ਜਲੰਧਰ (ਪੁਨੀਤ)– ਜੀ. ਐੱਸ. ਟੀ. ਮਹਿਕਮੇ ਵੱਲੋਂ ਬੈਟਰੀ ਨਾਲ ਸਬੰਧਤ 2 ਇਕਾਈਆਂ ’ਤੇ ਟੈਕਸ ਦੀ ਅਦਾਇਗੀ ਵਿਚ ਘਾਟ ਨੂੰ ਲੈ ਕੇ ਛਾਪੇਮਾਰੀ ਕਰਦੇ ਹੋਏ ਅਹਿਮ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਰਿਟਰਨਾਂ ਦੀ ਚੱਲ ਰਹੀ ਜਾਂਚ ਵਿਚ ਮੈਸਰਜ਼ ਐਕਸ਼ਨ ਬੈਟਰੀ ਦੀ ਮਹਿਕਮੇ ਵੱਲੋਂ ਪਛਾਣ ਕੀਤੀ ਗਈ। 50 ਕਰੋੜ ਦੀ ਟਰਨਓਵਰ ਵਾਲੀ ਇਹ ਇਕਾਈ ਕੇ. ਸੀ. ਬੈਟਰੀ ਬ੍ਰਾਂਡ ਦੇ ਨਾਂ ਨਾਲ ਆਪਣੀ ਬੈਟਰੀ ਦਾ ਉਤਪਾਦਨ ਕਰਦੀ ਹੈ। ਫੋਕਲ ਪੁਆਇੰਟ ਵਿਚ ਨਿਰਮਾਣ ਕਰਨ ਵਾਲੀ ਇਸ ਇਕਾਈ ਦਾ ਐਡੀਸ਼ਨਲ ਬਿਜ਼ਨੈੱਸ ਵੀ ਫੋਕਲ ਪੁਆਇੰਟ ਵਿਚ ਹੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਬੈਟਰੀਆਂ ਦੀ ਨਕਦ ਸੇਲ ਦੇ ਬਾਵਜੂਦ ਮਹਿਕਮੇ ਨੂੰ ਬਣਦਾ ਟੈਕਸ ਪ੍ਰਾਪਤ ਨਹੀਂ ਹੋ ਰਿਹਾ।
ਡੀ. ਸੀ. ਐੱਸ. ਟੀ. (ਡਿਪਟੀ ਕਮਿਸ਼ਨਰ ਆਫ਼ ਸਟੇਟ ਟੈਕਸ) ਅਜੈ ਕੁਮਾਰ ਨੇ ਅਸਿਸਟੈਂਟ ਕਮਿਸ਼ਨਰ ਜਲੰਧਰ-2 ਸ਼ੁਭੀ ਆਂਗਰਾ ਨੂੰ ਤੱਥ ਇਕੱਠੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ’ਤੇ ਮਹਿਕਮੇ ਨੇ ਮੈਸਰਜ਼ ਐਕਸ਼ਨ ਬੈਟਰੀ ਅਤੇ ਕੇ. ਸੀ. ਬੈਟਰੀ ਦੀ ਰੇਕੀ ਕਰਵਾਉਂਦੇ ਹੋਏ ਮਾਰਕੀਟ ਦੀ ਸੇਲ ਬਾਰੇ ਜਾਣਕਾਰੀ ਜੁਟਾਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਇਕਾਈ ਵੱਲੋਂ ਅਦਾ ਕੀਤਾ ਜਾ ਰਿਹਾ ਟੈਕਸ ਘੱਟ ਜਾਪ ਰਿਹਾ ਸੀ, ਜਿਸ ਬਾਰੇ ਅਸਿਸਟੈਂਟ ਕਮਿਸ਼ਨਰ ਸ਼ੁਭੀ ਆਂਗਰਾ ਨੂੰ ਜਾਣਕਾਰੀ ਸੌਂਪੀ ਗਈ। ਮਹਿਕਮੇ ਨੇ ਐੱਸ. ਟੀ. ਓ. ਪਵਨ ਕੁਮਾਰ ਦੀ ਅਗਵਾਈ ਵਿਚ ਜਾਂਚ ਟੀਮ ਗਠਿਤ ਕਰਕੇ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ। ਮਹਿਕਮੇ ਦੀ ਟੀਮ ਨੇ ਸ਼ੁੱਕਰਵਾਰ ਐਕਸ਼ਨ ਬੈਟਰੀ ਦੇ ਮੁੱਖ ਬਿਜ਼ਨੈੱਸ ਪਲੇਸ ਅਤੇ ਐਡੀਸ਼ਨਲ ਬਿਜ਼ਨੈੱਸ ਪਲੇਸ ’ਤੇ ਇੱਕੋ ਵੇਲੇ ਛਾਪੇਮਾਰੀ ਕਰਦਿਆਂ ਜਾਂਚ ਨੂੰ ਅੰਜਾਮ ਦਿੱਤਾ। ਗੋਦਾਮ ਵਿਚ ਸੈਂਕੜੇ ਦੀ ਗਿਣਤੀ ਵਿਚ ਪਏ ਬੈਟਰੀਆਂ ਦੇ ਸਟਾਕ ਨੂੰ ਰਜਿਸਟਰ ਵਿਚ ਨੋਟ ਕਰਨ ਲਈ ਮਹਿਕਮੇ ਦੇ ਅਧਿਕਾਰੀਆਂ ਨੂੰ ਕਈ ਘੰਟੇ ਮੁਸ਼ੱਕਤ ਕਰਨੀ ਪਈ।

ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਨੇ ਠਾਰੇ ਲੋਕ, ਇਸ ਦਿਨ ਨੂੰ ਨਿਕਲੇਗੀ ਧੁੱਪ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ
ਪੁਲਸ ਫੋਰਸ ਨਾਲ ਐੱਸ. ਟੀ. ਓ. ਮਨਵੀਰ ਬੁੱਟਰ, ਕੁਲਵਿੰਦਰ ਸਿੰਘ, ਇੰਸ. ਸਿਮਰਨਪ੍ਰੀਤ ਸਿੰਘ, ਸ਼ਿਵਦਿਆਲ, ਮੋਨਿਕਾ ਸਮੇਤ ਕਈ ਅਧਿਕਾਰੀਆਂ ਦੀ ਟੀਮ ਨੇ ਕਈ ਤੱਥਾਂ ’ਤੇ ਜਾਂਚ ਨੂੰ ਅੰਜਾਮ ਦਿੱਤਾ। ਇਹ ਕਾਰਵਾਈ 5 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਕੀ ਦੌਰਾਨ ਮਹਿਕਮੇ ਨੇ ਬੈਟਰੀ ਨਾਲ ਸਬੰਧਤ ਕਈ ਥਾਵਾਂ ਤੋਂ ਕੋਟੇਸ਼ਨ ਹਾਸਲ ਕਰ ਲਈ ਸੀ ਤਾਂ ਕਿ ਅੰਦਰ ਪਏ ਸਟਾਕ ਦੀ ਸਹੀ ਕੀਮਤ ਦਾ ਪਤਾ ਲਾਇਆ ਜਾ ਸਕੇ। ਬੈਟਰੀ ਬਣਾਉਣ ਵਿਚ ਵਰਤੇ ਜਾਂਦੇ ਸਾਮਾਨ ਦੇ ਬਿੱਲਾਂ ਨੂੰ ਮਹਿਕਮੇ ਵੱਲੋਂ ਮੁੱਖ ਕੇਂਦਰ ਬਿੰਦੂ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਇਕਾਈ ਦੀ ਸਹੀ ਪ੍ਰੋਡਕਸ਼ਨ ਦਾ ਪਤਾ ਲੱਗੇਗਾ। ਗੰਭੀਰਤਾ ਵਿਖਾਉਂਦੇ ਹੋਏ ਵਿਭਾਗੀ ਅਧਿਕਾਰੀਆਂ ਨੇ ਇਸ ਇਕਾਈ ਵਿਚ ਵਰਤੇ ਜਾਂਦੇ ਮੁੱਖ ਮੋਬਾਇਲ ਫੋਨ ਦਾ ਡਾਟਾ ਵੀ ਡਾਊਨਲੋਡ ਕੀਤਾ ਹੈ। ਕੱਚੀਆਂ ਪਰਚੀਆਂ, ਰਜਿਸਟਰ ਸਮੇਤ ਹੋਰ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।

ਟੈਕਸ ’ਚ ਗੜਬੜੀਆਂ ਸਬੰਧੀ ਸ਼ਾਰਪ ਇੰਡਸਟਰੀ ਦੀ ਇਕਾਈ ਅਤੇ ਆਊਟਲੈੱਟ ’ਚ ਜਲੰਧਰ-2 ਨੇ ਕੀਤੀ ਰੇਡ
ਜਲੰਧਰ-2 ਦੀ ਟੀਮ ਨੇ ਇਕ ਹੋਰ ਕਾਰਵਾਈ ਕਰਦੇ ਹੋਏ ਬੈਟਰੀ ਦੇ ਖੇਤਰ ਨਾਲ ਜੁੜੀ ਸ਼ਾਰਪ ਇੰਡਸਟਰੀ ਦੀ ਫੋਕਲ ਪੁਆਇੰਟ ਵਾਲੀ ਇਕਾਈ ਅਤੇ ਲਾਡੋਵਾਲੀ ਰੋਡ ਦੇ ਆਊਟਲੈੱਟ ’ਤੇ ਇੱਕੋ ਵੇਲੇ ਰੇਡ ਕੀਤੀ। ਅਧਿਕਾਰੀਆਂ ਨੇ ਕਈ ਅਹਿਮ ਦਸਤਾਵੇਜ਼ਾਂ ਨੂੰ ਸਬੂਤਾਂ ਦੇ ਆਧਾਰ ’ਤੇ ਜ਼ਬਤ ਕੀਤਾ ਹੈ। ਐੱਸ. ਟੀ. ਓ. ਸ਼ੈਲੇਂਦਰ ਸਿੰਘ ਦੀ ਅਗਵਾਈ ਵਿਚ ਪਹੁੰਚੀ ਸਟੇਟ ਜੀ. ਐੱਸ. ਟੀ. ਦੀ ਟੀਮ ਨੇ ਇਸ ਇਕਾਈ ਬਾਰੇ ਕਈ ਅਹਿਮ ਤੱਥ ਜੁਟਾਏ ਹਨ। ਇਹ ਇਕਾਈ ਕਾਰ, ਟਰੈਕਟਰ ਆਦਿ ਵਿਚ ਵਰਤੀ ਜਾਂਦੀ ਬੈਟਰੀ ਦਾ ਨਿਰਮਾਣ ਕਰਦੀ ਹੈ। ਇਕਾਈ ’ਤੇ ਬਣਦਾ ਟੈਕਸ ਅਦਾ ਕਰਨ ਵਿਚ ਕੀਤੀਆਂ ਜਾ ਰਹੀਆਂ ਗੜਬੜੀਆਂ ਦੇ ਤੌਖਲੇ ’ਤੇ ਇਸ ਜਾਂਚ ਨੂੰ ਅੰਜਾਮ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਟਿਊਬਲਰ ਬੈਟਰੀ ਦੇ ਖੇਤਰ ਵਿਚ ਇਹ ਇਕਾਈ ਆਪਣਾ ਕਾਰੋਬਾਰ ਵਧਾ ਰਹੀ ਹੈ ਪਰ ਵਿਭਾਗ ਨੂੰ ਬਣਦਾ ਟੈਕਸ ਅਦਾ ਕਰਨ ਵਿਚ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਛਾਪੇਮਾਰੀ ਦੌਰਾਨ ਐੱਸ. ਟੀ. ਓ. ਕੈਪਟਨ ਅੰਜਲੀ ਸੇਖੜੀ, ਇੰਸ. ਇੰਦਰਬੀਰ ਸਿੰਘ, ਕਾਵੇਰੀ ਸ਼ਰਮਾ ਸਮੇਤ ਪੁਲਸ ਫੋਰਸ ਮੌਜੂਦ ਰਹੀ।
ਇਹ ਵੀ ਪੜ੍ਹੋ : ਜੇਕਰ ਤੁਹਾਡਾ ਵੀ ਆਉਂਦਾ ਹੈ ਬਿਜਲੀ ਦਾ ਬਿੱਲ ਜ਼ਿਆਦਾ ਤਾਂ ਮੁਫ਼ਤ 'ਚ ਲਗਵਾਓ ਡਿਸਪਲੇ ਯੂਨਿਟ, ਜਾਣੋ ਕਿਵੇਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਖੰਡ ਮਿਲ ਭੋਗਪੁਰ ਦੇ ਘਟੀਆ ਪ੍ਰਬੰਧਾਂ ਤੋਂ ਗੰਨਾ ਕਾਸ਼ਤਕਾਰ ਦੁਖੀ
NEXT STORY