ਪੰਜਾਬ ਦੀ ਧਰਤੀ ਸ਼ੁਰੂ ਤੋਂ ਹੀ ਵੱਖ-ਵੱਖ ਕਿਸਮ ਦੀਆਂ ਵੰਗਾਰਾਂ ਦਾ ਮੁਕਾਬਲਾ ਕਰਨ ਲਈ ਸਮੱਰਥ ਰਹੀ ਹੈ। ਪਰ ਹੁਣ ਬਾਹਰੀ ਵੰਗਾਰਾਂ ਦੇ ਨਾਲ ਅੰਦਰੂਨੀ ਵੰਗਾਰਾਂ ਦੇ ਨਾਲ ਜੂਝਣਾ ਪੈਣਾ ਹੈ।ਅੰਦਰੂਨੀ ਵੰਗਾਰ ਵਾਤਾਵਰਨ ਦੀ ਸ਼ੁੱਧਤਾ ਲਈ ਹੈ। ਪਾਣੀ,ਧਰਤੀ ਅਤੇ ਹਵਾ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਹਨ।ਪੰਜ ਪਾਣੀਆਂ ਦੀ ਧਰਤੀ ਵਿੱਚੋਂ ਦੋ ਦਰਿਆ ਦੇਸ਼ ਦੀ ਵੰਡ ਨੇ ਅਲੱਗ ਕਰ ਦਿੱਤੇ।ਬਚੇ ਤਿੰਨ ਦਰਿਆ ਵੀ ਜ਼ਹਿਰੀਲੇ ਪਦਾਰਥਾਂ ਨੇ ਜਕੜ ਲਏ ਹਨ। 2015 ਵਿਚ ਯੂ.ਐਨ.ਓ ਨੇ ਅੰਤਰ ਰਸ਼ਟਰੀ ਮਿੱਟੀ ਵਰ੍ਹਾ ਐਲਾਨਿਆ ਇਸ ਰਿਪੋਟ ਅਨੁਸਾਰ ਪੰਜਾਬ ਦੀ ਧਰਤੀ ਭਾਰਤ ਮਾਤਾ ਦੇ ਕੁੱਲ ਹਿੱਸੇ ਦਾ 1.5 ਪ੍ਰਤੀਸ਼ਤ ਸੀ।ਜਦੋਂ ਕਿ ਇਸ ਧਰਤੀ ਨੇ 2014-15 ਵਿਚ 1521500 ਮੀਟਰਿਕ ਟਨ ਯੂਰੀਆ,658700 ਡੀ.ਏ.ਪੀ ਅਤੇ 5699 ਮੀਟਰਿਕ ਟਨ ਕੀਟਨਾਸ਼ਕ ਨਿਗਲੇ।
ਵੰਗਾਰ ਬਣੇ ਵਾਤਾਵਰਨ ਲਈ ਸਰਕਾਰੀ ਉਪਰਾਲੇ ਵੀ ਹੁੰਦੇ ਰਹਿੰਦੇ ਹਨ ਪਰ ਲੋਕਾਂ ਦਾ ਹੁੰਗਾਰਾ ਮੱਠਾ ਹੁੰਦਾ ਹੈ।ਅਸੀ ਲਾਲਚ ਪ੍ਰਸਤ ਹੋ ਕੇ ਵਾਤਾਵਰਣ ਨਾਲ ਖਿਲਵਾੜ ਕਰਦੇ ਰਹਿੰਦੇ ਹਾਂ।ਸਰਕਾਰ ਵੱਲੋਂ ਫਸਲੀ ਵਿਭਿੰਨਤਾ ਅਤੇ ਜੈਵਿਕ ਖੇਤੀ ਵਾਤਾਵਰਨ ਦੀ ਵੰਗਾਰ ਨਾਲ ਨਜਿੱਠਣ ਲਈ ਲੋਕਾਂ ਦਾ ਸਹਿਯੋਗ ਮੰਗਦੀ ਹੈ।ਪੰਜਾਬ ਵਿੱਚ ਵਣਾਂ ਅਧੀਨ 244236.18 ਹੈਕਟੇਅਰ ਰਕਬਾ ਹੈ। ਹਰ ਸਾਲ ਸਰਕਾਰੀ ਪੱਧਰ ਤੇ ਨਵੇਂ ਬੂਟੇ ਵੀ ਲਗਾਏ ਜਾਂਦੇ ਹਨ।ਇਸ ਨਾਲ ਕੁਦਰਤ ਦਾ ਸਮਤੋਲ ਬਣਿਆ ਰਹਿੰਦਾ ਹੈ।ਪੰਜਾਬ ਵਿੱਚ 2025 ਤੱਕ ਪਾਣੀ ਦੀ ਵੰਗਾਰ ਵੀ ਖੜ੍ਹੀ ਹੈ।ਦੋ ਫਸਲੀ ਚੱਕਰ ਨੇ ਪਾਣੀ ਦਾ ਪੱਧਰ ਹੇਠਾ ਕੀਤਾ ਹੈ।ਘਰਾਂ ਵਿੱਚ ਖੂਹ ਅਤੇ ਨਲਕੇ ਸੂਕੇ ਪਏ ਹਨ।ਬਚਦੇ ਪਾਣੀ ਵਿੱਚ ਜ਼ਹਿਰੀਲਾ ਮਾਦਾ ਹੈ।ਬਿਮਾਰੀਆ ਖਾਸ ਤੌਰ ਤੇ ਕੈਂਸਰ ਇਸ ਦੀ ਉਪਜ ਹੈ।
ਦੂਸ਼ਿਤ ਵਾਤਾਵਰਨ ਨਾਲ ਪੰਜਾਬੀਆਂ ਦੀ ਸਿਹਤ ਖੁਸ ਰਹੀ ਹੈ।ਪੰਜਾਬੀ ਖੇਡਾਂ ਦੀ ਬਜਾਏ ਹਸਪਤਾਲਾਂ ਵੱਲ ਜਾ ਰਹੇ ਹਨ।ਜੇ ਹਲਾਤ ਨਾ ਸਾਂਭੇ ਗਏ ਤਾਂ ਪੰਜਾਬੀਅਤ ਅਤੇ ਪੰਜਾਬੀ ਵਿਰਾਸਤ ਨੂੰ ਖੋਰਾ ਲੱਗੇਗਾ।ਅੱਜ ਲੋੜ ਹੈ,ਸ਼ੁਧ ਵਾਤਾਵਰਨ ਲਈ ਲੋਕ ਲਹਿਰ ਚਲਾਉਣ ਦੀ ਅਤੇ ਸਰਕਾਰ ਨੂੰ ਸਹਿਯੋਗ ਦੇਣ ਦੀ । ਅਲਬਟ ਆਇੰਸਟਾਈਨ ਅੰਗਰੇਜ਼ੀ ਲਿਖਾਰੀ ਦਾ ਕਥਨ ਹੈ “ਨਿਯਮਾਂ ਦੀ ਪਾਲਣਾ ਜਰੂਰੀ ਹੈ ਜੇ ਇਹ ਇਕ ਛਿਣ ਲਈ ਵੀ ਟੁੱਟ ਜਾਣ ਤਾਂ ਪੂਰਾ ਬ੍ਰਹਿਮੰਡ ਅਸਤ-ਵਿਅਸਤ ਹੋ ਸਕਦਾ ਹੈ“।ਅੱਜ ਲੋੜ ਹੈ ਵਾਤਾਵਰਨ ਦੀ ਸੰਭਾਲ ਲਈ ਸਰਕਾਰੀ, ਸਮਾਜਿਕ ਅਤੇ ਸਦਾਚਾਰਕ ਨਿਯਮਾਂ ਦੀ ਪਾਲਣਾ ਕਰੀਏ ਤਾਂ ਜੋ ਭਵਿੱਖ ਸੁਰਖਿਅਤ ਰਹੇ।
- ਸੁੱਖਪਾਲ ਸਿੰਘ ਗਿੱਲ
- ਅਬਿਆਣਾ ਕਲਾਂ
- 98781-11445