ਨਵੀਂ ਦਿੱਲੀ — ਕੇਂਦਰ ਸਰਕਾਰ ਬੰਦਰਗਾਹਾਂ ’ਤੇ ਸੜ ਰਹੇ ਦਰਾਮਦੀ ਪਿਆਜ਼ ਨੂੰ ਕਾਫ਼ੀ ਸਸਤੀ ਦਰ ’ਤੇ ਯਾਨੀ 22-23 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ’ਤੇ ਵੇਚ ਸਕਦੀ ਹੈ। ਇਹ ਪਿਆਜ਼ ਦੇ ਮੌਜੂਦਾ ਬਾਜ਼ਾਰ ਭਾਅ ਦੇ ਮੁਕਾਬਲੇ ਲਗਭਗ 60 ਫ਼ੀਸਦੀ ਘੱਟ ਹੈ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਕੇਂਦਰ ਸਰਕਾਰ ਅਜੇ ਸੂਬਾ ਸਰਕਾਰਾਂ ਨੂੰ 58 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਦਰਾਮਦੀ ਪਿਆਜ਼ ਉਪਲੱਬਧ ਕਰਵਾ ਰਹੀ ਹੈ। ਕੇਂਦਰ ਸਰਕਾਰ ਟਰਾਂਸਪੋਰਟ ਖਰਚਾ ਵੀ ਸਹਿਣ ਕਰ ਰਹੀ ਹੈ। ਸਰਕਾਰ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਵੇਖਦਿਆਂ ਨਵੰਬਰ, 2019 ’ਚ ਐੱਮ. ਐੱਮ. ਟੀ. ਸੀ. ਜ਼ਰੀਏ 1.2 ਲੱਖ ਟਨ ਪਿਆਜ਼ ਦੀ ਦਰਾਮਦ ਕਰਨ ਦਾ ਫ਼ੈਸਲਾ ਲਿਆ ਸੀ। ਐੱਮ. ਐੱਮ. ਟੀ. ਸੀ. ਵਿਦੇਸ਼ੀ ਬਾਜ਼ਾਰਾਂ ਤੋਂ 14,000 ਟਨ ਪਿਆਜ਼ ਦੀ ਦਰਾਮਦ ਕਰ ਚੁੱਕੀ ਹੈ।
ਦਰਾਮਦੀ ਪਿਆਜ਼ ਖਰੀਦਣ ਨੂੰ ਤਿਆਰ ਨਹੀਂ ਕਈ ਸੂਬੇ
ਸੂਤਰਾਂ ਨੇ ਕਿਹਾ ਕਿ ਦਰਾਮਦੀ ਪਿਆਜ਼ ਦੀ ਵੱਡੀ ਖੇਪ ਬੰਦਰਗਾਹਾਂ ਖਾਸ ਤੌਰ ’ਤੇ ਮਹਾਰਾਸ਼ਟਰ ’ਚ ਪਈ ਹੋਈ ਹੈ। ਨਵੀਂ ਫਸਲ ਦੇ ਬਾਜ਼ਾਰ ’ਚ ਪੁੱਜਣ ਨਾਲ ਪ੍ਰਚੂਨ ਕੀਮਤਾਂ ਨਰਮ ਪੈਣ ਲੱਗੀਆਂ ਹਨ। ਅਜਿਹੇ ’ਚ ਕਈ ਸੂਬੇ ਉੱਚੀ ਦਰ ’ਤੇ ਦਰਾਮਦੀ ਪਿਆਜ਼ ਖਰੀਦਣ ਨੂੰ ਤਿਆਰ ਨਹੀਂ ਹਨ। ਸੂਤਰਾਂ ਨੇ ਕਿਹਾ ਕਿ ਦਰਾਮਦੀ ਪਿਆਜ਼ ਦਾ ਸਵਾਦ ਵੀ ਘਰੇਲੂ ਪਿਆਜ਼ ਦੇ ਮੁਕਾਬਲੇ ਵੱਖ ਹੈ। ਇਸ ਦੇ ਕਾਰਣ ਕਈ ਸੂਬਿਆਂ ਨੇ ਦਰਾਮਦੀ ਪਿਆਜ਼ ਦੇ ਠੇਕੇ ਰੱਦ ਕਰ ਦਿੱਤੇ।
ਪਿਆਜ਼ ਦੀ ਵੱਡੀ ਖੇਪ ਵੀ ਬੰਦਰਗਾਹਾਂ ’ਤੇ
ਉਨ੍ਹਾਂ ਕਿਹਾ ਕਿ ਦਰਾਮਦੀ ਪਿਆਜ਼ ਦੀ ਘੱਟ ਮੰਗ ਨੂੰ ਵੇਖਦਿਆਂ ਐੱਮ. ਐੱਮ. ਟੀ. ਸੀ. ਨੇ ਹੁਣ ਤੱਕ ਸਿਰਫ਼ 14,000 ਟਨ ਪਿਆਜ਼ ਦੀ ਹੀ ਖਰੀਦ ਕੀਤੀ ਹੈ, ਜਦੋਂ ਕਿ ਉਸ ਨੇ 40,000 ਟਨ ਪਿਆਜ਼ ਦਰਾਮਦ ਕਰਨ ਦੇ ਠੇਕੇ ਦਿੱਤੇ ਹਨ। ਹੁਣ ਤੱਕ ਦਰਾਮਦੀ ਪਿਆਜ਼ ਦੀ ਵੱਡੀ ਖੇਪ ਵੀ ਬੰਦਰਗਾਹਾਂ ’ਤੇ ਪਈ ਹੈ। ਨਾਫੇਡ, ਮਦਰ ਡੇਅਰੀ ਅਤੇ ਚਾਹਵਾਨ ਸੂਬਾ ਸਰਕਾਰਾਂ ਮੰਡੀਆਂ ’ਚ ਵੰਡ ਲਈ 22-23 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ’ਤੇ ਦਰਾਮਦੀ ਪਿਆਜ਼ ਖਰੀਦ ਸਕਦੀਆਂ ਹਨ।
ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਉਤਾਰ-ਚੜ੍ਹਾਅ, ਮਾਮੂਲੀ ਵਾਧੇ 'ਤੇ ਖੁੱਲ੍ਹੇ ਸੈਂਸੈਕਸ-ਨਿਫਟੀ
NEXT STORY