ ਹੈ ਕਿ ਉਹ ਚੁੱਪ ਨਾ ਬੈਠ ਕੇ ਉਨ੍ਹਾਂ ਦੀ ਭਲਾਈ ਅਤੇ ਵਿਕਾਸ ’ਚ ਯੋਗਦਾਨ ਦੇਵੇ। ਰਾਜਾ ਰਾਮਮੋਹਨ ਰਾਏ, ਦਯਾਨੰਦ ਸਰਸਵਤੀ, ਮਹਾਤਮਾ ਗਾਂਧੀ, ਸਵਾਮੀ ਵਿਵੇਕਾਨੰਦ, ਸ੍ਰੀ ਗੁਰੂ ਨਾਨਕ ਦੇਵ ਜੀ ਆਦਿ ਨੇ ਔਰਤਾਂ ਦੀ ਭਲਾਈ ਲਈ ਕਾਰਜ ਕੀਤਾ ਹੈ। ਇਨ੍ਹਾਂ ਨੇ ਔਰਤਾਂ ਦੀ ਬਰਾਬਰੀ ਵਰਗੇ ਵਿਸ਼ਿਆਂ ਨੂੰ ਸਮਾਜ ਸਾਹਮਣੇ ਉਜਾਗਰ ਕੀਤਾ ਅਤੇ ਔਰਤ ਤੇ ਮਰਦ ਨੂੰ ਇਕ ਬਰਾਬਰ ਅਧਿਕਾਰ ਦੇਣ ਦੀ ਗੱਲ ਕਹੀ ਸੀ।
ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਇਸ ਦੇ ਨਾਲ ਇਹ ਗੱਲ ਵੀ ਉਜਾਗਰ ਹੋ ਜਾਂਦੀ ਹੈ ਕਿ ਅੱਜ ਔਰਤਾਂ ਦੇਸ਼ ’ਚ ਕਿੰਨੀਆਂ ਸੁਰੱਖਿਅਤ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਈ ਅਜਿਹੀਆਂ ਯੋਜਨਾਵਾਂ ਦੀ ਆਰੰਭਤਾ ਕੀਤੀ ਗਈ ਹੈ ਜਿਸ ਨਾਲ ਔਰਤਾਂ ’ਚ ਖੁਸ਼ੀ, ਇਕ ਨਵੀਂ ਉਮੰਗ ਤੇ ਸੁਰੱਖਿਆ ਦੀ ਭਾਵਨਾ ਦੇਖਣ ਨੂੰ ਮਿਲਦੀ ਹੈ। ਤਿੰਨ ਤਲਾਕ ਵਰਗੇ ਵਿਸ਼ੇ ’ਤੇ ਕਾਨੂੰਨ, ਸੁਕੰਨਿਆ ਸਮ੍ਰਿਧੀ ਯੋਜਨਾ, ਉੱਜਵਲਾ ਯੋਜਨਾ, ਬੇਟੀ ਬਚਾਏ ਬੇਟੀ ਪੜ੍ਹਾਓ ਵਰਗੀਆਂ ਮਹੱਤਵਪੂਰਨ ਯੋਜਨਾਵਾਂ ਨਾਲ ਦੇਸ਼ ਦੀਆਂ ਔਰਤਾਂ ਦੇ ਜੀਵਨ ਪੱਧਰ ’ਚ ਕਈ ਹਾਂਪੱਖੀ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ।
ਵਰਤਮਾਨ ਦਾ ਸਮਾਂ ਇਕ ਅਜਿਹਾ ਸਮਾਂ ਹੈ ਜਿਸ ’ਚ ਔਰਤਾਂ ਹਰ ਖੇਤਰ ’ਚ ਆਪਣਾ 100 ਫੀਸਦੀ ਯੋਗਦਾਨ ਦੇ ਰਹੀਆਂ ਹਨ ਭਾਵੇਂ ਉਹ ਫੌਜ ਹੋਵੇ, ਪ੍ਰਸ਼ਾਸਨਿਕ ਸੇਵਾ, ਦਿਹਾਤੀ ਵਿਕਾਸ, ਸਿੱਖਿਆ ਜਾਂ ਫਿਰ ਸਿਆਸੀ ਖੇਤਰ ਹੋਵੇ, ਹਰ ਪਾਸੇ ਔਰਤਾਂ ਦਾ ਝੰਡਾ ਲਹਿਰਾ ਰਿਹਾ ਹੈ। ਅੱਜ ਅਜਿਹਾ ਕੋਈ ਖੇਤਰ ਨਹੀਂ ਜਿਸ ’ਚ ਔਰਤਾਂ ਕੰਮ ਨਹੀਂ ਕਰ ਰਹੀਆਂ।
ਸੂਈ ਬਣਾਉਣ ਤੋਂ ਲੈ ਕੇ ਹਵਾਈ ਜਹਾਜ਼ ਦੇ ਨਿਰਮਾਣ ਤੱਕ ਦਾ ਕੰਮ ਔਰਤਾਂ ਕਰ ਰਹੀਆਂ ਹਨ। ਇੱਥੋਂ ਤੱਕ ਕਿ ਅੱਜ ਦੀਆਂ ਔਰਤਾਂ ਹਵਾਈ ਜਹਾਜ਼ ਉਡਾ ਵੀ ਰਹੀਆਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ, ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜੋ ਕਿ ਸਰਾਸਰ ਗਲਤ ਹੈ। ਸਿਰਫ 8 ਮਾਰਚ ਨੂੰ ਮਹਿਲਾ ਦਿਵਸ ਆਯੋਜਿਤ ਕਰ ਕੇ ਨਾਰੀ ਦਾ ਸਰਵਪੱਖੀ ਵਿਕਾਸ ਨਹੀਂ ਹੋ ਸਕਦਾ।
ਇਕ ਸਿੱਖਿਅਤ ਮਹਿਲਾ ਪੂਰੇ ਪਰਿਵਾਰ ਨੂੰ, ਪੂਰੇ ਸਮਾਜ ਨੂੰ ਸਿੱਖਿਅਤ ਕਰਦੀ ਹੈ ਪਰ ਕਈ ਹਾਲਤਾਂ ’ਚ ਔਰਤਾਂ ਦਾ ਜੋ ਸ਼ੋਸ਼ਣ ਅੱਜ ਹੋ ਰਿਹਾ ਹੈ, ਉਹ ਮੰਦਭਾਗਾ ਹੈ, ਜਿਸ ਨੂੰ ਰੋਕਣਾ ਸਾਡੀ ਜ਼ਿੰਮੇਵਾਰੀ ਹੈ।
ਅੱਜ ਦੀ ਭਾਰਤੀ ਨਾਰੀ ਅਬਲਾ ਨਹੀਂ, ਸਗੋਂ ਸਸ਼ਕਤ ਹੈ ਜੋ ਕਿ ਹਰ ਹਾਲਤ ’ਚ ਲੜਨਾ ਜਾਣਦੀ ਹੈ। ਸਮਾਜ ਅਤੇ ਰਾਸ਼ਟਰ ਦੇ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਔਰਤਾਂ ਦੇ ਉੱਥਾਨ ’ਚ ਆਪਣਾ ਸੰਭਵ ਯੋਗਦਾਨ ਦੇਣ ਤਦ ਹੀ ਭਾਰਤ ਇਕ ਨਵੇਂ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਦੀ ਨਵੀਂ ਗਾਥਾ ਲਿਖ ਸਕੇਗਾ।
ਮਿੰਨੀ ਰਾਜ ਵਰਗਾ ਹੈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਤੰਤਰ
NEXT STORY