ਕਸ਼ਮੀਰ ਦੀ ਆਬੋ ਹਵਾ ਵਿਚ ਹੀ ਕੋਈ ਜਾਦੂ ਐ ਕਿ ਬੰਦਾ ਥੋੜਾ ਜਿਹਾ ਰੁਮੈਂਟਿਕ ਹੋ ਜਾਂਦਾ ਐ ਖਾਸ ਕਰ ਜਿਹੜਾ ਪੰਜਾਬ ਤੋਂ ਵਾਰ ਕਸ਼ਮੀਰ ਘੁੰਮਣ ਨਿਕਲਿਆ ਪਹਿਲੀ ਹੋਵੇ। ਕਸ਼ਮੀਰ ਜਾਂਦਿਆਂ ਮੇਰੀ ਪਤਨੀ ਤੇ ਮੈਂ ਕੁਝ ਇਹੋ ਜਿਹੀਆਂ ਹੀ ਗੱਲਾਂ ਕਰ ਰਹੇ ਸਾਂ। ਮੇਰੀ ਪਤਨੀ ਤੇ ਮੈਂ ਹੁਣੇ ਹੀ ਕਬੀਲਦਾਰੀ ਤੋਂ ਵਿਹਲੇ ਹੋ ਕੇ ਕਸ਼ਮੀਰ ਘੁੰਮਣ ਗਏ ਸੀ। ਧੀ ਦਾ ਵਿਆਹ ਪਿਛਲੇ ਸਾਲ ਕਰ ਦਿੱਤਾ ਸੀ ਮੁੰਡੇ ਨੂੰ ਇਸੇ ਸਾਲ ਬਾਹਰਲੇ ਮੁਲਕ ਭੇਜਿਆ ਸੀ। ਤੇ ਹੁਣ ਅਸੀਂ ਕਸ਼ਮੀਰ ਘੁੰਮਣ ਦਾ ਮਨ ਬਣਾਇਆ ਸੀ।
ਮੈਂ ਆਪਣੀ ਪਤਨੀ ਲਈ‘ਚਿਨਾਰ ਪੱਤੀ ਸੂਟ ਲੱਭ ਰਿਹਾ ਸੀ ਇਹ ਮੈਂ ਉਸ ਨੂੰ ਪਹਿਲੀ ਵਾਰ ਕਸ਼ਮੀਰ ਘੁੰਮਣ ਤੇ ਗਿਫਟ ਦੇਣਾ ਸੀ ਅਤੇ ਇਕ ਥਾਂ ਸਾਨੂੰ ਇਹ ਸੂਟ ਮਿਲ ਵੀ ਗਿਆ ਮੇਰੀ ਪਤਨੀ ਭਾਅ ਤੈਅ ਕਰਨ ਤੇ ਲੱਗ ਗਈ ਤੇ ਲਗਭਗ ਸਾਡੀ ਡੀਲ ਫਾਇਨਲ ਵੀ ਹੋ ਗਈ ਸੀ ਜਦੋਂ ਸਾਡੀ ਹੀ ਉਮਰ ਦੀ ਇਕ ਔਰਤ ਨੇ ਆ ਕੇ ਮੇਰੀ ਪਤਨੀ ਨੂੰ ਰੋਕ ਦਿੱਤਾ ਕਿ ਇਹ ਤਾਂ ਤੁਸੀਂ ਬਹੁਤ ਮਹਿੰਗਾ ਖਰੀਦ ਰਹੇ ਹੋ ਉਸ ਨੇ ਕਿਹਾ ਤੁਹਾਨੂੰ ਕਿਤੇ ਹੋਰ ਵੀ ਟਰਾਈ ਕਰਨਾ ਚਾਹੀਦਾ ਹੈ। ਉਸ ਦੇ ਐਨਾ ਕਹਿਣ ਤੇ ਸੂਟ ਵੇਚਣ ਵਾਲਾ ਭਾਈ ਉਸ ਔਰਤ ਨੂੰ ਮੁਖਾਤਿਬ ਹੋ ਕੇ ਕਹਿੰਦਾ, “ਜਿਸ ਕੋ ਸ਼ਾਦੀ ਪੇ ਨਹੀਂ ਜਾਨਾ ਹੋਤਾ, ਵੋ ਕਹਿਤਾ ਹੈ ਰਾਸਤਾ ਖਰਾਬ ਹੈ। ਅਸੀਂ ਉਥੋਂ ਖਿਸਕ ਪਏ ਮੈਂ ਆਪਣੇ ਮਨੋ ਉਸ ਔਰਤ ਦਾ ਧੰਨਵਾਦ ਕਰਨ ਲੱਗਿਆ ਜਿਸ ਨੇ ਐਨ ਮੌਕੇ ਤੇ ਆ ਕੇ ਸਾਨੂੰ ਰੋਕ ਦਿੱਤਾ ਨਹੀਂ ਤਾਂ ਐਵੇਂ ਵਾਧੂ ਕੀਮਤ ਦੇ ਕੇ ਠੱਗੇ ਜਾਣਾ ਸੀ।
ਫਿਰ ਅਸੀਂ ਮੇਨ ਬਜ਼ਾਰ ਨੂੰ ਚਲ ਪਏ। ਰਾਹ ਵਿਚ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਭਾਵੇਂ ਪਹਿਲਾਂ ਕਦੇ ਅਸੀਂ ਇਸ ਸ਼ੈਅ ਦਾ ਨਾਮ ਤੱਕ ਨਹੀਂ ਸੁਣਿਆ ਸੀ ਤੇ ਹੁਣ ਮਹੌਲ ਦਾ ਅਸਰ ਐ ਜਾਂ ਚਿਨਾਰ ਦਰੱਖਤਾਂ ਦਾ ਆਪਾਂ ਤਾਂ ਚਿਨਾਰ ਪੱਤੀ ਸੂਟ ਨੂੰ ਹੀ ਕਸ਼ਮੀਰ ਦਾ ਮੁੱਦਾ ਹੱਲ ਕਰਨ ਜਿੰਨੀ ਤਰਂੀਹ ਦੇਣ ਲੱਗ ਪਏ ਹਾਂ। ਉਹ ਹੱਸ ਕੇ ਕਹਿੰਦੀ ਜੇ ਐਨੇ ਨਾਲ ਹੀ ਕਸ਼ਮੀਰ ਸਮੱਸਿਆ ਦਾ ਹੱਲ ਹੁੰਦਾ ਤਾਂ ਸਾਨੂੰ ਇਹ ਹੱਲ ਜ਼ਰੂਰ ਲੱਭਣਾ ਚਾਹੀਦਾ ਹੈ।ਂਸਾਡੇ ਲਈ ਚਿਨਾਰ ਪੱਤੀ ਸੂਟ ਹੁਣ ਬੜੀ ਕੀਮਤੀ ਸ਼ੈਅ ਬਣ ਗਿਆ ਸੀ ਜਿਸ ਨੂੰ ਪ੍ਰਾਪਤ ਕਰਨਾ ਸਾਡਾ ਮਕਸਦ ਹੋ ਨਿਬੜਿਆ ਸੀ।
ਹੁਣ ਅਸੀਂ ਕਿਸੇ ਚੰਗੀ ਦੁਕਾਨ ਤੋਂ ਚਿਨਾਰ ਪੱਤੀ ਸੂਟ ਖਰੀਦਣਾ ਚਾਹੁੰਦੇ ਸੀ। ਜਦੋਂ ਅਸੀਂ ਨਿੱਕੇ-ਨਿੱਕੇ ਗਿਫਟ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਲਈ ਖਰੀਦ ਰਹੇ ਸੀ ਸਾਡੇ ਕੰਨਾਂ ਤੱਕ ਇਕ ਦੁਕਾਨ ਅੱਗੇ ਖੜ੍ਹੇ ਕੰਮ ਕਰਦੇ ਕਰਿੰਦੇ ਦੀ ਆਵਾਜ਼ ਪਹੁੰਚੀ, “ਐਧਰ ਆਉ ਜਨਾਬ... ਐਧਰ ਆਉ ਸਾਡੇ ਕੋਲੋਂ ਵਧੀਆ ਸੂਟ ਖਰੀਦੋ ਨਾਲੇ ਵਧੀਆ ਕੁਆਲਟੀ ਦਾ ਚਿੰਗਸ਼ ਅਸੀਂ ਦੁਕਾਨ ਦੇ ਅੰੰਦਰ ਚਲੇ ਗਏ ਦੁਕਾਨ ਬੜੀ ਵਧੀਆ ਸਜਾਈ ਹੋਈ ਸੀ ਬੜੇ ਕਰੀਨੇ ਨਾਲ ਸੁਟਾਂ ਨੂੰ ਜਚਾਇਆ ਹੋਇਆ ਸੀ ਬਾਹਰ ਖੜੀਆਂ ਪਲਾਸਟਿਕ ਦੀਆਂ ਮੂਰਤਾਂ ਵੀ ਸੂਟ ਪਵਾ ਕੇ ਦੁਲਹਨ ਵਾਂਗ ਸਜਾ ਰਖੀਆਂ ਸਨ। ਭਾਵੇਂ ਵਿਚ ਸਨ ਪਰ ਐਏਂ ਲੱਗਦਾ ਸੀ ਜਿਵੇਂ ਹੁਣੇ ਬਾਹਰ ਆ ਕੇ ਸਾਡੇ ਨਾਲ ਗੱਲ ਕਰਨਗੀਆਂ। ਦੁਕਾਨ ਦੇ ਬਾਹਰ ਖੜਾ ਕਰਿੰਦਾ ਸਾਨੂੰ ਅੰਦਰ ਛੱਡ ਕੇ ਬਾਹਰ ਚਲਾ ਗਿਆ ਅਤੇ ਬਾਹਰ ਜਾ ਕੇ ਫਿਰ ਹੋਰ ਗਾਹਕਾਂ ਨੂੰ ਆਵਾਜ਼ਾਂ ਮਾਰਨ ਲੱਗ ਪਿਆ ਐਧਰ ਆਉ ਜਨਾਬ... ਐਧਰ ਆਉ...
ਅੰਦਰ ਸਾਨੂੰ ਇਕ ਸੇਲਜ਼ ਮੈਨ ਨੇ ਸੂਟਾਂ ਬਾਰੇ ਅਤੇ ਸਾਡੀ ਪੰਸਦ ਬਾਰੇ ਪੁਛਿਆ। ਮੇਰੀ ਪਤਨੀ ਨੇ ਇਕੋ ਇਕ ਫਰਮਾਇਸ਼ ਰੱਖੀ ਕਿ ਸਾਨੂੰ ਚਿਨਾਰ ਪੱਤੀ ਸੂਟ ਚਾਹੀਦਾ ਹੈ। ਸੇਲਜ਼ ਮੈਨ ਨੇ ਕਿਹਾ ਕਿ ਜੇ ਮੈਂ ਤੁਹਾਨੂੰ ਚੀਨਾਰ ਪੱਤੀ ਸੂਟ ਇਕ ਸਕੀਮ ਅਧੀਨ ਫਰੀ ਦੇ ਦੇਵਾਂ। ਸੂਟ ਫਰੀ ਦੇ ਲਾਲਾਚ ਵੱਸ ਮੈਂ ਵੀ ਸੂਤ ਜਿਹਾ ਹੋ ਕੇ ਬੈਠ ਗਿਆ 'ਤੇ ਸੇਲਜ਼ ਮੈਨ ਦੀ ਗੱਲ ਸੁਣਨ ਲੱਗਾ। ਉਸ ਨੇ ਦੱਸਿਆ ਕਿ ਇਸ ਸਕੀਮ ਵਿਚ ਸਾਨੂੰ ਇਕ ਚਿੰਗਸ਼ ਖਰੀਦਣਾ ਪਵੇਗਾ ਤੇ ਨਾਲ ਤੁਹਾਨੂੰ ਪੰਦਰਾਂ ਹੋਰ ਗਿਫਟ ਫਰੀ ਦਿੱਤੇ ਜਾਣਗੇ ਜਿਸ ਵਿਚ ਚਿਨਾਰ ਪੱਤੀ ਸੂਟ ਵੀ ਹੋਵੇਗਾ। ਮੈਂ ਕਾਹਲੀ ਨਾਲ ਕਿਹਾ, “ਫੇਰ ਉਡੀਕ ਕਾਹਦੀ ਐ ਦੱਸੋ ਆਪਣੀ ਸਕੀਮ ਤੇ ਨਾਲੇ ਇਹ ਚਿੰਗੂ ਕੀ ਐ? ਮੇਰੇ ਲਈ ਹੁਣ ਕਸ਼ਮੀਰ ਵਿਚ ਚਿਨਾਰ ਪੱਤੀ ਤੋਂ ਵਧ ਕੇ ਮਹਿੰਗਾ ਹੁਣ ਚਿੰਗੂ ਹੋ ਗਿਆ ਸੀ ਜਿਹੜਾ ਐਨਾਂ ਕੁਝ ਆਪਣੇ ਨਾਲ ਫਰੀ ਹੀ ਬੰਨੀ ਬੈਠਾ ਸੀ।
ਸੇਲਜ਼ ਮੈਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਹੱਥ ਦੀਆਂ ਬਣੀਆਂ ਵਸਤਾਂ ਦੀ ਵਿਕਰੀ ਵਧਾਉਣ ਲਈ ਸਕੀਮ ਸ਼ੁਰੂ ਕੀਤੀ ਐ। ਜਿਸ ਵਿਚ ਚਿੰਗੂ ਵੀਮਲ ਹੈ। ਉਸ ਨੇ ਦੱਸਿਆ ਕਿ ਚਿੰਗੂ ਇਕ ਜਾਨਵਰ ਦਾ ਨਾਮ ਐ ਜਿਹੜਾ ਉਚਿਆ ਪਹਾੜਾਂ ਵਿਚ ਬਰਫੀਲੇ ਇਲਾਕਿਆਂ ਵਿਚ ਪਾਇਆ ਜਾਂਦਾ ਹੈ ਅਤੇ ਜਿਹੜਾ ਤੁਹਾਡੇ ਹੱਥ ਵਿਚ ਕੰਬਲ ਐ ਇਹ ਚਿੰਗੂ ਦੀ ਫਰ ਤੋਂ ਹੀ ਬਣਿਆ ਹੈ।ਂ ਮੈਂ ਹੱਥ ਵਿਚਲੇ ਕੰਬਲ ਨੂੰ ਫਿਰ ਤੋਂ ਨਿਹਾਰਿਆ ਅਤੇ ਸਪਰਸ਼ ਕਰਕੇ ਇਸ ਵਿਚਲੀ ਮੁਲਾਇਮ ਬੁਣਤੀ ਨੂੰ ਮਹਿਸੂਸ ਕੀਤਾ ਤੇ ਕਲਪਨਾ ਦੇ ਘੋੜੇ ਦੜਾਉਦਾ ਹੋਇਆ ਚਿੰਗੂ ਕੋਲ ਪਹੁੰਚ ਗਿਆ ਜਿਹੜਾ ਦੂਰ ਪਹਾੜਾ ਤੇ ਬਰਫ ਨਾਲ ਖੇਡ ਰਿਹਾ ਸੀ। ਇਹ ਤਾਂ ਮੈਂ ਉਦੋਂ ਵਾਪਸ ਆਇਆ ਜਦੋਂ ਮੈਂ ਸੇਲਜ਼ ਮੈਨ ਤੋਂ ਫਰੀ ਦਾ ਸ਼ਬਦ ਦੁਬਾਰਾ ਸੁਣਿਆ। ਉਹ ਮੇਰੀ ਪਤਨੀ ਨੂੰ ਸਮਝਾ ਰਿਹਾ ਸੀ ਕਿ ਇਸ ਨਾਲ ਕਿਹੜੇ ਕਸ਼ਮੀਰੀ ਸੂਟ, ਸ਼ੌਲ ਤੇ ਕਾਰਪਟ ਆਦਿ ਫਰੀ ਦਿੱਤੇ ਜਾਣਗੇ। ਫਿਰ ਸੇਲਜ਼ ਮੈਨ ਨੇ ਦੱਸਣਾ ਸ਼ੁਰੂ ਕੀਤਾ, ਚਿੰਗੂ ਤੁਸੀਂ ਸਾਨੂੰ ਚਾਰ ਪੰਜ ਸਾਲ ਵਰਤ ਕੇ ਵਾਪਸ ਕਰ ਦੇਣਾ ਅਤੇ ਆਪਣੇ ਪੰਝੱਤਰ ਪ੍ਰਤੀਸ਼ਤ ਪੈਸੇ ਵਾਸਪ ਲੈ ਜਾਣਾ ਤੇ ਸਾਰੇ ਗਿਫਟ ਫਰੀ ਵਿਚ ਰੱਖ ਲੈਣਾ।
ਸਾਨੂੰ ਸਾਰੀ ਸਕੀਮ ਸਮਝ ਲੱਗ ਰਹੀ ਸੀ ਮੈਂ ਜਲਦੀ ਹੀ ਇਸ ਡੀਲ ਨੂੰ ਫਾਇਨਲ ਕਰਨ ਦੀ ਕਾਹਲ ਕਰ ਰਿਹਾ ਸੀ ਕਿ ਕਿਤੇ ਇੱਥੇ ਵੀ ਪਹਿਲਾਂ ਵਾਂਗ ਆ ਕੇ ਕੋਈ ਰੋਕ ਨਾ ਦੇਵੇ। ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਜਦੋਂ ਤੁਸੀਂ ਚਿੰਗੂ ਵਾਪਸ ਕਰੋਗੇ ਤਾਂ ਇਸ ਦੀ ਕੀਮਤ ਮਾਰਕਿਟ ਵਿਚ ਹੋਰ ਵੀ ਵਧ ਜਾਵੇਗੀ ਅਸੀਂ ਇਸ ਨੂੰ ਰੀਸਾਇਕਲ ਕਰਕੇ ਫਿਰ ਹੋਰ ਵੀ ਮਹਿੰਗਾ ਵੇਚਾਂਗੇ। ਮੈਂ ਸਾਰਾ ਹਿਸਾਬ ਜਿਹਾ ਲਾ ਕੇ ਦੇਖ ਲਿਆ ਸੀ ਕਿ ਡੀਲ ਮਾੜੀ ਨਹੀਂ ਸਾਨੂੰ ਕੀ ਭਾਵੇਂ ਦਸ ਗੁਣਾਂ ਮਹਿੰਗਾ ਵੇਚਣ ਜਦੋਂ ਸਾਡੇ ਪੈਸੇ ਤਾਂ ਵਾਪਸ ਮੋੜ ਹੀ ਦੇਣੇ ਨੇ।
ਅਖੀਰ ਅਸੀਂ ਚਿੰਗੂ ਖਰੀਦ ਹੀ ਲਿਆ। ਨਾਲੇ ਜਿਹੜੇ ਗਿਫਟ ਫਰੀ ਵਿਚ ਮਿਲੇ ਸੀ ਉਹਨਾਂ ਦਾ ਹਿਸਾਬ ਜਿਹਾ ਲਗਾਉਣ ਲੱਗ ਪਏ।
ਜਦੋਂ ਅਸੀਂ ਆਪਣੇ ਹੋਟਲ ਦੇ ਕਮਰੇ ਵਿਚ ਆਏ ਤਾਂ ਆਪਣੀ ਖਰੀਦਦਾਰੀ ਅਤੇ ਸਮਝਦਾਰੀ ਤੇ ਫਕਰ ਜਿਹਾ ਕਰਨ ਲੱਗੇ ਕਿ ਦੇਖਿਆ ਨਾਲੇ ਚਾਰ ਸਾਲ ਚਿੰਗੂ ਵਰਤਾਂਗੇ ਨਾਲੇ ਪੈਸੇ ਵਾਪਸ ਮੁੜ ਆਉਂਣਗੇ ਪਰ ਛੇਤੀ ਹੀ ਸਾਨੂੰ ਆਪਣੀ ਖਰੀਦਦਾਰੀ ਕਿਸਮਤ ਪੁੜੀ ਵਿਚੋਂ ਨਿਕਲੇ ਚੂਰਨ ਵਰਗੀ ਲੱਗਣ ਲੱਗ ਪਈ। ਅਸੀਂ ਦੇਖਿਆ ਕਿ ਜਿਹੜਾ ਬਿੱਲ ਉਸ ਦੁਕਾਨਦਾਰ ਨੇ ਸਾਨੂੰ ਦਿੱਤਾ ਸੀ ਉਸ ਤੇ ਕਿਧਰੇ ਵੀ ਟੈਨ ਨੰਬਰ ਨਹੀਂ ਸੀ ਤੇ ਨਾ ਹੀ ਸਰਕਾਰ ਦੀ ਕਿਸੇ ਸਕੀਮ ਦਾ ਜ਼ਿਕਰ ਸੀ। ਸਾਨੂੰ ਲੱਗਿਆ ਕਿ ਦੁਕਾਨਦਾਰ ਨੇ ਸਾਡੇ ਨਾਲ ਠੱਗੀ ਮਾਰ ਲਈ। ਚਾਰ ਸਾਲਾਂ ਬਾਅਦ ਇਹਨਾਂ ਨੇ ਕਿਹੜੇ ਪੈਸੇ ਵਾਪਸ ਦੇਣੇ ਐ? ਸਾਡੇ ਅੰਦਰ ਇਕ ਸਮਝਦਾਰ ਗਹਾਕ ਜਾਗ ਗਿਆ ਸੀ ਅਸੀਂ ਦੁਕਾਨਦਾਰ ਦੀ ਸ਼ਕਾਇਤ ਕਰਨ ਦਾ ਪੱਕਾ ਮਨ ਬਣਾ ਲਿਆ ਸੀ ਪਰ ਨਾਲ ਹੀ ਬਿਗਾਨੇ ਇਲਾਕੇ ਵਿਚ ਹੋਣ ਦਾ ਅਹਿਸਾਸ ਵੀ ਜਾਗ ਗਿਆ ਸੀ ਕਿ ਪਤਾ ਨਹੀਂ ਦੁਕਾਨਦਾਰ ਸਾਡੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰੇਗਾ।
ਅਗਲੀ ਸਵੇਰ ਅਸੀਂ ਦੁਕਾਨਦਾਰ ਨੂੰ ਸਾਡੇ ਪੈਸੇ ਵਾਪਸ ਕਰਨ ਲਈ ਕਿਹਾ। ਪਹਿਲਾਂ ਤਾਂ ਉਹ ਪੈਰਾਂ ਤੇ ਪਾਣੀ ਨਾ ਪੈਣ ਦੇਵੇ। ਉਸ ਨੇ ਸਾਨੂੰ ਕੋਰਾ ਚਿੱਟਾ ਜਵਾਬ ਦੇ ਦਿੱਤਾ ਮੈਨੂੰ ਦੁਕਾਨਦਾਰ ਵਿਚੋਂ ਵੀ ਚਿੰਗੂ ਜਾਨਵਰ ਹੀ ਨਜ਼ਰ ਅਉਣ ਲੱਗ ਪਿਆ ਪਰ ਜਦੋਂ ਅਸੀਂ ਉਸ ਨੂੰ ਸਰਕਾਰ ਦੇ ਨਾਮ 'ਤੇ ਗਾਹਕਾਂ ਨੂੰ ਬੇਵਕੂਫ ਬਣਾਉਣ ਕਾਰਨ ਉਸ ਦੀ ਸ਼ਕਾਇਤ ਕਰਨ ਦੀ ਧਮਕੀ ਦਿੱਤੀ ਤਾਂ ਉਹ ਥੋੜਾ ਨਰਮ ਪੈ ਗਿਆ। ਤੇ ਸਾਨੂੰ ਇਕ ਘੰਟੇ ਤਕ ਵਾਪਸ ਆਉਣ ਲਈ ਕਿਹਾ। ਅਸੀਂ ਇਧਰ ਉਧਰ ਘੁੰੰਮਦੇ-ਘੁੰਮਾਉਦੇ ਟਾਇਮ ਪਾਸ ਕਰਨ ਲੱਗੇ ਤੇ ਨਾਲੇ ਚਿੰਗੂ ਦੀਆਂ ਗੱਲਾਂ ਕਰਨ ਲੱਗੇ। ਸਾਨੂੰ ਹੋਰ ਦੁਕਾਨਾਂ ਤੇ ਵੀ ਚਿੰਗੂ ਵੇਚਣ ਦੇ ਹੋਕੇ ਸੁਣਾਈ ਦੇ ਰਹੇ ਸਨ। ਜਦੋਂ ਵਾਪਸ ਗਏ ਤਾਂ ਦੁਕਾਨਦਾਰ ਨੇ ਅਣਮੰਨੇ ਜਿਹੇ ਮਨ ਨਾਲ ਸਾਡੇ ਸਾਰੇ ਪੈਸੇ ਵਾਪਸ ਕਰ ਦਿੱਤੇ। ਆਪਣੀ ਹੀ ਰਕਮ ਵਾਪਸ ਹੱਥ ਵਿਚ ਲੈ ਕੇ ਬੜੀ ਸੰਤੁਸ਼ਟੀ ਦਾ ਅਹਿਸਾਸ ਜਾਗਿਆ ਪਰ ਇਸ ਸਾਰੀ ਪ੍ਰਕਿਰਿਆ ਵਿਚ ਚਿਨਾਰ ਪੱਤੀ ਵਾਲਾ ਸੂਟ ਸਾਥੋਂ ਕਿਧਰੇ ਗੁੰਮ ਗੁਆਚ ਹੀ ਗਿਆ।
ਜਦੋਂ ਅਸੀਂ ਵਾਪਸ ਪਿੰਡ ਪਹੁੰਚੇ ਤਾਂ ਮੈਂ ਇੰਟਰਨੈਟ ਤੇ ਚਿੰਗੂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਪਰ ਚਿੰਗੂ ਬਾਰੇ ਕੋਈ ਸਥੂਲ ਜਾਣਕਾਰੀ ਨਹੀਂ ਮਿਲ ਸਕੀ ਪਰ ਇਹ ਜਾਣਕਾਰੀ ਜ਼ਰੂਰ ਮਿਲ ਗਈ ਕਿ ਚਿੰਗੂ ਨਾਮ ਦਾ ਕੋਈ ਜਾਨਵਾਰ ਜਾਂ ਪੰਛੀ ਇਸ ਧਰਤੀ 'ਤੇ ਨਹੀਂ ਹੈ। ਇਹ ਤਾਂ ਇਕ ਕਾਲਪਨਿਕ ਜੀਵ ਦਾ ਨਾਮ ਹੈ ਜਿਸ ਦੀ ਵਰਤੋਂ ਦੁਕਾਨਦਾਰ ਅਨੇਕਾਂ ਰੂਪਾਂ ਵਿਚ ਵਸਤਾਂ ਵੇਚਣ ਲਈ ਕਰਦੇ ਹਨ।
ਹੁਣ ਵੀ ਜਦੋਂ ਕਦੇ ਮੇਰੀ ਪਤਨੀ ਸੂਟਾਂ ਦੀ ਫਰਮਾਇਸ਼ ਰੱਖਦੀ ਐ ਤਾਂ ਅਸੀਂ ਬਹਾਨੇ ਨਾਲ ਚਿਨਾਰ ਪੱਤੀ ਸੂਟ ਅਤੇ ਚਿੰਗੂ ਨੂੰ ਜ਼ਰੂਰ ਯਾਦ ਕਰ ਲੈਂਦੇ ਹਾਂ। ਤੇ ਮੈਂ ਹੱਸਦਾ ਹੋਇਆ ਕਹਿੰਦਾ ਹਾਂ ਕਿ ਐਤਕੀ ਜਦੋਂ ਕਸ਼ਮੀਰ ਗਏ ਤਾਂ ਮੈਂ ਤੈਨੂੰ ਚਿਨਾਰ ਪੱਤੀ ਸੂਟ ਜ਼ਰੂਰ ਲੈ ਕੇ ਦੇਣਾ ਐ।
ਸਤਿੰਦਰਪਾਲ ਸਿੰਘ ਬਾਵਾ
123/6 ਐਡਵੋਕੇਟ ਕਲੋਨੀ
ਚੀਕਾ (ਕੈਥਲ) 136034
ਫੋਨ 9467654643
ਆਓ ਮਿਲਾਈਏ ਤੁਹਾਨੂੰ ਇਕ “ਅਦਭੁੱਦ ਇਨਸਾਨ'' ਨੂੰ
NEXT STORY