ਗੁਹਾਟੀ— ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਕੰਪਨੀ ਅਸਾਮ 'ਚ 2,500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਨਿਵੇਸ਼ ਰਿਟੇਲ, ਪੈਟਰੋਲੀਅਮ, ਟੈਲੀਕਾਮ, ਟੂਰਜ਼ਿਮ ਅਤੇ ਸਪੋਰਟਸ ਵਰਗੇ ਕਈ ਸੈਕਟਰਾਂ 'ਚ ਹੋਵੇਗਾ ਅਤੇ ਅਗਲੇ ਤਿੰਨ ਸਾਲਾਂ 'ਚ ਇੱਥੇ ਘੱਟੋ-ਘੱਟ 80 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਵੇਗਾ।
ਅਸਾਮ 'ਚ ਸ਼ੁਰੂ ਹੋਏ ਗਲੋਬਲ ਨਿਵੇਸ਼ਕ ਸੰਮਲੇਨ 'ਚ ਅੰਬਾਨੀ ਨੇ ਕਿਹਾ ਕਿ ਅੱਜ ਮੈਂ ਅਸਾਮ ਲਈ ਅਗਲੇ ਤਿੰਨ ਸਾਲਾਂ 'ਚ ਪੰਜ ਵਾਅਦਿਆਂ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ। ਰਿਲਾਇੰਸ ਅਸਾਮ ਦੇ ਬਾਜ਼ਾਰ 'ਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਾਧੂ 2,500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ ਤਹਿਤ ਕੰਪਨੀ ਇੱਥੇ ਰਿਟੇਲ ਆਊਲੇਟਸ ਦੀ ਗਿਣਤੀ ਨੂੰ ਵਧਾ ਕੇ 40 ਕਰੇਗੀ, ਜੋ ਵਰਤਮਾਨ 'ਚ ਅਜੇ ਦੋ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਪੈਟਰੋਲ ਸਟੇਸ਼ਨਾਂ ਦੀ ਗਿਣਤੀ ਨੂੰ ਵੀ ਮੌਜੂਦਾ 27 ਤੋਂ ਵਧਾ ਕੇ 165 ਕੀਤਾ ਜਾਵੇਗਾ।
ਅੰਬਾਨੀ ਨੇ ਕਿਹਾ, ''ਅਸੀਂ ਅਸਾਮ 'ਚ ਸਾਰੇ 145 ਤਹਿਸੀਲ ਹੈੱਡਕੁਆਰਟਰਾਂ 'ਚ ਨਵੇਂ ਦਫਤਰ ਖੋਲ੍ਹਣ ਜਾ ਰਹੇ ਹਾਂ। ਸਾਡੀ ਕੋਸ਼ਿਸ਼ ਹਮੇਸ਼ਾ ਰੋਜ਼ੀ ਰੋਟੀ ਦੇ ਮੌਕੇ ਪੈਦਾ ਕਰਨ ਦੀ ਰਹੀ ਹੈ ਅਤੇ ਅਸਾਮ ਵਿਚ 20,000 ਨੌਕਰੀਆਂ ਪੈਦਾ ਕੀਤੀਆਂ ਹਨ।'' ਉਨ੍ਹਾਂ ਨੇ ਅੱਗੇ ਕਿਹਾ ਕਿ ਅਸਾਮ ਦੂਜੀਆਂ ਦੂਰਸੰਚਾਰ ਕੰਪਨੀਆਂ ਲਈ ਹਮੇਸ਼ਾ ਘੱਟ ਤਰਜੀਹੀ ਵਾਲਾ ਬਾਜ਼ਾਰ ਰਿਹਾ ਹੈ ਪਰ ਇਹ ਰਿਲਾਇੰਸ ਲਈ 'ਸ਼੍ਰੇਣੀ ਏ' ਮਾਰਕੀਟ ਹੈ। ਇਸ ਦੌਰਾਨ ਮੁਕੇਸ਼ ਅੰਬਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਾਲ ਹੀ ਦੇ ਸਮੇਂ ਸਭ ਤੋਂ ਬਿਹਤਰ ਬਜਟ ਪੇਸ਼ ਕੀਤਾ ਹੈ, ਜਿਸ 'ਚ ਕਿਸਾਨ ਸਮੇਤ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ।
ਰੀਅਲ ਅਸਟੇਟ ਸੈਕਟਰ ਨੇ ਕੀਤਾ ਬਜਟ ਦਾ ਸਵਾਗਤ
NEXT STORY