ਜਲੰਧਰ — ਪੁਰਾਤਨ ਸਮੇਂ ਤੋਂ ਹੀ ਸਾਡੇ ਘਰਾਂ ਵਿੱਚ ਨੂੰਹ ਸੱਸ ਦੀ ਲੜਾਈ ਆਮ ਦੇਖਣ ਨੂੰ ਮਿਲਦੀ ਆ ਰਹੀ ਹੈ ।ਪਰ ਨੂੰਹ ਸੱਸ ਦੀ ਲੜਾਈ ਦੇ ਹਲਾਤ ਪਹਿਲਾਂ ਨਾਲੋਂ ਅੱਜ ਦੇ ਦੌਰ ਵਿੱਚ ਜਿਆਦਾ ਸੰਵੇਦਨਸੀਲ ਹੋ ਰਹੇ ਹਨ।ਅੱਜ ਦੀਆਂ ਲੜਕੀਆਂ ਪੜ੍ਹੀਆਂ ਲਿਖੀਆਂ ਹੋਣ ਕਰਕੇ ਘਰ ਦੇ ਕੰਮ ਧੰਦੇ ਵਿੱਚ ਘੱਟ ਹੀ ਦਿਲਚਸਪੀ ਰੱਖਦੀਆਂ ਹਨ ਅਤੇ ਇਹੀ ਵਜ੍ਹਾ ਕਾਰਨ ਉਨ੍ਹਾਂ ਨੂੰ ਆਪਣੇ ਸਹੁਰੇ ਘਰ ਜਾ ਕੇ ਸੱਸਾਂ ਦੇ ਤਾਅਨੇ-ਮਿਹਣਿਆਂ ਦਾ ਸਿਕਾਰ ਹੋਣਾ ਪੈਂਦਾ ਹੈ ਕਿਉਂਕਿ ਪਹਿਲੇ ਸਮੇਂ ਵਿੱਚ ਕੁੜੀਆਂ ਨੂੰ ਘੱਟ ਹੀ ਪੜਾਇਆ ਲਿਖਾਇਆ ਜਾਂਦਾ ਸੀ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਲੜਕੀ ਨੂੰ ਜਵਾਨ ਹੋਣ ਤੋਂ ਪਹਿਲਾਂ ਹੀ ਘਰ ਦੇ ਕੰਮ ਲਗਾਇਆ ਜਾਂਦਾ ਸੀ ਤਾਂ ਕਿ ਉਨ੍ਹਾਂ ਨੂੰ ਆਪਣੀ ਲੜਕੀ ਦੇ ਸਹੁਰੇ ਘਰ ਜਾ ਕੇ ਉਸਦੀ ਸੱਸ ਦੇ ਤਾਅਨੇ ਮਿਹਣਿਆਂ ਦਾ ਸਿਕਾਰ ਨਾ ਹੋਣਾ ਪਵੇ ।ਲੜਕੀਆਂ ਨੂੰ ਰੋਟੀ-ਟੁੱਕ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਸਿਲਾਈ-ਕਢਾਈ,ਦਰੀਆਂ,ਸਵੈਟਰਾਂ ਬੁਨਣਾਂ ਪਹਿਲ ਦੇ ਅਧਾਰ ਤੇ ਸਿਖਾਇਆ ਜਾਂਦਾ ਸੀ।
ਪਰ ਅੱਜ ਦੇ ਦੌਰ ਵਿੱਚ ਜਿੱਥੇ ਲੜਕੀਆਂ ਪੜ੍ਹ-ਲਿਖ ਕੇ ਵੱਡੇ-ਵੱਡੇ ਅਹੁਦਿਆਂ ਤੇ ਨੌਕਰੀਆਂ ਕਰ ਰਹੀਆਂ ਹਨ ਉੱਥੇ ਘਰ ਦੇ ਆਮ ਕੰਮ-ਕਾਜ ਤੋਂ ਪ੍ਰਹੇਜ ਕਰਦੀਆਂ ਵੀ ਨਜਰ ਆਉਂਦੀਆਂ ਹਨ ਜੋ ਕਿ ਘਰਾਂ ਵਿੱਚ ਕਲੇਸ ਦਾ ਕਾਰਨ ਬਣਦੀਆਂ ਹਨ।ਕਿਉਂਕਿ ਪਿਛਲੀ ਪੀੜ੍ਹੀ ਦੀ ਨੂੰ੍ਹਹ ਸਾਊ ਸਾਦੇ ਸੁਭਾਅ ਦੀ ਅਤੇ ਪੜ੍ਹੀ ਲਿਖੀ ਨਾ ਹੋਣ ਕਰਕੇ ਆਪਣੀ ਸੱਸ ਅੱਗੇ ਅਵਾਜ ਨਹੀਂ ਕੱਢਦੀ ਸੀ ਅਤੇ ਗਲਤੀ ਹੋਵੇ ਜਾਂ ਨਾ ਹੋਣ ਤੇ ਵੀ ਚੁੱਪਚਾਪ ਆਪਣੇ ਸੱਸ-ਸਹੁਰੇ ਦੇ ਗੁੱਸੇ ਨੂੰ ਸਹਾਰ ਲੈਂਦੀ ਸੀ।ਉਹੀ ਨੂੰਹ ਜਦ ਅੱਜ ਦੀ ਪੀੜ੍ਹੀ ਦੀ ਸੱਸ ਬਣਦੀ ਹੈ ਤਾਂ ਆਪਣੀ ਪੜ੍ਹੀ-ਲਿਖੀ ਨੂੰਹ ਨੂੰ ਵੀ ਆਪਣੀ ਸੱਸ ਦੇ ਨਕਸੇ-ਕਦਮਾਂ ਤੇ ਚਲਦਿਆਂ ਆਪਣੀ ਨੂੰਹ ਤੇ ਰੋਹਬ ਝਾੜਣ ਅਤੇ ਆਪਣੇ ਵੱਸ ਵਿੱਚ ਰੱਖਣ ਦੀ ਕੋਸ਼ਿਸ ਕਰਦੀ ਹੈ ਪਰ ਅੱਜ ਦੀ ਨੂੰਹ ਘਰ ਦੇ ਕੰਮ-ਕਾਜ ਘੱਟ ਕੀਤੇ ਹੋਣ ਕਾਰਨ ਅਤੇ ਮਾਪਿਆਂ ਦੇ ਲਾਡ-ਪਿਆਰ ਦੇ ਕਾਰਨ ਆਪਣੀ ਸੱਸ ਦੇ ਗੁੱਸੇ ਨੂੰ ਬਰਦਾਸਤ ਨਹੀਂ ਕਰ ਸਕਦੀ।ਇਹੀ ਵਜ੍ਹਾ ਕਾਰਨ ਅੱਜ ਦੀ ਪੀੜ੍ਹੀ ਵਿੱਚ ਨੂੰਹ-ਸੱਸ ਦੀ ਤਕਰਾਰ ਜਿਆਦਾ ਵੱਧ ਗਈ ਹੈ ਜੋ ਕਿ ਘਰਾਂ ਨੂੰ ਖੇਰੂੰ-ਖੇਰੂੰ ਕਰਨ ਦਾ ਕਾਰਣ ਬਣਦੀ ਹੈ।
ਪਹਿਲਾਂ ਜਿੱਥੇ ਦਸ-ਬਾਰਾਂ ਮੈਂਬਰਾਂ ਵਾਲੇ ਪਰਿਵਾਰ ਹੁੰਦੇ ਸਨ ਅਤੇ ਉਨ੍ਹਾਂ ਪਰਿਵਾਰਾਂ ਵਿੱਚ ਨੂੰਹਾਂ ਬਣਕੇ ਆਈਆਂ ਲੜਕੀਆਂ ਬੜੀ ਨਿਮਰਤਾ ਨਾਲ ਆਪਣੇ-ਆਪ ਨੂੰ ਉਸ ਪਰਿਵਾਰ ਅਨੁਸਾਰ ਢਾਲ ਲੈਂਦੀਆਂ ਸਨ ਅਤੇ ਕੰਮ-ਕਾਜ ਦੀ ਪਰਵਾਹ ਨਹੀਂ ਕਰਦੀਆਂ ਸਨ ਪਰ ਅੱਜਕੱਲ੍ਹ ਕੈਮੀਕਲ ਯੁਕਤ ਖੁਰਾਕਾਂ ਕਾਰਨ ਸਾਡੇ ਸਰੀਰ ਥੋਥਲੇ ਹੋ ਗਏ ਹਨ ਅਤੇ ਅਸੀਂ ਕੰਮ ਤੋਂ ਜੀ ਚੁਰਾਉਣ ਲੱਗ ਪਏ ਹਾਂ ਜਿਸ ਨਾਲ ਸਾਡੇ ਲੜਕੇ-ਲੜਕੀਆਂ ਜਿਆਦਾ ਕੰਮ ਦਾ ਬੋਝ ਨਹੀਂ ਸਹਾਰ ਸਕਦੇ ਇਸ ਲਈ ਅੱਜਕੱਲ੍ਹ ਧੀਆਂ ਦੇ ਮਾਪੇ ਆਪਣੀ ਧੀ ਲਈ ਇੱਕਲੇ ਪੁੱਤ ਵਾਲਾ ਪਰਿਵਾਰ ਲੱਭਦੇ ਹਨ ਤਾਂ ਜੋ ਉਨ੍ਹਾਂ ਦੀ ਧੀਅ ਸੌਖੀ ਰਹੇ ਅਤੇ ਕੰਮ-ਕਾਜ ਦਾ ਜਿਆਦਾ ਬੋਝ ਨਾ ਪਵੈ ।
ਅੱਜ ਦੇ ਪੜ੍ਹੇ-ਲਿਖੇ ਦੌਰ ਵਿੱਚ ਬੇਹਤਰ ਇਹੀ ਹੋਵੇਗਾ ਕਿ ਅੱਜ ਦੀ ਨਵੀਂ ਬਣੀ ਸੱਸ ਨੂੰ ਆਪਣੀ ਸੱਸ ਦੇ ਬਦਲੇ ਵਾਲੀ ਭਾਵਨਾ ਨੂੰ ਛੱਡ ਕੇ ਆਪਣੀ ਬੇਟੀ ਨੂੰ ਦਿੱਤੇ ਪਿਆਰ ਵਾਂਗ ਆਪਣੀ ਨੂੰਹ ਨੂੰ ਵੀ ਉਹੀ ਪਿਆਰ ਦੇਵੇ ਅਤੇ ਸਾਰੀਆਂ ਨੂੰਹਾਂ ਨਾਲ ਪੱਖਪਾਤ ਨੂੰ ਛੱਡ ਕੇ ਇੱਕੋ ਜਿਹਾ ਵਰਤਾਰਾ ਕਰੇ ।ਧੀਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਧੀਅ ਨੂੰ ਚੰਗੇ ਸੰਸਕਾਰ ਦੇ ਕੇ ਅਗਲੇ ਘਰ ਦੀ ਨੂੰਹ ਬਨਾਉਣ ਤਾਂ ਜੋ ਧੀਆਂ ਆਪਣੀ ਸੱਸ ਨੂੰ ਮਾਂ ਵਰਗਾ ਪਿਆਰ ਦੇਣ ਅਤੇ ਆਪਣੀ ਮਾਂ ਸਮਝਣ।ਤਾਂ ਹੀ ਸਾਡੇ ਪਰਿਵਾਰਾਂ ਵਿੱਚ ਖੁਸੀ ਦਾ ਮਹੌਲ ਬਣ ਸਕਦਾ ਹੈ ਨਹੀਂ ਤਾਂ ਸਾਡੇ ਪਰਿਵਾਰਕ ਮੈਂਬਰਾਂ ਨੂੰ ਇੱਕਲੇ-ਇੱਕਲੇ ਰਹਿਣ ਤੇ ਮਜਬੂਰ ਹੋਣਾ ਪਵੇਗਾ।
ਮਨਜੀਤ ਪਿਉਰੀ ਗਿੱਦੜਬਾਹਾ
ਬੜੀ ਚੇਤੇ ਆਉਂਦੀ ਏ, ਬੇਬੇ ਦੀ ਉਹ ਹੱਥ ਚੱਕੀ
NEXT STORY