ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਦੀ ਤਹਿਸੀਲ ਬਰਸਰ ਦੇ ਪਿੰਡ ਚੱਕਮੋਹ ਦੇ 90 ਸਾਲਾ ਲਾਲਾ ਰੋਸ਼ਨ ਲਾਲ ਤੇ 82 ਸਾਲਾ ਈਸ਼ਵਰੀ ਦੇਵੀ 'ਚ ਅੱਜ ਵੀ ਹੌਸਲਾ ਤੇ ਨੌਜਵਾਨਾਂ ਵਰਗਾ ਜੋਸ਼ ਹੈ, ਜਿਨ੍ਹਾਂ ਨੂੰ ਸਾਰੇ ਪਿਤਾ ਜੀ ਅਤੇ ਅੰਮਾ ਜੀ ਆਖ ਕੇ ਬੁਲਾਉਂਦੇ ਹਨ। ਲਾਲਾ ਰੋਸ਼ਨ ਲਾਲ ਦਾ ਜਨਮ ਜੁਲਾਈ 1924 ਵਿਚ ਲਾਲਾ ਸੁੰਦਰ ਦਾਸ ਦੇ ਘਰ ਮਾਤਾ ਦੁਹੜੂ ਦੇਵੀ ਦੀ ਕੁੱਖੋਂ ਹੋਇਆ ਤੇ ਮਾਤਾ ਈਸ਼ਵਰੀ ਦੇਵੀ ਦਾ ਜਨਮ ਸੰਨ 1932 ਵਿਚ ਪਿੰਡ ਘੁਮਾਰਮੀ ਜ਼ਿਲਾ ਬਿਲਾਸਪੁਰ ਵਿਖੇ ਪਿਤਾ ਲਾਲਾ ਨਰਾਇਣ ਦਾਸ ਦੇ ਘਰ ਮਾਤਾ ਜਿੰਦੀ ਦੇਵੀ ਦੀ ਕੁੱਖੋਂ ਹੋਇਆ।
ਲਾਲਾ ਜੀ ਘਰ ਵਿਚ ਸਭ ਤੋਂ ਵੱਡੇ ਹਨ ਅਤੇ ਉਨ੍ਹਾਂ ਦੇ ਮਾਂ-ਬਾਪ ਦੀ ਛੋਟੀ ਉਮਰੇ ਹੀ ਮੌਤ ਹੋ ਗਈ ਸੀ, ਜਿਸ ਕਾਰਨ ਲਾਲਾ ਜੀ ਨੇ ਉਨ੍ਹਾਂ ਦੇ ਰਹਿੰਦੇ ਫਰਜ਼ਾਂ ਨੂੰ ਬਾਖੂਬੀ ਨਿਭਾਇਆ।
ਪਿਤਾ ਜੀ ਅਤੇ ਅੰਮਾ ਜੀ ਆਪਣੀ ਲੰਮੀ ਉਮਰ ਦਾ ਰਾਜ਼ ਹੱਥੀਂ ਮਿਹਨਤ ਕਰਨਾ ਅਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਦੱਸਦੇ ਹਨ। ਉੁਨ੍ਹਾਂ ਮੁਤਾਬਿਕ ਅੱਜ ਨਾ ਤਾਂ ਪਹਿਲਾਂ ਵਰਗੀਆਂ ਖੁਰਾਕਾਂ ਹਨ ਅਤੇ ਨਾ ਹੀ ਕਸਰਤ ਵਾਲੇ ਕੰਮ ਰਹੇ ਹਨ। ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ ਅਤੇ ਹਰ ਇਨਸਾਨ ਖੁਦ ਕੰਮ ਕਰਨ ਦੀ ਬਜਾਏ ਅਤਿ ਆਧੁਨਿਕ ਮਸ਼ੀਨਾਂ ਦਾ ਸਹਾਰਾ ਲੈ ਰਿਹਾ ਹੈ, ਜਿਸ ਕਾਰਨ ਲੋਕ ਸਰੀਰਕ ਪੱਖੋਂ ਤੰਦਰੁਸਤ ਨਹੀਂ ਰਹੇ। ਇੱਥੋਂ ਤੱਕ ਕਿ ਹੁਣ ਸਾਡਾ ਖਾਣ-ਪੀਣ ਵੀ ਜ਼ਹਿਰੀਲਾ ਹੋ ਚੁੱਕਾ ਹੈ। ਲਾਲਾ ਜੀ ਆਪਣੇ ਦਿਨ ਦੀ ਸ਼ੁਰੂਆਤ ਬਾਰੇ ਦੱਸਦੇ ਹਨ ਕਿ ਉਹ ਸਵੇਰੇ 4 ਵਜੇ ਉੱਠ ਜਾਂਦੇ ਹਨ, ਉਪਰੰਤ ਯੋਗਾ ਅਭਿਆਸ ਕਰਦੇ ਹਨ ਤੇ ਫਿਰ ਇਸ਼ਨਾਨ ਕਰਕੇ ਮੰਦਿਰ ਜਾਂਦੇ ਹਨ, ਜਿੱਥੇ ਪੂਜਾ-ਪਾਠ ਕਰਨ ਉਪਰੰਤ ਹੀ ਘਰ ਆ ਕੇ ਚਾਹ ਦਾ ਪਿਆਲਾ ਲੈਂਦੇ ਹਨ। ਉਹ ਸਵੇਰੇ-ਸ਼ਾਮ ਦੋਨੋਂ ਵੇਲੇ ਸੈਰ ਕਰਦੇ ਹਨ। ਇਸੇ ਤਰ੍ਹਾਂ ਮਾਤਾ ਈਸ਼ਵਰੀ ਦੇਵੀ ਵੀ ਸਵੇਰੇ 4 ਵਜੇ ਉਠ ਜਾਂਦੇ ਹਨ। ਉਹ ਵੀ ਇਸ਼ਨਾਨ ਕਰਕੇ ਆਪਣੇ ਪਤੀ ਨਾਲ ਮੰਦਿਰ ਵਿਚ ਜਾ ਕੇ ਪੂਜਾ-ਪਾਠ ਕਰਦੇ ਹਨ ਤੇ ਬਾਅਦ ਵਿਚ ਹੀ ਘਰ ਆ ਕੇ ਚਾਹ ਦਾ ਪਿਆਲਾ ਲੈਂਦੇ ਹਨ। ਲਾਲਾ ਰੋਸ਼ਨ ਲਾਲ ਤੇ ਮਾਤਾ ਈਸ਼ਵਰੀ ਦੇਵੀ ਦੋਵੇਂ ਤਿੰਨੋਂ ਪਹਿਰ ਵੈਸ਼ਨੂੰ ਭੋਜਨ ਲੈਂਦੇ ਹਨ ਅਤੇ ਸਿਹਤ ਪੱਖੋਂ ਖੁਦ ਨੂੰ ਫਿੱਟ ਰੱਖਣ ਲਈ ਤਲੀਆਂ ਹੋਈਆਂ ਤੇ ਬਾਜ਼ਾਰੂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਦੇ। ਲਾਲਾ ਜੀ ਭਾਵੇਂ 7ਵੀਂ ਪਾਸ ਹਨ ਪਰ ਉਨ੍ਹਾਂ ਦੋਵਾਂ ਪਤੀ-ਪਤਨੀ ਨੇ ਚੰਗੇ ਸੰਸਕਾਰਾਂ, ਬੁੱਧੀ ਅਤੇ ਵਿਵੇਕ ਨਾਲ ਆਪਣੀ ਪਰਿਵਾਰ ਰੂਪੀ ਫੁਲਵਾੜੀ ਨੂੰ ਬਹੁਤ ਹੀ ਚੰਗੇ ਢੰਗ ਨਾਲ ਸਜਾਇਆ-ਸੰਵਾਰਿਆ ਹੋਇਆ ਹੈ। ਲਾਲਾ ਜੀ ਦਾ ਛੋਟਾ ਲੜਕਾ ਜੀ. ਐੱਲ. ਮਹਾਜਨ ਹਿਮਾਚਲ ਸਰਕਾਰ ਦੇ ਮੀਡੀਆ ਵਿਭਾਗ ਵਿਚ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਹੈ ਤੇ ਉਸ ਦੀ ਪਤਨੀ ਪੂਜਾ ਏਮਜ਼ ਹਸਪਤਾਲ, ਦਿੱਲੀ ਵਿਖੇ ਐਡਮਿਨ. ਵਿੰਗ ਵਿਚ ਅਧਿਕਾਰੀ ਵਜੋਂ ਆਪਣੀ ਸੇਵਾ ਨਿਭਾਅ ਰਹੀ ਹੈ। ਵਰਣਨਯੋਗ ਹੈ ਕਿ ਲਾਲਾ ਜੀ ਤੇ ਅੰਮਾ ਜੀ ਇਕੱਠਿਆਂ ਚਾਰ ਵਾਰ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਭਾਰਤ ਦੀ ਯਾਤਰਾ ਕਰ ਚੁੱਕੇ ਹਨ। ਲਾਲਾ ਜੀ ਨੇ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦੇ ਕੇ ਜਿੱਥੇ ਇਕ ਪਾਸੇ ਸਮਾਜਿਕ ਸਰੋਕਾਰਾਂ ਨਾਲ ਜੋੜਿਆ ਹੋਇਆ ਹੈ, ਉੱਥੇ ਅੱਗੋਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਤੇ ਚੰਗੀ ਸਿੱਖਿਆ ਦੇ ਕੇ ਸਮੇਂ ਦੇ ਨਾਲ ਚੱਲਣਾ ਸਿਖਾ ਰਹੇ ਹਨ।
ਬਣੋ ਸਮਾਰਟ ਵੂਮੈਨ
NEXT STORY