ਮਾਸਕੋ (ਭਾਸ਼ਾ)- ਕਜ਼ਾਕਿਸਤਾਨ ਵਿੱਚ ਬਾਲਣ ਦੀਆਂ ਕੀਮਤਾਂ ਵਿਚ ਵਾਧੇ ਤੋਂ ਭੜਕੇ ਪ੍ਰਦਰਸ਼ਨ ਦੌਰਾਨ ਸਰਕਾਰੀ ਇਮਾਰਤਾਂ 'ਤੇ ਹੋਏ ਹਮਲਿਆਂ ਵਿੱਚ ਦਰਜਨਾਂ ਪ੍ਰਦਰਸ਼ਨਕਾਰੀ ਮਾਰੇ ਗਏ ਹਨ ਅਤੇ ਘੱਟੋ-ਘੱਟ 12 ਪੁਲਸ ਅਧਿਕਾਰੀਆਂ ਦੀ ਮੌਤ ਹੋਈ ਹੈ।ਇਨ੍ਹਾਂ ਵਿੱਚੋਂ ਇੱਕ ਅਧਿਕਾਰੀ ਦਾ ਸਿਰ ਕਲਮ ਕਰ ਦਿੱਤਾ ਗਿਆ। ਪੁਲਸ ਦੇ ਬੁਲਾਰੇ ਸੁਲਤਾਨਤ ਅਜ਼ੀਰਬੇਕ ਨੇ ਸਰਕਾਰੀ ਨਿਊਜ਼ ਚੈਨਲ 'ਖੈਬਰ-24' ਨੂੰ ਦੱਸਿਆ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ 'ਚ ਰਾਤ ਸਮੇਂ ਇਮਾਰਤਾਂ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਕਈ ਹਮਲਾਵਰ ਮਾਰੇ ਗਏ।
ਉਹਨਾਂ ਨੇ ਕਿਹਾ ਕਿ ਬੁੱਧਵਾਰ ਨੂੰ ਸ਼ਹਿਰ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਮਾਰਤਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿੱਚ ਮੇਅਰ ਦੀ ਇਮਾਰਤ 'ਤੇ ਕਬਜ਼ਾ ਕਰਨਾ ਵੀ ਸ਼ਾਮਲ ਸੀ। ਇਸ ਇਮਾਰਤ ਨੂੰ ਅੱਗ ਲਗਾ ਦਿੱਤੀ ਗਈ। ਖਬਰ-24 ਨੇ ਸਿਟੀ ਕਮਾਂਡੈਂਟ ਦਫਤਰ ਦੇ ਹਵਾਲੇ ਨਾਲ ਦੱਸਿਆ ਕਿ 12 ਪੁਲਸ ਅਧਿਕਾਰੀਆਂ ਦੀ ਮੌਤ ਤੋਂ ਇਲਾਵਾ 353 ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜ਼ਖਮੀ ਹੋਏ ਹਨ। ਕਜ਼ਾਕਿਸਤਾਨ ਨੂੰ ਤਿੰਨ ਦਹਾਕੇ ਪਹਿਲਾਂ ਆਜ਼ਾਦੀ ਮਿਲਣ ਤੋਂ ਬਾਅਦ ਸਭ ਤੋਂ ਭਿਆਨਕ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ ਦੀ ਅਗਵਾਈ ਵਾਲੀ ਗੱਠਜੋੜ ਸਮੂਹਿਕ ਸੁਰੱਖਿਆ ਸੰਧੀ ਸੰਗਠਨ (CSTO) ਨੇ ਵੀਰਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਕਾਸਿਮ-ਜੋਮਾਰਟ ਤੋਕਾਏਵ ਦੀ ਬੇਨਤੀ 'ਤੇ ਕਜ਼ਾਕਿਸਤਾਨ ਵਿੱਚ ਸ਼ਾਂਤੀ ਰੱਖਿਅਕ ਭੇਜੇਗਾ।
ਤਰਲ ਪੈਟਰੋਲੀਅਮ ਗੈਸ ਈਂਧਨ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਨੂੰ ਲੈ ਕੇ ਐਤਵਾਰ ਨੂੰ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਕਜ਼ਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਸ਼ ਦੇ ਪੱਛਮ ਵਿੱਚ ਸ਼ੁਰੂ ਹੋਏ ਪ੍ਰਦਰਸ਼ਨ ਅਲਮਾਟੀ ਅਤੇ ਰਾਜਧਾਨੀ ਨੂਰ-ਸੁਲਤਾਨ ਤੱਕ ਫੈਲ ਗਏ। ਬੁੱਧਵਾਰ ਨੂੰ ਤੋਕਾਯੇਵ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸਖ਼ਤ ਕਦਮ ਚੁੱਕਣ ਦੀ ਸਹੁੰ ਖਾਧੀ ਅਤੇ ਦੇਸ਼ ਭਰ ਵਿੱਚ ਦੋ ਹਫ਼ਤਿਆਂ ਦੀ ਐਮਰਜੈਂਸੀ ਦੀ ਘੋਸ਼ਣਾ ਕੀਤੀ। ਪਹਿਲਾਂ ਇਹ ਸਿਰਫ ਰਾਜਧਾਨੀ ਨੂਰ ਸੁਲਤਾਨ ਅਤੇ ਅਲਮਾਟੀ ਵਿੱਚ ਲਾਗੂ ਸੀ, ਜਿਸ ਦੇ ਤਹਿਤ ਰਾਤ ਦਾ ਕਰਫਿਊ ਸੀ ਅਤੇ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਦੀ ਆਵਾਜਾਈ ਨੂੰ ਸੀਮਤ ਕੀਤਾ ਗਿਆ ਸੀ। ਪ੍ਰਦਰਸ਼ਨਾਂ ਨੂੰ ਲੈ ਕੇ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਤਰਲ ਪੈਟਰੋਲੀਅਮ ਗੈਸ ਦੀ ਵਰਤੋਂ ਵਿਆਪਕ ਤੌਰ 'ਤੇ ਵਾਹਨ ਦੇ ਬਾਲਣ ਵਜੋਂ ਕੀਤੀ ਜਾਂਦੀ ਹੈ। ਵਿਰੋਧ ਪ੍ਰਦਰਸ਼ਨਾਂ ਦੀ ਤੀਬਰਤਾ ਦੇਸ਼ ਵਿੱਚ ਵਿਆਪਕ ਅਸੰਤੋਸ਼ ਦਾ ਸੰਕੇਤ ਹੈ। 1991 ਵਿੱਚ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਇੱਕ ਪਾਰਟੀ ਦਾ ਸ਼ਾਸਨ ਹੈ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦਾ ਨਵਾਂ ਨਿਰਦੇਸ਼, ਔਰਤਾਂ ਦੀਆਂ ਖੇਡ ਗਤੀਵਿਧੀਆਂ 'ਤੇ ਲਾਈ ਪਾਬੰਦੀ
ਤੋਕਾਯੇਵ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਅੱਤਵਾਦੀ ਕਰ ਰਹੇ ਹਨ, ਜਿਨ੍ਹਾਂ ਨੂੰ ਅਣਪਛਾਤੇ ਦੇਸ਼ਾਂ ਤੋਂ ਮਦਦ ਮਿਲ ਰਹੀ ਹੈ। ਕਜ਼ਾਕਿਸਤਾਨ ਦੁਨੀਆ ਦਾ ਨੌਵਾਂ ਸਭ ਤੋਂ ਵੱਡਾ ਦੇਸ਼ ਹੈ। ਇਸ ਦੀ ਉੱਤਰੀ ਸਰਹੱਦ ਰੂਸ ਨਾਲ ਅਤੇ ਪੂਰਬੀ ਸਰਹੱਦ ਚੀਨ ਨਾਲ ਲੱਗਦੀ ਹੈ। ਦੇਸ਼ ਕੋਲ ਤੇਲ ਦੇ ਵੱਡੇ ਭੰਡਾਰ ਹਨ ਜੋ ਇਸ ਨੂੰ ਰਣਨੀਤਕ ਅਤੇ ਆਰਥਿਕ ਤੌਰ 'ਤੇ ਮਹੱਤਵਪੂਰਨ ਬਣਾਉਂਦੇ ਹਨ। ਇਨ੍ਹਾਂ ਭੰਡਾਰਾਂ ਅਤੇ ਖਣਿਜਾਂ ਦੀ ਅਮੀਰੀ ਦੇ ਬਾਵਜੂਦ ਦੇਸ਼ ਦੇ ਕੁਝ ਹਿੱਸਿਆਂ ਵਿੱਚ ਗਰੀਬਾਂ ਦੀ ਮਾੜੀ ਹਾਲਤ ਨੂੰ ਲੈ ਕੇ ਅਸੰਤੁਸ਼ਟੀ ਹੈ। ਪ੍ਰਦਰਸ਼ਨਕਾਰੀਆਂ ਕੋਲ ਕੋਈ ਆਗੂ ਜਾਂ ਮੰਗ ਨਹੀਂ ਜਾਪਦੀ ਹੈ। ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਨੂਰ ਸੁਲਤਾਨ ਨਜ਼ਰਬਾਯੇਵ ਦਾ ਹਵਾਲਾ ਦਿੰਦੇ ਹੋਏ 'ਪੁਰਾਣੇ ਲੋਕ ਜਾਓ' ਦੇ ਨਾਅਰੇ ਲਗਾਏ। ਉਨ੍ਹਾਂ ਨੇ 2019 'ਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਉਨ੍ਹਾਂ ਦਾ ਪ੍ਰਭਾਵ ਅਜੇ ਵੀ ਕਾਇਮ ਹੈ। ਨੂਰ-ਸੁਲਤਾਨ ਅਤੇ ਅਲਮਾਟੀ ਤੱਕ ਪਹੁੰਚਣ ਤੋਂ ਬਾਅਦ ਸਰਕਾਰ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਪਰ ਤੋਕਾਯੇਵ ਨੇ ਕਿਹਾ ਕਿ ਮੰਤਰੀ ਉਦੋਂ ਤੱਕ ਅਹੁਦੇ 'ਤੇ ਬਣੇ ਰਹਿਣਗੇ ਜਦੋਂ ਤੱਕ ਨਵੀਂ ਕੈਬਨਿਟ ਨਹੀਂ ਬਣ ਜਾਂਦੀ।
ਇਨਸਾਨੀਅਤ ਸ਼ਰਮਸਾਰ: ਹਸਪਤਾਲ ਨੇ ਗਰਭਵਤੀ ਮਹਿਲਾ ਨੂੰ ਦਾਖ਼ਲ ਕਰਨ ਤੋਂ ਕੀਤਾ ਇਨਕਾਰ, ਹੋਇਆ ਗਰਭਪਾਤ
NEXT STORY