ਜੈਤੋ - ਭਾਰਤ 'ਚ ਚਾਲੂ ਖਰੀਫ ਮੌਸਮ ਲਈ 27 ਜੁਲਾਈ ਤੱਕ ਵ੍ਹਾਈਟ ਗੋਲਡ ਦੀ ਬੀਜਾਈ 102.51 ਲੱਖ ਹੈਕਟੇਅਰ ਖੇਤਰ 'ਚ ਹੋਈ ਹੈ। ਪਿਛਲੇ ਸਾਲ ਇਸ ਸਮੇਂ ਤਕ ਬੀਜਾਈ ਦਾ ਖੇਤਰ 111.38 ਲੱਖ ਹੈਕਟੇਅਰ ਰਿਹਾ ਸੀ ਜੋ ਹੁਣ ਤਕ ਲਗਭਗ 7.96 ਫੀਸਦੀ ਖੇਤਰ ਘੱਟ ਹੈ।
ਸੂਤਰਾਂ ਅਨੁਸਾਰ ਦੇਸ਼ ਭਰ 'ਚ ਪੰਜਾਬ ਤੇ ਮਹਾਰਾਸ਼ਟਰ ਰਾਜਾਂ 'ਚ ਸਭ ਤੋਂ ਜ਼ਿਆਦਾ ਵ੍ਹਾਈਟ ਗੋਲਡ ਦੀ ਬੀਜਾਈ ਘਟੀ ਹੈ। ਪੰਜਾਬ 'ਚ ਵ੍ਹਾਈਟ ਗੋਲਡ ਦਾ ਰਕਬਾ 1.010 ਲੱਖ ਹੈਕਟੇਅਰ ਘਟ ਕੇ ਲਗਭਗ 2.840 ਲੱਖ ਹੈਕਟੇਅਰ ਰਹਿ ਗਿਆ ਹੈ। ਪਿਛਲੇ ਸਾਲ ਇਹ ਖੇਤਰ 3.850 ਲੱਖ ਹੈਕਟੇਅਰ ਸੀ, ਜਦੋਂ ਕਿ ਮਹਾਰਾਸ਼ਟਰ 'ਚ 36.782 ਲੱਖ ਹੈਕਟੇਅਰ 'ਚ ਬੀਜਾਈ ਹੋਈ ਹੈ। ਪਿਛਲੇ ਸਾਲ 38.470 ਲੱਖ ਹੈਕਟੇਅਰ 'ਚ ਇਸ ਦੀ ਬੀਜਾਈ ਹੋਈ ਸੀ।
ਕਪਾਹ ਸੈਸ਼ਨ ਸਾਲ 2018-19 ਦੀ ਨਵੀਂ ਰੂੰ ਡਲਿਵਰੀ 20-30 ਅਕਤੂਬਰ ਦਾ ਵਪਾਰ ਇਸ ਸਾਲ ਫਿਰ ਮਿੱਤਲ ਕਾਟਨ ਫੈਕਟਰੀ ਜੀਂਦ ਦੇ ਮਾਲਕ ਜੀਤੇਂਦਰ ਮਿੱਤਲ ਨੇ ਮੰਨੇ-ਪ੍ਰਮੰਨੇ ਰੂੰ ਕਾਰੋਬਾਰੀ ਮੁਨੀਸ਼ ਗੋਇਲ, ਸੁਸ਼ੀਲ ਕੁਮਾਰ, ਮੁਨੀਸ਼ ਕੁਮਾਰ ਹਿਸਾਰ ਨਾਲ 500 ਗੰਠ ਰੂੰ 4911 ਰੁਪਏ ਮਣ ਦੇ ਹਿਸਾਬ ਨਾਲ ਬਾਜ਼ਾਰ 'ਚ ਧਮਾਕਾ ਕੀਤਾ ਹੈ। ਪਿਛਲੇ ਸਾਲ ਨਵੀਂ ਰੂੰ ਦੀ ਸ਼ੁਰੂਆਤ ਵੀ ਉਪਰੋਕਤ ਕਾਰੋਬਾਰੀਆਂ ਨੇ 4211 ਰੁਪਏ ਮਣ ਕੀਤੀ ਸੀ।
ਸੂਤਰਾਂ ਅਨੁਸਾਰ ਇਸ ਹਫਤੇ ਰੂੰ ਤੇਜੜੀਆਂ (ਸਟਾਕਿਸਟਾਂ) ਜਿਨ੍ਹਾਂ 'ਚ ਮਲਟੀਨੈਸ਼ਨਲ ਰੂੰ ਕੰਪਨੀਆਂ, ਕਪਾਹ ਜਿਨਰ, ਰੂੰ ਟ੍ਰੇਡਰਸ, ਭਾਰਤੀ ਕਪਾਹ ਨਿਗਮ ਆਦਿ ਸ਼ਾਮਲ ਹਨ, ਨੂੰ ਉਸ ਸਮੇਂ ਬਹੁਤ ਨਿਰਾਸ਼ਾ ਹੱਥ ਲੱਗੀ, ਜਦੋਂ ਰੂੰ ਬਾਜ਼ਾਰ ਨੇ ਬੈਕ ਗਿਅਰ ਹੀ ਨਹੀਂ ਲਾਇਆ, ਸਗੋਂ ਰੂੰ ਮੂਧੇ ਮੂੰਹ ਵੀ ਆ ਡਿੱਗੀ। ਸੂਤਰਾਂ ਅਨੁਸਾਰ ਲਗਭਗ 10 ਦਿਨਾਂ 'ਚ ਰੂੰ ਦੇ ਰੇਟ ਲਗਭਗ 150 ਰੁਪਏ ਮਣ ਡਿੱਗ ਗਏ। ਦੂਜੇ ਪਾਸੇ ਰੂੰ ਬਾਜ਼ਾਰ 'ਚ ਉਸ ਸਮੇਂ 27 ਜੁਲਾਈ ਨੂੰ ਇਕ ਮਲਟੀਨੈਸ਼ਨਲ ਕੰਪਨੀ ਨੇ ਪੰਜਾਬ 'ਚ 5000 ਗੰਢ ਰੂੰ 4750 ਰੁਪਏ ਮਣ ਵੇਚ ਕੇ ਧਮਾਕਾ ਕਰ ਦਿੱਤਾ, ਜਦੋਂ ਕਿ 26 ਜੁਲਾਈ ਨੂੰ ਇਕ ਹੋਰ ਮਲਟੀਨੈਸ਼ਨਲ ਕੰਪਨੀ ਨੇ ਹਨੂਮਾਨਗੜ੍ਹ 'ਚ ਰੂੰ 4810 ਰੁਪਏ ਮਣ ਸੇਲ ਕੀਤੀ ਸੀ। ਸੂਤਰਾਂ ਅਨੁਸਾਰ ਜ਼ਿਆਦਾਤਰ ਰੂੰ ਸਟਾਕਿਸਟ (ਤੇਜੜੀਏ) ਰੂੰ ਭਾਅ 5000 ਰੁਪਏ ਤੋਂ ਵਧ ਤੇਜ਼ੀ 'ਚ ਬੈਠੇ ਸਨ।
ਸੋਸ਼ਲ ਮੀਡੀਆ 'ਤੇ ਨਵੀਂ ਫਸਲ ਅਗਸਤ 'ਚ : ਉੱਤਰ ਭਾਰਤ ਦੇ ਪ੍ਰਮੁੱਖ ਕਪਾਹ ਉਤਪਾਦਕ ਰਾਜ ਹਰਿਆਣਾ, ਰਾਜਸਥਾਨ ਤੇ ਪੰਜਾਬ 'ਚ ਦੂਜੇ ਰਾਜਾਂ ਦੀ ਤੁਲਨਾ 'ਚ ਨਵੀਂ ਕਪਾਹ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਹਰਿਆਣਾ 'ਚ ਕਪਾਹ ਦੀ ਨਵੀਂ ਫਸਲ ਆਉਣ ਦੀ ਚਰਚਾ ਅੱਜਕਲ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਹਰਿਆਣਾ 'ਚ ਇਸ ਵਾਰ ਵੀ ਅਗਸਤ ਮਹੀਨੇ ਦੌਰਾਨ ਨਵੀਂ ਕਪਾਹ ਦੀ ਆਮਦ ਸ਼ੁਰੂ ਹੋ ਜਾਵੇਗੀ। ਪਿਛਲੇ ਸਾਲ ਅਗਸਤ ਦੇ ਪਹਿਲੇ ਹਫਤੇ ਨਵੀਂ ਰੂੰ ਗੰਢ ਬੰਨ੍ਹ ਗਈ ਸੀ। ਹਰ ਗੰਢ ਦਾ 170 ਕਿਲੋ ਭਾਰ ਹੁੰਦਾ ਹੈ। ਇਕ ਹੋਰ ਸੂਤਰ ਦੀ ਮੰਨੀਏ ਕਿ ਅਗਸਤ ਮਹੀਨੇ 'ਚ ਨਵੀਂ ਕਪਾਹ ਦੀ ਸ਼ੁਰੂਆਤ ਤਾਂ ਸ਼ੁਰੂ ਹੋ ਜਾਵੇਗੀ ਪਰ ਵਧੀਆ ਕੁਆਲਟੀ ਦੀ ਰੂੰ 15-20 ਸਤੰਬਰ ਦੌਰਾਨ ਹੀ ਬਾਜ਼ਾਰ 'ਚ ਮਿਲ ਸਕੇਗੀ। ਜੇਕਰ ਮੌਸਮ ਠੀਕ ਰਿਹਾ।
ਐੱਮ. ਐੱਨ. ਸੀ. ਧਮਾਕੇ ਦਾ ਰਿਹਾ ਅਸਰ: ਐੱਮ. ਐੱਨ. ਸੀ. ਵੱਲੋਂ ਆਪਣੀ ਨੀਤੀ ਨਾਲ ਰੂੰ ਸੇਲ ਕਰ ਕੇ ਜੋ ਬਾਜ਼ਾਰ 'ਚ ਧਮਾਕਾ ਕੀਤਾ ਗਿਆ, ਉਸ ਦਾ ਹਾਜ਼ਰ ਰੂੰ ਬਾਜ਼ਾਰ 'ਤੇ ਅਸਰ ਦੇਖਣ ਨੂੰ ਮਿਲਿਆ ਹੈ। ਸ਼ਨੀਵਾਰ ਨੂੰ ਹਾਜ਼ਰ ਰੂੰ ਗੰਢ ਰਾਵਤਸਰ 4750 ਰੁਪਏ ਮਣ, ਮੁੰਨਾ 4750 ਤੇ 4780 ਰੁਪਏ ਮਣ, ਹਨੂਮਾਨਗੜ੍ਹ 4781 ਰੁਪਏ ਮਣ ਕਾਰੋਬਾਰ ਰਿਹਾ, ਜਦੋਂ ਕਿ 19 ਜੁਲਾਈ ਨੂੰ ਰੂੰ ਦਾ ਕਾਰੋਬਾਰ 4900 ਰੁਪਏ ਮਣ ਕਾਰੋਬਾਰ ਰਿਹਾ ਸੀ। ਰੂੰ ਬਾਜ਼ਾਰ 'ਚ 150 ਰੁਪਏ ਮਣ ਗਿਰਾਵਟ ਨੂੰ ਬਹੁਤ ਮੰਦਾ ਮੰਨਿਆ ਜਾਂਦਾ ਹੈ। ਇਸ ਦੌਰਾਨ ਤੇਜੜੀਆਂ ਦਾ ਕਹਿਣਾ ਹੈ ਕਿ ਰੂੰ 'ਚ ਜੋ ਮੰਦੀ ਆਉਣੀ ਸੀ, ਉਹ ਆ ਚੁੱਕੀ ਹੈ। ਹੁਣ ਹੋਰ ਮੰਦੀ ਨਹੀਂ ਆਏਗੀ। ਸੂਤਰਾਂ ਅਨੁਸਾਰ ਇਹ ਤਾਂ ਆਉਣ ਵਾਲਾ ਬਾਜ਼ਾਰ ਤੈਅ ਕਰੇਗਾ।
ਕਪਾਹ ਮਿੱਲਾਂ ਦੀ ਮੰਗ ਬਣੀ ਕਛੂਏ ਦੀ ਚਾਲ : ਹੁਣ ਜਿਹੇ ਰੂੰ ਰੇਟ 4900 ਰੁਪਏ ਮਣ ਬਣਨ ਨਾਲ ਕਪਾਹ ਮਿੱਲਾਂ ਦੀ ਮੰਗ ਕਛੂਏ ਚਾਲ ਦੀ ਤਰ੍ਹਾਂ ਬਣ ਗਈ ਹੈ ਕਿਉਂਕਿ ਯਾਰਨ ਦੇ ਲਗਭਗ 10 ਫੀਸਦੀ ਰੇਟ ਡਿੱਗ ਗਏ, ਉਥੇ ਰੂੰ ਦੇ ਰੇਟ 10 ਫੀਸਦੀ ਵਧ ਗਏ ਹਨ, ਜਿਸ ਨਾਲ ਕਪਾਹ ਮਿੱਲਾਂ ਨੂੰ ਬਹੁਤ ਆਰਥਕ ਸੱਟ ਵੱਜੀ ਹੈ।
ਭੁੱਖੀਆਂ ਹਨ ਕਤਾਈ ਮਿੱਲਾਂ ਕੋਲ ਲੋੜੀਂਦੇ ਸਟਾਕ : ਬਾਜ਼ਾਰ ਜਾਣਕਾਰਾਂ ਦੀ ਮੰਨੀਏ ਤਾਂ ਕਈ ਵੱਡੀਆਂ-ਛੋਟੀਆਂ ਕਪਾਹ ਮਿੱਲਾਂ ਹੁਣ ਰੂੰ ਖਾਣੇ (ਖਪਤ) ਤੋਂ ਭੁੱਖੀਆਂ ਹਨ। ਸੂਤਰਾਂ ਨੇ ਕਿਹਾ ਕਿ ਕਈ ਹਫਤੇ ਪਹਿਲਾਂ ਅਜਿਹਾ ਲੱਗਦਾ ਸੀ ਕਿ ਕਪਾਹ ਮਿੱਲਾਂ ਕੋਲ ਆਪਣੀ ਖਪਤ ਮੁਤਾਬਕ ਰੂੰ ਗੰਢਾਂ ਦਾ ਕਾਫੀ ਸਟਾਕ ਹੈ ਪਰ ਹੁਣ ਵੱਡੀਆਂ-ਛੋਟੀਆਂ ਮਿੱਲਾਂ ਦੀ ਮੰਗ ਬਾਜ਼ਾਰ 'ਚ ਆਉਣ ਤੋਂ ਪਰਦਾ ਉਠ ਗਿਆ ਹੈ ਕਿ ਕਪਾਹ ਮਿੱਲਾਂ ਨੂੰ ਰੂੰ ਦੀ ਲੋੜ ਹੈ। ਮੰਨਿਆ ਜਾਂਦਾ ਹੈ ਕਿ ਰੂੰ ਦਾ ਮੁੱਖ ਸਟਾਕ ਐੱਮ. ਐੱਨ. ਸੀ. ਕੋਲ ਹੈ। ਹੁਣ ਦੇਖਣਾ ਹੈ ਕਿ ਐੱਮ. ਐੱਨ. ਸੀ. ਸਟਾਕ ਦੇ ਕਦੋਂ-ਕਦੋਂ ਗੋਦਾਮ ਤਾਲੇ ਖੋਲ੍ਹਦੀ ਹੈ। ਰੂੰ ਬਾਜ਼ਾਰ ਐੱਨ. ਐੱਨ. ਸੀ. ਦੇ ਹੱਥ ਰਹਿ ਸਕਦਾ ਹੈ।
RBI ਦੀ ਬੈਠਕ ਅੱਜ ਤੋਂ ਹੋਵੇਗੀ ਸ਼ੁਰੂ, ਮਹਿੰਗਾ ਹੋ ਸਕਦੈ ਕਰਜ਼ਾ
NEXT STORY