ਸ਼੍ਰੀਨਗਰ- ਕਸ਼ਮੀਰ ਘਾਟੀ ਦੀਆਂ ਉੱਚੀਆਂ ਪਹਾੜੀਆਂ ਅਤੇ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਸਥਾਨ ਗੁਲਮਰਗ ਅਤੇ ਪਹਿਲਗਾਮ 'ਚ ਸੋਮਵਾਰ ਨੂੰ ਤਾਜ਼ਾ ਬਰਫਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ 'ਚ ਬਾਰਿਸ਼ ਹੋਈ। ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਦੇ ਸਕੀ ਰਿਜੋਰਟ ਵਿਚ ਅੱਜ 10.0 ਸੈਂਟੀਮੀਟਰ, ਪਹਿਲਗਾਮ 'ਚ 3.5 ਸੈਂਟੀਮੀਟਰ ਅਤੇ ਸਰਹੱਦੀ ਕਸ਼ਮੀਰ ਜ਼ਿਲ੍ਹੇ ਕੁਪਵਾੜਾ 'ਚ 2.5 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਹੋਈ। ਸ਼੍ਰੀਨਗਰ ਅਤੇ ਕਸ਼ਮੀਰ ਘਾਟੀ ਦੇ ਹੋਰ ਹਿੱਸਿਆਂ 'ਚ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋਈ।
ਅੱਜ ਸਵੇਰੇ 08:30 ਵਜੇ ਤੱਕ ਸਭ ਤੋਂ ਵੱਧ ਬਾਰਿਸ਼ ਗੁਲਮਰਗ 'ਚ 10.2 ਮਿਲੀਮੀਟਰ ਅਤੇ ਕੁਪਵਾੜਾ 'ਚ 10.4 ਮਿਲੀਮੀਟਰ ਦਰਜ ਕੀਤੀ ਗਈ। ਸ਼੍ਰੀਨਗਰ 'ਚ ਸਵੇਰ ਤੋਂ ਹੀ ਬਾਰਿਸ਼ ਜਾਰੀ ਹੈ ਅਤੇ 1.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਉੱਚੇ ਇਲਾਕਿਆਂ 'ਚ ਬਰਫਬਾਰੀ ਹੋ ਸਕਦੀ ਹੈ, ਜਦਕਿ ਉੱਤਰੀ ਅਤੇ ਮੱਧ ਕਸ਼ਮੀਰ ਦੇ ਕੁਝ ਉੱਚੇ ਇਲਾਕਿਆਂ 'ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਦੀ ਸੰਭਾਵਨਾ ਹੈ।
ਮੌਸਮ ਭਵਿੱਖਬਾਣੀ ਕਰਨ ਵਾਲੇ ਫੈਜ਼ਾਨ ਆਰਿਫ਼ ਨੇ ਕਿਹਾ ਕਿ ਕਸ਼ਮੀਰ ਘਾਟੀ ਦੇ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਹੋਵੇਗੀ। ਹਾਲਾਂਕਿ ਕੁਝ ਮੈਦਾਨੀ ਇਲਾਕਿਆਂ 'ਚ ਬਰਫਬਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ 4 ਤੋਂ 9 ਮਾਰਚ ਤੱਕ ਮੌਸਮ ਆਮ ਤੌਰ 'ਤੇ ਖੁਸ਼ਕ ਰਹੇਗਾ, ਜਦੋਂ ਕਿ 10 ਤੋਂ 13 ਮਾਰਚ ਤੱਕ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸੈਲਾਨੀਆਂ, ਯਾਤਰੀਆਂ ਅਤੇ ਟਰਾਂਸਪੋਰਟਰਾਂ ਨੂੰ ਖਰਾਬ ਮੌਸਮ ਦੇ ਮੱਦੇਨਜ਼ਰ ਪ੍ਰਸ਼ਾਸਨ/ਟ੍ਰੈਫਿਕ ਵਿਭਾਗ ਦੀ ਸਲਾਹ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਹਰਿਆਣਾ ਤੋਂ ਅੱਤਵਾਦੀ ਗ੍ਰਿਫ਼ਤਾਰ, ਨਾਂ ਬਦਲ ਕੇ ਰਹਿ ਰਿਹਾ ਸੀ
NEXT STORY