ਸ਼੍ਰੀਨਗਰ— ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਧਰਤੀ 'ਤੇ ਤਬਦੀਲੀ ਵੇਖਣ ਨੂੰ ਮਿਲ ਰਹੀ। ਧਰਤੀ ਦੇ ਸਵਰਗ ਆਖੇ ਜਾਣ ਵਾਲੇ ਜੰਮੂ-ਕਸ਼ਮੀਰ 'ਚ ਵੱਡੇ ਬਦਲਾਅ ਹੋ ਰਹੇ ਹਨ। ਸਾਲ 2019 'ਚ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਜੰਮੂ-ਕਸ਼ਮੀਰ ਦਾ ਮੁੜਗਠਨ ਹੋਣ ਤੋਂ ਬਾਅਦ ਸਰਕਾਰ ਨੇ ਪ੍ਰਦੇਸ਼ 'ਚ ਨਵੇਂ ਨਿਯਮਾਂ ਨਾਲ ਹੁਣ ਕਸ਼ਮੀਰੀ, ਡੋਗਰੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਭਾਸ਼ਾਵਾਂ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਹੈ। ਇਸ ਬਾਬਤ ਕੇਂਦਰ ਸਰਕਾਰ ਨੇ ਕੱਲ੍ਹ ਕੈਬਨਿਟ ਬੈਠਕ 'ਚ ਫ਼ੈਸਲੇ ਨੂੰ ਮਨਜ਼ੂਰੀ ਦਿੱਤੀ। ਲੱਗਭਗ 131 ਸਾਲਾਂ ਬਾਅਦ 'ਡੋਗਰੀ' ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਗਿਆ ਅਤੇ ਇਸ ਨਾਲ ਹੀ ਉਰਦੂ ਦਾ ਰਾਜ ਖਤਮ ਹੋ ਗਿਆ। ਦੱਸ ਦੇਈਏ ਕਿ 5 ਅਗਸਤ 2019 ਤੋਂ ਜਦੋਂ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਮੁੜਗਠਨ ਐਕਟ 2019 ਨੂੰ ਲਾਗੂ ਕੀਤਾ ਗਿਆ ਅਤੇ ਇਸ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਮੁੜ ਗਠਿਤ ਕੀਤਾ ਸੀ। ਉਸੇ ਦਿਨ ਤੋਂ ਸਥਾਨਕ ਲੋਕਾਂ ਦਰਮਿਆਨ ਇਹ ਗੱਲ ਜ਼ੋਰ ਫੜਨ ਲੱਗੀ ਸੀ ਕਿ ਹੁਣ ਬਤੌਰ ਅਧਿਕਾਰਤ ਭਾਸ਼ਾ ਉਰਦੂ ਦਾ ਦਬਦਬਾ ਵੀ ਖਤਮ ਹੋ ਵਾਲਾ ਹੈ।
ਡੋਗਰੀ ਮੂਲ ਰੂਪ ਨਾਲ ਜੰਮੂ ਡਿਵੀਜ਼ਨ ਵਿਚ ਬੋਲੀ ਜਾਂਦੀ ਹੈ। ਡੋਗਰਾ ਸ਼ਾਸਕ ਮਹਾਰਾਜਾ ਪ੍ਰਤਾਪ ਸਿੰਘ ਦੇ ਸ਼ਾਸਨ ਕਾਲ ਵਿਚ ਉਰਦੂ ਨੂੰ ਜੰਮੂ-ਕਸ਼ਮੀਰ 'ਚ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ। ਮਹਾਰਾਜਾ ਪ੍ਰਤਾਪ ਸਿੰਘ ਨੇ 1889 ਵਿਚ ਉਰਦੂ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦਿੰਦੇ ਹੋਏ ਇਸ ਨੂੰ ਅਦਾਲਤੀ ਕੰਮਕਾਜ ਲਈ ਜ਼ਰੂਰੀ ਕੀਤਾ ਸੀ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿਚ ਅਦਾਲਤੀ ਅਤੇ ਮਾਲੀਆ ਮਹਿਕਮੇ ਨਾਲ ਜੁੜੇ ਕੰਮਕਾਜ ਫਾਰਸੀ 'ਚ ਹੁੰਦੇ ਸਨ। ਮਹਾਰਾਜਾ ਨੇ ਹੀ ਫਾਰਸੀ ਦੀ ਥਾਂ ਉਰਦੂ ਨੂੰ ਉਤਸ਼ਾਹਿਤ ਕੀਤਾ ਸੀ।
ਡੋਗਰੀ ਭਾਸ਼ਾ ਦਾ ਇਸਤੇਮਾਲ ਜੰਮੂ ਡਿਵੀਜ਼ਨ ਦੇ 10 ਜ਼ਿਲ੍ਹਿਆਂ ਵਿਚ ਕੀਤਾ ਜਾਂਦਾ ਹੈ। ਅਜਿਹੇ ਵਿਚ ਕਸ਼ਮੀਰੀ ਨਾਲ ਡੋਗਰੀ ਨੂੰ ਰਾਜਭਾਸ਼ਾ ਬਣਾਉਣ ਨਾਲ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਲੋਕਾਂ ਨੂੰ ਸਮਾਨਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਕ ਰਿਪੋਰਟ ਮੁਤਾਬਕ ਜੰਮੂ-ਕਸ਼ਮੀਰ ਵਿਚ 50 ਲੱਖ ਦੇ ਕਰੀਬ ਲੋਕ ਡੋਗਰੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਹੁਣ ਤੱਕ ਜੰਮੂ-ਕਸ਼ਮੀਰ ਦੀ ਰਾਜਭਾਸ਼ਾ ਬਣਨ ਤੋਂ ਵਾਂਝੀ ਰਹੀ ਹਿੰਦੀ ਨੂੰ ਵੀ ਰਾਜਭਾਸ਼ਾ ਬਣਾਇਆ ਜਾਣਾ ਹੋਰ ਸੂਬਿਆਂ ਦੇ ਲੋਕਾਂ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਵਿਚਾਲੇ ਇਕੋ ਭਾਵ ਦਾ ਜ਼ਰੀਆ ਹੋ ਸਕਦਾ ਹੈ।
ਹਰਿਆਣਾ : ਸੋਨੀਪਤ ਦੇ ਮੁਰਥਲ 'ਚ ਸੁਖਦੇਵ ਢਾਬੇ ਦੇ 65 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ
NEXT STORY