ਸਮਾਜਿਕ ਰਿਸ਼ਤਿਆਂ ਵਿਚ ਆਦਮੀ ਨੂੰ ਤਿੰਨ ਤਰੱਕੀਆਂ ਤੋਂ ਬਾਅਦ ਫੁੱਫੜ ਦਾ ਦਰਜਾ ਹਾਸਿਲ ਹੁੰਦਾ ਹੈ। ਕਈ ਵਾਰ ਸਿੱਧੀ ਭਰਤੀ ਤੇ ਚੰਗੀ ਕਿਸਮਤ ਕਰਕੇ ਬੰਦਾ ਸਿੱਧਾ ਹੀ ਫੁੱਫੜ ਦਾ ਰੁਤਬਾ ਪ੍ਰਾਪਤ ਕਰ ਲੈਂਦਾ ਹੈ। ਆਮ ਤੌਰ ਤੇ ਪਹਿਲਾ ਆਦਮੀ ਜਵਾਈ ਬਣਦਾ ਹੈ। ਇਥੇ ਉਸ ਦਾ ਬਹੁਤ ਅਦਬ ਸਤਿਕਾਰ ਹੁੰਦਾ ਹੈ ਜਵਾਈ ਮਤਲਬ ਜੰਮ-ਜੰਮ ਆਈ ਤੇ ਜੰਮ-ਜੰਮ ਖਾਉ। ਖੂਬ ਸੇਵਾ ਹੁੰਦੀ ਹੈ ਤੇ ਜਵਾਈ ਸਾਹਿਬ ਵੀ ਆਪਣੇ ਆਪ ਨੂੰ ਦੁਨਿਆ ਦਾ ਰਾਜਾ ਸਮਝਦਾ ਹੈ। ਸੱਸ ਸਹੁਰੇ ਦੇ ਰਾਜ ਦੀਆਂ ਐਸ਼ਾਂ ਲੁੱਟਣ ਤੋਂ ਬਾਅਦ ਉਸ ਨੂੰ ਜੀਜਾ ਜੀ ਬਨਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਜੀ-ਜਾ-ਜੀ ਮਤਲਬ ਆਉਂਦਿਆਂ ਨੂੰ ਜੀ-ਜੀ ਤੇ ਜਾਂਦਿਆਂ ਨੂੰ ਵੀ ਜੀ-ਜੀ। ਫਿਰ ਹੋਲੀ ਹੋਲੀ ਉਸ ਦੀ ਤੀਜੀ ਤਰੱਕੀ ਬਤੋਰ ਫੁੱਫੜ ਵਜੋਂ ਹੁੰਦੀ ਹੈ। ਇਸ ਅਹੁਦੇ ਤੇ ਉਸ ਦੀ ਫੂੰ ਫਾਂ ਉਵੇਂ ਹੀ ਬਰਕਰਾਰ ਹੁੰਦੀ ਹੈ ਪਰ ਉਸ ਦੀ ਉਹ ਕਦਰ ਨਹੀ ਹੁੰਦੀ ਜੋ ਪਹਿਲਾਂ ਹੁੰਦੀ ਸੀ।
ਕਿਉਕਿ ਫੁੱਫੜ ਘਰ ਦਾ ਵੱਡਾ ਤੇ ਪਹਿਲਾ ਜਵਾਈ ਹੁੰਦਾ ਹੈ। ਪਹਿਲੇ ਜਮਾਨੇ ਵਿਚ ਉਸ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਸੀ।ਹਰ ਕੰਮ ਵਿਚ ਉਸ ਦੀ ਪੁੱਛਗਿੱਛ ਹੁੰਦੀ ਸੀ। ਉਹ ਜਿੱਥੇ ਚਾਹੁੰਦਾ ਪਰਿਵਾਰ ਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਕਰਵਾ ਸਕਦਾ ਸੀ। ਕੋਈ ਉਸ ਦਾ ਕਿਹਾ ਨਹੀ ਸੀ ਮੋੜਦਾ। ਬਜ਼ੁਰਗ ਤੇ ਬਾਕੀ ਸਾਰੇ ਜੀਅ ਉਸ ਦੇ ਫੈਸਲੇ ਤੇ ਕਿੰਤੂ ਪਰੰਤੂ ਕਰਨ ਦਾ ਹੀਆ ਨਹੀ ਸੀ ਕਰ ਸਕਦੇ। ਆਮ ਤੌਰ ਤੇ ਭੂਆ ਵੀ ਫੁੱਫੜ ਦੇ ਇਸ਼ਾਰਿਆਂ ਨੂੰ ਸਮਝਦੀ ਹੋਈ ਅਕਸਰ ਆਪਣੀਆਂ ਭਤੀਜੀਆਂ ਦੇ ਸਾਕ ਆਪਣੇ ਦਿਉਰਾਂ, ਜੇਠ ਅਤੇ ਨਨਾਣਾਂ ਦੇ ਮੁੰਡਿਆਂ ਲਈ ਲੈ ਜਾਂਦੀਆਂ ਸਨ। ਹੁਣ ਤਾਂ ਪ੍ਰੇਮ ਵਿਆਹਾਂ ਤੇ ਰਿਸ਼ਤੇ ਕਰਾਉਣ ਵਾਲੀਆਂ ਏਜੰਸੀਆਂ ਦਾ ਜਮਾਨਾ ਹੈ।
ਅਜੋਕੀ ਪੀੜੀ ਵਿਚ ਉਹ ਗੱਲਾਂ ਨਹੀ ਹਨ। ਜਿੰਨਾਂ ਚਿਰ ਕਿਸੇ ਦਾ ਸੱਸ ਸਹੁਰਾ ਬੈਠਾ ਹੈ ਜਵਾਈ ਭਾਈ ਦਾ ਪੂਰਾ ਮਾਣ ਸਨਮਾਣ ਹੁੰਦਾ ਹੈ।ਜਦੋਂ ਵਾਗਡੋਰ ਦੂਜੀ ਪੀੜੀ ਦੇ ਹੱਥ ਆ ਜਾਂਦੀ ਹੈ ਤੇ ਸ਼ਰਮੋ ਸ਼ਰਮੀ ਜੀ-ਜੀ ਹੁੰਦੀ ਹੈ ਜਵਾਈ ਤੋਂ ਜੀਜਾ ਬਣਿਆ ਆਪਣੀ ਪਹਿਲੇ ਵਾਲੇ ਰੁਤਬੇ ਦੀ ਉਮੀਦ ਕਰਦਾ ਹੈ ਪਰ ਉਹ ਗੱਲ ਨਹੀ ਬਣਦੀ। ਤੇ ਫਿਰ ਤੀਜੀ ਪੀੜੀ ਤਾਂ ਭੂਆ ਨੂੰ ਘਰ ਵਿਚ ਬੇਲੋੜੀ ਦਖਲ ਅੰਦਾਜ਼ੀ ਕਰਨ ਵਾਲੀ ਬਾਹਰਲੀ ਔਰਤ ਸਮਝਦੀ ਹੈ ਤੇ ਇਸ ਪੀੜੀ ਤੋਂ ਫੁੱਫੜ ਦੇ ਬੇਲੋੜੇ ਨੱਖਰੇ ਬਰਦਾਸ਼ਤ ਨਹੀ ਹੁੰਦੇ ਪਰ ਫੁੱਫੜ ਸ੍ਰੀ ਵਿਚ ਆਪਣੀ ਸੀਨੀਆਰਟੀ ਵਾਲਾ ਭੂਤ ਸਵਾਰ ਹੁੰਦਾ ਹੈ ਤੇ ਉਸ ਦਾ ਰੁਸਣ ਵਾਲਾ ਕੀੜਾ ਥੋੜਾ ਜਿਹਾ ਵੱਧ ਉਤਾਵਲਾ ਹੁੰਦਾ ਹੈ।
ਇਹ ਇਕੱਲੇ ਫੁੱਫੜ ਨਾਲ ਹੀ ਨਹੀ ਹੁੰਦਾ । ਘਰ ਦੇ ਬਜ਼ੁਰਗਾਂ ਦੀ ਵੀ ਹੋਲੀ ਹੋਲੀ ਪੁੱਛ ਪ੍ਰਤੀਤ ਘੱਟਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੀ ਰੋਟੀ ਦਾ ਖਰਚਾ ਉਨ੍ਹਾਂ ਨੂੰ ਮਿਲਦੀ ਪੈਨਸ਼ਨ ਤੇ ਸਾਂਝੇ ਮਕਾਨ ਦੇ ਕਿਰਾਏ ਨਾਲ ਪੂਰਾ ਕੀਤਾ ਜਾਂਦਾ ਹੈ। ਸਿਆਣੇ ਬਜ਼ੁਰਗ ਅਤੇ ਫੁੱਫੜ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੀ ਦਖਲ ਅੰਦਾਜ਼ੀ ਨੂੰ ਬਿਲਕੁਲ ਘੱਟ ਕਰ ਲੈਂਦੇ ਹਨ ਤੇ ਆਪਣੇ ਆਪ ਨੂੰ ਬਸ ਰੋਟੀ ਖਾਣ ਤੱਕ ਹੀ ਸੀਮਤ ਕਰ ਲੈਂਦੇ ਹਨ। ਜੋ ਆਪਣੀ ਪੁਰਾਣੀ ਚਾਲ ਢਾਲ ਤੇ ਅੜੇ ਰਹਿੰਦੇ ਹਨ ਉਹ ਦੀ ਹੁੰਦੀ ਦੁਰਦਸ਼ਾ ਨੂੰ ਕੋਈ ਟਾਲ ਨਹੀ ਸਕਦਾ। ਬਹੁਤੀਆਂ ਥਾਵਾਂ ਤੇ ਵੇਖਿਆ ਗਿਆ ਹੈ ਕਿ ਫੁੱਫੜ ਆਪਣੀ ਹੈਕੜ ਨਹੀ ਛੱਡਦੇ ਤੇ ਨਵੀਂ ਪੀੜੀ ਉਨ੍ਹ੍ਹਾਂ ਨੂੰ ਉਹ ਸਨਮਾਣ ਨਹੀ ਦਿੰਦੀ ਜਿਸ ਦੀ ਉਹ ਉਮੀਦ ਕਰਦੇ ਹਨ ਜਾ ਉਹ ਹੱਕਦਾਰ ਹੁੰਦੇ ਹਨ। ਇਥੇ ਆਕੇ ਸਾਰਾ ਮਾਮਲਾ ਗੜਬੜਾ ਜਾਂਦਾ ਹੈ। ਮਾਂ-ਪਿਉ (ਦੂਜੀ ਪੀੜੀ) ਵੀ ਆਪਣੇ ਬੱਚਿਆਂ ਦੇ ਹੱਕ ਵਿਚ ਨਿਤਰਣ ਲਈ ਮਜਬੂਰ ਹੋ ਜਾਂਦੇ ਹਨ। ਰਿਸ਼ਤਿਆਂ ਚ ਪਣਪੀ ਖਟਾਸ ਹੋਲੀ ਹੋਲੀ ਰਿਸ਼ਤਿਆਂ ਦੇ ਟੁੱਟਣ ਤੱਕ ਪਹੁੰਚ ਜਾਂਦੀ ਹੈ।
ਫੁੱਫੜ ਸ਼ਬਦ ਰੁਸਣ ਦਾ ਦੂਜਾ ਨਾਂ ਬਣ ਚੁਕਿਆ ਹੈ। ਹਰ ਵਿਆਹ ਸ਼ਾਦੀ ਤੇ ਰੁਸਣਾ ਉਹ ਆਪਣੀ ਸ਼ਾਨ ਤੇ ਹੱਕ ਸਮਝਦਾ ਹੈ ਤੇ ਉਹ ਉਮੀਦ ਕਰਦਾ ਹੈ ਕਿ ਮੇਰੀ ਮਿੰਨਤ ਮੁਥਾਜੀ ਵੀ ਜ਼ਰੂਰ ਹੋਵੇਗੀ ਤੇ ਇਥੇ ਹੀ ਫੁੱਫੜ ਮਾਤ ਖਾ ਜਾਂਦਾ ਹੈ। ਕੋਈ ਫੁੱਫੜ ਦੀ ਬਾਤ ਨਹੀ ਪੁਛਦਾ। ਉਹ ਜਹਿਰੀਲੇ ਸੱਪ ਵਾਂਗੂ ਫੁੰਨਕਾਰੇ ਮਾਰਦਾ ਤੇ ਵਿਉ ਘੋਲਦਾ ਰਹਿੰਦਾ ਹੈ। ਤੀਜੀ ਪੀੜੀ ਦਾ ਕੋਈ ਲੰਡੂ ਜਿਹਾ ਜੁਆਕ ਅਜੇਹੇ ਮੋਕੇ ਤੇ ਮਾਂ ਪਿਉ ਦੀ ਹੱਲਾ-ਸ਼ੇਰੀ ਸਦਕਾ ਫੁੱਫੜ ਤੇ ਹੱਥ ਹੋਲਾ ਕਰ ਦਿੰਦਾ ਹੈ। ਇਹੀ ਉਸ ਸਮੇਂ ਫੁੱਫੜ ਦੀ ਅਕਲ ਠਿਕਾਣੇ ਲਿਆਉਣ ਦਾ ਆਖਰੀ ਜ਼ਰੀਆ ਸਮਝਿਆ ਜਾਂਦਾ ਹੈ। ਕੋਈ ਨਾ ਜੁਆਕ ਸੀ ਜੁਆਕ ਕੋਲੋ ਗਲਤੀ ਹੋ ਗਈ, ਆਖਕੇ ਗੱਲ ਠੰਡੀ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਭ ਵਿਅਰਥ। ਮਸਲਾ ਹੱਲ ਨਹੀ ਹੁੰਦਾ।
ਸਹੁਰਿਆਂ ਹੱਥੋਂ ਹੋਈ ਫੁੱਫੜ ਦੀ ਇਸ ਆਖਰੀ ਸੇਵਾ ਦਾ ਖਮਿਆਜਾ ਭੂਆ ਨੂੰ ਜਿੰਦਗੀ ਭਰ ਭੁਗਤਣਾ ਪੈਦਾ ਹੈ।ਉਹ ਪੇਕਿਆਂ ਨਾਲੋ ਟੁੱਟ ਕੇ ਰਹਿ ਜਾਂਦੀ ਹੈ ਤੇ ਕਿਸੇ ਖੁਸ਼ੀ ਗਮੀ 'ਚ ਸ਼ਰੀਕ ਹੋਣ ਜੋਗੀ ਨਹੀ ਰਹਿੰਦੀ। ਤੇ ਫਿਰ ਜਦੋਂ ਵੀ ਕੋਈ ਰਿਸ਼ਤੇਦਾਰ ਜ਼ਿਆਦਾ ਤਿੰਨ ਪੰਜ ਕਰਦਾ ਹੈ ਤਾਂ ਹੀ ਤਾਂ ਲੋਕ ਅਕਸਰ ਕਹਿੰਦੇ ਹਨ ਸੁਧਰ ਜਾ ਕਿ ਕਰੀਏ ਫੁੱਫੜ ਆਲੀ।
ਰਮੇਸ਼ ਸੇਠੀ ਬਾਦਲ
ਬਾਬੂ ਜੀ ਦੀ ਸੁਣੋਂ ਕਹਾਣੀ, ਸ਼ਰੇਆਮ ਮੰਗਦਾ ਹੈ ਚਾਹ-ਪਾਣੀ
NEXT STORY