ਇਕ ਪਿੰਡ ਵਿਚ ਇਕ ਚੰਗਾ ਰੱਜਿਆ ਪੁੱਜਿਆ ਕਈ ਮੈਂਬਰਾਂ ਵਾਲਾ ਪਰਿਵਾਰ ਰਹਿੰਦਾ ਸੀ। ਘਰ ਵਿਚ ਕੋਈ ਨਾ ਕੋਈ ਮਹਿਮਾਨ ਆਇਆ ਹੀ ਰਹਿੰਦਾ ਸੀ। ਆਪਣੇ ਮਹਿਮਾਨ ਦੀ ਸੇਵਾ ਕਰਨਾ ਪੂਰਾ ਪਰਿਵਾਰ ਆਪਣਾ ਇਖਲਾਕੀ ਫ਼ਰਜ ਸਮਝਦਾ ਅਤੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਆਏ ਪ੍ਰਾਹੁਣੇ ਨੂੰ ਦੇਖ ਕਦੇ ਮੱਥੇ-ਵੱਟ ਨਹੀਂ ਸੀ ਪਾਉਂਦਾ।
ਇਕ ਵਾਰ ਅਕਤੂਬਰ ਮਹੀਨੇ ਦੀ ਗੱਲ ਹੈ। ਅਜੇ ਠੰਢ ਪੂਰੀ ਤਰ੍ਹਾਂ ਨਹੀਂ ਸੀ ਹੋਈ ਸਗੋਂ ਲੋਕ ਰਾਤ ਨੂੰ ਅਜੇ ਬਾਹਰ ਹੀ ਪੈਂਦੇ ਸਨ। ਇਸ ਪਰਿਵਾਰ ਦਾ ਘਰ ਵੀ ਬਾਹਰ ਬਾਹਰ ਫਿਰਨੀ ਉੱਤੇ ਹੀ ਸੀ। ਇਕ ਦਿਨ ਇਕ ਨਵਾਂ ਮਹਿਮਾਨ ਆਇਆ ਅਤੇ ਮਹਿਮਾਨ ਵੀ ਸੋਹਣਾ ਸੁਨੱਖਾ ਨੌਜਵਾਨ ਸੀ। ਉਸਨੇ ਦੂਰ ਦੀ ਰਿਸ਼ਤੇਦਾਰੀ ਦਾ ਹਵਾਲਾ ਦੇ ਕੇ ਆਪਣੀ ਪਹਿਚਾਣ ਦੱਸੀ। ਉਸਦੀ ਪਹਿਚਾਣ ਸੁਣ ਸਾਰਾ ਪਰਿਵਾਰ ਖੁਸ਼ ਹੋ ਗਿਆ ਅਤੇ ਜੁੱਟ ਗਿਆ ਸੇਵਾ ਵਿਚ। ਮਾਈ ਬਿਸਨੋ ਨੇ ਵੀ ਉੱਚੀ ਬੋਲ ਕੇ ਘਰਦਿਆਂ ਨੁੰ ਸੁਣਾਇਆ, ''ਭਾਈ ਮੁੰਡਾ ਦੂਰ ਦੀ ਰਿਸ਼ਤੇਦਾਰੀ ਵਿਚੋਂ ਆਇਆ ਏ, ਸੁੱਖ ਨਾਲ ਆਇਆ ਵੀ ਪਹਿਲੀ ਵਾਰੀ ਏ, ਸੇਵਾ ਦੀ ਕੋਈ ਕਮੀ ਨਾ ਰਹਿਣ ਦਿਓ।'' ਫਿਰ ਕੀ ਸੀ ਨਵੇਂ ਮਹਿਮਾਨ ਲਈ ਬਾਹਰ ਨਵਾਰ ਦਾ ਮੰਜਾ ਡਾਹ, ਉਪਰ ਨਵੀਂ ਚੌਤਹੀ ਵਿਛਾ ਕੇ, ਬਿਲਕੁਲ ਨਵਾਂ-ਨਵਾਂ ਕੰਬਲ ਦੇ ਦਿੱਤਾ। ਖਾਣਾ ਖਾਣ ਤੋਂ ਬਾਅਦ ਸਭ ਸੌ ਗਏ।
ਸਵੇਰੇ ਮੂੰਹ-ਹਨੇਰੇ ਹੀ ਉਹ ਦੂਰ ਦੀ ਰਿਸ਼ਤੇਦਾਰੀ ਵਾਲਾ ਮਹਿਮਾਨ ਉੱਠਿਆ ਅਤੇ ਨਵੀਂ ਚੌਤਹੀ ਅਤੇ ਨਵੇਂ ਕੰਬਲ ਨੂੰ ਬੁੱਕਲ ਮਾਰ ਬਾਹਰ ਚਲਾ ਗਿਆ। ਜਦੋਂ ਘਰ ਦੇ ਉੱਠੇ, ਕੋਈ ਉਸ ਪ੍ਰਾਹੁਣੇ ਨੂੰ ਲੱਭੇ ਤੇ ਕੋਈ ਮੰਜੇ ਤੋਂ ਗਾਇਬ ਚੌਤਹੀ ਅਤੇ ਕੰਬਲ ਨੂੰ ਲੱਭੇ। ਸ਼ਾਇਦ ਦੂਰ ਦੀ ਰਿਸ਼ਤੇਦਾਰੀ ਵਾਲਾ ਮਹਿਮਾਨ ਕਿਤੇ ਦੂਰ ਹੀ ਚਲਾ ਗਿਆ ਸੀ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋਬਾ. ਨੰ: 98764-52223।
ਨਸ਼ਿਆਂ ਨੂੰ ਨਕਾਰੋ ਦੋਸਤੋਂ
NEXT STORY