ਗੱਲ 1987 ਦੀ ਹੈ ਜਦ ਮੈਂ ਪਿੰਡ ਦੇ ਸਕੂਲ ਵਿਚ ਸੱਤਵੀਂ ਕਲਾਸ ਵਿਚ ਪੜ੍ਹਦਾ ਸੀ।ਉਸ ਸਮੇਂ ਪਿੰਡ ਵਿਚ ਕਿਸੇ-ਕਿਸੇ ਘਰ ਸਾਈਕਲ ਹੁੰਦਾ ਸੀ ਅਤੇ ਜਿਸ ਕੋਲ ਵੀ ਸਾਈਕਲ ਹੁੰਦਾ ਸੀ ਉਸਦੀ ਟੌਹਰ ਵੱਖਰੀ ਹੀ ਹੁੰਦੀ ਸੀ ।ਜਦ ਵੀ ਕੋਈ ਹਾਣ ਦਾ ਹਾਣੀ ਜਿਸਦੇ ਘਰ ਸਾਈਕਲ ਸੀ ਉਹ ਸਾਈਕਲ ਸਿੱਖਣ ਲਈ ਕੈਂਚੀ ਸਿੱਖਣ ਘਰੋਂ ਬਾਹਰ ਪਿੰਡ ਦੇ ਖੁਲ੍ਹੇ ਮੈਦਾਨ ਵਿਚ ਜਾਂਦਾ ਤਾਂ ਆਪਣੇ-ਆਪ ਨੂੰ ਖਿੱਜ ਮਹਿਸੂਸ ਹੁੰਦੀ ਸੀ।ਸਾਡੇ ਘਰ ਵੀ ਸਾਈਕਲ ਤਾਂ ਸੀ ਪਰ ਉਹ ਤਾਇਆ ਜੀ ਨੇ ਆਪਣੇ ਲਈ ਰੱਖਿਆ ਹੋਇਆ ਸੀ ਜਿਸਤੇ ਉਹ ਸ਼ਹਿਰੋਂ ਦੁਕਾਨ ਦਾ ਸੌਦਾ ਪੱਤਾ ਲਿਆਉਂਦੇ ਸਨ ਅਤੇ ਕਿਸੇ ਨੂੰ ਵੀ ਹੱਥ ਨਹੀਂ ਲਗਾਉਣ ਦਿੰਦੇ ਸੀ ।ਉਨ੍ਹਾਂ ਸਮੇਂ ਵਿਚ ਤਾਏ-ਚਾਚੇ ਦਾਦਾ-ਦਾਦੀ ਇਕੋ ਘਰ ਵਿਚ ਇਕੱਠੇ ਰਹਿੰਦੇ ਸਨ। ਮੇਰੇ ਤਾਇਆ ਜੀ ਪਿੰਡ ਵਿਚ ਕਰਿਆਨੇ ਦੀ ਦੁਕਾਨ ਕਰਦੇ ਸੀ ਤੇ ਨਾਲ ਹੀ ਪਿੰਡ ਦਾ ਡਾਕਖਾਨਾ ਵੀ ਉਨ੍ਹਾਂ ਦੇ ਨਾਮ ਤੇ ਸੀ। ਸਕੂਲ ਸਮੇਂ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਸਾਡੀ ਡਿਉਟੀ ਖੇਤ ਵਿਚ ਕੰਮ ਕਰਦੇ ਚਾਚਾ ਜੀ ਅਤੇ ਮਜ਼ਦੂਰਾਂ ਨੂੰ ਚਾਹ-ਰੋਟੀ
ਫੜਾਉਣ ਦੀ ਸੀ ਅਤੇ ਪਿੰਡ ਦੇ ਘਰਾਂ ਵਿਚ ਚਿੱਠੀਆਂ ਵੰਡਣ ਦਾ ਕੰਮ ਵੀ ਮੇਰੇ ਅਤੇ ਤਾਏ ਦੇ ਲੜਕੇ ਦੇ ਹਿੱਸੇ ਸੀ । ਵੈਸੇ ਤਾਂ ਘਰਦੇ ਸਾਈਕਲ ਨੂੰ ਹੱਥ ਨਹੀਂ ਲਾਉਣ ਦਿੰਦੇ ਸੀ ਪਰ ਸਾਈਕਲ ਲਈ ਗਰਮੀ-ਸਰਦੀ ਦੀ ਪਰਵਾਹ ਕੀਤੇ ਬਿਨਾ ਸਾਨੂੰ ਕੀ-ਕੀ ਪਾਪੜ ਵੇਲਣੇ ਪੈਂਦੇ ਸੀ,ਇਹ ਤਾਂ ਅਸੀਂ ਜਾਂ ਉਸ ਸਮੇਂ ਬਚਪਨ ਬਿਤਾ ਚੁੱਕੇ ਵਿਅਕਤੀ ਹੀ ਜਾਣ ਸਕਦੇ ਨੇ। ਸਾਈਕਲ ਚਲਾਉਣ ਲਈ ਸਾਨੂੰ ਖੇਤ ਚਾਹ-ਰੋਟੀ ਫੜਾਉਣ ਜਾਂ ਪਿੰਡ ਵਿਚ ਚਿੱਠੀਆਂ ਵੰਡਣ ਦਾ ਕੰਮ ਬਾਖੂਬੀ ਨਿਭਾਉਣਾ ਪੈਂਦਾ ਸੀ ,ਫਿਰ ਗਰਮੀ ਕੀ ਤੇ ਸਰਦੀ ਕੀ ਹਰ ਮੌਸਮ ਵਿਚ ਸਾਈਕਲ ਚਲਾਉਣ ਦੇ ਚਾਅ ਕਰਕੇ ਘਰ ਦੇ ਸਾਰੇ ਕੰਮ ਚਾਂਈ-ਚਾਂਈ ਕਰਦੇ ਸੀ, ਜਿਸਦਾ ਨਜਾਰਾਂ ਹੀ ਵੱਖਰਾ ਹੁੰਦਾ ਸੀ।ਉਸ ਸਮੇਂ ਫਰਿੱਜ ਟਾਂਵੇ ਘਰਾਂ ਵਿਚ ਹੀ ਸਨ ਅਤੇ ਗਰਮੀ ਦੇ ਦਿਨਾਂ ਵਿਚ ਸਾਡੀ ਦੁਕਾਨ ਤੇ ਬਰਫ ਦੀ ਲਾਗਤ ਬਹੁਤ ਜ਼ਿਆਦਾ ਹੁੰਦੀ ਸੀ।ਰੋਜ਼ਾਨਾਂ ਇਕ ਵਾਰ ਤਾਂ ਤਾਇਆ ਜੀ ਖੁੱਦ ਸਾਈਕਲ ਤੇ ਸ਼ਹਿਰੋਂ ਸੌਦਾ-ਪੱਤਾ ਲਿਆਉਣ ਵੇਲੇ ਸਾਈਕਲ ਤੇ ਬਰਫ ਲੈ ਆਉਂਦੇ ਸਨ ਅਤੇ ਮੈਂ ਸਾਈਕਲ ਚਲਾਉਣ ਦੇ ਚੱਕਰ ਵਿਚ ਦੁਪਹਿਰ ਦੇ ਸਮੇਂ ਦੁਕਾਨ ਤੇ ਬੈਠੇ ਦੇਖਦਾ ਕਿ ਕਦ ਬਰਫ ਖਤਮ ਹੋਵੇਗੀ ਅਤੇ ਕਦ ਤਾਇਆ ਜੀ ਮੈਨੂੰ ਸਾਈਕਲ ਤੇ ਸਹਿਰੋਂ ਬਰਫ ਲਿਆਉਣ ਲਈ ਕਹਿਣਗੇ,ਜਦ ਬਰਫ ਲਿਆਉਣ ਦਾ ਫੁਰਮਾਨ ਜਾਰੀ ਕਰਦੇ ਤਾਂ ਅੱਠ ਕਿਲੋਮੀਟਰ ਦੂਰ ਸਾਈਕਲ ਤੇ ਸ਼ਹਿਰ ਜਾਣ ਦਾ ਚਾਅ ਇਨ੍ਹਾਂ ਹੋ ਜਾਦਾਂ ਸੀ ਜਿਵੇਂ ਅੱਜ ਦੇ ਸਮੇਂ ਜਹਾਜ ਚੜ੍ਹਨ ਦਾ ਹੋਵੇ।ਇਕ ਦਿਨ ਅਜਿਹਾ ਵੀ ਆਇਆ ਜਦ ਮੇਰੀ ਖੁਸ਼ੀ ਦਾ ਠਿਕਾਣਾ ਨਾ ਰਿਹਾ, ਮੇਰੇ ਪਿਤਾ ਜੀ (ਜੋ ਕਿ ਪੰਜਾਬ ਪੁਲੀਸ ਵਿਚ ਸਨ ਅਤੇ ਉਸ ਸਮੇਂ ਪੰਜਾਬ ਪੁਲਿਸ ਕੋਲ ਵੀ ਸਾਈਕਲ ਹੀ ਹੁੰਦੇ ਸਨ) ਨੇ ਆਪਣਾ ਪੁਰਾਣਾ ਸਾਈਕਲ ਘਰ ਲਿਆਦਾਂ ਅਤੇ ਕਿਹਾ ਕਿ ਇਹ ਤੇਰੇ ਲਈ ਹੈ ਅਤੇ ਉਸ ਸਮੇਂ ਮੈਨੂੰ ਏਨੀ ਕੁ ਖੁਸ਼ੀ ਹੋਈ ਕਿ ਮੈਂਨੂੰ ਪਤਾ ਹੀ ਨਾ ਲੱਗਾ ਕਦ ਮੈਂ ਚਾਂਈ-ਚਾਂਈ ਸੇਖੀ ਮਾਰਦਾ ਹੋਇਆ ਪਿੰਡ ਦੇ ਚਾਰ-ਪੰਜ ਗੇੜੇ ਸਾਈਕਲ ਤੇ ਲਾ ਦਿੱਤੇ।
ਮਨਜੀਤ ਪਿਉਰੀ
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ
94174 47986
ਗਰੀਬੀ ਦੂਰ ਕਰਨੀ ਹੈ ਤਾਂ ਰਾਖਵਾਂਕਰਨ ਜਾਤੀ ਦੇ ਅਧਾਰ ਤੇ ਨਹੀਂ,ਆਰਥਿਕ ਅਧਾਰ ਤੇ ਹੋਵੇ
NEXT STORY