ਜਲੰਧਰ— ਦੇਸ਼ ਦੇ ਕੁਝ ਹਿੱਸਿਆਂ 'ਚ ਰਵਾਇਤੀ ਤੌਰ 'ਤੇ ਮੋਰਿੰਗਾ ਦੀਆਂ ਪੱਤੀਆਂ ਅਤੇ ਫਲੀਆਂ ਦੀ ਸਬਜ਼ੀ ਲੋਕ ਖਾਂਦੇ ਰਹੇ ਹਨ ਪਰ ਜ਼ਿਆਦਾਤਰ ਲੋਕ ਇਸ ਦੇ ਫਾਇਦਿਆਂ ਤੋਂ ਅੱਜ ਵੀ ਅਣਜਾਣ ਹਨ। 'ਮੋਰਿੰਗਾ ਓਲੇਈਫੇਰਾ' ਜਾਂ ਡ੍ਰਮਸਟਿਕਸ ਨੂੰ ਹੁਣ ਇਕ ਸੁਪਰਫੂਡ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੀ ਵਰਤੋਂ ਦੇ ਅਣਗਿਣਤ ਸਿਹਤ ਫਾਇਦੇ ਹਨ।ਇਸ ਦੀ ਜੜ੍ਹ, ਛਿੱਲ, ਪੱਤੇ, ਫੁੱਲ, ਫਲ ਤੋਂ ਲੈ ਕੇ ਬੀਜ ਤੱਕ ਵੱਖ-ਵੱਖ ਤਰ੍ਹਾਂ ਦੇ ਪੋਸ਼ਣ ਅਤੇ ਔਸ਼ਧੀ ਲਾਭ ਪ੍ਰਦਾਨ ਕਰਦੇ ਹਨ। ਪੱਤੀਆਂ ਨੂੰ ਸੁਕਾ ਕੇ ਬਣਨ ਵਾਲਾ ਪਾਊਡਰ ਸਭ ਤੋਂ ਵੱਧ ਪੋਸ਼ਟਿਕ ਹੈ।
ਮੋਰਿੰਗਾ ਦੇ ਸਿਹਤ ਲਾਭ
ਰੋਗ ਪ੍ਰਤੀ ਰੱਖਿਆ ਵਾਧਾ, ਸੋਜ 'ਚ ਕਮੀ ਅਤੇ ਰੋਗ ਵਿਰੋਧੀ ਪ੍ਰਭਾਵ
ਮੋਰਿੰਗਾ 'ਚ ਸੋਜਿਸ਼ ਘੱਟ ਕਰਨ, ਕੋਸ਼ਿਕਾਵਾਂ ਦੀ ਰੱਖਿਆ ਦੇ ਗੁਣ ਹਨ ਅਤੇ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤ ਹਨ, ਜੋ ਰੋਗਾਂ ਦੀ ਰੋਕਥਾਮ 'ਚ ਮਦਦ ਕਰਦੇ ਹਨ। ਇਸ 'ਚ ਵਿਟਾਮਿਨ 'ਸੀ' ਵੀ ਹੈ ਅਤੇ ਅਜਿਹੇ ਕਈ ਤੱਤ ਹਨ, ਜੋ ਰੋਗ ਪ੍ਰਤੀ ਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਦੇ ਬੀਜ ਅਤੇ ਜੜ੍ਹਾਂ 'ਚ ਵੀ ਰੋਗ ਵਿਰੋਧੀ ਤਾਕਤ ਹੈ, ਜੋ ਸਰੀਰ ਚ ਰੋਗਾਂ ਨੂੰ ਫੈਲਣ ਤੋਂ ਰੋਕਦਾ ਹੈ।
ਬਲੱਡ ਸ਼ੂਗਰ 'ਤੇ ਕਰੇ ਕੰਟਰੋਲ
'ਮੋਰਿੰਗਾ' ਦੇ ਪੱਤਿਆਂ 'ਚ ਇਕ ਤਰ੍ਹਾਂ ਦਾ ਐਸਿਡ ਕਲਰੋਜੈਨਿਕ ਹੁੰਦਾ ਹੈ, ਜੋ ਕੋਸ਼ਿਕਾਵਾਂ ਨੂੰ ਲੋੜ ਮੁਤਾਬਕ ਗੁਲੂਕੋਜ਼ ਲੈਣ ਜਾਂ ਛੱਡਣ ਦੀ ਤਾਕਤ ਦੇ ਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਰੱਖਣ 'ਚ ਮਦਦ ਕਰਦਾ ਹੈ, ਇਸ ਲਈ ਇਹ ਪੀ-ਡਾਇਬਟਿਕ ਅਤੇ ਡਾਇਬਟਿਕ ਦੋਵਾਂ ਲਈ ਫਾਇਦੇਮੰਦ ਹੈ।
ਦਿਲ ਸਿਹਤਮੰਦ ਰੱਖਦਾ ਹੈ ਅਤੇ ਅੰਤੜੀ ਦੀ ਚਰਬੀ 'ਚ ਕਰੇ ਕਮੀ
'ਮੋਰਿੰਗਾ' ਦੀਆਂ ਪੱਤੀਆਂ ਦਿਲ ਦੇ ਰੋਗ ਦੀ ਰੋਕਥਾਮ ਲਈ ਸੁਰੱਖਿਅਤ ਅਤੇ ਸਸਤੇ ਸੋਮੇ ਦੇ ਰੂਪ 'ਚ ਕੰਮ ਕਰਦੀਆਂ ਹਨ। ਪੱਤੀਆਂ ਦੇ ਅਰਕ ਨਾਲ ਬਣਿਆ ਪਾਊਡਰ ਦਿਲ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਹ ਕੋਲੈਸਟ੍ਰਾਲ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਸ ਦੀਆਂ ਪੱਤੀਆਂ ਦਾ ਅਰਕ ਫੈਟੀ ਲਿਵਰ ਦੇ ਗਠਨ ਨੂੰ ਵੀ ਉਲਟਾ ਸਕਦਾ ਹੈ, ਜਿਸ ਨਾਲ ਅੰਤੜੀ 'ਚ ਚਿਕਨਾਈ ਘੱਟ ਕਰਨ 'ਚ ਮਦਦ ਮਿਲਦੀ ਹੈ।

ਕੈਲਸ਼ੀਅਮ ਦਾ ਚੰਗਾ ਸੋਮਾ
'ਮੋਰਿੰਗਾ ਦੀਆਂ 100 ਗ੍ਰਾਮ ਪੱਤੀਆਂ 'ਚ 314 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ, ਜਿਸ ਕਾਰਨ ਇਹ ਹੱਡੀਆਂ ਲਈ ਵੀ ਚੰਗਾ ਹੈ ਅਤੇ 'ਆਸਟੀਓਪੋਰੋਸਿਸ' ਤੋਂ ਪੀੜਤ ਲੋਕਾਂ ਲਈ ਵੀ ਵਿਸ਼ੇਸ਼ ਤੌਰ 'ਤੇ ਫਾਇਦੇਮੰਦ ਹੈ।
ਕੈਂਸਰ ਰੋਕੁ ਗੁਣ
'ਮੋਰਿੰਗਾ' ਦੇ ਬੂਟੇ 'ਚ ਐਂਟੀਆਕਸੀਡੈਂਟਸ ਅਤੇ ਸਰੀਰ ਦੇ ਅੰਦਰੂਨੀ ਹਿੱਸਿਆਂ ਦੀ ਸਫਾਈ ਕਰਨ ਦੇ ਵਿਸ਼ੇਸ਼ ਗੁਣ ਹਨ, ਜਿਸ ਨਾਲ ਟਿਊਮਰ ਦੇ ਵਿਰੁੱਧ ਇਹ ਬਹੁਤ ਅਸਰਦਾਰ ਹੈ ।ਨਾ ਹੀ ਇਸ ਦੀ ਵਰਤੋਂ ਨਾਲ ਕੈਂਸਰ ਦੇ ਇਲਾਜ ਲਈ ਕੀਤੀ ਜਾਣ ਵਾਲੀ 'ਕੀਮੋਥੈਰੇਪੀ ਦਾ ਜ਼ਿਆਦਾ ਅਸਰ ਹੁੰਦਾ ਹੈ ਕਿਉਂਕਿ ਇਹ ਟਿਉਮਰ ਵਾਲੀਆਂ ਕੋਸ਼ਿਕਾਵਾਂ ਦੀ ਸੰਵੇਦਨਸ਼ੀਲਤਾ ਨੂੰ ਵਧਾ ਦਿੰਦਾ ਹੈ। ਇਹ ਕੈਂਸਰ ਕੋਸ਼ਿਕਾਵਾਂ ਦੀ ਵੰਡ ਨੂੰ ਰੋਕਦਾ ਹੈ ਅਤੇ ਖਰਾਬ ਕੋਸ਼ਿਕਾਵਾਂ ਨੂੰ ਖਤਮ ਕਰਨ 'ਚ ਵੀ ਮਦਦਗਾਰ ਹੈ।
ਇੰਝ ਕਰੋ 'ਮੋਰਿੰਗਾ' ਦੀ ਵਰਤੋਂ
ਇਸ ਦੀਆਂ ਪੱਤੀਆਂ ਨੂੰ ਛਾਣ 'ਚ ਸੁਕਾਓ ਤਾਂ ਕਿ ਇਸ ਦੇ ਪੋਸ਼ਟਿਕ ਤੱਤ ਸੁਰੱਖਿਅਤ ਰਹਿਣ। ਸੁੱਕ ਜਾਣ ਤੋਂ ਬਾਅਦ ਉਨ੍ਹਾਂ ਦਾ ਪਾਊਡਰ ਬਣਾ ਕੇ ਹਵਾ-ਬੰਦ ਕੰਟੇਨਰ 'ਚ ਸਟੋਰ ਕਰ ਲਓ। ਇਸ ਦੀ ਵਰਤੋਂ ਭੋਜਨ ਜਾਂ ਵੈਜੀਟੇਬਲ ਜੂਸ 'ਚ ਪਾ ਕੇ ਕੀਤੀ ਜਾ ਸਕਦੀ ਹੈ।
'ਮੋਰਿੰਗਾ ਨੂੰ ਨਿਯਮਿਤ ਖਾਣ-ਪੀਣ 'ਚ ਸ਼ਾਮਲ ਕਰਨ ਦਾ ਇਕ ਸਭ ਤੋਂ ਚੰਗਾ ਤਰੀਕਾ 'ਮੋਰਿੰਗਾ' ਚਾਹ ਪੀਣਾ ਹੈ। ਬਾਜ਼ਾਰ 'ਚ ਮੋਰਿੰਗਾ-ਕਈ ਬਾਂਡਜ਼ 'ਚ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਨਾਲ ਸੂਪ ਜਾਂ ਸਬਜ਼ੀ ਬਣਾਉਣ ਤੋਂ ਇਲਾਵਾ ਚਾਹੋ ਤਾਂ ਇਸ ਦੀਆਂ ਪੱਤੀਆਂ ਨੂੰ ਦਾਲ 'ਚ ਪਾ ਕੇ ਵੀ ਰਿੰਨਿਆ ਜਾ ਸਕਦਾ ਹੈ।
ਜ਼ਰੂਰੀ ਸਾਵਧਾਨੀਆਂ
ਗਰਭ ਅਵਸਥਾ :
ਗਰਭ ਅਵਸਥਾ ਦੌਰਾਨ ਮੋਰਿੰਗਾ ਦੀ ਜੜ੍ਹ, ਛਿੱਲ ਜਾਂ ਫੁੱਲਾਂ ਦੀ ਵਰਤੋਂ ਅਸੁਰੱਖਿਅਤ ਹੈ। ਇਨ੍ਹਾਂ 'ਚ ਮੌਜੂਦ ਰਸਾਇਣ ਬੱਚੇਦਾਨੀ ਨੂੰ ਸੰਗੇੜ ਦਿੰਦੇ ਹਨ, ਜਿਸ ਨਾਲ ਗਰਭਪਾਤ ਹੋ ਸਕਦਾ ਹੈ।
ਦੁੱਧ ਚੁੰਘਾਉਣਾ :
ਮੋਰਿੰਗਾ ਦਾ ਇਸਤਮਾਲ ਕਦੇ-ਕਦੇ ਮਾਂ ਦੇ ਦੁੱਧ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ। ਕੁਝ ਖੋਜਾਂ ਦੱਸਦੀਆਂ ਹਨ ਕਿ ਅਜਿਹਾ ਹੋ ਸਕਦਾ ਹੈ ਪਰ ਇਸ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਹੈ ਕਿ ਇਹ ਬੱਚਿਆਂ ਲਈ ਸੁਰੱਖਿਅਤ ਹੈ ਜਾਂ ਨਹੀਂ, ਇਸ ਲਈ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਇਸ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ।
ਰੋਜ਼ਾਨਾ ਸਾਧਾਰਨ ਸਰਗਰਮੀ ਨਾਲ ਤੁਸੀਂ ਬਿਤਾ ਸਕਦੇ ਹੋ ਤੰਦਰੁਸਤ ਜੀਵਨ
NEXT STORY