ਜਲੰਧਰ (ਖੁਰਾਣਾ)–ਪਿਛਲੇ ਲੰਮੇ ਸਮੇਂ ਤੋਂ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਕਈ ਪਿੰਡਾਂ ਵਿਚ ਰਹਿੰਦੇ ਹਜ਼ਾਰਾਂ ਲੋਕ ਰੋਡ ਨੈੱਟਵਰਕ ਦੀ ਆਸ ਵਿਚ ਬੈਠੇ ਹਨ ਪਰ ਇਸ ਮਾਮਲੇ ਵਿਚ ਨਾ 5 ਸਾਲ ਕਾਂਗਰਸ ਤੋਂ ਕੁਝ ਹੋਇਆ ਅਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਤੋਂ ਕੁਝ ਹੋ ਪਾ ਰਿਹਾ ਹੈ। ਕੈਂਟ ਇਲਾਕੇ ਦੇ ਵਿਧਾਇਕ ਪਰਗਟ ਸਿੰਘ ਆਰਮੀ ਏਰੀਆ ਦੇ ਨਾਲ-ਨਾਲ ਪੇਰੀਫੇਰੀ ਰੋਡ ਬਣਾਉਣ ਦਾ ਐਲਾਨ ਕਰਦੇ ਚਲੇ ਆ ਰਹੇ ਹਨ ਪਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਜ਼ਿਆਦਾ ਤਰੱਕੀ ਨਹੀਂ ਹੋਈ। ਭਾਵੇਂ ਇਸ ਮਾਮਲੇ ਵਿਚ 22 ਕਰੋੜ ਰੁਪਏ ਦਾ ਪ੍ਰਾਜੈਕਟ ਫਾਈਲਾਂ ਵਿਚ ਪਾਸ ਹੋ ਚੁੱਕਾ ਹੈ ਪਰ ਅਜੇ ਤੱਕ ਜ਼ਮੀਨ ’ਤੇ ਕੁਝ ਨਹੀਂ ਹੋਇਆ। ਇਹ ਪੇਰੀਫੇਰੀ ਰੋਡ ਅਟਵਾਲ ਕਾਲੋਨੀ ਤੋਂ ਸ਼ੁਰੂ ਹੋ ਕੇ ਲਗਭਗ 10 ਪਿੰਡਾਂ ਵਿਚੋਂ ਲੰਘਦਿਆਂ ਜੀ. ਟੀ. ਰੋਡ ਤੱਕ ਜਾਵੇਗੀ ਅਤੇ 13 ਕਿਲੋਮੀਟਰ ਲੰਮੀ ਹੋਵੇਗੀ। ਇਸ ਬਾਰੇ ਪਹਿਲੀ ਪ੍ਰਪੋਜ਼ਲ 17 ਸਾਲ ਪਹਿਲਾਂ 2005 ਵਿਚ ਬਣਾਈ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਆਖੀ ਵੱਡੀ ਗੱਲ
ਉਸ ਤੋਂ ਬਾਅਦ ਆਈ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਲੈ ਕੇ ਕੋਈ ਖ਼ਾਸ ਤਵੱਜੋ ਨਹੀਂ ਦਿੱਤੀ। ਹੁਣ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਸ ਲਾਈ ਬੈਠੇ ਹਨ ਕਿ ਉਹ ਕੈਂਟ ਦੇ ਪਿੰਡਾਂ ਵਿਚੋਂ ਲੰਘਣ ਵਾਲੀ ਪੇਰੀਫੇਰੀ ਰੋਡ ਸਬੰਧੀ ਪ੍ਰਾਜੈਕਟ ਨੂੰ ਰਫ਼ਤਾਰ ਦੇਵੇਗੀ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਫਾਇਦਾ ਪਹੁੰਚੇਗਾ। ਇਸ ਸਰਕਾਰ ਦੇ ਵੀ 9 ਮਹੀਨੇ ਬੀਤ ਚੁੱਕੇ ਹਨ ਪਰ ਕੋਈ ਤਰੱਕੀ ਨਹੀਂ ਦਿਸ ਰਹੀ।
ਸੁਭਾਨਾ ਆਰਮੀ ਐਨਕਲੇਵ (ਹੱਲੋਤਾਲੀ) ਦੇ ਹਾਲਾਤ ਪਹਿਲਾਂ ਤੋਂ ਵੀ ਜ਼ਿਆਦਾ ਖਰਾਬ
ਨਿਗਮ ਨੇ 3 ਸਾਲ ਪਹਿਲਾਂ 12 ਪਿੰਡ ਆਪਣੀ ਹੱਦ ਵਿਚ ਸ਼ਾਮਲ ਕੀਤੇ ਸਨ ਪਰ ਇਨ੍ਹਾਂ ਕਾਲੋਨੀਆਂ ਵਿਚ ਵਿਕਾਸ ਕਰਵਾਉਣ ਵੱਲ ਜਲੰਧਰ ਨਿਗਮ ਦਾ ਬਿਲਕੁਲ ਵੀ ਧਿਆਨ ਨਹੀਂ ਹੈ। ਵੈੱਲਫੇਅਰ ਸੋਸਾਇਟੀ ਸੁਭਾਨਾ ਆਰਮੀ ਐਨਕਲੇਵ (ਹੱਲੋਤਾਲੀ) ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸੀ. ਏ. ਨਿਤਿਨ ਮਹਾਜਨ ਕਹਿੰਦੇ ਹਨ ਕਿ ਕਾਲੋਨੀ ਨੂੰ ਜਾਣ ਵਾਲੀ ਸੜਕ ਤਾਂ ਖ਼ਸਤਾ ਹਾਲਤ ਹੈ ਹੀ, ਕਾਲੋਨੀ ਦੀਆਂ ਸੜਕਾਂ ਵੀ ਕੱਚੀਆਂ ਅਤੇ ਟੁੱਟੀਆਂ ਹੋਈਆਂ ਹਨ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਕੋਈ ਆਟੋ ਰਿਕਸ਼ਾ ਵਾਲਾ ਇਥੇ ਆਉਣ ਨੂੰ ਰਾਜ਼ੀ ਨਹੀਂ ਹੁੰਦਾ। ਬਰਸਾਤ ਦੇ ਦਿਨਾਂ ਵਿਚ ਤਾਂ ਕਾਲੋਨੀ ਦੇ ਅੰਦਰ ਜਾਣਾ ਤੱਕ ਮੁਸ਼ਕਲ ਹੋ ਜਾਂਦਾ ਹੈ। ਇਹੀ ਹਾਲਾਤ ਆਲੇ-ਦੁਆਲੇ ਦੇ ਵੱਡੇ ਇਲਾਕੇ ਦੇ ਹਨ, ਜਿਸ ਵੱਲ ਨਿਗਮ ਦੇ ਅਧਿਕਾਰੀ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ। ਕਈ ਥਾਵਾਂ ’ਤੇ ਤਾਂ ਸੀਵਰੇਜ ਲਾਈਨ ਅਤੇ ਵਾਟਰ ਸਪਲਾਈ ਲਾਈਨ ਪਾਉਣ ਲਈ ਪੁਟਾਈ ਕੀਤੀ ਹੋਈ ਹੈ ਪਰ ਉਥੇ ਵੀ ਸੜਕ ਦੇ ਨਿਰਮਾਣ ਸਬੰਧੀ ਕੰਮ ਨਹੀਂ ਕੀਤਾ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਹੁਣ ਵੀ ਜੇਕਰ ਸਰਕਾਰ ਇਨ੍ਹਾਂ 12 ਪਿੰਡਾਂ ਵਿਚ ਰੋਡ ਨੈੱਟਵਰਕ ਵਿਛਾਉਣ, ਸੀਵਰੇਜ ਅਤੇ ਵਾਟਰ ਸਪਲਾਈ ਨਾਲ ਸਬੰਧਤ ਸਾਰੇ ਕੰਮ ਸ਼ੁਰੂ ਕਰਵਾਵੇ ਤਾਂ ਵੀ ਇਨ੍ਹਾਂ ਨੂੰ ਪੂਰਾ ਹੋਣ ਵਿਚ 3-4 ਸਾਲ ਲੱਗ ਜਾਣਗੇ, ਇਸ ਲਈ ਇਹ ਕੰਮ ਪਹਿਲ ਦੇ ਆਧਾਰ ’ਤੇ ਜਲਦ ਸ਼ੁਰੂ ਕਰਵਾਏ ਜਾਣੇ ਚਾਹੀਦੇ ਹਨ। ਲੋਕਾਂ ਨੂੰ ਕਾਲੋਨੀਆਂ ਤੱਕ ਜਾਣ ਲਈ ਆਸਾਨ ਰਸਤੇ ਨਹੀਂ ਮਿਲ ਰਹੇ। ਮੈਡੀਕਲ ਐਮਰਜੈਂਸੀ ਵਿਚ ਵੀ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ।
ਇਹ ਵੀ ਪੜ੍ਹੋ : ਫਰੀਦਕੋਟ ਵਿਖੇ ਸ਼ੱਕੀ ਹਾਲਾਤ 'ਚ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਨਾਕੇ ਦੌਰਾਨ ਪੁਲਸ ਨੇ ਰੇਤ ਨਾਲ ਭਰੇ ਦੋ ਟਿਪਰਾਂ ਨੂੰ ਚਾਲਕਾਂ ਸਮੇਤ ਕਬਜ਼ੇ ’ਚ ਲਿਆ
NEXT STORY