ਰਾਜੌਰੀ- ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ (PMAY) ਦੇ ਅਧੀਨ ਜੰਮੂ-ਕਸ਼ਮੀਰ ਦੇ ਰਾਜੌਰੀ 'ਚ 12,000 ਲੋਕਾਂ ਨੂੰ ਆਪਣਾ ਘਰ ਬਣਵਾਉਣ ਲਈ ਪਹਿਲੀ ਕਿਸ਼ਤ ਦੇ ਤੌਰ 'ਤੇ 50,000 ਰੁਪਏ ਮਿਲ ਗਏ ਹਨ। ਰਾਜੌਰੀ ਜ਼ਿਲ੍ਹੇ ਦੇ ਅਸਿਸਟੈਂਟ ਡੈਵਲਪਮੈਂਟ ਕਮਿਸ਼ਨਰ (ਰੂਰਲ ਡੈਵਲਪਮੈਂਟ ਡਿਪਾਰਟਮੈਂਟ) ਐੱਸ.ਕੇ. ਖਜੂਰੀਆ ਨੇ ਕਿਹਾ ਕਿ ਅਸੀਂ 100 ਫੀਸਦੀ ਲੋੜਵੰਦ ਲੋਕਾਂ ਤੱਕ ਯੋਜਨਾ ਦਾ ਲਾਭ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਇਸ ਦੇ ਅਧੀਨ 12 ਹਜ਼ਾਰ ਲੋਕਾਂ ਨੂੰ 50 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲਾਭਪਾਤਰੀਆਂ ਨੂੰ ਸਵੱਛ ਭਾਰਤ ਮਿਸ਼ਨ (ਐੱਸ.ਬੀ.ਐੱਮ.) ਦੇ ਅਧੀਨ 12 ਹਜ਼ਾਰ ਰੁਪਏ ਵਾਧੂ ਦਿੱਤੇ ਜਾ ਰਹੇ ਹਨ।
ਖਜੂਰੀਆ ਨੇ ਕਿਹਾ ਕਿ ਰਿਹਾਇਸ਼ ਯੋਜਨਾ ਦੇ ਅਧੀਨ ਲੋਕਾਂ ਨੂੰ ਆਪਣਾ ਘਰ ਬਣਾਉਣ 'ਚ ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ। ਇਹ ਗਰੀਬਾਂ ਲਈ ਵੱਡੀ ਰਾਹਤ ਦੀ ਗੱਲ ਹੈ। ਯੋਜਨਾ ਦਾ ਲਾਭ ਲੈ ਕੇ ਉਹ ਆਪਣੇ ਪੱਕੇ ਮਕਾਨ 'ਚ ਸੁਰੱਖਿਅਤ ਰਹਿ ਸਕਦੇ ਹਨ। ਪੰਚਾਇਤ ਅਧਿਕਾਰੀ ਅਬਦੁੱਲ ਖਬੀਰ ਨੇ ਕਿਹਾ ਕਿ ਜ਼ਿਲ੍ਹੇ 'ਚ ਕੁਝ ਲੋਕ ਅਜਿਹੇ ਸਨ, ਜੋ ਆਪਣਾ ਪੱਕਾ ਮਕਾਨ ਨਹੀਂ ਬਣਵਾ ਸਕੇ ਸਨ। ਕੇਂਦਰ ਸਰਕਾਰ ਦੇ ਆਦੇਸ਼ ਤੋਂ ਪ੍ਰਸ਼ਾਸਨ ਨੇ ਉਨ੍ਹਾਂ ਦੇ ਪੱਕੇ ਘਰ ਬਣਵਾਉਣ 'ਚ ਮਦਦ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ 2 ਸਾਲ ਦੇ ਅੰਦਰ ਸਾਰੇ ਕੱਚੇ ਮਕਾਨਾਂ ਨੂੰ ਪੱਕੇ ਘਰਾਂ 'ਚ ਤਬਦੀਲ ਕਰ ਦਿੱਤਾ ਜਾਵੇਗਾ।
ਰਿਹਾਇਸ਼ ਯੋਜਨਾ ਦੇ ਅਧੀਨ ਬਣਨ ਵਾਲੇ ਘਰਾਂ 'ਚ ਟਾਇਲਟ ਨਿਰਮਾਣ ਯਕੀਨੀ ਕਰਵਾਉਣ ਲਈ ਵੱਖ ਤੋਂ 12 ਹਜ਼ਾਰ ਦਿੱਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 2022 ਤੱਕ ਸਾਰਿਆਂ ਨੂੰ ਘਰ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਦਾ ਭਾਜਪਾ ਨੇ ਲੋਕ ਸਭਾ ਚੋਣਾ 2019 'ਚ ਜੰਮ ਕੇ ਪ੍ਰਚਾਰ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਚੋਣਾਂ 'ਚ ਭਾਜਪਾ ਦੀ ਮਿਲੀ ਜ਼ਬਰਦਸਤ ਜਿੱਤ 'ਚ ਇਸ ਯੋਜਨਾ ਦਾ ਵੀ ਕਾਫ਼ੀ ਯੋਗਦਾਨ ਹੈ। ਹਾਲ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਸ਼ਹਿਰੀ ਰਿਹਾਇਸ਼ ਯੋਜਨਾ ਦੇ ਅਧੀਨ ਦੇਸ਼ 'ਚ ਘਰਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ 'ਤੇ ਕਰੀਬ 3.65 ਕਰੋੜ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।
ਕੋਵਿਡ-19 ਕਾਰਨ ਪੀ.ਐੱਮ. ਰਿਹਾਇਸ਼ ਯੋਜਨਾ ਦੇ ਅਧੀਨ ਮਕਾਨ ਬਣਾਉਣ ਦਾ ਕੰਮ ਰੋਕ ਦਿੱਤਾ ਗਿਆ। ਹੁਣ ਤਾਲਾਬੰਦੀ ਅਤੇ ਪਾਬੰਦੀਆਂ 'ਚ ਮਿਲੀ ਛੋਟ ਤੋਂ ਬਾਅਦ ਕੁਝ ਰਿਹਾਇਸ਼ ਨਿਰਮਾਣ ਕੰਮ ਫਿਰ ਸ਼ੁਰੂ ਹੋ ਗਿਆ ਹੈ। ਯੋਜਨਾ ਦੇ ਅਧੀਨ ਲੋਕਾਂ ਨੂੰ ਵੱਖ-ਵੱਖ ਸਮੇਂ 'ਤੇ ਆਰਥਿਕ ਮਦਦ ਦਿੱਤੀ ਜਾਂਦੀ ਹੈ। ਪਹਿਲੀ ਕਿਸ਼ਤ ਦੇ ਤੌਰ 'ਤੇ 50 ਹਜ਼ਾਰ ਰੁਪਏ ਨਾਲ ਉਹ ਨਿਰਮਾਣ ਕੰਮ ਸ਼ੁਰੂ ਕਰ ਸਕਣਗੇ। ਇਸ ਤੋਂ ਬਾਅਦ ਜਿਵੇਂ-ਜਿਵੇਂ ਕੰਮ ਵਧਦਾ ਜਾਵੇਗਾ। ਉਨ੍ਹਾਂ ਨੂੰ ਯੋਜਨਾ ਦੇ ਅਧੀਨ ਕਿਸ਼ਤਾਂ ਮਿਲ ਜਾਣਗੀਆਂ। ਸਮੇਂ-ਸਮੇਂ 'ਤੇ ਗ੍ਰਾਮ ਰੁਜ਼ਗਾਰ ਸੇਵਕ (ਜੀ.ਆਰ.ਸੀ.) ਮੌਕੇ 'ਤੇ ਜਾ ਕੇ ਨਿਰਮਾਣ ਕੰਮ ਦਾ ਜਾਇਜ਼ਾ ਵੀ ਲਵੇਗਾ। ਇਸ ਨਾਲ ਸਰਕਾਰ ਨੂੰ ਪੈਸੇ ਦੇ ਸਹੀ ਇਸਤੇਮਾਲ ਦੀ ਨਿਗਰਾਨੀ ਕਰਨ 'ਚ ਮਦਦ ਮਿਲੇਗੀ।
ਪ੍ਰਿਅੰਕਾ ਗਾਂਧੀ ਦਾ ਯੋਗੀ ਸਰਕਾਰ 'ਤੇ ਤੰਜ, ਸਰਕਾਰ ਤੋਂ ਦੁੱਗਣੀ ਰਫ਼ਤਾਰ 'ਤੇ ਹੈ ਅਪਰਾਧ ਦਾ ਮੀਟਰ
NEXT STORY