ਅੱਜ ਹੈਂਡੀਕੈਪਸ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਵਲੋਂ ਸਿੱਖ ਅਜਾਇਬ ਘਰ ਬਲੌਂਗੀ (ਮੁਹਾਲੀ) ਵਿਖੇ ਬੁੱਤ ਸਾਜ ਕਲਾਕਾਰ ਅਤੇ ਸਿੱਖ ਅਜਾਇਬ ਘਰ ਦੇ ਸਰਪ੍ਰਸਤ ਸ. ਪਰਮਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਇਹ ਸਨਮਾਨ ਸਿੱਖ ਵਿਰਸੇ ਅਤੇ ਇਤਿਹਾਸ ਨੂੰ ਕਲਾ ਰਾਹੀਂ ਬਹੁਤ ਹੀ ਨਿਵੇਕਲੇ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਕੀਤਾ ਗਿਆ ਹੈ।
ਸ. ਪਰਮਿੰਦਰ ਸਿੰਘ ਆਰਟਿਸਟ ਨੂੰ ਸਨਮਾਨਿਤ ਕਰਨ ਵਾਲਿਆਂ ਵਿਚ ਹੈਂਡੀਕੈਪਸ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਪ੍ਰਧਾਨ ਸ੍ਰੀ ਰਮੇਸ਼ ਚੰਦੋਲਿਆ, ਸ. ਅਵਤਾਰ ਸਿੰਘ ਮਹਿਤਪੁਰੀ ਸੰਪਾਦਕ ਸੈਣੀ ਦੁਨੀਆ, ਪ੍ਰਸਿੱਧ ਗਾਇਕ ਸ. ਜਗਤਾਰ ਸਿੰਘ ਜੋਗ, ਬਾਬੂ ਚੰਡੀਗੜ੍ਹੀਆ ਅਤੇ ਹੈਂਡੀਕੈਪ ਬੱਚੇ ਵੀ ਸ਼ਾਮਲ ਸਨ।
ਸਨਮਾਨਿਤ ਕਰਦੇ ਸਮੇਂ ਸ. ਪਰਮਿੰਦਰ ਸਿੰਘ ਨੂੰ ਇਕ ਮੋਮੈਂਟੋ, ਇਕ ਗੋਲਡ ਮੈਡਲ, ਇਕ ਸ਼ਾਲ , ਗੁਲਦਸਤੇ ਅਤੇ ਗੋਸਲ ਰਚਿਤ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ। ਇਸਦੇ ਨਾਲ ਹੀ ਉਸਨੂੰ ਮਾਲੀ ਸਹਾਇਤਾ ਦਾ ਵੀ ਭਰੋਸਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਸੰਸਥਾ ਦੇ ਚੇਅਰਮੈੱਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਸੰਸਥਾ ਵਲੋਂ ਸ. ਪਰਮਿੰਦਰ ਸਿੰਘ ਨੂੰ ਸਨਮਾਨਿਤ ਕਰਨਾ, ਉਨ੍ਹਾਂ ਨੂੰ ਸਰਕਾਰ ਵਲੋਂ ਸਨਮਾਨਿਤ ਕਰਨ ਲਈ ਇਕ ਸੁਨੇਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਉਚ ਕੋਟੀ ਦੇ ਕਲਾਕਾਰ, ਸਿੱਖ ਵਿਰਸੇ ਦੀ ਸੰਭਾਲ ਕਰਨ ਵਾਲੇ ਅਤੇ ਇਤਿਹਾਸ ਦੇ ਪੰਨਿਆ ਨੂੰ ਸਕੂਲੀ ਬੱਚਿਆਂ ਤੱਕ ਪਹੁੰਚਾਉਣ ਵਾਲੇ ਨੂੰ ਜਲਦੀ ਤੋਂ ਜਲਦੀ ਵੱਡੇ ਪੱਧਰ ਤੇ ਸਨਮਾਨਿਤ ਕੀਤਾ ਜਾਵੇ ਅਤੇ ਸਿੱਖ ਅਜਾਇਬ ਘਰ ਬਲੌਂਗੀ ਲਈ ਪੱਕੇ ਤੌਰ ਤੇ ਜ਼ਮੀਨ ਅਲਾਟ ਕੀਤੀ ਜਾਵੇ ਤਾਂ ਕਿ ਉਹ ਸਿੱਖ ਕਲਚਰ ਅਤੇ ਇਤਿਹਾਸ ਨੂੰ ਹੋਰ ਵਧੀਆ ਢੰਗ ਨਾਲ ਲੋਕਾਂ ਸਾਹਮਣੇ ਅਤੇ ਆਉਣ ਵਾਲੀ ਪੀੜੀ ਸਾਹਮਣੇ ਪੇਸ਼ ਕਰ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਹੈਰੀਟੇਜ਼ ਐਂਡ ਕਲਚਰ ਸੁਸਾਇਟੀ ਜਿਸਦੇ ਉਹ ਮੁੱਢਲੇ ਸਥਾਪਤੀ ਮੈਂਬਰ ਹਨ, ਪਿਛਲੇ 20 ਸਾਲਾਂ ਤੋਂ ਇਹ ਸੁਸਾਇਟੀ ਲਗਾਤਾਰ ਸਰਕਾਰਾਂ ਵਲੋਂ ਪੱਕੀ ਜ਼ਮੀਨ ਅਲਾਟ ਕਰਨ ਦੀ ਮੰਗ ਕਰਦੀ ਆ ਰਹੀ ਹੈ। ਉਨ੍ਹਾਂ ਨੇ ਸੰਗਤਾਂ ਨੂੰ ਵੀ ਸ. ਪਰਮਿੰਦਰ ਸਿੰਘ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਅਪੀਲ ਕੀਤੀ। ਸ. ਪਰਮਿੰਦਰ ਸਿੰਘ ਵਲੋਂ ਸੰਸਥਾ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਬਹਾਦਰ ਸਿੰਘ ਗੋਸਲ
ਚੇਅਰਮੈਨ,
ਹੈਂਡੀਕੈਪ ਵੈਲਫੇਅਰ ਐਸੋਸੀਏਸ਼ਨ, ਚੰਡੀਗੜ੍ਹ।